ਲੇਡੀ ਗੌਡੀਵਾ ਦਾ ਨੰਗਾ ਸੱਚ (ਕਿਸ਼ਤ 2)

ਕੌਫ’ਸ ਟਰੀ ਆਪਣੇ ਮਹਿਲ ਪਹੁੰਚ ਕੇ ਲਿਉਫਰਿਕ ਨੇ ਆਪਣੀ ਨਿਗਰਾਨੀ ਹੇਠ ਕੁਰਕ-ਅਮੀਨ ਓਥੋ ਨਾਲ ਰਲ੍ਹ ਕੇ ਉਗਰਾਹੀ ਦੇ ਧਨ ਵਾਲਾ ਸਿੱਕਿਆਂ ਨਾਲ ਭਰਿਆ ਡੱਬਾ ਮਾਲਖਾਨੇ ਦੀ ਤਿਜੋਰੀ ਵਿਚ ਰਖਵਾਇਆ ਤੇ ਭੋਜਗ੍ਰਹਿ ਵੱਲ ਖਾਣਾ ਖਾਣ ਚਲਿਆ ਗਿਆ। ਭੋਜਨ ਉਪਰੰਤ ਲਿਉਫਰਿਕ ਵਹੀਆਂ ਲੈ ਕੇ ਸਿੱਧਾ ਆਪਣੇ ਖੁਆਬਗਾਹ ਵੱਲ ਗਿਆ।

ਦਿਨ ਭਰ ਦਾ ਆਪਣਾ ਸਾਰਾ ਹਿਸਾਬ ਕਿਤਾਬ ਕਰਕੇ ਜਦੋਂ ਲਿਉਫਰਿਕ ਨੇ ਹਿੰਦਸਿਆਂ ਦਾ ਜੋੜ ਕੀਤਾ ਤਾਂ ਉਸਦੀ ਹੈਰਾਨੀ ਦੀ ਹੱਦ ਨਾ ਰਹੀ। ਇਸ ਵਾਰ ਉਸ ਨੂੰ ਉਮੀਦ ਨਾਲੋਂ ਵੀ ਜ਼ਿਆਦਾ ਧਨ ਇਕੱਠਾ ਹੋਇਆ ਹੈ। ਲਿਉਫਰਿਕ ਨੇ ਖੁਸ਼ੀ ਵਿਚ ਆ ਕੇ ਆਪਣੇ ਕੋਲ ਪਈ ਸਾਕੀ (ਜਪਾਨ ਦੀ ਪੁਰਾਤਨ ਸ਼ਰਾਬ) ਦਾ ਮੋਟਾ ਸਾਰਾ ਪੈੱਗ ਭਰਿਆ ਤੇ ਇਕੋ ਸਾਹ ਵਿਚ ਡੀਕ ਲਾ ਕੇ ਖਿਚ ਲਿਆ।ਉਸ ਦੇ ਠੰਢ ਨਾਲ ਠਰ੍ਹੇ ਹੋਏ ਸ਼ਰੀਰ ਅੰਦਰ ਜਦੋਂ ਇਕਦਮ ਤਾਸੀਰ ਦੀ ਗਰਮ ਸ਼ਰਾਬ ਗਈ ਤਾਂ ਉਸ ਨੂੰ ਧੁੜਧੜੀ ਆ ਗਈ।ਉਸਨੇ ਆਪਣੇ ਸ਼ਰੀਰ ਨੂੰ ਇਕਵਾਰ ਫੇਰ ਹਲੂਣਿਆ ਤੇ ਰੋਮਨ ਬਤੱਖ ਦੇ ਖੰਭ ਨਾਲ ਬਣੀ ਕਲਮ ਨੂੰ ਸਿਆਹੀ ਵਿਚ ਡਬੋ ਕੇ ਸ਼ਾਹੀ ਖਜ਼ਾਨਚੀ ਨੂੰ ਹਿਸਾਬ ਕਿਤਾਬ ਦਾ ਪੈਗਾਮ ਲਿਖਣਾ ਸ਼ੁਰੂ ਕਰ ਦਿੱਤਾ। ਇਸ ਵਾਰ ਭੇਜੀ ਜਾਣ ਵਾਲੀ ਰਕਮ ਉਸ ਨੇ ਵੱਡੀ ਅਤੇ ਗੂੜੀ ਕਰਕੇ ਲਿਖੀ। ਬਾਅਦ ਵਿਚ ਉਸਨੂੰ ਅੰਡਰਲਾਇਨ ਕਰਨ ਦਾ ਖਿਆਲ ਅਹੁੜਿਆ ਅਤੇ ਉਸਨੇ ਕੁੱਲ ਜੋੜ ਹੇਠ ਨੀਂਹ-ਡੰਡੀ ਵਾਹ ਦਿੱਤੀ। ਰੁੱਕੇ ਨੂੰ ਦੁਬਾਰਾ ਪੜ੍ਹਦਿਆਂ ਲਿਉਫਰਿਕ ਨੇ ਇਕ ਹੋਰ ਹਾੜਾ ਪਾਇਆ ਤੇ ਉਸ ਨੂੰ ਪੀਂਦੇ ਪੀਂਦਿਆਂ ਸਾਰਾ ਮਜਮੂਨ ਪੜ੍ਹ ਲਿਆ।ਲਾਲ ਪਿਘਲੇ ਸਿੱਕੇ ਦੀ ਮੋਹਰ ਲਾ ਕੇ ਰੁੱਕਾ ਸੀਲਬੰਦ ਕਰ ਦਿੱਤਾ।
ਕੱਲ੍ਹ ਨੂੰ ਹੋਣ ਵਾਲੀਆਂ ਘੋੜ ਦੌੜਾਂ, ਮੁਰਗਾ-ਯੁੱਧ, ਸ਼ਰਾਬ, ਜੂਏ, ਤਮਾਕੂ ਅਤੇ ਚਕਲੇ ਦੀਆਂ ਰੰਡੀਆਂ ਤੋਂ ਮਿਲਣ ਵਾਲਾ ਮਹਿਸੂਲ ਮੁਕੱਰਰ ਹੋਣ ਕਰਕੇ ਲਿਉਫਰਿਕ ਦੇ ਖਾਤੇ ਵਿਚ ਪਹਿਲਾਂ ਹੀ ਆਇਆ ਹੋਇਆ ਹੈ।ਪਿਛਲੇ ਵਰ੍ਹੇ ਸੋਕਾ ਪੈ ਜਾਣ ਕਾਰਨ ਫਸਲਾਂ ਨਸ਼ਟ ਹੋ ਗਈਆਂ ਸਨ। ਪਰ ਇਸ ਸਾਲ ਮੌਸਮ ਕਾਸ਼ਤਕਾਰਾਂ ’ਤੇ ਮਿਹਰਬਾਨ ਰਿਹਾ ਹੈ।ਅਗਲੇ ਮਹੀਨੇ ਫਸਲਾਂ ਦੀ ਵਾਢੀ ਖਤਮ ਹੋਣ ਬਾਅਦ ਤਾਂ ਕਰ ਹੋਰ ਵੀ ਵੱਧ ਜਾਣਗੇ। ਲਿਉਫਰਿਕ ਕਿਆਸਆਰੀਆਂ ਲਾਉਂਦਾ ਗਦਗਦ ਹੋ ਉੱਠਿਆ। ਧਨ ਨੂੰ ਸਾਂਭਣ ਦੀਆਂ ਸਕੀਮਾਂ ਲਾਉਂਦਿਆਂ ਜਾਮ ਖਤਮ ਕਰਕੇ ਲਿਉਫਰਿਕ ਨੇ ਖਤ ਵਾਲਾ ਲਿਫਾਫਾ ਅਤੇ ਹੱਥ ਵਿਚ ਫੜ੍ਹਿਆ ਪਿਆਲਾ ਮੇਜ਼ ਉੱਤੇ ਰੱਖ ਦਿੱਤਾ ਤੇ ਕੁਝ ਦੇਰ ਅੱਖਾਂ ਮੀਚ ਕੇ ਇਕ ਅਕਹਿ ਜਿਹਾ ਸਰੂਰ ਅਨੁਭਵ ਕਰਨ ਲਗਿਆ। 
ਥੋੜ੍ਹੀ ਦੇਰ ਬਾਅਦ ਉਸ ਨੇ ਅੱਖਾਂ ਖੋਲ੍ਹੀਆਂ ਤੇ ਚਾਅ ਨਾਲ ਉੱਚੀ ਅਵਾਜ਼ ਵਿਚ ਚਿਲਾਇਆ, “ਹਾਂ! ਹੁਣ ਆਊ ਮਜ਼ਾ। ਬਾਦਸ਼ਾਹ ਕੈਨਿਉਟ ਬਹੁਤ ਖੁਸ਼ ਹੋਵੇਗਾ।”
ਇਸਦੇ ਨਾਲ ਹੀ ਲਿਉਫਰਿਕ ਆਪਣੇ ਲਈ ਹੋਰ ਜ਼ਾਮ ਬਣਾਉਂਦਾ ਹੋਇਆ ਆਪਣੇ ਪਿੱਛੇ ਪਲੰਘ ’ਤੇ ਲੇਟੀ ਆਪਣੀ ਪਤਨੀ ਗੌਡੀਵਾ ਨਾਲ ਉਸ ਵੱਲ ਬਿਨਾ ਦੇਖਿਆਂ ਆਪਣੀ ਖੁਸ਼ੀ ਸਾਂਝੀ ਕਰਨ ਲੱਗਿਆ, “ਗਿਫੂ?... ਲਾਣੇਦਾਰਨੀਏ… ਓ ਗੂਡੀ… ਈਵਾ? ਤੈਨੂੰ ਪਤੈ ਇਸ ਵਾਰ ਪਿਛਲੀ ਵਾਰ ਨਾਲੋਂ ਤਿੰਨ ਗੁਣਾਂ ਵੱਧ ਲਗਾਨ ਇਕੱਠਾ ਹੋਇਆ ਹੈ।”
“ਹਾਂ, ਤੁਸੀਂ ਅਵਾਮ ਨੂੰ ਪਾਣੀ ਦਾ ਇਕ ਹੋਰ ਟੈਕਸ ਜੋ ਲਗਾ ਦਿੱਤਾ ਹੈ। ਇਸ ਲਈ ਲੋਕ ਹੁਣ ਹਫਤੇ ਵਿਚ ਇਕ ਵਾਰ ਸ਼ੁਕਰਵਾਰ ਨੂੰ ਇਸਨਾਨ ਕਰਦੇ ਹਨ ਅਤੇ ਔਰਤਾਂ ਇਕ ਦਿਨ ਸੋਮਵਾਰ ਨੂੰ ਕਪੜੇ ਧੋਂਹਦੀਆਂ ਹਨ। ਨਗਰ ਨਿਵਾਸੀ ਸਤਵਾਰੇ ਵਿਚੋਂ ਤਿੰਨ ਦਿਨ ਫਾਕੇ ਕੱਟਦੇ ਹਨ।” 
ਗੌਡੀਵਾ ਦੇ ਬੋਲਣ ਦੇ ਲਹਿਜ਼ੇ ਵਿਚ ਤਨਜ਼ ਛੁਪੀ ਹੋਈ ਹੈ, ਜਿਸ ਨੂੰ ਨੀਮ ਸ਼ਰਾਬੀ ਹੋਇਆ ਲਿਉਫਰਿਕ ਸਮਝ ਨਹੀਂ ਸਕਿਆ ਤੇ ਹੁੱਭ ਗਿਆ। ਲਿਉਫਰਿਕ ਨੇ ਆਪਣੇ ਮਨ ਅੰਦਰਲੀ ਕੁੜੱਤਣ ਥੁੱਕ ਕੇ ਬਾਹਰ ਸਿੱਟੀ, “ਮੇਰਾ ਬਸ ਚੱਲੇ ਤਾਂ ਮੈਂ ਇਹਨਾਂ ਦੇ ਸਾਹ ਲੈਣ ਉੱਤੇ ਵੀ ਨਵਾਂ ਲਗਾਨ ਠੋਕ ਦੇਵਾਂ।ਭੈਣ ਦੇ ਖਸਮ!… ਮਾਂ ਯਾ… ਨੰਗ ਲੋਕ!!!”
ਗੌਡੀਵਾ ਨੇ ਕੋਈ ਜੁਆਬ ਨਾ ਦਿੱਤਾ ਤੇ ਚੁੱਪਚਾਪ ਕਰਵਟ ਬਦਲ ਕੇ ਬਿਸਤਰੇ ’ਤੇ ਲੇਟੀ ਰਹੀ।ਲਿਉਫਰਿਕ ਨੇ ਆਪਣਾ ਪਿਆਲਾ ਛਲਕਾਇਆ ਤਾਂ ਉਸ ਵਿਚੋਂ ਬੁਲਬਲੀਆਂ ਉੱਠੀਆਂ ਤੇ ਸ਼ਰਾਬ ਦੇ ਉੱਪਰ ਝੱਗ ਦੀ ਇਕ ਪਰਤ ਬਣ ਗਈ। ਲਿਉਫਰਿਕ ਨੇ ਗੌਡੀਵਾ ਦਾ ਧਿਆਨ ਖਿੱਚਣ ਲਈ ਆਮੰਤ੍ਰਣ ਦਿੱਤਾ, “ਥੋੜ੍ਹੀ ਸ਼ਰਾਬ ਲਵੇਂਗੀ?”
“ਨਹੀਂ। ਮੈਂ ਘੋੜਸਵਾਰੀ ਕਰਕੇ ਬਹੁਤ ਥੱਕ ਗਈ ਹਾਂ ਤੇ ਮੈਨੂੰ ਬਹੁਤ ਨੀਂਦ ਆ ਰਹੀ ਹੈ।”
“ਕੋਈ ਨ੍ਹੀਂ ਲੰਡੂ ਜਿਹਾ ਪੈੱਗ ਲਾ ਲੈ ਬਿੱਲੋ… ਨੀਂਦ ਸੋਹਣੀ ਆ’ਜੂ… ਮੈਂ ਪਾਵਾਂ?” ਲਿਉਫਰਿਕ ਨੇ ਨਵੇਂ ਪਿਆਲੇ ਦੇ ਮੂੰਹ ਨਾਲ ਸਰਾਹੀ ਲਗਾਉਂਦਿਆਂ ਪੁੱਛਿਆ।
“ਨਹੀਂ, ਕੋਈ ਲੋੜ੍ਹ ਨਹੀਂ। ਮੈਨੂੰ ਜ਼ਰੂਰਤ ਹੋਈ, ਮੈਂ ਆਪ ਲੈ ਲਵਾਂਗੀ।” ਗੌਡੀਵਾ ਨੇ ਪਾਸਾ ਪਰਤਿਆ।
“ਮੈਂ ਕਹਿੰਦਾ ਸੀ ਛਿੱਟ ਕੁ ’ਕੇਰਾਂ ਲਾ ਲੈਂਦੀ… ਵਿਦੇਸ਼ੀ ਸ਼ਰਾਬ ਹੈ। ਇਹ ਮੈਨੂੰ ਭਿਕਸੂ ਓਸਵਾਲਡ ਨੇ ਦਿੱਤੀ ਐ। ਉਸਨੂੰ ਕੋਈ ਉਹਦਾ ਮਿੱਤਰ ਸੰਤ ਗੌਡਰਿਕ ਦੇ ਕੇ ਗਿਆ ਸੀ… ਇਹ ਘਰ ਦੀ ਕੱਢੀ ਸਿੱਕੇ ਵਰਗੀ ਸੰਘਣੀ ਵਾ… ਮੈਂ ਫੰਬਾ ਡਬੋ ਕੇ ਦੇਖਿਐ, ਬਿੰਦ ਨ੍ਹੀਂ ਖੜ੍ਹਦਾ। ਦੂਹਰੀ ਵਾਰ ਕਸੀਦ ਕੇ ਕੱਢੀ ਹੋਈ ਲਗਦੀ ਆ। ਉਂਗਲ ਭਿਉਂ ਕੇ ਲਾਟ ਕੋਲ ਕਰਿਆਂ ਝੱਟ ਦੇਣੇ ਅੱਗ ਫੜ੍ਹਦੀ ਐ। ਧਰਮ ਨਾਲ ਕਾਲਜਾ ਚੀਰਦੀ ਜਾਂਦੀ ਐ ਰੋੜੀ ਦੀ ਲੀਕ ਆਾਂਗਰ। ਅੰਦਰ ਜਾ ਕੇ ਡਿੱਗਦੀ ਏ ਤਾਂ ਦਿਮਾਗ ਨੂੰ ਭਬੂਕਾ ਜਿਹਾ ਚੜ੍ਹਦੈ।’ਕੇਰਾਂ ਤਾਂ ਖਿਲਾਰ ਕੇ ਰੱਖ ’ਦੂ ਭੇਡ ਦੇ ਵੱਗ ਵਾਂਗੂੰ… ਅੜੀ ਨਾ ਕਰ, ਲੈ ਲੈ ਭੋਰਾ… ਹਵਾ ਪਿਆਜ਼ੀ ਹੋ, ਢਾਰੇ ਆਂਗੂੰ ਢਹੀ ਜਿਹੀ ਪਈ ਏਂ।” ਐਨਾ ਆਖ ਕੇ ਜਦੋਂ ਲਿਉਫਰਿਕ ਨੇ ਪਿੱਠ ਘੁੰਮਾ ਕੇ ਗੌਡੀਵਾ ਵੱਲ ਮੂੰਹ ਕੀਤਾ ਤਾਂ ਤੱਕਿਆ ਉਹ ਉਸ ਵੱਲ ਪਿੱਠ ਕਰੀ ਪਈ ਹੈ। ਮੱਛਰਦਾਨੀ ਨਾ ਤਾਣੀ ਹੋਣ ਕਰਕੇ ਗੌਡੀਵਾ ਉਸਨੂੰ ਸਿਰ ਤੋਂ ਪੈਰਾਂ ਤੱਕ ਸਾਫ ਦਿਖਾਈ ਦੇ ਰਹੀ ਹੈ। ਉਹ ਗੌਡੀਵਾ ਨੂੰ ਨਿਹਾਰਦਾ ਹੋਇਆ ਆਹੀਸਤਾ-ਆਹੀਸਤਾ ਪਿਆਲਾ ਘੁੱਟਾਂ-ਬਾਟੀ ਪੀਣ ਲੱਗਿਆ। ਕਮਰੇ ਵਿਚ ਬਲਦੀ ਮਿਸ਼ਾਲ ਦੇ ਸੰਗਤਰੀ ਚਾਨਣ ਵਿਚ ਗੌਡੀਵਾ ਦਾ ਸ਼ਰੀਰ ਲੋਹੜੇ ਦਾ ਉੱਠ ਰਿਹਾ ਹੈ, ਜਿਵੇਂ ਹਨੇਰੀ ਰਾਤ ਵਿਚ ਜੁਗਨੂੰ ਚਮਕਦੇ ਹੋਣ।ਉਸਦੇ ਗਜ਼-ਗਜ਼ ਲੰਬੇ ਸੂਰਜ ਦੀਆਂ ਰਿਸ਼ਮਾਂ ਵਰਗੇ ਸੁਨਹਿਰੀ ਵਾਲ ਪੂਰੇ ਬਿਸਤਰੇ ਉੱਤੇ ਖਿਲਰੇ ਪਏ ਹਨ, ਜਿਵੇਂ ਕਿਸਾਨ ਨੇ ਕਾਹਲੀ ਵਿਚ ਭਾਰ ਨਾ ਸਹਾਰਦਿਆਂ ਹੋਇਆਂ ਪਰਾਲੀ ਦੀ ਭਾਰੀ ਪੰਡ ਜ਼ਮੀਨ ਉੱਤੇ ਸਿੱਟ ਕੇ ਖਿਲਾਰ ਦਿੱਤੀ ਹੋਵੇ ਜਾਂ ਟਿੱਬੇ ’ਤੇ ਫਲੀਆਂ ਸੁੱਕਣੀਆਂ ਪਾਈਆਂ ਹੋਣ। ਲਿਉਫਰਿਕ ਸੋਚਦਾ ਹੈ ਕਿ ਦਾਸੀਆਂ ਓਲਰਿਕਾ ਅਤੇ ਹਾਇਲਡਾ ਦਰੁਸਤ ਹੀ ਫਰਮਾਉਂਦੀਆਂ ਹਨ। ਮਨਣਯੋਗ ਹੈ ਕਿ ਗੌਡੀਵਾ ਦੇ ਭਾਰੇ, ਘਣੇ ਅਤੇ ਲਮੇਰੇ ਵਾਲ ਵਾਹੁਣ ਲਈ ਕੰਘੀ ਕਰਦਿਆਂ ਉਹਨਾਂ ਦੇ ਗੁੱਟ ਦੁੱਖਣ ਲੱਗ ਜਾਂਦੇ ਹਨ।
ਲਿਉਫਰਿਕ ਨੇ ਆਪਣੀ ਆਖਰੀ ਘੁੱਟ ਖਤਮ ਕੀਤੀ ਤੇ ਆਪਣਾ ਮੁਕਟਨੁਮਾ ਟੋਪ ਸਿਰ ਤੋਂ ਲਾਹ ਕੇ ਮੇਜ਼ ਉੱਤੇ ਰੱਖ ਦਿੱਤਾ। ਚੋਗਾ ਉਤਾਰਿਆ ਤੇ ਹੇਠ ਪਹਿਨਿਆ ਚਮੜੇ ਦਾ ਕਬਚ (ਬੂਲਟਪਰੂਫ ਜੈਕਟ ਵਾਂਗ ਚਾਕੂ-ਛੂਰੀ ਦੇ ਵਾਰ ਤੋਂ ਬਚਣ ਲਈ ਜੋ ਉਸ ਸਮੇਂ ਰਜਵਾੜੇ ਪਹਿਨਿਆਂ ਕਰਦੇ ਸੀ।) ਖੋਲ੍ਹਦਾ ਹੋਇਆ ਲੜਖੜਾਉਂਦੇ ਕਦਮਾਂ ਨਾਲ ਉਹ ਬਿਸਤਰੇ ਵੱਲ ਵਧਿਆ।
ਪਲੰਘ ਉੱਤੇ ਬੈਠਣਸਾਰ ਲਿਉਫਰਿਕ ਨੇ ਖੱਬੇ ਹੱਥ ਨਾਲ ਹੂੰਝ ਕੇ ਗੌਡੀਵਾ ਦੇ ਖਿੰਡੇ-ਖੱਪਰੇ ਸਾਰੇ ਵਾਲ ਸਿਰਹਾਣੇ ਵੱਲ ਇਕੱਠੇ ਕਰ ਦਿੱਤੇ। ਅੱਜ ਇਕ ਵਾਰ ਫੇਰ ਲਿਉਫਰਿਕ ਨੂੰ ਆਪਣੀ ਸੁਹਾਗਰਾਤ ਵਾਲਾ ਉਹੀ ਦ੍ਰਿਸ਼ ਚੇਤੇ ਆ ਗਿਆ। ਉਦਣ ਵੀ ਗੌਡੀਵਾ ਇੰਝ ਹੀ ਨੀਂਦ ਨਾਲ ਉਂਘਲਾਦੀ ਨੀਲੇ ਸੁਹਾਗ ਜੋੜੇ ਵਿਚ ਲਿਪਟੀ ਇਸੇ ਪਲੰਘ ਉੱਤੇ ਪਈ ਸੀ।ਗੌਡੀਵਾ ਨੇ ਦਾਜ ਵਿਚ ਲਿਆਦਾ ਕੌਫ’ਸ ਟਰੀ ਅਤੇ ਤਮਾਮ ਜ਼ਾਇਦਾਦ ਦਾ ਪਟਾ ‘ਆਗਾਜ਼-ਏ-ਹਿਯਾਤੀ’ ਉਪਾਹਰ ਦੇ ਰੂਪ ਵਿਚ ‘ਆਤਮ ਸਮਰਪਣ’ ਵੇਲੇ ਲਿਉਫਰਿਕ ਦੇ ਸਪੁਰਦ ਕਰ ਦਿੱਤਾ ਸੀ। ਲਿਉਫੋਰਕ ਨੇ ਵੀ ਮੈਡਲੀਓਡਮ, ਹੀਸੀ, ਵੂਲੀਆਹੀਗੌਨ (Wellington), ਲੋਡਲੋ ਤੋਂ ਇਲਾਵਾ ਤਮਾਮ ਸਲੋਪਸਬੇਰੀਆ ਅਤੇ ਸਕਰੌਬੀਸਬਾਏਰਿਜ਼ ਦੀਆਂ ਜਾਗੀਰਾਂ ਦੇ ਸਨਦ ਗੌਡੀਵਾ ਨੂੰ ‘ਸੇਕਰਡ ਗਲੈਂਸ’ ਦੀ ਰਸਮ (ਮੂੰਹ ਦਿਖਾਈ) ਵਜੋਂ ਦਿੱਤੇ ਸਨ। ਉਸ ਰਾਤ ਗੌਡੀਵਾ ਦਾ ਰੂਪ ਹੰਢਾ ਕੇ ਲਿਉਫਰਿਕ ਨੂੰ ਪ੍ਰਤੀਤ ਹੋਇਆ ਸੀ ਜਿਵੇਂ ਉਸਨੇ ਸਵਰਗਾਂ ਦੇ ਝੂਟੇ ਮਾਣ ਲਏ ਹੁੰਦੇ ਹਨ। ਖੁਸ਼ੀ ਵਿਚ ਖੀਵਾ ਹੋ ਕੇ ਉਸਨੇ ਸਵੇਰੇ ‘ਸ਼ਾਦੀ ਸੰਪੰਨਤਾ’ (Consumination of marriage) ਦੇ ਤੋਹਫੇ ਵਜੋਂ ਗੌਡੀਵਾ ਨੂੰ ਘਰਬਾਰ ਦੀਆਂ ਚਾਬੀਆਂ ਦਾ ਸਾਰਾ ਗੁੱਛਾ ਦੇ ਦਿੱਤਾ ਸੀ।
ਇਹਨਾਂ ਦੋ ਸਾਲਾਂ ਵਿਚ ਗੌਡੀਵਾ ਦੀ ਸੁੰਦਰਤਾ ਵਿਚ ਇਜ਼ਾਫਾ ਅਤੇ ਉਸਦੇ ਜਿਸਮ ਦਾ ਸੇਕ ਪਹਿਲਾਂ ਨਾਲੋਂ ਕਈ ਗੁਣਾ ਅਧਿਕ ਹੋ ਗਿਆ ਹੈ।ਗੌਡੀਵਾ ਦੇ ਮੁਕਾਬਲਤਨ ਲਿਉਫਰਿਕ ਕਾਫੀ ਠੰਢਾ ਪੈ ਗਿਆ ਹੈ।ਲਿਉਫਰਿਕ ਜਲਦ ਹੀ ਬਿਸਤਰੇ ਵਿਚ ਢਹਿ-ਢੇਰੀ ਹੋ ਕੇ ਉਦੋਂ ਹੀ ਠੰਡਾ ਸੀਤ ਹੋ ਜਾਂਦਾ ਹੈ, ਗੌਡੀਵਾ ਜਦੋਂ ਅਜੇ ਮਘਣਾ ਹੀ ਆਰੰਭ ਕਰ ਰਹੀ ਹੁੰਦੀ ਹੈ। ਲਿਉਫਰਿਕ ਅਕਸਰ ਸੇਜ ’ਤੇ ਗੌਡੀਵਾ ਨੂੰ ਸੁਲਘਦੀ ਹੋਈ ਤੱਕਦਾ ਹੈ ਤਾਂ ਉਸਨੂੰ ਠਾਰਨ ਦੇ ਯਤਨ ਕਰਦਾ ਹੈ। ਪਰ ਕੁਦਰਤ ਦੇ ਨਿਯਮਾਂ ਅੱਗੇ ਅਕਸਰ ਉਹਦਾ ਉਪਰਾਲਾ, ਕੋਈ ਜ਼ੋਰ ਨਹੀਂ ਚਲਦਾ। ਉਹ ਨਿਸਫਲਤਾ ਅਤੇ ਆਪਣੇ ਅੰਦਰ ਉਪਜੀ ਹੀਣ-ਭਾਵਨਾ ਨੂੰ ਛੁਪਾਉਣ ਦੇ ਆਹਰਾਂ ਵਿਚ ਸ਼ਰਾਬ ਪੀਣ ਬਹਾਨੇ ਜੁੱਟ ਜਾਇਆ ਕਰਦਾ ਹੈ।
ਲਿਉਫਰਿਕ ਦੇ ਹੱਥ ਆਪ-ਮੁਹਾਰੇ ਹੀ ਗੌਡੀਵਾ ਦੀ ਅੰਗਵਸਤਰ ਦੀਆਂ ਤਣੀਆਂ ਖੋਲ੍ਹਣ ਲਈ ਵੱਧ ਗਏ। ਕੰਬਦੇ ਹੱਥਾਂ ਨਾਲ ਲਿਉਫਰਿਕ ਨੇ ਗੌਡੀਵਾ ਦੇ ਲੱਕ ਨੂੰ ਘੁੱਟ ਰਹੀ ਗੰਢ ਖੋਲ੍ਹੀ ਤੇ ਫੇਰ ਤਣੀਆਂ ਦੇ ਕਾਂਟਿਆਂ ਨੂੰ ਸੱਜੇ ਹੱਥ ਦੀ ਪ੍ਰਥਮ, ਯਾਨੀ ਅੰਗੂਠੇ ਦੇ ਨਾਲ ਦੀ ਪਹਿਲੀ ਉਂਗਲ ਪਾ ਕੇ ਕਾਜ਼ਾਂ ਵਿਚੋਂ ਇਕ ਇਕ ਕਰਕੇ ਕੱਢਦਾ ਹੋਇਆ ਗੌਡੀਵਾ ਦੀ ਗਰਦਨ ਵੱਲ ਵੱਧਣ ਲੱਗ ਪਿਆ।
ਗੌਡੀਵਾ ਨਾ ਹਿੱਲੀ… ਨਾ ਜੁੱਲੀ… ਨਾ ਹੀ ਉਸਨੇ ਕੋਈ ਸ਼ਬਦ ਬੋਲਿਆ। ਨਾ ਸਹਿਮਤੀ ਪ੍ਰਗਟਾਈ, ਨਾ ਵਿਰੱਧ ਕੀਤਾ। ਉਹ ਜਿਵੇਂ ਪਈ ਸੀ, ਉਸੇ ਪ੍ਰਕਾਰ ਲਿਉਫਰਿਕ ਵੱਲ ਪਿੱਠ ਕਰਕੇ ਲੇਟੀ ਰਹੀ।ਲਿਉਫਰਿਕ ਨੇ ਇਕ ਇਕ ਕਰਕੇ ਗੌਡੀਵਾ ਦੀ ਗਰਦਨ ਤੱਕ ਜਾਂਦੀਆਂ ਸਾਰੀਆਂ ਤਣੀਆਂ ਖੋਲ੍ਹ ਕੇ ਗੌਡੀਵਾ ਦੀ ਚੋਲੀ ਦੇ ਦੋਨੋਂ ਪਟ ਆਪਣੇ ਦੋਨਾਂ ਹੱਥਾਂ ਵਿਚ ਲਏ ਤੇ ਕਿਤਾਬ ਖੋਲ੍ਹਣ ਵਾਂਗ ਖੋਲ੍ਹ ਕੇ ਗੌਡੀਵਾ ਦੀ ਸਾਰੀ ਕੰਡ ਬੇਪਰਦਾ ਕਰ ਦਿੱਤੀ। 
ਪਲੰਘ ਦੇ ਸਿਰਹਾਣੇ ਕੋਲ ਲੱਗੀ ਮਿਸ਼ਾਲ ਦੀ ਰੋਸ਼ਨੀ ਹੋਰ ਵਿਸ਼ਾਲ ਹੋ ਗਈ।…
ਕਾਲੇ ਰੰਗ ਦੀ ਸਿਲਕੀ ਸੀਨਾਬੰਦ ਵਿਚ ਟਿਕਿਆ ਪਿਆ ਗੌਡੀਵਾ ਦਾ ਗੋਰਾ ਗੰਢੇ ਦੀਆਂ ਛਿਲਕਾਂ ਵਰਗਾ ਮੂਲਾਇਮ ਚਮਕਦਾ ਅਰਧ-ਨਗਨ ਜਿਸਮ ਅੱਗ ਦੀ ਰੋਸ਼ਨੀ ਵਿਚ ਸੁਨਿਹਰੀ ਰੰਗਤ ਫੜ੍ਹ ਗਿਆ ਇਉਂ ਲੱਗਦਾ ਹੈ ਜਿਵੇਂ ਕਾਲੇ ਰੰਗ ਦੀ ਬੈਂਤ ਦੇ ਛਿੱਕੂ ਵਿਚ ਪੁਖਰਾਜ ਹੀਰਾ ਪਿਆ ਹੁੰਦਾ ਹੈ।ਲਿਉਫਰਿਕ ਨੇ ਗੌਡੀਵਾ ਦੀ ਪੂਰੀ ਪਿੱਠ ਨੂੰ ਆਪਣਾ ਲਰਜ਼ਦਾ ਹੱਥ ਫੇਰ ਕੇ ਸਹਿਲਾਇਆ… ਪਲੋਸਿਆ… ਨਿਹਾਰਿਆ… ਵਧੇਰੇ ਘੋੜ ਸਵਾਰੀ ਕਰਨ ਕਰਕੇ ਗੌਡੀਵਾ ਕੁਝ ਲਿੱਸੀ ਹੋ ਗਈ ਹੈ। ਉਸਦੇ ਭਰਵੇਂ ਅੰਗ ਕੁਝ ਢਿੱਲੇ ਪੈ ਗਏ ਹਨ।ਢਾਕਾਂ ਦਾ ਮਾਸ ਵੀ ਕਾਫੀ ਹੱਦ ਤੱਕ ਢਲ ਗਿਆ ਹੈ। ਪਰ ਫੇਰ ਵੀ ਉਸਦੀ ਢੂਹੀ ਦਾ ਆਕਰਸ਼ਨ ਪਹਿਲਾਂ ਵਾਂਗ ਬਰਕਰਾਰ ਹੈ।ਗੌਡੀਵਾ ਦੀ ਮਖਮਲੀ ਚਮੜੀ, ਸ਼ੀਸ਼ੇ ਦੀ ਲਿਸ਼ਕੋਰ ਵਾਂਗਰ ਲਿਸ਼ਕ ਰਹੀ ਹੈ।
ਗੌਡੀਵਾ ਦੀ ਪਿੱਠ ਨੂੰ ਚੁੰਮਦਾ ਤੇ ਹਲਕੇ-ਹਲਕੇ ਚੱਖ ਵੱਡਦਾ ਹੋਇਆ ਲਿਉਫਰਿਕ ਬੋਲਿਆ, “ਗੀਫੂ? ਮੇਰਾ ਚਿੱਤਾ ਕਰਦਾ ਮੈਂ ਅੱਜ ਆਪਣੇ ਬੁੱਲ੍ਹਾਂ ਤੇ ਜੀਭ ਨਾਲ ਤੇਰੀ ਢੂਹੀ ’ਤੇ ਮਾਰਸੀਆ ਦਾ ਨਕਸ਼ਾ ਵਾਹ ਦੇਵਾਂ। ਫੇਰ ਤੈਨੂੰ ਏਕਣ ਹੀ ਪਿਛਿਉਂ ਘੁੱਟ ਕੇ ਗਲਵੱਕੜੀ ਪਾ ਲਵਾਂ ਤੇ ਮਹਿਸੂਸ ਕਰਾਂ ਜਿਵੇਂ ਸਾਰਾ ਮਾਰਸੀਆ ਮੇਰੀ ਆਗੋਸ਼ ਵਿਚ ਆ ਗਿਆ ਹੋਵੇ। ਮੈਂ ਤੈਨੂੰ ਪੂਰੇ ਐਂਗਲੀਕਾ ਦੀ ਮਹਾਰਾਣੀ ਬਣਾਉਣਾ ਚਾਹੁੰਦਾ ਹਾਂ। ਹੀਰੇ ਜ਼ਵਾਹਰਾਤ ਜੜੇ ਸੋਨ ਤਖਤ ਉੱਤੇ ਆਪਣੇ ਪੱਟਾਂ ਵਿਚ ਤੈਨੂੰ ਬੈਠੀ ਵੇਖਣ ਦੀ ਮੇਰੀ ਖੁਆਇਸ਼ ਹੈ!”
ਗੌਡੀਵਾ ਨੇ ਨਾ ਕੋਈ ਹੁੰਗਾਰਾ ਭਰਿਆ, ਨਾ ਇੰਨਕਾਰ ਕੀਤਾ, ਨਾ ਇਸਰਾਰ ਕੀਤਾ, ਨਾ ਹੀ ਕੋਈ ਇਕਰਾਰ ਜਾਂ ਇਜ਼ਹਾਰ।ਇਉਂ ਜਾਪਦਾ ਹੈ ਜਿਵੇਂ ਗੌਡੀਵਾ ਦੇ ਲਬ੍ਹ ਸਿਉਂਤੇ ਗਏ ਹੋਣ। ਜਾਂ ਕੋਈ ਹਾਵ-ਭਾਵ ਵਿਅਕਤ ਕਰਨ ਦੀ ਸਮਰੱਥਾ ਉਸ ਅੰਦਰੋਂ ਮੁੱਕ ਗਈ ਹੋਵੇ। ਇਕ ਮਾਨਸਿਕ ਰੋਗੀ ਵਾਲੀ ਸਥਿਤੀ ਵਿਚੋਂ ਉਹ ਗੁਜ਼ਰ ਰਹੀ ਹੈ। ਜ਼ਿਹਨ ਵਿਚ ਜਿਵੇਂ ਜਵਾਰਭਾਟੇ ਨੂੰ ਗੌਡੀਵਾ ਨੇ ਡੱਕ ਰੱਖਿਆ ਹੋਵੇ।
ਲਿਉਫਰਿਕ ਨੇ ਸ਼ੂਕਦੇ ਵੇਗ ਦੇ ਵਹਿਣ ਵਿਚ ਆ ਕੇ ਗੌਡੀਵਾ ਨੂੰ ਡੌਲਿਉਂ ਫੜ੍ਹ ਕੇ ਉਸਦੇ ਬਦਨ ਦਾ ਆਪਣੇ ਵੱਲ ਘੁੰਮੇਟਾ ਦਿੱਤਾ। ਮੰਜੇ ਉੱਤੇ ਰੁੱਖ ਪਰਤਾ ਕੇ ਗੌਡੀਵਾ ਉਸਦੇ ਸਨਮੁੱਖ ਹੋ ਗਈ। ਰੂ-ਬਾ-ਰੂ। ਕਿੰਤੂ ਗੌਡੀਵਾ ਦੀਆਂ ਅੱਖਾਂ ਮੁੰਦੀਆਂ ਹੋਈਆਂ ਹਨ। ਵਿਸਮਾਦ ਵਿਚ ਨਹੀਂ, ਰੋਸ ਵਿਚ।
ਜਿਵੇਂ ਜਨੌਰਮਾਰ, ਪੰਛੀ ਪਰਿੰਦੇ ਬਲਹੀਣ ਕਰਨ ਲਈ ਗੁਲੇਲ ਗੀਟੀ ਸੁੱਟਦੇ ਹਨ, ਬਿਲਕੁਲ ਉਵੇਂ ਲਿਉਫਰਿਕ ਦੁਆਰਾ ਕਾਹਲ ਨਾਲ ਉਤਾਰਨ ਉਪਰੰਤ ਵਗਾਹ ਕੇ ਸਿੱਟੇ ਗਏ ਕ੍ਰਮਵਾਰ ਗੌਡੀਵਾ ਅਤੇ ਲਿਉਫਰਿਕ ਦੇ ਆਪਣੇ ਵਸਤਰ ਬਿਸਤਰੇ ਤੋਂ ਬਾਹਰ ਜਾ ਕੇ ਡਿੱਗੇ ਤੇ ਸਾਹਮਣੀ ਕਮਰੇ ਦੀ ਕੰਧ ਨਾਲ ਤੀਬਰਤਗਤੀ ਨਾਲ ਜਾ ਕੇ ਟਕਰਾਏ… ਅਤੇ… ਉਸ ਪਸ਼ਚਾਤ ਹੇਠਾਂ ਫਰਸ਼ ਉੱਤੇ ਆ ਕੇ ਕਪੜੇ ਇਉਂ ਡਿੱਗੇ, ਜਿਵੇਂ ਆਲ੍ਹਣਾ ਬਣਾਉਣ ਲਈ ਲਿਜਾ ਰਹੀ ਚਿੱੜੀ ਦੀ ਚੁੰਝ ਵਿਚੋਂ ਛੁੱਟ ਕੇ ਤੀਲਾ ਧੀਮੀ ਰਫਤਾਰ ਨਾਲ ਰਫਤਾ-ਰਫਤਾ ਅਰਸ਼ ਤੋਂ ਫਰਸ਼ ਉੱਤੇ ਆ ਉਤਰਦਾ ਹੈ। 
ਮਿਸ਼ਾਲ ਦੀ ਤਪਸ਼ ਹੋਰ ਤੇਜ਼ ਹੋ ਗਈ।… ਮਿਸ਼ਾਲ ਦਾ ਪਿਘਲਿਆ ਹੋਇਆ ਤੇਲ ਭਾਫਾਂ ਛੱਢਣ ਲੱਗ ਪਿਆ…ਉਸ ਵਿਚੋਂ ਚਗਿੰਆੜੇ ਪੈਦਾ ਹੋਣ ਲੱਗੇ। ਮਿਸ਼ਾਲ ਦੀ ਅਗਨੀ ਹੋਰ ਪ੍ਰਚੰਡ, ਤੀਬਰ, ਵੇਗਮਈ ਅਤੇ ਤੇਜ਼ ਹੋ ਗਈ… ਮਘੀ ਹੋਈ ਮਿਸ਼ਾਲ ਲੱਟ … ਲੱਟ ਬਲ੍ਹਣ ਲੱਗ ਪਈ ਤੇ ਫੇਰ ਜਿਵੇਂ ਹਵਾ ਦਾ ਬੇਕਾਬੂ ਬੁੱਲਾ ਆਇਆ ਹੋਵੇ ਜਾਂ ਕੋਈ ਹਿਜੋਕਾ ਜਿਹਾ ਵੱਜਿਆ ਹੁੰਦਾ ਹੈ, ਉਵੇਂ ਅਗਨੀ ਭੜਕੀ ਤੇ ਮਿਸ਼ਾਲ ਇਕਲਖਤ ਬੁੱਝ ਗਈ…।
ਹੁਣ ਲਿਉਫਰਿਕ ਲਗਭਗ ਸੌਂ ਚੁੱਕਾ ਹੈ। ਉਸਦੇ ਖੁਰਾਟਿਆਂ ਦਾ ਸ਼ੋਰ ਰਾਤ ਦੇ ਵਾਤਾਵਰਨ ਵਿਚ ਗੂੰਝ ਰਿਹਾ ਹੈ। ਗੌਡੀਵਾ ਨੇ ਹਲੂਣਾ ਦੇ ਕੇ ਪੁੱਛਿਆ, “ਇਜ਼ਾਜਤ ਹੋਵੇ ਤਾਂ ਮੈਂ ਆਪਣੇ ਕੱਪੜੇ ਪਹਿਨ ਲਵਾਂ?… ਮੈਨੂੰ ਬਹੁਤ ਠੰਡ ਲੱਗ ਰਹੀ ਹੈ।”
“ਊਂ…ਅ। ਜੋ ਮਰਜ਼ੀ ਕਰ… ਅੱਗੇ ਕਿਹੜਾ ਤੂੰ ਮੇਰੇ ਸਾਰੇ ਹੁਕਮਾਂ ਦੀ ਪਲਣਾ ਕਰਦੀ ਐਂ।” ਲਿਉਫਰਿਕ ਨੇ ਅਰਧ ਸੁੱਤਿਆਂ ਜੁਆਬ ਦਿੱਤਾ।
ਬੇਲਿਬਾਸ ਗੌਡੀਵਾ ਉੱਠੀ ਤੇ ਵਸਤਰਧਾਰ ਹੋ ਕੇ ਵਾਪਸ ਪਲੰਘ ਉੱਤੇ ਸੌਂ ਗਈ।
ਅਗਲੀ ਸਵੇਰ ਗੌਡੀਵਾ ਦੇ ਜਾਗਣ ਤੋਂ ਪਹਿਲਾਂ ਹੀ ਲਿਉਫਰਿਕ ਦਿਵਾਨ ਲਾਉਣ ਲਈ ਰਵਾਨਾ ਹੋ ਗਿਆ।ਮਾਰਕੀਟ ਡੇਅ ਤੋਂ ਅਗਲੇ ਦਿਨ ਸ਼ੁਕਰਵਾਰ ਨੂੰ ਪੂਰਾ ਦਿਨ ਰਾਤ ਲੋਕ ਜ਼ਸ਼ਨ ਮਨਾਉਂਦੇ ਅਤੇ ਮਸਤੀਆਂ ਕਰਦੇ ਹਨ। ਗੀਤ ਸੰਗੀਤ ਰੰਗ ਰਾਸ ਦੀਆਂ ਮਹਿਫਲਾਂ ਲੱਗਦੀਆਂ ਹਨ। ਨਾਚ ਹੁੰਦੇ ਹਨ। ਖੇਡਾਂ, ਤਲਵਾਰਬਾਜ਼ੀਆਂ ਦੇ ਮੁਕਾਬਲੇ ਅਤੇ ਘੋਲ ਹੁੰਦੇ ਹਨ। ਸ਼ਰਾਬ ਦੇ ਦੌਰ ਚਲਦੇ ਹਨ ਅਤੇ ਸਾਰੇ ਕੌਫ’ਸ ਟਰੀ ਵਾਲੇ ਰਾਤ ਨੂੰ ਇਕ ਮੈਦਾਨ ਵਿਚ ਤਮਾਕੂ ਦੀ ਧੂਣੀ ਲਾ ਕੇ ਬੈਠ ਜਾਂਦੇ ਹਨ।ਤਮਾਕੂ ਵਾਲਾ ਧੂੰਆਂ ਜਦੋਂ ਸਾਹ ਕ੍ਰਿਆ ਦੌਰਾਨ ਨੱਕ ਰਾਹੀਂ ਚੜ੍ਹਦਾ ਹੈ ਤਾਂ ਅਜੀਬ ਜਿਹਾ ਨਸ਼ਾ ਅਨੁਭਵ ਹੁੰਦਾ ਹੈ। ਸਭ ਤੀਵੀਆਂ ਮਰਦ ਇਸ ਨਸ਼ੇ ਦਾ ਆਨੰਦ ਮਾਣਦੇ ਹੋਏ ਆਪਣੇ ਆਪ ਨੂੰ ਕਿਸੇ ਹੋਰ ਹੀ ਦੁਨੀਆ ਵਿਚ ਪਹੁੰਚੇ ਹੋਏ ਮਹਿਸੂਸ ਕਰਦੇ ਹਨ।ਜੂਏ ਖੇਡੇ ਜਾਂਦੇ ਹਨ। ਇਸੇ ਹੀ ਦਿਨ ਗੁਲਾਮਾਂ ਅਤੇ ਇਸਤਰੀਆਂ ਦੀ ਖਰੀਦੋ-ਫਰੋਖਤ ਵੀ ਹੁੰਦੀ ਹੈ। ਜਾਂ ਨਿਰਧਨ ਲੋਕ ਅਮੀਰਾਂ ਨੂੰ ਆਪਣੀਆਂ ਪਤਨੀਆਂ, ਬਹੂਆਂ ਅਤੇ ਬੇਟੀਆਂ ਧਨ ਬਦਲੇ ਕਿਰਾਏ ਉੱਤੇ ਵੀ ਦੇ ਦਿਆ ਕਰਦੇ ਹਨ। ਸਦੀਆਂ ਤੋਂ ਇਹ ਦਸਤੂਰ ਚਲਿਆ ਆ ਰਿਹਾ ਹੈ। ਜੂਲੀਅਸ ਸੀਜ਼ਰ ਵੇਲੇ ਦਾ। ਕਦੇ-ਕਦਾਈਂ ਇਹਨਾਂ ਸਮਾਗਮਾਂ ਵਿਚ ਗੌਡੀਵਾ ਵੀ ਲਿਉਫਰਿਕ ਨਾਲ ਸ਼ਿਰਕਤ ਕਰਨ ਲਈ ਆ ਜਾਇਆ ਕਰਦੀ ਹੈ। ਅਜਿਹੇ ਮੌਕਿਆਂ ’ਤੇ ਬਾਜ ਮਰਤਬਾ ਲੜਾਈ ਝਗੜੇ ਵੀ ਹੋ ਜਾਂਦੇ ਹਨ। ਲਿਉਫਰਿਕ ਮੌਕੇ ’ਤੇ ਹੀ ਦੋਸ਼ੀ ਨੂੰ ਸਜ਼ਾ ਸੁਣਾ ਕੇ ਯੋਗ ਦੰਡ ਦੇ ਦਿਆ ਕਰਦਾ ਹੈ।
ਗੌਡੀਵਾ ਤਕਰੀਬਨ ਦੁਪਹਿਰ ਤੱਕ ਨਿਰਜਿੰਦ ਹੋ ਕੇ ਸੁੱਤੇ ਹੋਣ ਦਾ ਢੌਂਗ ਕਰਕੇ ਪਈ ਰਹਿੰਦੀ ਹੈ। ਉਸਬਰਗਾ, ਐਡਿਥ ਅਤੇ ਮਾਟੀਲਡਾ ਆਦਿਕ ਬਾਂਦੀਆਂ ਅਨੇਕਾਂ ਵਾਰ ਉਸਦੀ ਤਾਬੇਦਾਰੀ ਲਈ ਆਈਆਂ। ਪਰੰਤੂ ਉਹ ਉਹਨਾਂ ਨੂੰ ਬਿਨਾ ਕੋਈ ਸੇਵਾ ਲਿਤਿਆਂ ਪੂਠੇ ਪੈਰੀਂ ਮੋੜਦੀ ਰਹੀ। 
ਦੁਪਿਹਰ ਤੋਂ ਬਾਅਦ ਗੌਡੀਵਾ ਨੇ ਸੁਰਤ ਸੰਭਾਲੀ ਤਾਂ ਉਸਨੂੰ ਆਪਣੇ ਵਜੂਦ ਵਿਚੋਂ ਦੁਰਗੰਧ ਆਉਂਦੀ ਮਹਿਸੂਸ ਹੋਈ। ਗੌਡੀਵਾ ਨੇ ਗੋਲੀ ਰਾਹੀਂ ਆਪਣੇ ਘੋੜਿਆਂ ਦੇ ਪਾਲਕ ਬਲਜ਼ਾਕ ਨੂੰ ਸੰਦੇਸ਼ ਭਿਜਵਾਇਆ ਕਿ ਘੋੜਾ ਤਿਆਰ ਕਰ ਦੇਵੇ, ਕਿਉਂਕਿ ਉਹ ਨਦੀ ’ਤੇ ਇਸ਼ਨਾਨ ਕਰਨ ਜਾਣਾ ਚਾਹੁੰਦੀ ਹੈ। ਵੈਸੇ ਤਾਂ ਗੌਡੀਵਾ ਦਾ ਨਿੱਜੀ ਹਮਾਮ ਵੀ ਇਜ਼ਿਪਥ ਤੋਂ ਮਗਵਾ ਕੇ ਬਹੁਤ ਆਲੀਸ਼ਾਨ ਲਿਉਫਰਿਕ ਨੇ ਬਣਾਇਆ ਹੋਇਆ ਹੈ। ਪਰ ਗੌਡੀਵਾ ਨੂੰ ਕੁਦਰਤ ਦਾ ਬਣਾਇਆ ਹਮਾਮ ਜ਼ਿਆਦਾ ਭਾਉਂਦਾ ਹੈ। ਗਰਮੀਆਂ ਦੇ ਮੌਸਮ ਵਿਚ ਅਕਸਰ ਗੌਡੀਵਾ ਝਰਨਿਆਂ ਅਤੇ ਨਦੀਆਂ ਵਿਚ ਨਹਾਉਂਣਾ ਅਤੇ ਤੈਰਨਾ ਪਸੰਦ ਕਰਦੀ ਹੈ।
ਬਲਜ਼ਾਕ ਤਬੇਲੇ ਵਿਚੋਂ ਗੌਡੀਵਾ ਦੇ ਪਿਆਰੇ ਚਿੱਟੇ ਘੋੜੇ ਕੈਲਟ ’ਤੇ ਕਾਠੀ ਪਾ ਕੇ ਲੈ ਆਇਆ।ਗੌਡੀਵਾ ਤਿਆਰ ਹੋ ਕੇ ਆਈ ਤਾਂ ਬਲਜ਼ਾਕ ਘੋੜੇ ਦੀ ਲਗਾਮ ਫੜ੍ਹੀ, ਨੀਵੀਂ ਪਾਈ ਖੜ੍ਹਾ ਮਿਲਿਆ।ਬਲਜ਼ਾਕ ਦੇ ਖੱਬੇ ਡੌਲੇ ਉੱਤੇ ਖੁਣਿਆ ਬਾਜ਼ ਜਿਸਦੇ ਪੈਰ ਸੇਬੇ ਨਾਲ ਬੰਨ੍ਹੇ ਹੋਏ ਹਨ, ਗੌਡੀਵਾ ਨੂੰ ਬਹੁਤ ਚੰਗਾ ਲੱਗਦਾ ਹੈ। ਗੌਡੀਵਾ ਨੇ ਬਲਜ਼ਾਕ ਵੱਲ ਹਸਰਤ ਭਰੀਆਂ ਨਿਗਾਹਾਂ ਨਾਲ ਦੇਖਿਆ। ਗੌਡੀਵਾ ਦੇ ਤਨ ਬਦਨ ਵਿਚ ਇਕ ਬਿਜਲੀ ਜਿਹੀ ਲਰਜ਼ਾ ਗਈ। ਬਲਜ਼ਾਕ ਨੇ ਘੋੜੇ ਦੀ ਕਾਠੀ ਦੇ ਕਸੀ ਹੋਣ ਦਾ ਨਰੀਖਣ ਕਰਨ ਲਈ ਉਸਨੂੰ ਆਪਣੀਆਂ ਮਜ਼ਬੂਤ ਬਾਹਾਂ ਨਾਲ ਹੰਨੇ ਤੋਂ ਹਿਲਾ ਕੇ ਦੇਖਿਆ ਤਾਂ ਗੌਡੀਵਾ ਦੇ ਮਨ ਵਿਚ ਆਇਆ ਕਿ ਕਾਸ਼ ਉਹ ਨਪੀੜਕ ਬਾਹਾਂ ਉਸ ਦੀ ਦੇਹ ਨੂੰ ਆਪਣੀ ਗਰਿਫਤ ਵਿਚ ਲੈ ਲੈਣ। ਇਕ ਪਾਰਾ ਸਿਰ ਤੋਂ ਪੈਰਾਂ ਤੱਕ ਖੂਨ ਵਿਚ ਰਲ ਕੇ ਗੌਡੀਵਾ ਨੂੰ ਆਪਣੇ ਸ਼ਰੀਰ ਵਿਚ ਗਰਦਿਸ਼ ਕਰਦਾ ਮਹਿਸੂਸ ਹੋਇਆ। 
ਇਹ ਡੌਲੇ ਉੱਤੇ ਉਕਰਿਆ ਬਾਜ਼ ‘ਸੀਡਨਰ’ (ਬੀਜ਼ਕ, ਬੀਜ਼ ਬੀਜ਼ਣ ਵਾਲੇ ) ਕਬੀਲੇ ਦੀ ਮੁਹਰ-ਛਾਪ ਹੈ।ਇਹਨਾਂ ਬੀਜ਼ਕ ਕਬੀਲੇ ਵਾਲਿਆਂ ਨੂੰ ਵੰਸ਼ ਵਧਾਊ ਜਾਤੀ ਦੇ ਲੋਕ ਵੀ ਕਿਹਾ ਜਾਂਦਾ ਹੈ। ਬਾਜ਼ ਵਾਲਾ ਪਹਿਚਾਣ ਚਿੰਨ੍ਹ ਉਹ ਹਰ ਬੱਚੇ ਦੇ ਇਕ ਸਾਲ ਦੀ ਆਯੂ ਵਿਚ ਡੌਲੇ ’ਤੇ ਦਾਗ ਦਿੰਦੇ ਹਨ। ਦਸ ਸਾਲ ਦੀ ਉਮਰ ਤੱਕ ਬੀਜ਼ਕਾਂ ਦਾ ਬੱਚਾ ਯੁੱਧ-ਵਿਦਿਆ ਸਿੱਖਦਾ ਹੈ ਤੇ ਸ਼ਾਸਤ੍ਰ ਕਲਾ ਵਿਚ ਮਹਾਰਤ ਹਾਸਿਲ ਕਰਦਾ ਹੈ।ਉਸ ਤੋਂ ਬਾਅਦ ਦੇ ਪੰਜ ਸਾਲ ਵੇਸਵਾਵਾਂ ਦੀ ਸੰਗਤ ਵਿਚ ਰਹਿ ਕੇ ਨਾਰੀ ਵਸ਼ੀਕਰਨ ਦੇ ਗੁਰ, ਤਹਿਜ਼ੀਬੀ ਗੂਫਤਗੂ, ਅਲੋਕਿਕ ਕ੍ਰੀੜਾਵਾਂ ਅਤੇ ਕਾਮ ਆਸਣਾਂ ਦਾ ਅਭਿਆਸ ਕਰਦੇ ਹਨ। ਪੰਦਰਾਂ ਵਰਸ਼ ਦੀ ਉਮਰ ਵਿਚ ਉਹਨਾਂ ਨੂੰ ਨੀਲਾਮ ਕਰ ਦਿੱਤਾ ਜਾਂਦਾ ਹੈ। ਬੀਜ਼ਕ ਕਬੀਲੇ ਦੇ ਲੋਕ ਸਰੀਰਕ ਪੱਖੋਂ ਰਿਸ਼ਟ-ਪੁਸ਼ਟ ਅਤੇ ਮਰਦਾਨਾ ਤਾਕਤ ਕਰਕੇ ਪ੍ਰਸਿੱਧ ਹਨ। ਇਸੇ ਕਰਕੇ ਇਸ ਜਾਤੀ ਦੇ ਮਰਦਾਂ ਨੂੰ ‘ਬੁੱਲ੍ਹ ਮੈਨ’ (ਢੱਠੇ ਮਰਦ) ਵੀ ਕਿਹਾ ਜਾਂਦਾ ਹੈ। ਇਹਨਾਂ ਲੋਕਾਂ ਨੂੰ ਵਿਆਹ ਕਰਵਾਉਣ ਦੀ ਇਜ਼ਾਜਤ ਨਹੀਂ ਹੈ।ਇਸ ਕਬੀਲੇ ਦੇ ਦਸਤੂਰ ਮੁਤਾਬਿਕ ਲੜਕੇ ਨੂੰ ਪੈਂਦਾ ਹੁੰਦਿਆਂ ਹੀ ਮਾਂ ਦਾ ਦੁੱਧ ਨਹੀਂ ਚੁੰਘਾਇਆ ਜਾਂਦਾ, ਸਗੋਂ ਜਨਮ ਘੁੱਟੀਆਂ, ਮੇਵੇ, ਜੜ੍ਹੀਆਂ ਬੂਟੀਆਂ ਦੇ ਕਾਹੜੇ, ਵਾਇਗਰਾ (ਮਰਦਾਨਾ ਸ਼ਕਤੀ ਵਧਾਉ ਦਵਾਈਆਂ) ਤੱਤ ਭਰਪੂਰ ਪੌਸ਼ਟਿਕ ਅਤੇ ਖਣਿਜ ਪਦਾਰਥ ਦਿੱਤੇ ਜਾਂਦੇ ਹਨ। ਜਦ ਪੁੱਤਰ ਜਵਾਨ ਹੋ ਜਾਂਦਾ ਹੈ ਤਾਂ ਪਿਤਾ ਉਸਨੂੰ ਗੁਲਾਮ ਮੰਡੀ ਵਿਚ ਜਾ ਕੇ ਨਿਲਾਮੀ ਕਰਕੇ ਵੇਚ ਦਿੰਦਾ ਹੈ।ਅਮੀਰ ਅਤੇ ਰਜਵਾੜੇ ਲੋਕ ਇਹਨਾਂ ਨੂੰ ਖਰੀਦ ਕੇ ਲੈ ਜਾਂਦੇ ਹਨ।ਇਹਨਾਂ ਜ਼ਰ-ਖਰੀਦ ਗੁਲਾਮਾਂ ਦਾ ਮੁੱਖ ਕਾਰਜ਼ ਅਮੀਰਾਂ ਦੀਆਂ ਇਸਰਤੀਆਂ ਨੂੰ ਯੋਨ ਸੁੱਖ ਪ੍ਰਦਾਨ ਕਰਨਾ ਅਤੇ ਉਹਨਾਂ ਦੀ ਕਾਮੁਕ ਤ੍ਰਿਪਤੀ ਕਰਨਾ ਹੁੰਦਾ ਹੈ, ਜੋ ਨਿਪੁਨਸਕ ਹੋ ਚੁੱਕੇ ਧਨਾਢ ਵਿਅਕਤੀਆਂ ਕਰਨ ਤੋਂ ਅਸਮਰਥ ਹੁੰਦੇ ਹਨ। ਬੀਜ਼ਕਾਂ ਨੂੰ ਬਿਨਾ ਕਿਸੇ ਰੋਕ ਟੋਕ ਦੇ ਅੱਠੇ ਪਹਿਰ ਇਸਤਰੀਆਂ ਕੋਲ ਹਰਮਾਂ ਵਿਚ ਜਾਣ ਦੀ ਇਜਾਜ਼ਤ ਹੁੰਦੀ ਹੈ।ਇਹਨਾਂ ਬੁੱਲ ਮੈਨਾਂ ਦੀ ਵਰਤੋਂ ਸੰਤਾਨ ਉਤਪਤੀ ਲਈ ਰਾਜੇ-ਰਾਣੇ ਸਦੀਆਂ ਤੋਂ ਕਰਦੇ ਆਏ ਹਨ।ਇਹਨਾਂ ਗੁਲਾਮਾਂ ਦੁਆਰਾ ਗਰਭਵਤੀ ਕੀਤੀ ਔਰਤ ਦੇ ਬੱਚੇ ਨੂੰ ਦੇਖਣ ਦਾ ਵੀ ਇਹਨਾਂ ਨੂੰ ਖੁਦ ਹੱਕ ਨਹੀਂ ਹੁੰਦਾ। ਉਸ ਬੱਚੇ ਨੂੰ ਰਾਣੀ ਦਾ ਪਤੀ ਆਪਣਾ ਨਾਮ ਦੇ ਕੇ ਆਪਣੀ ਸੰਤਾਨ ਮੰਨ ਕੇ ਪਾਲਦਾ ਹੈ।ਜਿਸ ਰਾਜੇ ਦੇ ਔਲਾਦ ਨਾ ਹੁੰਦੀ ਹੋਵੇ, ਇਹ ਬੁੱਲ੍ਹ ਮੈਨ ਉਸਦੀ ਰਾਣੀ ਨਾਲ ਦਿਨ ਰਾਤ ਉਦੋਂ ਤੱਕ ਲੇਟਿਆ ਰਹਿੰਦਾ ਹੈ, ਜਦ ਤੱਕ ਉਹ ਹਾਮਲਾ ਨਹੀਂ ਹੋ ਜਾਂਦੀ। ਭਾਵੇਂ ਇਸ ਲਈ ਕਈ ਕਈ ਦਿਨ ਤੇ ਕਦੇ-ਕਦਾਈਂ ਮਹੀਨੇ ਵੀ ਲੱਗ ਜਾਂਦੇ ਹਨ। ਰਾਣੀ ਦੀ ਕੁੱਖ ਹਰੀ ਕਰੇ ਬਿਨਾ ਛੱਡ ਕੇ ਜਾਣ ਵਾਲੇ ਬੁੱਲ੍ਹ ਮੈਨ ਨੂੰ ਮੌਕੇ ’ਤੇ ਹੀ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ।ਰਾਣੀਆਂ ਦੇ ਬੱਚਾ ਠਹਿਰਣ ਉਪਰੰਤ ਬੁੱਲ੍ਹ ਮੈਨ ਨੂੰ ਫਿਰ ਮੰਡੀ ਵਿਚ ਵੇਚ ਦਿੱਤਾ ਜਾਂਦਾ ਹੈ, ਜਿਥੋਂ ਕੋਈ ਹੋਰ ਲੋੜ੍ਹਵੰਦ ਖਰੀਦ ਕੇ ਲੈ ਜਾਂਦਾ ਹੈ।ਜਦੋਂ ਬੁੱਲ ਮੈਨ ਕਮਜ਼ੋਰ ਜਾਂ ਵਿਅਰਥ ਹੋ ਜਾਂਦੇ ਹਨ ਤਾਂ ਉਹਨਾਂ ਨੂੰ ਜ਼ਹਿਰੀਲਾ ਤੀਰ ਮਾਰ ਕੇ ਖਤਮ ਕਰ ਦਿੱਤਾ ਜਾਂਦਾ ਹੈ।ਇਹ ਬੁੱਲ੍ਹ ਮੈਨ ਅੰਨ੍ਹੇ ਖੂਹ ਵਰਗੇ ਹੁੰਦੇ ਹਨ। ਹਾਕ ਮਾਰੋ ਅੰਦਰ ਹੀ ਜਜ਼ਬ ਹੋ ਜਾਂਦੀ ਹੈ, ਬਾਹਰ ਨਹੀਂ ਆਉਂਦੀ। ਇਕ ਮਾਲਕ ਦਾ ਭੇਤ ਦੂਜੇ ਨੂੰ ਨਹੀਂ ਦੱਸਦੇ। ਇਹਨਾਂ ਦੇ ਦਿਲ ਦਰਿਆ ਸਮੁੰਦਰੋਂ ਡੂੰਘਿਆਂ ਵਿਚ ਛੁਪੇ ਰਹੱਸ ਇਹਨਾਂ ਦੇ ਅੰਦਰ ਹੀ ਦਫਨ ਹੋਏ ਮੁੱਕ ਜਾਂਦੇ ਹਨ। ਪੂਰੀ ਜ਼ਿੰਦਗੀ ਵਿਚ ਬੁੱਲ੍ਹ ਮੈਨਾਂ ਨੇ ਕੇਵਲ ਇੱਕ ਇਸਤਰੀ ਨੂੰ ਚੁਣਨਾ ਹੁੰਦਾ ਹੈ, ਜਿਸ ਤੋਂ ਪੈਦਾ ਹੋਏ ਬੇਟੇ ਨੂੰ ਇਹ ਆਪਣੇ ਕੁੱਲ ਦੇਵਤਾ ਅੱਗੇ ਅਰਪਨ ਕਰਕੇ ਕਬੀਲੇ ਨੂੰ ਦੇ ਦਿੰਦੇ ਹਨ। ਜਿਸਨੇ ਵੱਡਾ ਹੋ ਕੇ ਭਵਿਖ ਦਾ ਬੁੱਲ੍ਹ ਮੈਨ ਬਣਨਾ ਹੁੰਦਾ ਹੈ। ਇੰਝ ਇਸ ਕਬੀਲੇ ਨੂੰ ਕਦੇ ਨਾਰੀ ਦੀ ਲੋੜ੍ਹ ਨਹੀਂ ਪੈਂਦੀ।ਕੇਵਲ ਤੇ ਨਿਰੋਲ ਮਰਦਾਨਾ ਕਬੀਲਾ ਹੈ ਇਹ। ਜਿਸ ਮਹਿਲਾ ਦਾ ਬੱਚਾ ਕਬੀਲੇ ਪਹੁੰਚਦਾ ਹੈ, ਉਸ ਨੂੰ ਅੱਗੋਂ ਹੋਰ ਸੰਤਾਨ ਦੇ ਕੇ ਬੁੱਲ ਮੈਨ ਅਗਾਂਹ ਵਿਕ ਜਾਂਦੇ ਹਨ। 

ਬਾਕੀ ਅਗਲੇ ਹਫ਼ਤੇ....

Print this post

No comments:

Post a Comment