ਲੇਡੀ ਗੌਡੀਵਾ ਦਾ ਨੰਗਾ ਸੱਚ (ਕਿਸ਼ਤ 1)
ਮੁਨਸਫੀ ਕਾਰਵਾਈਆਂ ਸਮਾਪਤ ਕਰਨ ਅਤੇ ਦਰਬਾਰ ਲਾਉਣ ਉਪਰੰਤ ਲਿਉਫਰਿਕ ਆਪਣੇ ਅੰਗਰੱਖਿਅਕਾਂ, ਛੋਟੇ ਜਿਹੇ ਫੌਜੀ ਦਸਤੇ ਨਾਲ ਬੱਘੀ ਵਿਚ ਬੈਠ ਕੇ ਕੌਫ’ਸ ਟਰੀ (Coventry) ਆਪਣੇ ਭਵਨ ਵੱਲ ਰਵਾਨਾ ਹੋ ਗਿਆ। ਲਿਉਫਰਿਕ ਦੀ ਸਵਾਰੀ ਮੂਹਰੇ ਸਨੱਧਬਧ ਸਪਾਹੀਆਂ ਦੀ ਟੋਲੀ ਤੇ ਪਿਛੇ ਇਕ ਵੱਡਾ ਨਫਰੀ ਟੋਲਾ ਉਸਦੀ ਹਿਫਾਜ਼ਤ ਲਈ ਚੱਲ ਰਿਹਾ ਹੈ। ਸਭ ਤੋਂ ਮੂਹਰੇ ਖੱਚਰ ਉੱਤੇ ਨਗਾਰੀ ਨਾਗਰਾ ਵਜਾਉਂਦਾ ਅਗਵਾਈ ਕਰ ਰਿਹਾ ਹੈ। ਲਿਉਫਰਿਕ ਦੇ ਛੇ ਘੋੜਿਆਂ ਵਾਲੇ ਰੱਥ ਮੂਹਰੇ ਨੀਲਾ ਅਬਲਕ ਤੇ ਤਾਜੀ, ਵਿਚਾਲੇ ਚਿਤਕਬਰਾ ਤੇ ਬੱਲਾ ਮੂੰਹਾਂ ਡੱਬਖੜੱਬਾ; ਪਿਛੇ ਇਕ ਸੂਰਖ ਕੋਤਲ ਅਤੇ ਕਾਲਾ ਕੁੱਲਾ ਘੋੜੇ ਜੁਤੇ ਹੋਏ ਹਨ।ਲਿਉਫਰਿਕ ਨੂੰ ਸ਼ਿਕਾਰ ਖੇਡਣ ਦਾ ਬਹੁਤ ਸ਼ੌਂਕ ਹੈ। ਇਸ ਲਈ ਕੁੱਤੇ ਅਤੇ ਘੋੜੇ ਪਾਲਣਾ ਉਸ ਲਈ ਸੁਭਾਵਿਕ ਹੀ ਲੋੜ ਹੈ।ਲਿਉਫਰਿਕ ਦੇ ਅਸਤਬਲ ਵਿਚ ਮੁਸ਼ਕੀ, ਬਾਜੀ, ਤੁਰਕੀ, ਅਰਬੀ, ਦਰਿਆਈ, ਪਹਾੜੀ, ਝਿੰਗਰੇ, ਰੋਮਨੀ, ਖੱਬੂ ਨੋਰਮਨੀ (ਬਾਕੀ ਘੋੜਿਆਂ ਨਾਲੋਂ ਵੱਖਰੇ ਅਤੇ ਹਮੇਸ਼ਾਂ ਜਿਹੜੇ ਖੱਬਾ ਪੈਰ ਪਹਿਲਾਂ ਅਤੇ ਪਿਛਲੇ ਦੋਨੋਂ ਪੈਰ ਇਕੱਠੇ ਪੱਟਦੇ ਹਨ), ਜੱਤਲ ਜੰਗਲੀ ਅਤੇ ਸਭ ਤੋਂ ਕੱਦਾਵਰ ਇੱਕੀ ਗਿੱਠੇ (ਸੱਤ ਫੁੱਟ) ਫਰਾਂਸੀਸੀ ਪਰਸ਼ੌਨ ਆਦਿ ਹਰ ਨਸਲ ਦੇ ਇਕ ਤੋਂ ਇਕ ਵਧੀਆ ਘੌੜੇ ਹਨ। ਕਈ ਘੋੜੇ ਤਾਂ ਲਿਉਫਰਿਕ ਡੀਨ ਈਡਨ (ਐਡੀਨਬਰਾ), ਅਲੂਨਾ (ਅਲੈਸਟਰ) ਅਤੇ ਮੈਮੂਸੀਅਮ (ਮਾਨਚੈਸਟਰ) ਤੋਂ ਖੁਦ ਖਰੀਦ ਕੇ ਲਿਆਇਆ ਹੈ। ਕੁੱਤੇ ਵੀ ਉਸਨੇ ਚੜ੍ਹਦੀ ਤੋਂ ਚੜ੍ਹਦੀ ਨਸਲ ਦੇ ਪਾਲੇ ਹੋਏ ਹਨ। ਬੈਗਲੇ, ਲੋਛਿਨ, ਬਲੋਗਨਾਈ, ਟੈਲਬੋਟ, ਹਵਾਈ ਬਿਛਨਰ, ਬਲੋਨਕਾ, ਕੈਟਲ, ਸ਼ੈਪਹਰਡ, ਸ਼ਿਕਾਰੀ ਐਂਗਲੀਕਨ, ਚਾਓ-ਚਾਓ, ਸਪਰਿੰਟਰ, ਡੇਨ ਤੇ ਸਭ ਤੋਂ ਉੱਤਮ ਅਤੇ ਉਸਦੇ ਪਸੰਦਿਦਾ ਕੈਵਲੀਅਰ।
ਮੁਹੱਲਿਆਂ, ਬਜ਼ਾਰਾਂ ਅਤੇ ਚੁਰਸਤਿਆਂ ਵਿਚੋਂ ਜਿਥੋਂ ਵੀ ਲਿਉਫਰਿਕ ਦੀ ਸਵਾਰੀ ਗੁਜ਼ਰਦੀ ਹੈ, ਉਸਦੇ ਘੋੜਿਆਂ ਦੀ ਟਾਪਾਂ ਦੀ ਧਮਕ ਨਾਲ ਆਸੇ-ਪਾਸੇ ਦੀਆਂ ਕਾਠ ਇਮਾਰਤਾਂ ਦੇ ਵਜੂਦ ਵਿਚ ਇੰਝ ਜੂਬੰਸ਼… ਇਕ ਕੰਪਨ ਪੈਦਾ ਹੁੰਦੀ ਹੈ, ਜਿਵੇਂ ਭੁਚਾਲ ਆ ਗਿਆ ਹੁੰਦਾ ਹੈ।ਘੋੜਿਆਂ ਦੇ ਪੌੜਾਂ ਵਿਚ ਲੱਗੀਆਂ ਨਾਅਲਾਂ ਦੀ ਚੋਟ ਨਾਲ ਪੱਕੇ ਰੋਮਨੀ ਸਿਲ੍ਹ ਮਾਰਗ ਵੀ ਥਰਥਰਾਉਂਦੇ ਮਹਿਸੂਸ ਹੁੰਦੇ ਹਨ।
ਕੌਫ’ਸ ਟਰੀ ਵਿਚ ਲੋਕ ਲਿਉਫਰਿਕ ਨੂੰ ਨਾ ਕੇਵਲ ਰਸਤਾ ਛੱਡ ਕੇ ਪਾਸੇ ਹੋ ਰਹੇ ਹਨ, ਬਲਕਿ ਝੁੱਕ ਕੇ ਸਲਾਮ ਵੀ ਕਰ ਰਹੇ ਹਨ।
ਅੱਜ ਮਹੀਨੇ ਵਿਚ ਇਕ ਪਹਿਲੇ ਵੀਰਵਾਰ ਵਾਲੇ ਦਿਨ ਕੌਫ’ਸ ਟਰੀ ਵਿਖੇ ਇਹ ਬਜ਼ਾਰ ਲਗਦਾ ਹੈ, ਜਿਸ ਨੂੰ ਇਹਨਾਂ ਅੰਗਰੇਜ਼ ਲੋਕਾਂ ਦੀ ਭਾਸ਼ਾ ਵਿਚ ‘ਮਾਰਕੀਟ ਡੇਅ’ ਕਿਹਾ ਜਾਂਦਾ ਹੈ। ਇੱਥੇ ਲੂਨੀਅਨਬਰਗ (ਲੰਡਨ) ਅਤੇ ਇੰਗਲੈਂਡ ਦੇ ਦੂਜੇ ਹਿੱਸਿਆਂ ਤੋਂ ਵਪਾਰੀ ਲੋਕ ਆ ਕੇ ਆਪਣਾ ਸਮਾਨ ਮਾਰਸੀਆ (ਇੰਗਲੈਂਡ ਦੀ ਮੱਧ ਭੂਮੀ ਜਿਸਨੂੰ ਹੁਣ ਮਿਡਲੈਂਡ ਕਿਹਾ ਜਾਂਦਾ ਹੈ।) ਸਲਤਨਤ ਦੇ ਲੋਕਾਂ ਨੂੰ ਵੇਚਦੇ ਹਨ।ਕੌਫ’ਸ ਟਰੀ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਭੇਡਾਂ, ਗਾਵਾਂ, ਸੂਰ, ਬੱਤਖਾਂ ਅਤੇ ਮੁਰਗੇ ਪਾਲਣਾ ਹੈ ਜਾਂ ਘੋੜਿਆਂ ਦਾ ਵਪਾਰ ਕਰਨਾ ਉਹ ਸਹਾਇਕ ਧੰਦੇ ਵਜੋਂ ਕਰਦੇ ਹਨ।ਇਸ ਬਜ਼ਾਰ ਵਾਲੇ ਦਿਨ ਹੀ ਲਿਉਫਰਿਕ ਆਪਣੀ ਅਵਾਮ ਅਤੇ ਵਪਾਰੀਆਂ ਤੋਂ ਮਹਿਸੂਲ ਦੀ ਉਗਰਾਹੀ ਕਰਦਾ ਹੈ।
ਲਿਉਫਰਿਕ ਇਕ ਅਮੀਰ ਰਾਠ ਵਿਅਕਤੀ ਹੈ ਤੇ ਕੌਫ’ਸ ਟਰੀ ਦਾ ਸਿਕਦਾਰ ਹੋਣ ਕਰਕੇ ਉਸ ਨੇ ਅਨੇਕਾਂ ਲੋਕਾਂ ਨੂੰ ਆਪਣੀ ਜਾਗੀਰ ਵਿਚ ਪਨਾਹ ਦਿੱਤੀ ਹੋਈ ਹੈ ਤੇ ਜਿਸ ਦੇ ਇਵਜ਼ ਵਿਚ ਜ਼ਿਮੀਦਾਰ ਲਿਉਫਰਿਕ ਆਪਣੀ ਪਰਜਾ ਤੋਂ ਅਨੇਕਾਂ ਪ੍ਰਕਾਰ ਦੇ ਕਰ ਲੈਂਦਾ ਹੈ। ਲਿਉਫਰਿਕ ਦਾ ਖਿਆਲ ਹੈ ਕਿ ਗਰੀਬ ਲੋਕਾਂ ਨੂੰ ਕੱਪੜੇ ਅਤੇ ਭੋਜਨ ਦੇ ਮਸਲੇ ਤੋਂ ਵਿਹਲ ਨਹੀਂ ਮਿਲਣੀ ਚਾਹੀਦੀ, ਨਹੀਂ ਤਾਂ ਉਹ ਬਦਦਿਮਾਗ ਅਤੇ ਬਾਗੀ ਹੋ ਜਾਂਦੇ ਹਨ। ਜਦੋਂ ਵੀ ਲਿਉਫਰਿਕ ਨੂੰ ਲੱਗਦਾ ਹੈ ਕਿ ਕੋਈ ਵਿਅਕਤੀ ਸੁੱਖ, ਸਹੁੱਲਤ, ਐਸ਼ੋ-ਅਰਾਮ ਕਿਸੇ ਤਰ੍ਹਾਂ ਪ੍ਰਾਪਤ ਕਰ ਰਿਹਾ, ਧਨ ਕਮਾ ਰਿਹਾ ਹੈ ਜਾਂ ਜੀਵਨ ਆਨੰਦਮਈ ਤੇ ਸੁਖਾਲਾ ਬਤੀਤ ਕਰ ਰਿਹਾ ਹੈ ਤਾਂ ਲਿਉਫਰਿਕ ਕਿਸੇ ਨਾ ਕਿਸੇ ਬਹਾਨੇ ਉਸ ਉੱਤੇ ਕੋਈ ਨਵਾਂ ਲਗਾਨ ਈਜ਼ਾਦ ਕਰਕੇ ਲਾਗੂ ਕਰਵਾ ਦਿੰਦਾ ਹੈ। ਸਭ ਲੋਕ ਉਸਦੇ ਫਰਮਾਬਰਦਾਰ ਹਨ ਤੇ ਉਸਦੇ ਹੁਕਮਾਂ ਦੀ ਪਾਲਣਾ ਕਰਦੇ ਹਨ। ਔਖੇ ਸੌਖੇ ਬਿਨਾ ਹੀਲ-ਹੁੱਜਤ ਕਰਿਆਂ, ਹਰ ਕਰ ਅਦਾ ਕਰਕੇ ਆਪਣੀ ਵਫਾਦਾਰੀ ਦਾ ਸਬੂਤ ਦਿੰਦੇ ਹਨ।
ਇਹਨਾਂ ਅਨੇਕਾਂ ਕਰਾਂ ਵਿਚੋਂ ਸਭ ਤੋਂ ਜ਼ਰੂਰੀ ਅਤੇ ਵੱਡੀ ਮਾਤਰਾ ਦਾ ਕਰ ‘ਹੈਰੇਗੇਲਡ’ ਹੈ, ਜੋ ਲਿਉਫਰਿਕ ਨੂੰ ਬਿਨਾਂ ਕਿਸੇ ਢਿੱਲ ਦੇ ਉਗਰਾਹੁਣਾ ਪੈਂਦਾ ਹੈ। ਕਿਉਂਕਿ ਇਹ ਕਰ ਡੈਨਿਸ਼ ਮਹਾਰਾਜੇ ਕੈਨਿਊਟ ਦੇ ਅੰਗਰੱਖਿਅਕਾਂ ਦੇ ਖਰਚ ਨੂੰ ਪੂਰਾ ਕਰਦਾ ਹੈ।ਕੈਨਿਊਟ ਦੀ ਬਦੌਲਤ ਹੀ ਲਿਉਫਰਿਕ ਮਾਰਸੀਆ ਵਿਚ ਆਪਣਾ ਤਾਨਾਸ਼ਾਹੀ ਰਾਜ ਸਥਾਪਤ ਕਰ ਸਕਿਆ ਹੈ ਤੇ ਮਾਰਸੀਆ ਦਾ ਸਾਮੰਤ ਬਣਿਆ ਹੈ।ਹੈਰੇਗੇਲਡ ਅਦਾ ਨਾ ਕਰਨ ਵਾਲੇ ਲਈ ਸਖਤ ਸਜਾ ਹੈ। ਚੌਰਾਹੇ ਵਿਚ ਨੰਗਾ ਕਰਕੇ ਸੌ ਕੋੜੇ ਤੇ ਉਸਦੇ ਪਰਿਵਾਰ ਦੀਆਂ ਇਸਤਰੀਆਂ ਨੂੰ ਉਹਨੇ ਦਿਨ ਤੱਕ ਗਿਰਜ਼ਾਘਰ ਦੇ ਪਾਦਰੀ ਨਾਲ ਸੌਣਾ ਪੈਂਦਾ ਹੈ, ਜਦ ਤੱਕ ਹੈਰੇਗੇਲਡ ਦੀ ਅਦਾਇਗੀ ਨਹੀਂ ਕਰ ਦਿੱਤੀ ਜਾਂਦੀ।
ਵੈਸੇ ਤਾਂ ਸ਼ਾਹੀ ਘਰਾਣਿਆਂ ਨਾਲ ਲਿਉਫਰਿਕ ਦੇ ਖਾਨਦਾਨ ਦਾ ਸਦੀਆਂ ਤੋਂ ਗੱਠਜੋੜ ਰਿਹਾ ਹੈ। ਲਿਉਫਰਿਕ ਦਾ ਬਾਪ ਲਿਉਫਵਾਇਨ ਖੁਦ ਇਕ ਰਜਵਾੜਾ ਅਤੇ ਡੂਕਸ (ਰਾਜ ਦਰਬਾਰ ਦਾ ਉੱਚ ਅਧਿਕਾਰੀ ਅਤੇ ਨਿਆਏਧੀਸ਼) ਸੀ। ਸੱਤਵੀਂ ਸਦੀ ਵਿਚ ਰੋਮਨਾਂ ਦੇ ਰਾਜ ਸਮੇਂ 664 ਨੂੰ ਗਵੀਡਨ (ਵੇਲਜ਼) ਦੇ ਸਮਰਾਟ ਕਾਡਵਾਲਡਰ ਨੇ ਲਿਉਫਰਿਕ ਦੇ ਪੁਰਵਜ਼ਾਂ ਨੂੰ ਵਿਸ਼ਾਲ, ਕੀਮਤੀ ਅਤੇ ਅਹਿਮ ਮਲਕੀਅਤਾਂ; ਉਹਨਾਂ ਦੀ ਵਫਾਦਾਰੀ ਅਤੇ ਵਤਨਪ੍ਰਸਤੀ ਦੀਆਂ ਸੇਵਾਵਾਂ ਨੂੰ ਮੁੱਖ ਰੱਖ ਕੇ ਸਿਲੇ ਵਜੋਂ ਮੈਡੀਓਲਾਨਮ (ਵਿਟਚਰਚ) ਅਤੇ ਈਬੂਰੈਕਮ (ਯੋਰਕ) ਵਿਖੇ ਬਖਸ਼ੀਆਂ ਹੋਈਆਂ ਸਨ।ਲਿਉਫਰਿਕ ਦੇ ਵਡੇਰਿਆਂ ਨੇ ਆਪਣੀ ਹੈਸੀਅਤ ਮੁਤਾਬਿਕ ਹਵਿਸੀਅ ਦੀ ਇਕ ਪਹਾੜੀ ਉੱਤੇ ਇਕ ਮਜ਼ਬੂਤ ‘ਮੈਨਕਾਸਟਰ’ (ਲਕੜੀ ਦਾ ਕਿਲ੍ਹਾ) ਵੀ ਬਣਾਇਆ ਹੈ, ਜੋ ਉਹਨਾਂ ਦੇ ਪੁਸ਼ਤੈਨੀ ਰੁਤਬੇ ਦੀ ਅੱਜ ਵੀ ਨਿਸ਼ਾਨਦੇਹੀ ਕਰਦਾ ਹੈ। ਬਚਪਨ ਤੋਂ ਹੀ ਲਿਉਫਰਿਕ ਦੀ ਸ਼ਹਿਨਸ਼ਾਹਾਂ ਨਾਲ ਉਠਣੀ ਬੈਠਣੀ ਰਹੀ ਹੈ। ਬਾਦਸ਼ਾਹ ਐਡਵਰਡ ਦੇ ਬਗੀਚਿਆਂ ਵਿਚ ਉਹ ਰਾਜਕੁਮਾਰਾਂ ਨਾਲ ਛੇ ਸਾਲ ਦੀ ਉਮਰ ਤੱਕ ਖੇਡਦਾ ਰਿਹਾ ਹੈ। ਉਸ ਤੋਂ ਬਾਅਦ ਮਹਾਰਾਜਾ ਐਥਰਲਡ (ਦੂਜਾ) ਭਾਵੇਂ ਉਸ ਤੋਂ ਚਾਰ ਸਾਲ ਛੋਟਾ ਸੀ, ਪਰ ਉਸਦੇ ਜਿਗਰੀ ਯਾਰਾਂ ਵਾਂਗ ਸੀ। 1013-14 ਵਿਚ ਜਦੋਂ ਅੰਦਰੂਨੀ ਫੁੱਟਾਂ ਅਤੇ ਵਿਕੀਗਿੰਗ (ਸਕੰਡੇਨੇਵੀਆ ਦੇ ਸਮੁੰਦਰੀ ਡਾਕੂ) ਹਮਲਿਆਂ ਕਾਰਨ ਐਥਰਲਡ ਦਾ ਸਿੰਘਾਸਨ ਡਗਮਗਾਉਣ ਲੱਗਿਆ ਸੀ ਤਾਂ ਲਿਉਫਰਿਕ ਨੇ ਹੀ ਗੁਪਤ ਰੂਪ ਵਿਚ ਐਥਲਰਡ ਦੀ ਕਾਫੀ ਸਹਾਇਤਾ ਕੀਤੀ ਸੀ। ਪਰ 1014 ਦੇ ਅੰਤ ਵਿਚ ਡੈਨਮਾਰਕ ਅਤੇ ਨੌਰਵੇ ਦੇ ਰਾਜੇ ਸਵਿਨ (ਪਹਿਲਾ) ਫੋਰਕਬੀਅਰਡ ਦੀਆਂ ਭਾਰੀ ਫੋਜਾਂ ਅੱਗੇ ਇਕ ਸਾਲ ਡੱਟੇ ਰਹਿਣ ਦੇ ਬਾਵਜੂਦ ਵੀ ਉਹਨਾਂ ਦੀ ਕੋਈ ਪੇਸ਼ ਨਹੀਂ ਚੱਲੀ ਸੀ। ਇਹ ਲਿਉਫਰਿਕ ਹੀ ਸੀ ਜਿਸ ਦੇ ਉਦਮ ਸਦਕਾ ਫੋਰਕਬੀਅਰਡ ਨਾਲ ਐਥਰਲਡ ਦੀ ਸੰਧੀ ਹੋਈ ਸੀ ਤੇ ਐਥਰਲਡ ਹਾਰਨ ਦੇ ਬਾਵਜੂਦ ਵੀ ਫੋਰਕਬੀਅਰਡ ਦੀ ਅਧੀਨਗੀ ਸਵਿਕਾਰ ਕੇ ਰਾਜਗੱਦੀ ਉੱਤੇ ਬੈਠਾ ਰਹਿ ਗਿਆ ਸੀ। ਨਹੀਂ ਤਾਂ ਡਰਦਾ ਮਾਰਾ ਐਥਰਲਡ ਨੌਰਮੈਂਡੀ (ਫਰਾਂਸ ਦੀ ਇਕ ਸਲਤਨਤ) ਨੂੰ ਭੱਜ ਗਿਆ ਸੀ।ਫੋਰਕਬੀਅਰਡ ਡੈਨਮਾਰਕ ਬੈਠਾ ਆਪਣਾ ਸ਼ਾਸ਼ਨ ਤੇ ਸਿੱਕਾ ਚਲਾਉਂਦਾ। ਪਰ ਕਾਗਜ਼ੀ ਤੌਰ ’ਤੇ ਐਥਰਲਡ ਪਹਿਲਾਂ ਵਾਂਗ ਹੀ ਰਾਜ ਕਰਦਾ ਰਿਹਾ ਸੀ। 1016 ਵਿਚ ਐਥਰਲਡ ਦੀ ਮੌਤ ਉਪਰੰਤ । ਮਜ਼ਬੂਰਨ ਫੋਰਕਬੀਅਰਡ ਨੂੰ ਆ ਕੇ ਮਾਰਸੀਆ ਦੀ ਰਾਜਗੱਦੀ ’ਤੇ ਬੈਠਣਾ ਪਿਆ ਸੀ। ਬਦਕਿਮਤੀ ਨਾਲ ਰਾਜਗੱਦੀ ਨੂੰ ਕਿਸੇ ਚੰਦਰੇ ਦੀ ਐਸੀ ਭੈੜੀ ਨਜ਼ਰ ਲੱਗੀ ਕਿ ਛੇ ਹਫਤੇ ਬਾਅਦ ਫੋਰਕਬੀਅਰਡ ਵੀ ਅਕਾਲ ਚਲਾਣਾ ਕਰ ਗਿਆ। ਫੋਰਕਬੀਅਰਡ ਦੇ ਜਾਨਨਸ਼ੀਨ ਕਨਿਊਟ ਦੀ ਸਹਿਮਤੀ ਨਾਲ ਐਥਰਲਡ ਦੇ ਪੁੱਤਰ ਈਡਮੰਡ ਨੇ ਰਾਜ ਸੰਭਾਲਿਆ। ਪਰ ਉਹ ਦੋ ਸਾਲ ਬਾਅਦ ਹੀ ਜੰਗ ਵਿਚ ਸ਼ਹੀਦ ਹੋ ਗਿਆ।ਅਸ਼ੀਘਟਨ ਦੀ ਜੰਗ ਫਤਿਹ ਕਰਕੇ ਕਨਿਊਟ ਭਾਵੇਂ ਤਖਤ ਉੱਤੇ ਆਪਣੀ ਦਾਵੇਦਾਰੀ ਐਲਾਨ ਚੁੱਕਿਆ ਸੀ, ਕਿੰਤੂ ਕਨਿਊਟ ਡਰਦਾ ਮਨਹੂਸ ਸਿੰਘਾਸਨ ਉੱਤੇ ਬੈਠਦਾ ਹੀ ਨਹੀਂ ਸੀ।ਲਿਉਫਰਿਕ ਨੇ ਹੀ ਤਖਤ ਉੱਤੋਂ ਲੂਣ ਵਾਰ ਕੇ ਨਜ਼ਰ ਉਤਾਰਨ ਉਪਰੰਤ ਆਪਣੇ ਹੱਥੀਂ ਕਨਿਊਟ ਦਾ ਰਾਜਤਿਲਕ ਕਰਵਾਇਆ ਸੀ। ਬਾਦਸ਼ਾਹ ਬਣਦਿਆਂ ਸਾਲ ਬਾਅਦ 1018 ਵਿਚ ਕਨਿਊਟ ਨੂੰ ਨੌਰਵੇਅ ਦਾ ਵਿਰਾਸਤੀ ਸਿੰਘਾਸਨ ਹਾਸਿਲ ਹੋ ਗਿਆ ਤੇ ਉਸਨੇ ਐਂਗਲੀਕਾ ਨੂੰ ਸਕੈਂਡੇਨੇਵੀਆ ਸਾਮਰਾਜ ਨਾਲ ਰਲਗੱਡ ਕਰ ਦਿੱਤਾ ਸੀ। ਕਨਿਊਟ ਨੇ ਨਵੇਂ ਕਾਨੂੰਨ ਲਾਗੂ ਕਰ ਦਿੱਤੇ। ਪੁਰਾਤਨ ਰਾਜਪਦਾਂ ਅਤੇ ਜਾਗੀਰਦਾਰੀਆਂ ਦੀਆਂ ਹਰ ਪ੍ਰਕਾਰ ਦੀਆਂ ਦਾਵੇਦਾਰੀਆਂ ਖਤਮ ਕਰ ਦਿੱਤੀਆਂ। ਕੇਵਲ ਵਿਵਾਹਿਕ ਸੰਬੰਧ ਅਤੇ ਖੂਨ ਦੇ ਰਿਸ਼ਤੇਆਂ ਨੂੰ ਵਾਰਿਸ ਬਣਨ ਦਾ ਹੱਕ ਰਾਖਵਾਂ ਰੱਖਿਆ। ਸਦੀਆਂ ਤੋਂ ਚੱਲੇ ਆ ਰਹੇ ਆਲਡਰਮੈਨ (ਜਾਗੀਰੀ ਬਾਦਸ਼ਾਹਤ ਪ੍ਰਥਾ) ਅਤੇ ਸਭ ਆਹੁਦੇ ਖਾਰਜ ਕਰ ਦਿੱਤੇ। ਰਾਜ ਪ੍ਰਬੰਧ ਨੂੰ ਸਫਲਤਾ ਪੂਰਬਕ ਤੇ ਨਿਰਵਿਘਨ ਕਾਰਜਕੁਸ਼ਲਤਾ ਨਾਲ ਚਲਾਉਣ ਲਈ ਕਨਿਊਟ ਨੇ ਕੁਝ ਚੋਣਵੇਂ ਮੰਤਰੀ ਨਿਯੁਕਤ ਕੀਤੇ, ਜਿਨ੍ਹਾਂ ਨੂੰ ਅਰਲ (ਸਾਮੰਤ) ਦੀ ਉਪਾਧੀ ਦਿੱਤੀ। ਪੁਰਾਣੇ ਸ਼ਾਸਕਾਂ ਦੇ ਮੰਤਰੀਆਂ ਨੂੰ ਉਸਨੇ ਦੇਸ਼ ਨਿਕਾਲਾ, ਮੌਤ ਦੇ ਘਾਟ ਉਤਾਰਿਆ ਜਾਂ ਲੋਹ ਵਸਤਰ ਪਵਾ ਕੇ ਉਮਰ ਕੈਦ ਕਰਕੇ ਕਾਲ-ਕੋਠੜੀਆਂ ਵਿਚ ਸੁੱਟ ਦਿੱਤਾ। ਕਨਿਊਟ ਆਪਣੇ ਪ੍ਰਤੀ ਵਫਾਦਾਰ ਤੇ ਕਾਬਲ ਵਿਅਕਤੀਆਂ ਨੂੰ ਹੀ ਸਾਮੰਤ ਦੀ ਉਪਾਧੀ ਨਾਲ ਨਿਵਾਜਦਾ।ਤਿੰਨ ਚੋਟੀ ਦੇ ਸਾਮੰਤ ਕਨਿਊਟ ਦੇ ਦਰਬਾਰੀ ਰਤਨ ਗਿਣੇ ਜਾਂਦੇ ਸਨ। ਪਹਿਲਾਂ ਸੀਵਰਡ (ਨਿਉਮਬਰੀਆਂ ਦਾ ਸਾਮੰਤ), ਦੂਜਾ ਗੌਡਵਾਈਨ (ਵਸੈਕਸ ਦਾ ਸਾਮੰਤ), ਤੀਜਾ ਉਸਦਾ ਭਰਾ ਨੌਰਥਮੈਨ।ਕਨਿਊਟ ਨੇ ਅਮਾਨਤ ਵਿਚ ਖਿਆਨਤ ਕਰਨ ਦਾ ਦੋਸ਼ੀ ਪਾ ਕੇ ਭਰਾ ਨੂੰ ਸਜ਼ਾ-ਏ-ਮੌਤ ਦੇ ਕੇ ਲਿਉਫਰਿਕ ਨੂੰ ਉਸਦੀ ਜਗ੍ਹਾ ਸਾਮੰਤ ਬਣਾਇਆ ਹੈ। ਗੌਡਵਿਨ ਰਾਜਸੱਤਾ ’ਤੇ ਕਾਬਜ ਹੋਣ ਦੀ ਲਾਲਸਾ ਰੱਖਦਾ ਹੈ। ਇਸ ਲਈ ਕਨਿਊਟ ਉਸਨੂੰ ਬਹੁਤਾ ਵਫਾਦਾਰ ਨਹੀਂ ਖਿਆਲ ਕਰਦਾ। ਸੀਵਰਡ ਯੋਧਾ ਹੈ, ਲੇਕਿਨ ਰਾਜਨੀਤੀ ਤੋਂ ਕੋਰਾ ਹੈ। ਉਸਦੀ ਰਿਆਸਤ ਡਾਇਰਾ (Deira-ਨੋਰਥਬਰੀਆ) ਛੋਟਾ ਇਲਾਕਾ ਹੋਣ ਕਰਕੇ ਉਸਦਾ ਅਧਿਕਾਰ ਖੇਤਰ ਸੀਮਿਤ ਹੈ।।ਲਿਉਫਰਿਕ ਦਾ ਕੌਫ’ਸ ਟਰੀ ਐਂਗਲੀਕਾ ਦਾ ਮੱਧ ਅਤੇ ਗਵੀਡਨ ਨਾਲ ਖਹਿੰਦਾ ਹੋਣ ਕਰਕੇ ਮਹੱਤਵਪੂਰਨ ਖੇਤਰ ਹੈ ਤੇ ਪੱਛਮੀ ਸੈਕਸਨਾਂ ਦੇ ਜਾਬਤੇ ਪੂਰਵ ਨੌਵੀਂ ਸਦੀ ਤੱਕ ਕੌਫ’ਸ ਟਰੀ ਇਕ ਅਜ਼ਾਦ ਰਿਆਸਤ ਰਿਹਾ ਸੀ। ਲਿਉਫਰਿਕ ਸਭ ਤੋਂ ਸਮਝਦਾਰ, ਬਹਾਦਰ, ਸਿਆਸਤੀ ਹੋਣ ਕਰਕੇ ਉੱਤਮ, ਯੋਗ ਅਤੇ ਸਰਵਸ਼੍ਰੇਸ਼ਟ ਮੰਨਿਆ ਜਾਂਦਾ ਹੈ, ਇਸੇ ਕਾਰਨ ਉਹ ਬਾਦਸ਼ਾਹ ਦਾ ਚਹੇਤਾ ਸਾਮੰਤ ਹੈ। ਲਿਉਫਰਿਕ ਨੂੰ ਬਾਦਸ਼ਾਹ ਨੇ ਚੌਧਰ ਅਤੇ ਖੁਦਮੁਖਤਿਆਰੀ ਦੇ ਰੱਖੀ ਹੈ।ਲਿਉਫਰਿਕ ਦੀ ਮਦਦ ਨਾਲ ਕਨਿਊਟ ਨੇ ਐਥਰਲਡ ਦੀ ਤੀਜੀ ਪਤਨੀ ਵਿਧਵਾ ਨੌਰਮੈਂਡੀ ਦੀ ਮਲਕਾ ਐਮਾ ਨਾਲ 1017 ਵਿਚ ਵਿਆਹ ਕਰਵਾਇਆ ਹੈ ਤੇ ਐਥਰਲਡ ਦੀ ਦੂਜੀ ਪਤਨੀ ਐਲਗਿਫੂ ਨੂੰ ਆਪਣੀ ਰਖੇਲ ਬਣਾ ਕੇ ਰੱਖਿਆ ਹੈ।ਲਿਉਫਰਿਕ ਦੇ ਸਹਿਯੋਗ ਸਦਕਾ ਕਨਿਊਟ ਨੂੰ ਮਾਰਸੀਆ ਵਿਚ ਐਂਗਲੋ-ਸੈਕਸਨ ਪ੍ਰੰਪਰਾਵਾਂ ਅਤੇ ਕਾਨੂੰਨ ਨੂੰ ਫੈਲਾਉਣ ਵਿਚ ਕਾਮਯਾਬੀ ਪ੍ਰਾਪਤ ਹੋਈ ਹੈ।
ਲਿਉਫਰਿਕ ਉਮਰ ਦੇ ਲਿਹਾਜ ਨਾਲ ਤਾਂ 70ਵੇਂ ਵਰ੍ਹੇ ਨੂੰ ਢੁਕਣ ਵਾਲਾ ਹੈ, ਪਰ ਹੱਦੋਂ-ਵੱਧ ਸ਼ਰਾਬ ਦਾ ਸੇਵਨ ਕਰਦਾ ਹੋਣ ਕਰਕੇ ਉਸਦੀ ਤਬੀਅਤ ਅਕਸਰ ਨਾਸਾਜ਼ ਰਹਿੰਦੀ ਹੈ। ਹੱਥ ਪੈਰ ਵੀ ਕਈ ਵਾਰ ਕੰਬਣ ਲੱਜ ਜਾਂਦੇ ਹਨ। ਇਕ ਦੋ ਵਾਰ ਤਾਂ ਉਹ ਬੈਠਾ-ਬੈਠਾ ਬੇਹੋਸ਼ ਵੀ ਹੋ ਚੁੱਕਾ ਹੈ। ਉਸਨੂੰ ਮੁਰਛਿਤਾ ਦੇ ਦੌਰੇ ਪੈਣ ਲੱਗ ਜਾਂਦੇ ਹਨ। ਸਿਹਤ ਭਾਂਵੇ ਉਸਨੂੰ ਬਹੁਤੀ ਭੱਜਨੱਠ ਅਤੇ ਮੁਸ਼ੱਕਤ ਦੀ ਇਜ਼ਾਜਤ ਨਹੀਂ ਦਿੰਦੀ, ਪਰ ਫੇਰ ਵੀ ਉਸ ਨੇ ਆਪਣੀਆਂ ਮਸਰੂਫੀਤਾਂ ਘਟਾਈਆਂ ਨਹੀਂ ਹਨ।ਨਾਲੇ ਫੇਰ ਰਾਜਭਾਗ ਅਤੇ ਸਰਕਾਰੀ ਕੰਮਾਂ ਵਿਚ ਉਸ ਦਾ ਹੱਥ ਵਟਾਉਣ ਵਾਲੀ ਉਸਦੀ ਖੂਬਸੂਰਤ, ਅਠਾਰਾਂ ਵਰ੍ਹਿਆਂ ਦੀ ਭਰ ਜੋਬਨ, ਫੁਰਤੀਲੀ, ਸਮਝਦਾਰ ਅਤੇ ਚੁਸਤ ਪਤਨੀ ਗੌਡੀਵਾ ਵੀ ਤਾਂ ਹੈ।
ਗੌਡੀਵਾ ਬਾਰੇ ਜਦੋਂ ਲਿਉਫਰਿਕ ਸੋਚਦਾ ਤਾਂ ਉਸਨੂੰ ਲੱਗਦਾ ਹੈ, ਗੌਡੀਵਾ ਦੇ ਲੀਨਡੱਮ ਕਲੌਨੀਆਈ (ਲਿਨਕੌਲਨਸ਼ਾਇਰ) ਜਾਗੀਰਦਾਰ ਮਾਪਿਆਂ ਨੇ ਕਿੰਨਾ ਢੁਕਵਾ ਨਾਮ ਰੱਖਿਆ ਹੈ ਉਹਦਾ। ਗੌਡੀਵਾ, ਲਤੀਨੀ ਭਾਸ਼ਾ ਦਾ ਸ਼ਬਦ ‘ਗੌਡਗਿਫੂ’ ਯਾਨੀ ਰੱਬ ਦਾ ਦਿੱਤਾ ਅਨਮੋਲ ਤੋਹਫਾ।ਇਹ ਰੱਬ ਦਾ ਤੋਹਫਾ ਹੀ ਤਾਂ ਹੈ ਜੋ ਐਡੀ ਵੱਡੀ ਉਮਰ ਵਿਚ ਅੱਲੜ ਕੁਆਰੀ ਗੌਡੀਵਾ ਉਸਦੀ ਅਰਧਾਂਗਣੀ ਬਣ ਗਈ ਹੈ।ਗੌਡੀਵਾ ਸੋਹਲਾਂ ਸਾਲਾਂ ਦੀ ਤੇ ਲਿਉਫਰਿਕ ਅਠਾਹਟ ਸਾਲਾਂ ਦਾ ਸੀ, ਜਦੋਂ ਦੋ ਵਰ੍ਹੇ ਪਹਿਲਾਂ ਗੌਡੀਵਾ ਉਸਨੂੰ ਪਹਿਲੀ ਵਾਰ ਟੱਕਰੀ ਸੀ।
ਗੌਡੀਵਾ ਨਾਲ ਲਿਉਫਰਿਕ ਦੀ ਪ੍ਰਥਮ ਮੁਲਕਾਤ ਏਵਨ ਦਰਿਆ ਦੇ ਕੰਢੇ ਵਾਇਰਿੰਗਸਕੀਰ (ਵਰਿਕਸ਼ਾਇਰ) ਦੇ ਜੰਗਲਾਂ ਵਿਚ ਉਦੋਂ ਹੋਈ ਸੀ, ਜਦੋਂ ਉਹ ਉਥੇ ਸ਼ਿਕਾਰ ਖੇਡਣ ਗਿਆ ਰਸਤਾ ਭੁੱਲ ਗਿਆ ਸੀ।ਉਥੇ ਹੀ ਉਸਨੂੰ ਗੌਡੀਵਾ ਘੋੜਸਵਾਰੀ ਕਰਦੀ ਹੋਈ ਮਿਲੀ ਸੀ। ਪਹਿਲੀ ਤੱਕਣੀ ਲਿਉਫਿਰਕ ਨੇ ਗੌਡੀਵਾ ਦੀ ਪਿੱਠ ਹੀ ਦੇਖੀ ਸੀ। ਨਵ-ਯੁਵਤੀ ਦਾ ਗਦਾਰਾਇਆ ਹੁੰਦੜਹੇਲ ਗਠੀਲਾ ਸ਼ਰੀਰ, ਸੁਡੌਲ ਮੌਰ, ਢਾਕਾਂ ਭਾਂਵੇ ਕੁਝ ਭਾਰੀਆਂ ਅਤੇ ਬਾਹਰ ਨਿਕਲਿਆਂ ਹੋਈਆਂ ਸਨ, ਪਰ ਉਸਦੇ ਸ਼ਰੀਰ ਦੀ ਬਣਤਰ ਅਤੇ ਜਿਸਮਾਨੀ ਗੋਲਾਈਆਂ ਦੇ ਹਿਸਾਬ ਨਾਲ ਗੌਡੀਵਾ ਨੂੰ ਬਹੁਤ ਜੱਚਦੀਆਂ ਸਨ। ਜਿਵੇਂ ਕਿਸੇ ਨਿਪੁੰਨ ਬੁੱਤ ਘਾੜੇ ਨੇ ਨੀਝ ਲਾ ਕੇ ਮੂਰਤੀ ਬਣਾਈ ਹੋਵੇ।ਪੂਰੀ ਗਿੱਠ ਲੰਮੀ ਸਰਾਹੀਦਾਰ ਗਰਦਨ।ਸਿਰ ਉੱਤੇ ਲਏ ਲੋਹ ਟੋਪ ਵਿਚੋਂ ਨਿਕਲਦੇ ਸੋਨੇ ਦੀਆਂ ਤਾਰਾਂ ਵਰਗੇ ਅਵਾਰਾਂ ਵਾਲ ਹਵਾ ਵਿਚ ਉੱਡ-ਉੱਡ ਤਸਵੀਰਾਂ ਵਾਹ ਰਹੇ ਸਨ।
ਗੌਡੀਵਾ ਦੀਆਂ ਖੁੱਲ੍ਹੀਆਂ ਅਜ਼ਾਦ ਖਿਲਾਅ ਵਿਚ ਭਟਕਦੀਆਂ ਲਟਾਂ ਦੇਖ ਕੇ ਲਿਉਫਰਿਕ ਨੂੰ ਇਹ ਤਾਂ ਗਿਆਨ ਹੋ ਗਿਆ ਸੀ ਕਿ ਇਹ ਔਰਤ ਵਿਆਹੀ ਨਹੀਂ। ਕਿਉਂਕਿ ਸਥਾਨਕ ਰਿਵਾਜ਼ ਮੁਤਾਬਕ ਸ਼ਾਦੀ-ਸ਼ੁਦਾ ਔਰਤਾਂ ਹਮੇਸ਼ਾ ਜ਼ੁਲਫਾ ਜੂੜੇ ਵਿਚ ਬੰਨ੍ਹ ਕੇ ਜਾਂ ਮਿੱਢੀਆਂ ਵਾਲੀ ਗੁੱਤ ਵਿਚ ਗੁੰਦ ਕੇ ਰੱਖਦੀਆਂ ਹਨ। ਸੁਹਾਗਣਾਂ ਕੇਵਲ ਪਤੀ ਨਾਲ ਹਮਬਿਸਤਰੀ ਵੇਲੇ ਹੀ ਵਾਲ ਖੋਲ੍ਹਦੀਆਂ ਹਨ। ਕੁਆਰੀਆਂ ਕੁੜੀਆਂ ਅਤੇ ਵਿਧਵਾਵਾਂ ਨੂੰ ਵਾਲ ਬੰਨ੍ਹਣ ਦੀ ਮਨਾਹੀ ਹੈ।
ਗੌਡੀਵਾ, ਲਿਉਫਰਿਕ ਦੀ ਆਮਦ ਤੋਂ ਬੇਖਬਰ ਖੜ੍ਹੀ ਸਾਹਮਣੇ ਦਰੱਖਤ ਉੱਤੇ ਬੈਠੇ ਸ਼ਿਕਰਿਆਂ ਦੇ ਜੋੜੇ ਨੂੰ ਕਲੋਲ ਕਰਦਿਆਂ ਨਿਹਾਰ ਰਹੀ ਸੀ। ਲੱਕ ਨਾਲ ਲਮਕਦੀ ਕੌਰਨਿਸ਼ ਕਿਰਪਾਨ ਉਸਦੇ ਸ਼ਾਹੀ ਅਤੇ ਅਮੀਰ ਜੁਝਾਰੂ ਹੋਣ ਦੀ ਗਵਾਹੀ ਭਰਦੀ ਸੀ।
ਲਿਉਫਰਿਕ ਕਿੰਨੀ ਦੇਰ ਗੌਡੀਵਾ ਦੀ ਪਿੱਠ ਨੂੰ ਮੰਤਰ ਮੁਗਧ ਹੋਇਆ ਤੱਕਦਾ ਰਿਹਾ ਸੀ।ਉਸਦਾ ਜੀਅ ਕਰਦਾ ਸੀ ਕਿ ਕਿਹੜਾ ਵੇਲਾ ਹੋਵੇ ਉਹ ਉਸ ਅਜ਼ਨਬੀ ਨੱਢੀ ਨੂੰ ਪਿੱਛੋਂ ਦੀ ਜਾ ਕੇ ਕਲਾਵੇ ਵਿਚ ਘੁੱਟ ਕੇ ਜਕੜ ਲਵੇ। ਇਹ ਤਾਂ ਲਿਉਫਰਿਕ ਦਾ ਘੋੜਾ ਹੀ ਬੇਵਕਤ ਹਿਣਕ ਪਿਆ ਸੀ, ਜਿਸ ਨਾਲ ਨਾ ਕੇਵਲ ਲਿਉਫਰਿਕ ਦੀ ਲਿਵ ਟੁੱਟ ਗਈ ਸੀ ਬਲਕਿ ਗੌਡੀਵਾ ਦਾ ਧਿਆਨ ਵੀ ਲਿਉਫਰਿਕ ਵੱਲ ਕੇਂਦਰਤ ਹੋ ਗਿਆ ਸੀ।ਗੌਡੀਵਾ ਦਬਾਸਟ ਚੌਂਕ ਕੇ ਹਰਕਤ ਵਿਚ ਆਈ ਸੀ। ਗੌਡੀਵਾ ਨੇ ਆਪਣੇ ਚਿੱਟੇ ਸ਼ਾਇਰੀ (ਇੰਗਲੈਂਡ ਦੀ ਪਦਾਇਸ਼ ਵਾਲੇ ਘੋੜੇ ਦੀ ਕਿਸਮ) ਘੋੜੇ ਦੀ ਸੱਜੀ ਲਗਾਮ ਖਿੱਚ ਕੇ ‘ਗੀਅ ਗੈਨ’ (ਘੋੜੇ ਨੂੰ ਦਿੱਤਾ ਜਾਣ ਵਾਲਾ ਆਦੇਸ਼, ਜਿਸਦਾ ਮਤਲਬ ਸੱਜੇ ਪਾਸੇ ਪਲਟੀ ਮਾਰ ਕੇ ਘੁੰਮ।) ਕਹਿ ਕੇ ਜਦ ਘੋੜੇ ਨੂੰ ਪਿਛਾਂਹ ਵੱਲ ਘੁੰਮਇਆ ਸੀ ਤਾਂ ਸੋਹਲਾਂ ਸਤਾਰਾਂ ਵਰ੍ਹਿਆਂ ਦੀ ਠਾਠਾਂ ਮਾਰਦੀ ਜਵਾਨੀ ਵਾਲੀ ਕੱਚੀ ਕੈਲ ਤੇ ਲੁੱਸ-ਲੁੱਸ ਕਰਦੇ ਅੰਗਾਂ ਵਾਲੀ ਐਂਗਲੋ ਸੈਕਸਨ (ਅੰਗਰੇਜ਼ ਅਤੇ ਜਰਮਨ ਲੋਕਾਂ ਦੇ ਸੁਮੇਲ ਤੋਂ ਬਣੀ ਨਸਲ) ਮੁਟਿਆਰ ਨੂੰ ਦੇਖ ਕੇ ਲਿਉਫਰਿਕ ਸਨੌਟੀ ਜੰਗਲ (ਸ਼ੇਰਵੁੱਡ ਰਾਇਜ਼ ਜੰਗਲ, ਨੌਟਿੰਘਮ ਜਿਥੇ ਕਈਆਂ ਸਦੀਆਂ ਬਾਅਦ ਰੌਬਿਨ ਹੁੱਡ ਰਹਿੰਦਾ ਹੁੰਦਾ ਸੀ।) ਦੇ ਜੰਗਲੀ ਡਾਕੂਆਂ ਹੱਥੋਂ ਲੁੱਟੇ ਗਏ ਅਮੀਰ ਵਪਾਰੀ ਵਾਂਗੂੰ ਬਸ ਦੇਖਦਾ ਹੀ ਰਹਿ ਗਿਆ ਸੀ। ਹਲਕੀ ਜਿਹੀ ਗੁਲਾਬੀ ਭਾਂਅ ਮਾਰਦਾ ਦੁੱਧੀਆ ਰੰਗ, ਤਿੱਖੇ ਤਿੱਖੇ ਕਟਾਰਾਂ ਵਰਗੇ ਨੈਣ-ਨਕਸ਼ ਜਾਣੀ ਰੋਮਨ ਛੂਰੀ ਨਾਲ ਕੱਟ ਕੱਟ ਧਰੇ ਹੋਣ। ਸੈਲੋ (ਸਲੋਹ) ਦੀ ਸਿਆਹ ਪਹਾੜੀ (ਸਲੋਹ ਦੇ ਬਾਹਰ ਵਾਲਾ ਉਹ ਵਿਸ਼ਾਲ ਕਾਲਾ ਪਹਾੜ, ਜਿਸਨੂੰ ਬਾਰੂਦ ਨਾਲ ਚੀਰ ਕੇ ਐਮ 40 ਮੋਟਰਵੇਅ ਬਣਾਇਆ ਗਿਆ ਹੈ।) ਵਰਗੀ ਉਭਰਵੀਂ ਹਿੱਕ। ਸੰਘਾਈ ਵਰਗਾ ਨੱਕ। ਨਰਗਸੀ ਮੋਟੇ ਮੋਟੇ ਮਮੋਲੇ ਨੈਣ ਤੇ ਨੌਰਮੈਂਡੀ ਤੀਰ-ਮਿਆਨ ਵਰਗੀਆਂ ਸੇਹਲੀਆਂ। ਹੁਸਨਾਕ ਔਰਤ ਗੌਡੀਵਾ ਨੇਜੇ ਵਾਂਗੂ ਬੰਦੇ ਦੇ ਹਿੱਕ ਵਿਚ ਖੁੱਭਦੀ ਸੀ। ਕੰਨਾਂ ਵਿਚ ਕੁਮੰਡਲ, ਯਾਕੂਬ ਜੜ੍ਹਿਆ ਸ਼ੇਰ ਦੀ ਖੱਲ ਦਾ ਕਮਰਕਸਾ, ਬਾਹੀਂ ਬਾਜ਼ੂਬੰਦ ਤੇ ਗਲ ਵੱਡੇ-ਵੱਡੇ ਸੁੱਚੇ ਮੋਤੀਆਂ ਦੀ ਮਾਲਾ ਆਦਿਕ ਗਹਿਣੇ, ਗਜਗਾਹ, ਹਾਰ-ਹਮੇਲ੍ਹ ਉਸਦੇ ਸ਼ੌਂਕੀਨਣ ਹੋਣ ਦੀ ਗਵਾਹੀ ਭਰਦੇ ਸਨ।
ਮਿਆਨ ’ਚੋਂ ਫੁਰਤੀ ਨਾਲ ਗੌਡੀਵਾ ਨੇ ਖੜਗ ਧੂਹੀ ਲਿੱਤੀ ਸੀ, “ਖਬਰਦਾਰ! ਐ ਅਜਨਬੀ ਤੂੰ ਕੌਣ ਹੈਂ?” ਬੀਰਾਂਗਣ ਇਸਤਰੀ ਗੌਡੀਵਾ ਦੀ ਸ਼ਹਿਣੀ ਵਾਂਗ ਗਰਜ਼ਵੀ ਅਵਾਜ਼ ਵਿਚੋਂ ਸੂਰਮਗਤੀ ਅਤੇ ਸ਼ਾਸਤ੍ਰ ਵਾਹੁਣ ਦੀ ਕਾਬਲੀਅਤ ਦੇ ਬਿੰਬ ਸਪਸ਼ਟ ਵਿਦਮਾਨ ਹੁੰਦੇ ਸਨ।ਲਿਉਫਰਿਕ ਨੇ ਗੌਡੀਵਾ ਦਾ ਪਰਿਚਯ ਲੈਣ ਬਾਅਦ ਆਪਣਾ ਤੁਆਰਫ ਕਰਵਾਉਂਦਿਆਂ ਹੋਇਆ ਦੱਸਿਆ ਸੀ ਕਿ ਉਹ ਸਲੋਪਸਬੇਰੀਆ (ਸ਼ਰੌਪਸ਼ਾਇਰ) ਦੇ ਪਿੰਡ ਸਕਰੌਬੀਸਬਾਏਰਿਜ਼ (901 ਈਸਵੀ ਵਿਚ ਰਿਚਰਡ ਸਕਰੱਬ ਵੱਲੋਂ ਵਸਾਇਆ ਮੌਜੂਦਾ ਸ਼ਰੂਜ਼ਬਰੀ) ਦਾ ਪ੍ਰਸਿੱਧ ਅਤੇ ਧਨਾਢ ਮੀਟ ਦਾ ਵਪਾਰੀ ਹੈ ਤੇ ਸਕਰੌਬੀਸਬਾਏਰਿਜ਼ ਤੋਂ ਵਾਇਰਿੰਗਸਕੀਰ ਸ਼ਿਕਾਰ ਖੇਡਣ ਆਇਆ ਰਸਤਾ ਭੁੱਲ ਗਿਆ ਸੀ। ਗੌਡੀਵਾ ਉਸਨੂੰ ਆਰਡਨ ਦੇ ਜੰਗਲ ਵੱਲ ਐਂਗਲੋ-ਸੈਕਸਨ ਨਿਜ਼ਾਮ ਬਿਉਰਮਿਗਾਸਾਂ ਦੇ ਪਿੰਡ ਬਿਉਰੁਮਗਾਸਹਾਮ (ਬ੍ਰਮਿੰਘਮ) ਵੱਲ ਜਾਣ ਵਾਲੇ ਡਿਰਿਟਐਂਡ ਦੇ ਦਰਿਆ ਰੀਆ (ਡਿੱਗਬਥ ਅਤੇ ਬ੍ਰਮਿੰਘਮ ਸਿਟੀ ਸੈਂਟਰ ਵਿਚ ਬਣੇ ਬੁੱਲ੍ਹ ਰਿੰਗ ਸ਼ਾਪਿੰਗ ਸੈਂਟਰ ਵਾਲਾ ਸਥਾਨ) ਵੱਲ ਜਾਂਦੀ ਪਗਡੰਡੀ ਦਿਖਾਉਣ ਨਾਲ ਲੈ ਤੁਰੀ ਸੀ। ਰਸਤੇ ਵਿਚ ਉਹਨਾਂ ਵਿਚਕਾਰ ਰਸਮੀ ਗੱਲਾਂ ਹੀ ਚੱਲ ਰਹੀਆਂ ਸਨ ਕਿ ਤੇਜ਼ ਹਨੇਰੀ ਵਗਣ ਲੱਗ ਪਈ ਸੀ। ਇਕਦਮ ਪਹਿਲਾਂ ਮੀਂਹ ਤੇ ਫੇਰ ਬਰਫ ਵਰਨੀ ਸ਼ੁਰੂ ਹੋ ਗਈ। ਫਿਜ਼ਾ ਵਿਚ ਤੂਫਾਨ ਕਹਿਰਾਂ ਕਰ ਰਿਹਾ ਸੀ।।
ਸਲੋਪਸਬੇਰੀਆ ਜਾਣ ਨੂੰ ਲਿਉਫਰਿਕ ਨੂੰ ਘੱਟੋ-ਘੱਟ ਤਿੰਨ ਦਿਨ ਲੱਗ ਜਾਣੇ ਸਨ। ਗੌਡੀਵਾ ਦੇ ਕਹਿਣ ਉੱਤੇ ਉਸਨੇ ਮੌਸਮ ਦੀ ਖਰਾਬੀ ਕਾਰਨ ਕੁਝ ਦਿਨ ਗੌਡੀਵਾ ਕੋਲ ਸ਼ਰਨ ਲੈ ਲਈ ਸੀ।
ਇਹਨਾਂ ਕੁਝ ਦਿਨਾਂ ਦੀ ਠਹਿਰ ਦੌਰਾਨ ਲਿਉਫਰਿਕ ਗੌਡੀਵਾ ਦੀ ਮਹਿਮਾਨ ਨਿਵਾਜ਼ੀ ਮਾਣਦਿਆਂ ਉਸ ਦੀਆਂ ਅਦਾਵਾਂ, ਨਖਰੇ, ਦੂਰਦ੍ਰਿਸ਼ਟੀ ਅਤੇ ਸੁੰਦਰਤਾ ਤੋਂ ਇਲਾਵਾ ਅਨੇਕਾਂ ਗੁਣਾਂ ਦਾ ਕਾਇਲ ਹੋ ਗਿਆ ਸੀ। ਗੌਡੀਵਾ ਰਠਾਇਣਾਂ ਵਾਲੇ ਵੀਰਤਾਪੂਰਣ ਕਾਰਨਾਮਿਆਂ ਤੋਂ ਇਲਾਵਾ ਉੱਨ ਵੱਟਣ, ਸਿਲਾਈ, ਕਸੀਦੇ, ਕਢਾਈ ਅਤੇ ਭੋਜਨ ਬਣਾਉਣ ਵਰਗੇ ਘਰੇਲੂ ਕਾਜਾਂ ਵਿਚ ਨਿਪੁੰਨ ਸੀ। ਸੋਹਲ੍ਹਾਂ ਕਲਾ ਸੰਪੂਰਨ ਅਤੇ ਖੁਬਸੂਰਤ ਇਸਤਰੀ ਨਾਲ ਵਿਆਹ ਕਰਵਾਉਣ ਲਈ ਲਿਉਫਰਿਕ ਦਾ ਮਨ ਲਲਚਾ ਉੱਠਿਆ ਸੀ?
ਗੌਡੀਵਾ ਦੇ ਮਾਪਿਆਂ ਦੀਆਂ ਮਾਰਸੀਆ ਅਤੇ ਲਿਨਡੱਮ ਦੇ ਇਰਧ-ਗਿਰਧ ਕਈ ਮਿਲਖਾਂ ਖਿੰਡੀਆਂ ਹੋਈਆਂ ਸਨ।ਬਾਲ ਅਵਸਥਾ ਵਿਚ ਮਿਸ਼ੋਰ ਹੋ ਜਾਣ ਕਾਰਨ ਗੌਡੀਵਾ ਨੂੰ ਵਿਰਾਸਤ ਵਿਚ ਭਾਰੀ ਜਾਗੀਰਾਂ, ਗਹਿਣਾ-ਗੱਟਾ ਅਤੇ ਧਨ ਦੌਲਤ ਮਿਲੀ ਹੋਈ ਸੀ, ਜਿਸ ਦੀ ਦੇਖ ਰੇਖ ਕਰਨਾ ਗੌਡੀਵਾ ਲਈ ਤਜ਼ਰਬੇ ਦੀ ਘਾਟ ਅਤੇ ਨਿਆਣੀ ਉਮਰ ਕਾਰਨ ਔਖਾ ਹੋ ਰਿਹਾ ਸੀ।ਐਂਗਲੋ ਸੈਕਸਨ ਕਾਨੂੰਨ ਤਹਿਤ ਇਕੱਲੀ ਇਸਤਰੀ ਨੂੰ ਮਰਦਾਨਾ ਭਾਈਵਾਲੀ ਤੋਂ ਬਿਨਾ ਜਾਂ ਕਿਸੇ ਪ੍ਰਕਾਰ ਦੀ ਵੀ ਬਿਸਵੇਦਾਰੀ ਰਹਿਤ ਜ਼ਮੀਨ-ਜਾਇਦਾਦ ਰੱਖਣ ਦਾ ਅਧਿਕਾਰ ਹੈ।ਕੌਫ’ਸ ਟਰੀ ਤੋਂ ਇਲਾਵਾ ਸਨੌਟਿੰਘਮ (ਨੌਟਿੰਘਮਸ਼ਾਇਰ) ਦੀ £30, ਮੈਰੀਗਡਿੂਨਮ (ਨਿਉਵਾਰਕ) ਦੀ £55 ਮੁੱਲ ਦੀ ਜ਼ਮੀਨ ਨੂੰ ਮਿਲਾਕੇ ਕੁੱਲ £160 ਕੀਮਤ ਦੀ ਭੂਮੀ ਦੀ ਗੌਡੀਵਾ ਇਕੱਲੀ ਮਾਲਕਣ ਸੀ, ਜੋ ਉਸਨੂੰ ਕੇਵਲ ਮਾਰਸੀਆ ਹੀ ਨਹੀਂ ਬਲਕਿ ਐਂਗਲੀਕਾ (ਇੰਗਲੈਂਡ) ਦੀ ਸਭ ਤੋਂ ਅਮੀਰ ਮਹਿਲਾਵਾਂ ਦੀ ਫਹਿਰਿਸ਼ਤ ਵਿਚ ਸਭ ਤੋਂ ਮੂਹਰੇ ਲਿਆ ਖੜ੍ਹਾਉਂਦੀ ਸੀ।
ਸੰਪਤੀ ਨੂੰ ਦੁਗਣਾ ਕਰਨ, ਸੁਰੱਖਿਅਤਾ ਅਤੇ ਘਰ ਵਸਾਉਣ ਦੇ ਮਕਸਦ ਨਾਲ ਗੌਡੀਵਾ ਨੇ ਲਿਉਫਰਿਕ ਵੱਲੋਂ ਦਿੱਤਾ ਗਿਆ ਵਿਆਹ ਦਾ ਪ੍ਰਸਤਾਵ ਸਵਿਕਾਰ ਕਰ ਲਿਆ ਸੀ। ਗੌਡੀਵਾ ਦਾ ਭਰਾ ਹੈਰੋਲਡ ਲੀਨਡੱਮ ਕਲੌਨੀ ਦਾ ਅਹਿਲਕਾਰ ਬਣ ਕੇ ਉੱਥੇ ਹੀ ਟਿਕ ਗਿਆ ਸੀ। ਹੈਰੋਲਡ ਵੀ ਲਿਉਫਰਿਕ ਨਾਲ ਰਿਸ਼ਤਾ ਗੰਢਣ ਲਈ ਤਤਪਰ ਸੀ। ਗੌਡੀਵਾ ਦੀ ਭੈਣ ਵੌਲਵੀਆ ਨੂੰ ਵਰੌਪ (ਵੂਲਹੌਪ), ਬਕਨਲ ਅਤੇ ਹੈਰੇ (ਵੇਲਜ਼ ਅਤੇ ਮਿਡਲੈਂਡ ਦੇ ਦਰਮਿਆਨ ਦਾ ਸਥਾਨ ਜਿਸਨੂੰ ਇਸ ਸਮੇਂ ਹੈਰੇਫਰਡਸ਼ਾਇਰ ਆਖਿਆ ਜਾਂਦਾ ਹੈ।) ਦੀਆਂ ਅਨੇਕਾਂ ਤਅੱਲਕਾਂ ਮਿਲ ਗਈਆਂ ਸਨ, ਜਿਸ ਕਰਕੇ ਆਪਣੇ ਸਾਧ ਪਤੀ ਨਾਲ ਉਹ ਉਧਰ ਮਸਰੂਫ ਰਹਿੰਦੀ ਸੀ। ਗੌਡੀਵਾ ਦੇ ਹਿੱਸੇ ਗਲੈਵਮ (ਗਲੌਸਟਰ), ਕੌਫ’ਸ ਟਰੀ ਅਤੇ ਵਿਰੋਕੌਨਿਅਮ (ਵਰੌਕਾਸਟਰ) ਦੀਆਂ ਜ਼ਮੀਨਾਂ ਆਈਆਂ ਸਨ। ਉਹ ਅੱਗ ਵਰਗੀ ਜੋਬਨ ਰੁੱਤੇ ਇਕੱਲਾਪਨ ਵੀ ਮਹਿਸੂਸ ਕਰਦੀ ਸੀ।
ਵਿਆਹ ਉਪਰੰਤ ਲਿਉਫਰਿਕ ਸਲੋਪਸਬੇਰੀਆ ਛੱਡ ਕੇ ਕੌਫ’ਸ ਟਰੀ ਵਿਖੇ ਗੌਡੀਵਾ ਨਾਲ ਰਹਿਣ ਲੱਗ ਪਿਆ ਹੈ।ਗੌਡੀਵਾ ਦੇ ਪੁਰਖਿਆਂ ਨੇ ਹੀ ਪੁਰਾਣੀ ਅੰਗਰੇਜ਼ੀ ਦੇ ਸ਼ਬਦ ਕੌਰਿਲਟਾਉਵੀ (ਜਿਸ ਦਾ ਅਰਥ ਖੇਤੀਬਾੜੀ ਕਰਨ ਵਾਲੇ ਲੋਕਾਂ ਦੀ ਜ਼ਮੀਨ ਹੁੰਦਾ ਹੈ।) ਤੋਂ ਬਦਲ ਕੇ ਇਸ ਜਗ੍ਹਾ ਦਾ ਨਾਮ ਸੈਕਸਨ ਭਾਸ਼ਾ ਦੇ ਸ਼ਬਦ ਕੌਫ’ਸ ਟਰੀ ਵਿਚ ਤਬਦੀਲ ਕੀਤਾ ਸੀ। ਗੌਡੀਵਾ ਦੇ ਪੂਰਵਜ਼ ਅਤੇ ਮਾਰਸੀਆ ਦੇ ਪਹਿਲੇ ਸੈਕਸਨ ਰਾਜੇ ਓਫਾ ਨੇ 770 ਵਿਚ ਇਥੋਂ ਦੀ ਧਰਤੀ ਉੱਤੇ ਅਧਿਕਾਰ ਕਰਕੇ ਵਾੜ ਕਰਨ ਲਈ ਆਲੇ-ਦੁਆਲੇ ਰੁੱਖ ਬੀਜ ਦਿੱਤੇ ਸਨ। ਜਿਸ ਤੋਂ ਲੋਕਾਂ ਨੂੰ ਓਫਾ ਦੇ ਰਾਜ ਦੀ ਹੱਦਬੰਦੀ ਦਾ ਪਤਾ ਚੱਲ ਜਾਂਦਾ ਸੀ। ਇਹ ਓਫਾ ਦੇ ਦਰੱਖਤਾਂ (Tree) ਤੋਂ ਹੀ ਇਸ ਜਗ੍ਹਾ ਦਾ ਨਾਮ ਕਿੰਗ ਓਵਾ ਦੇ ਟਰੀ (ਰਾਜੇ ਓਫਾ ਦੇ ਦਰੱਖਤ) ਅਰਥਾਤ ਕੌਫਾ’ਸ ਟਰੀ ਪੈ ਗਿਆ ਹੈ।
ਕੌਫ’ਸ ਟਰੀ ਲਿਉਫਰਿਕ ਨੂੰ ਸਲੋਪਸਬੇਰੀਆ ਨਾਲੋਂ ਵਧੇਰੇ ਰਾਸ ਆਈ ਹੈ। ਕੌਫ’ਸ ਟਰੀ ਵਿਖੇ ਰਹਿ ਕੇ ਲਿਉਫਰਿਕ ਆਪਣੀਆਂ ਜਾਗੀਰ ਦੀਆਂ ਹੱਦਾਂ ਫੇਲਾਈ ਜਾ ਰਿਹਾ ਹੈ। ਹੌਲੀ-ਹੌਲੀ ਉਸਨੇ ਰਾਜ ਮਹਿਲਾਂ ਵਿਚ ਆਪਣੀ ਪਕੜ ਪਹਿਲਾਂ ਨਾਲੋਂ ਪੀਡੀ ਕਰ ਲਈ ਹੈ। ਲਿਉਫਰਿਕ ਨੇ ਆਪਣੀ ਤੀਕਣ ਬੁੱਧੀ ਅਤੇ ਸਿਆਸਤ ਨਾਲ ਰਫਤਾ-ਰਫਤਾ ਰਾਜੇ ਕਨਿਊਟ ਤੋਂ ਇਨਾਮ ਅਤੇ ਵਿਸ਼ੇਸ਼ ਪਦਵੀਆਂ ਪ੍ਰਾਪਤ ਕੀਤੀਆਂ ਹਨ।ਪਿਛਲੇ ਮਹੀਨੇ ਤਾਂ ਕਨਿਊਟ ਨੇ ਲਿਉਫਰਿਕ ਨੂੰ ਖੁਸ਼ ਹੋ ਕੇ ਪ੍ਰਸੰਸਾਮਈ ਸਾਖ-ਪੱਤਰ ਨਾਲ ਨੌਰਵੇ ਦਾ ਸਭ ਤੋਂ ਮਹਿੰਗਾ ਅਤੇ ਉਮਦਾ ਨਸਲ ਸਾਊਰ ਦਾ ਕੁੱਤਾ ਉਪਹਾਰ ਵਜੋਂ ਦਿੱਤਾ ਸੀ।
ਬਾਕੀ ਅਗਲੇ ਹਫ਼ਤੇ....
ਬਾਕੀ ਅਗਲੇ ਹਫ਼ਤੇ....
Labels:
ਕਿਸ਼ਤ 1

No comments:
Post a Comment