ਗੌਡੀਵਾ ਜਿੰਦਾ ਹੈ (3)

ਲਿਉਨਰਡ  ਢਿਲਕਦੀ ਪੈਂਟ ਨੂੰ ਲੱਕ ਉੱਤੇ ਖਿੱਚਦਾ ਬਾਹਰ ਜਾਣ ਲੱਗਿਆ, “ਚੰਗਾ ਮੈਂ ਜੌਬਸੈਂਟਰ ਸਾਇਨ ਕਰਨ ਚੱਲਿਆਂ। ਪੰਦਰਾਂ ਵੀਹਾਂ ਮਿੰਟਾਂ ਤੱਕ ਆਉਂ।
ਠਹਿਰ ਪਹਿਲਾਂ ਮੇਰੀ ਇਕ ਗੱਲ ਸੁਣ ਜਾ। ਕੱਲ੍ਹ ਮੈਨੂੰ ਨਾਇਟ ਕਲੱਬ ਵਿਚ ਇਕ ਏਸ਼ੀਅਨ ਬਿਜ਼ਨਸਮੈਨ ਮਿਲਿਆ ਸੀ।ਉਸਦਾ ਬ੍ਰਮਿੰਘਮ ਵਿਚ ਕੋਈ ਨਾਇਟ ਕਲੱਬ ਹੈ। ਮੈਨੂੰ ਉਸਦੀ ਮਿਉਜ਼ਿਕ ਦੇ ਖੜ੍ਹਕੇ ਵਿਚ ਪੂਰੀ ਗੱਲ ਤਾਂ ਸਮਝ ਨਹੀਂ ਆਈ। ਸ਼ਾਇਦ ਉਹ ਮੈਨੂੰ ਆਪਣੇ ਕਲੱਬ ਵਿਚ ਡਾਂਸਰ ਰੱਖਣਾ ਚਾਹੁੰਦਾ ਹੈ।ਮੈਂ ਉਸਨੂੰ ਆਪਣਾ ਨੰਬਰ ਦੇ ਦਿੱਤਾ ਸੀ। ਉਹ ਅੱਜ ਫੋਨ ਕਰੇਗਾ। ਮੈਂ ਕੀ ਜੁਆਬ ਦੇਵਾਂ ਉਹਨੂੰ?”
ਸੱਦ ਲਵੀਂ ਗੱਲ ਕਰਕੇ ਦੇਖਾਂਗੇ। ਕਿਤੇ ਮੁਫਤ ਚ ਹੀ ਨਾ ਮਾਂਝਣ ਨੂੰ ਫਿਰਦਾ ਹੋਵੇ।ਲਿਉਨਰਡ ਬਾਹਰ ਚੱਲਾ ਗਿਆ। ਗੌਡੀਵਾ ਸੈਟੀ ਤੋਂ ਉੱਠੀ ਤੇ ਨਹਾਉਣ ਚਲੀ ਗਈ।
ਜਦੋਂ ਗੌਡੀਵਾ ਨਹਾ ਕੇ ਬਾਹਰ ਨਿਕਲੀ ਤਾਂ ਉਸਦੇ ਫੋਨ ਦੀ ਘੰਟੀ ਵੱਜ ਰਹੀ ਸੀ।ਗੌਡੀਵਾ ਨੇ ਫੋਨ ਚੁੱਕਿਆ ਤਾਂ ਇਹ ਉਸੇ ਰਾਤ ਵਾਲੇ ਏਸ਼ੀਅਨ ਦਾ ਫੋਨ ਸੀ।
ਗੌਡੀਵਾ ਨੇ ਉਸਨੂੰ ਆਪਣਾ ਪਤਾ ਲਿਖਾ ਕੇ ਘਰ ਬੁਲਾ ਲਿਆ।

ਪੌਣੇ ਘੰਟੇ ਬਾਅਦ ਜਦ ਲਿਉਨਰਡ ਨੇ ਆ ਕੇ ਘਰ ਦਾ ਦਰਵਾਜ਼ਾ ਬੰਦ ਕੀਤਾਂ ਤਾਂ ਨਾਲ ਹੀ ਕਿਸੇ ਨੇ ਦਸਤਕ ਕਰ ਦਿੱਤੀ।ਲਿਉਨਰਡ ਨੇ ਦਰਵਾਜ਼ਾ ਖੋਲ੍ਹਿਆ ਤਾਂ ਬਾਹਰ ਇਕ ਸਾਢੇ ਕੁ ਪੰਜ ਫੁੱਟ ਦਾ ਏਸ਼ੀਅਨ ਹੱਥ ਵਿਚ ਛੋਟਾ ਜਿਹਾ ਬਰੀਫ ਕੇਸ ਲਈ ਗੂਚੀ ਦਾ ਸੂਟ ਪਾਈ ਖੜ੍ਹਾ ਸੀ। ਉਸਨੂੰ ਦੂਰੋਂ ਦੇਖ ਕੇ ਗੌਡੀਵਾ ਆ ਗਈ।
ਆਉ ਆਉ ਅੰਦਰ ਆ ਜਾਉ।ਉਹ ਏਸ਼ੀਅਨ ਗੱਭਰੂ ਅੰਦਰ ਦਾਖਿਲ ਹੋ ਗਿਆ।
ਕੀ ਨਾਮ ਦੱਸਿਆ ਸੀ ਤੁਸੀਂ ਆਪਣਾ?”
ਰਾਜ।
ਹਾਂ ਰਾਜ।ਲਿਉ ਇਹ ਉਹੀ ਕਲੱਬ ਵਾਲੇ ਨੇ ਜਿਨ੍ਹਾਂ ਬਾਰੇ ਮੈਂ ਤੈਨੂੰ ਦੱਸਿਆ ਸੀ।ਗੌਡੀਵਾ ਨੇ ਰਾਜ ਦਾ ਆਪਣੇ ਪਤੀ ਲਿਉਨਰਡ ਨਾਲ ਤੁਆਰਫ ਕਰਵਾਇਆ ਸੀ।
ਉਹ ਅੱਛਾ ਅੱਛਾ। ਆਉ ਭਾਜੀ ਤਸ਼ਰੀਫ ਰੱਖੋ।ਲਿਉਨਰਡ ਨੇ ਰਾਜ ਨੂੰ ਸੈਟੀ ਉੱਤੇ ਬੈਠਾ ਦਿੱਤਾ ਤੇ ਆਪ ਇਕ ਗੱਤੇ ਦੇ ਡੱਬੇ ਉੱਤੇ ਬੈਠ ਗਿਆ ਸੀ।
ਤੁਹਾਨੂੰ ਪੀਣ ਲਈ ਕੁਝ ਲਿਆਵਾਂ?” ਗੌਡੀਵਾ ਨੇ ਸਲੀਕੇ ਨਾਲ ਗਿੱਲੇ ਵਾਲਾਂ ਦੀਆਂ ਲਟਾਂ ਨੂੰ ਮੁੱਖੜੇ ਤੋਂ ਹਟਾਉਂਦਿਆਂ ਕਿਹਾ।
ਰਾਜ ਨੇ ਬੜੀ ਹਲੀਮੀ ਨਾਲ ਜੁਆਬ ਦਿੱਤਾ, “ਜੀ ਨਹੀਂ। ਕਿਸੇ ਚੀਜ਼ ਦੀ ਜ਼ਰੂਰਤ ਨਹੀਂ।
ਚੰਗਾ ਹੋਇਆ ਤੁਸੀਂ ਨਾਂਹ ਕਰ ਦਿੱਤੀ। ਸਾਡੇ ਘਰੇ ਤਾਂ ਤੁਹਾਨੂੰ ਪਿਲਾਉਣ ਲਈ ਕੁਝ ਹੈ ਵੀ ਨਹੀਂ ਸੀ।ਲਿਉਨਰਡ  ਆਪ ਗੱਲ ਕਰਕੇ ਆਪ ਹੀ ਹੱਸਣ ਲੱਗ ਪਿਆ ਸੀ।
            ਗੌਡੀਵਾ ਨੇ ਉਸ ਨੂੰ ਅੱਖਾਂ ਨਾਲ ਘੂਰ ਕੇ ਚੁੱਪ ਕਰਵਾਇਆ ਤੇ ਆਪ ਰਾਜ ਕੋਲ ਜਾ ਕੇ ਸੈਟੀ ਦੇ ਫਟੇ ਹੋਏ ਸਥਾਨ ਨੂੰ ਕੱਜਣ ਲਈ ਉਸ ਉੱਤੇ ਬੈਠ ਗਈ।
ਰਾਜ ਨੇ ਗੌਡੀਵਾ ਦੀਆਂ ਅੱਖਾਂ ਵਿਚ ਅੱਖਾਂ ਪਾਈਆਂ, “ਤੁਸੀਂ ਡਾਂਸ ਬਹੁਤ ਸੋਹਣਾ ਕਰਦੇ ਹੋ।ਕਿਤੋਂ ਸਿੱਖਿਆ ਵੀ ਹੈ ਜਾਂ…?”
ਜੀ ਸ਼ੁਕਰੀਆ, ਸਿੱਖਿਆ ਤਾਂ ਨਹੀਂ। ਬਸ ਐਵੇਂ ਹੀ ਟੀਵੀ ਤੋਂ ਦੇਖ ਕੇ ਜਾਂ ਦੂਜੇ ਲੋਕਾਂ ਨੂੰ ਨੱਚਦੇ ਦੇਖ ਕੇ ਸਿੱਖ ਗਈ ਆਂ। ਮੈਨੂੰ ਨੱਚਣ ਦਾ ਬਚਪਨ ਤੋਂ ਹੀ ਬਹੁਤ ਸ਼ੌਂਕ ਹੈ।ਘਰੇ ਵੀ ਜਦੋਂ ਵਿਹਲੀ ਹੋਵੇ। ਨੱਚਦੀ ਰਹਿੰਦੀ ਹਾਂ।
ਤੇ ਤੁਸੀਂ ਵਿਹਲੇ ਕਦੋਂ ਹੁੰਦੇ ਹੋ?”
ਹਰ ਵੇਲੇ।ਹੱਸਦੀ ਹੋਈ ਗੌਡੀਵਾ ਨਾਲ ਰਾਜ ਵੀ ਮੁਸਕੁਰਾਇਆ ਸੀ।
ਆਹੋ ਭਾਜੀ, ਸੈਲਸਾ ਤੇ ਕੌਨਟੈਂਪਰੇਰੀ ਵਿਚ ਤਾਂ ਇਹਦਾ ਕੋਈ ਮੁਕਾਬਲਾ ਹੀ ਨਹੀਂ ਕਰ ਸਕਦਾ। ਵਿਹਲੀ ਤਾਂ ਜੀ ਇਹ ਉਦੋਂ ਹੁੰਦੀ ਐ, ਜਦੋਂ ਮੈਨੂੰ ਉਂਗਲਾਂ ਤੇ ਨਾ ਨਚਾ ਰਹੀ ਹੋਵੇ।
ਰਾਜ ਨੂੰ ਲਿਉਨਰਡ ਦੀਆਂ ਗੱਲਾਂ ਵਿਚ ਕੋਈ ਦਿਲਚਸਪੀ ਨਹੀਂ ਸੀ, ਜੋ ਉਸਦੇ ਵਿਵਹਾਰ ਤੋਂ ਸਾਫ ਝਲਕਦੀ ਸੀ।
ਗੌਡੀਵਾ ਨੇ ਅੱਖਾਂ ਨਾਲ ਲਿਉਨਰਡ ਨੂੰ ਘੂਰਿਆ, “ਚੁੱਪ ਵੀ ਕਰ ਜਾਇਆ ਕਰ ਕਦੇ।
ਮੈਂ ਆਪ ਵੀ ਟੈਂਗੋ ਬਹੁਤ ਸੋਹਣਾ ਕਰ ਲੈਨਾਂ। ਪਰ ਕੀ ਕਰੀਏ ਟੈਂਗੋ ਇਕੱਲੇ ਨਹੀਂ ਕਰ ਸਕਦੇ। ਉਹਦੇ ਲਈ ਡਾਂਸ ਪਾਰਟਨਰ ਚਾਹੀਦਾ ਹੁੰਦੈ। ਕਹਿੰਦੇ ਹੁੰਦੇ ਹਨ ਨਾ ਯੂ ਨੀਡ ਟੂਅ ਟੂ ਬੀ ਟੈਂਗੋ। ਬਹਿਰਹਾਲ, ਕੰਮ ਦੀ ਗੱਲ ਵੱਲ ਆਈਏ। ਮੇਰਾ ਸਟਰਿਪਟੀਜ਼ ਕਲੱਬ ਹੈ। ਵੈਸੇ ਤਾਂ ਮੇਰੇ ਕੋਲ 25-30 ਡਾਂਸਰਾਂ ਹਨ। ਪਰ ਤੁਹਾਡੀ ਗੱਲ ਹੋਰ ਹੈ। ਬਹੁਤ ਗਜ਼ਬ ਦਾ ਨੱਚਦੇ ਹੋ ਤੁਸੀਂ। ਰਾਤ ਅੰਗ ਅੰਗ ਥਿਰਕਦਾ ਮੈਂ ਦੇਖਿਆ ਤੁਹਾਡਾ।
ਮਾਫ ਕਰਨਾ ਮੈਂ ਗਲਤ ਸਮਝੀ ਸੀ। ਮੈਨੂੰ ਨਹੀਂ ਪਤਾ ਸੀ ਕਿ ਤੁਹਾਡਾ ਸਟਰਿਪਟੀਜ਼ ਕਲੱਬ ਹੈ। ਮੈਂ ਨਿਰਵਸਤਰ ਹੋ ਕੇ ਡਾਂਸ ਨਹੀਂ ਕਰ ਸਕਦੀ।
ਸੋਚ ਲੈ ਉੱਥੇ ਕੁੜੀਆਂ ਇਕ ਇਕ ਰਾਤ ਦਾ ਦੋ ਦੋ ਤਿੰਨ ਤਿੰਨ ਹਜ਼ਾਰ ਬਣਾਉਂਦੀਆਂ ਹਨ। ਮਹਿੰਗੇ ਮਹਿੰਗੇ ਹੋਟਲਾਂ ਵਿਚ ਰੱਖਦੇ ਹਾਂ ਅਸੀਂ ਉਹਨਾਂ ਨੂੰ। ਬਾਕੀ ਤੇਰੀ ਮਰਜ਼ੀ ਐ, ਫੁੱਲਾਂ ਦਾ ਮਾਣ ਨਾ ਕਰੀਂ, ਸਾਨੂੰ ਤੋਤਿਆਂ ਨੂੰ ਬਾਗ ਬਥੇਰੇ।
ਨਹੀਂ ਜੀ ਸੌਰੀ।
ਚਲੋ ਕੋਈ ਗੱਲ ਨਹੀਂ। ਆਹ ਮੇਰਾ ਕਾਰਡ ਰੱਖ ਲਓ। ਮਨ ਬਦਲ ਜਾਵੇ ਤਾਂ ਫੋਨ ਕਰ ਲੈਣਾ।
ਗੌਡੀਵਾ ਨੇ ਕਾਰਡ ਫੜ੍ਹ ਲਿਆ। ਕਾਰਡ ਤੇ ਲਿਖਿਆ ਸੀ, “ਰਾਜ ਮੈਨਿਜ਼ੀਂਗ ਡਰਾਇਕਟਰ। ਦੀ ਹੈਵਨ- ਜੈਂਟਲਮੈਨਸ ਕਲੱਬ।ਠੀਕ ਹੈ ਮੈਂ ਸੋਚਾਂਗੀ। ਅਗਰ ਮੈਂ ਤੁਹਾਨੂੰ ਫੋਨ ਕਰਾਂ ਤੇ ਮਿਸ ਕਾਲ ਮਾਰ ਦੇਵਾਂ ਤੁਸੀਂ ਮੈਨੂੰ ਵਾਪਿਸ ਫੋਨ ਕਰ ਲਵੋਗੇ। ਮੇਰੇ ਫੋਨ ਵਿਚ ਕਰੈਡਿਟ ਨਹੀਂ ਹੈ।
            ਗੌਡੀਵਾ ਰਾਜ ਦੇ ਸਾਹਮਣੇ ਗਰੀਬੜੀ ਜਿਹੀ ਬਣੀ ਬੈਠੀ ਸੀ।ਰਾਜ ਨੇ ਬਰੀਫ ਕੇਸ ਵਿਚੋਂ ਲੈਪਟੌਪ ਕੱਢਿਆ ਤੇ ਉਸ ਦੇ ਕੀਅਪੈੱਡ ਉੱਪਰ ਕੁਝ ਟਾਇਪ ਕੀਤਾ, “ਕੀ ਨੰਬਰ ਹੈ ਤੁਹਾਡਾ ਤੇ ਕਿਹੜਾ ਨੈੱਟਵਰਕ ਹੈ?”
ਗੌਡੀਵਾ ਨੇ ਦੱਸ ਦਿੱਤਾ। ਅਗਲੇ ਹੀ ਪਲ ਗੌਡੀਵਾ ਨੂੰ ਉਸ ਦੀ ਮੋਬਾਇਲ ਕੰਪਨੀ ਤੋਂ ਟੈਕਸਟ ਆ ਗਿਆ।ਤੁਹਾਡਾ 50 ਪੌਂਡ ਦਾ ਕਰੈਡਿਟ ਸਫਲਤਾਪੂਰਚਕ ਜਮਾ ਹੋ ਗਿਆ ਹੈ।ਗੌਡੀਵਾ ਅਚੰਭਿਤ ਹੋ ਗਈ ਸੀ, “ਇਹ ਕੀ?”
ਹਾਂ ਮੈਂ ਹੀ ਹੁਣੇ ਇੰਟਰਨੈੱਟ ਰਾਹੀਂ ਤੁਹਾਡਾ ਫੋਨ ਟੌਪਅੱਪ ਕੀਤਾ ਹੈ। ਐਸ਼ ਕਰੋ। -ਹੁਣ ਮੈਂ ਤੁਹਾਡੇ ਤੋਂ ਇਜ਼ਾਜਤ ਚਾਹੁੰਦਾ ਹਾਂ। ਸੀ ਯਾਅ!ਆਖ ਕੇ ਰਾਜ ਉਥੋਂ ਉੱਠ ਖੜਾ ਹੋਇਆ ।
ਮੈਂ ਇਹਨਾਂ ਨੂੰ ਗੱਡੀ ਤੱਕ ਛੱਡ ਕੇ ਆਉਂਦਾ ਹਾਂ।ਲਿਉਨਰਡੁ ਰਾਜ ਦੇ ਨਾਲ ਹੀ ਬਾਹਰ ਨਿਕਲ ਗਿਆ।
ਭਾਜੀ ਤੁਸੀਂ ਚਿੰਤਾ ਨਾ ਕਰੋ। ਇਹਦੀ ਮੋਟੀ ਅਕਲ ਐ। ਜਨਾਨੀ ਦੀ ਤਾਂ ਉਂਅ ਵੀ ਗਿੱਚੀ ਚ ਮਤ ਹੁੰਦੀ ਐ। ਮੈਂ ਆਪੇ ਇਹਨੂੰ ਮਨਾ ਲਊਂ। ਭਲਾ ਥੋੜ੍ਹੇ ਸਟਰਿਪੀ ਚ ਤਾਂ ਦੂਜਾ ਮਾਲ ਵੀ ਵਿਕਦਾ ਹੋਣੈ?”
ਤੈਨੂੰ ਕੀ ਚਾਹੀਦਾ?” ਰਾਜ ਨੇ ਕਹਿਰੀ ਅੱਖ ਨਾਲ ਲਿਉਨਰਡ ਵੱਲ ਦੇਖਿਆ।
ਲਿਉਨਰਡ ਨੇ ਨੱਕ ਰਾਹੀਂ ਸਾਹ ਖਿੱਚ ਕੇ ਅੰਦਰ ਨੂੰ ਸੁੜਾਕਾ ਮਾਰਿਆ, “ਚਿੱਟਾ!
ਰਾਜ ਨੇ ਕਾਰ ਦਾ ਬੂਟ ਖੋਲ੍ਹ ਕੇ ਇਕ ਬੈਗ ਵਿਚੋਂ ਛੋਟਾ ਜਿਹਾ ਚਿੱਟੇ ਰੰਗ ਦੇ ਪਾਉਡਰ ਵਾਲਾ ਪੈਕਟ ਕੱਢ ਕੇ ਲਿਉਨਰਡ ਨੂੰ ਦੇ ਦਿੱਤਾ, “ਬੁੱਲ੍ਹੇ ਲੁੱਟ। ਇਹ ਤੈਨੂੰ ਗਿਫਟ। ਆਪਣੀ ਤੀਵੀਂ ਨੂੰ ਮਨਾ ਲਵੀਂ ਐਸ਼ ਕਰੇਂਗਾ।
ਥੈਂਕਿਉ ਭਾਜੀ, ਇਹ ਤਾਂ ਘੱਟੋ ਘੱਟ ਹਜ਼ਾਰ ਪੌਂਡ ਦਾ ਮਾਲ ਹੋਊ। ਇਹਦੇ ਨਾਲ ਤਾਂ ਮੈਂ ਸਾਰੇ ਮਹੱਲੇ ਵਿਚ ਲਾਇਨਾਂ ਲਾ ਲਊ। ਬਸ ਸਮਝੋ ਈਵਾ ਤੁਹਾਡੇ ਕਲੱਬ ਦੀ ਪੱਕੀ ਡਾਂਸਰ ਐ। ਮੇਰੇ ਤੇ ਇੰਝ ਈ ਕ੍ਰਿਪਾ ਕਰੀ ਰੱਖਣਾ।
ਡੌਂਟ ਵਰੀ।ਰਾਜ ਆਪਣੀ ਪ੍ਰਾਇਵੇਟ ਨੰਬਰ ਵਾਲੀ ਲੈਕਸਿਸ ਕਾਰ ਵਿਚ ਬੈਠ ਕੇ ਚਲਾ ਗਿਆ।
ਲਿਉਨਰਡ  ਦਾ ਧਰਤੀ ਤੇ ਪੱਬ ਨਹੀਂ ਸੀ ਲੱਗਦਾ। ਦਰ ਵੜ੍ਹਦਿਆਂ ਹੀ ਲਿਉਨਰਡ ਨੇ ਪੈਕਟ ਵਿਚੋਂ ਚੁੱਟਕੀ ਪਾਉਡਰ ਦੀ ਮੇਜ਼ ਉੱਤੇ ਰੱਖੀ ਤੇ ਕਾਰਡ ਨਾਲ ਕੁੱਟ ਕੁੱਟ ਕੇ ਉਸਦੀਆਂ ਡਲੀਆਂ ਨੂੰ ਭੋਰਨ ਲੱਗ ਪਿਆ।ਜਦੋਂ ਪਾਉਡਰ ਦਾ ਕਿਣਕਾ ਕਿਣਕਾ ਹੋ ਗਿਆ ਤਾਂ ਉਸਨੂੰ ਦੋ ਬਰਾਬਰ ਭਾਗਾਂ ਵਿਚ ਵੰਡ ਕੇ ਲਿਉਨਰਡ ਨੇ ਖੇਤ ਦੀਆਂ ਵੱਟਾਂ ਪਾਉਣ ਵਾਂਗ ਦੋ ਲੰਮੀਆਂ ਲੰਮੀਆਂ ਲਾਇਨਾਂ ਬਣਾ ਲਈਆਂ।ਜੇਬ ਵਿਚੋਂ ਦੱਸਾਂ ਦਾ ਨੋਟ ਕੱਢ ਕੇ ਉਸਨੂੰ ਵੱਟਿਆ ਤੇ ਬੱਤੀ ਬਣਾ ਕੇ ਇਕ ਲੰਮਾ ਸਾਹ ਲੈ ਕੇ ਛੱਡਿਆ।ਫਿਰ ਨੋਟ ਦੀ ਵੱਟੀ ਹੋਈ ਭੂਕਣੀ ਨੱਕ ਦੇ ਇਕ ਸੂਰਾਖ ਨਾਲ ਲਾਈ ਤੇ ਕੋਕੇਨ ਦੀ ਲਾਇਨ ਦੇ ਇਕ ਸਿਰੇ ਤੋਂ ਸ਼ੁਰੂ ਹੋ ਕੇ ਨੱਕ ਰਾਹੀਂ ਅੰਦਰ ਸਾਹ ਖਿਚਦਾ ਹੋਇਆ ਅਖੀਰ ਤੱਕ ਪਹੁੰਚ ਗਿਆ। ਸਾਰਾ ਪਾਉਡਰ ਲਿਉਨਰਡ ਦੇ ਨੱਕ ਰਾਹੀਂ ਅੰਦਰ ਚਲਿਆ ਗਿਆ। ਫਿਰ ਉਹਨੇ ਇਸੇ ਪ੍ਰਕਾਰ ਨੋਟ ਦੀ ਨਲਕੀ ਦੂਜੇ ਨੱਕ ਦੇ ਸੁਰਾਖ ਨਾਲ ਲਾਈ ਤੇ ਦੂਜੀ ਲਾਇਨ ਵੀ ਸੈਕਿੰਟਾਂ ਵਿਚ ਉਸ ਦੇ ਅੰਦਰ ਚਲੀ ਗਈ। ਗੌਡੀਵਾ ਭਾਵੇਂ ਇਹ ਕੁਝ ਪਹਿਲੀ ਵਾਰ ਨਹੀਂ ਸੀ ਦੇਖ ਰਹੀ ਪਰ ਫੇਰ ਵੀ ਉਸ ਨੂੰ ਹੈਰਤ ਹੋ ਰਹੀ ਸੀ।ਲਿਉਨਰਡ ਕੋਲ ਕੋਕੇਨ ਦੀ ਐਨੀ ਜ਼ਿਆਦਾ ਮਿਕਦਾਰ ਦੇਖ ਕੇ।
ਕਿੰਨੇ ਪੌਂਡ ਬਰਬਾਦ ਕੀਤੇ ਨੇ ਇਹਦੇ ਤੇ?”
 ਰਾਜ ਭਾਜੀ, ਫਰੀ ਦੇ ਕੇ ਗਿਐ। ਮੈਨੂੰ ਤਾਂ ਸਾਲਾ ਪਾਗਲ ਜਿਹਾ ਲੱਗਦੈ। ਮੈਂ ਤਾਂ ਕਹਿਨਾਂ ਇਹਨੂੰ ਜਿਨ੍ਹਾਂ ਲੁੱਟ ਸਕਦੇ ਹਾਂ ਲੁੱਟ ਲਈਏ।ਇਹ ਏਸ਼ੀਅਨ ਆਪਣੀਆਂ ਕੰਟਰੀਆਂ ਚੋਂ ਬਥੇਰਾ ਕਾਲਾ ਧਨ ਇਧਰ ਨੂੰ ਕੱਢਦੇ ਆ।ਇਹਨਾਂ ਦੀਆਂ ਜੁੱਤੀਆਂ ਆਪਾਂ ਇਹਨਾਂ ਦੇ ਸਿਰ ਹੀ  ਮਾਰੀਏ।
ਪਰ ਮੈਥੋਂ ਨ੍ਹੀਂ ਲੀੜੇ ਲਾਹ ਕੇ ਨ੍ਹੀਂ ਨੱਚ ਹੋਣਾ।
ਨਾ ਤੇਰੀ ਕੀ ਮਹਿੰਦੀ ਲਹਿੰਦੀ ਐ।ਕੁਸ਼ ਨ੍ਹੀਂ ਹੁੰਦਾ। ਨੱਚਦੀ ਤਾਂ ਤੂੰ ਆਮ ਹੀ ਹੈਂ ਇਹ ਸਮਝ ਲਵੀਂ ਤੈਨੂੰ ਨੰਗੀ ਨੂੰ ਕੋਈ ਨਹੀਂ ਦੇਖ ਰਿਹਾ। ਇਕ ਦੋ ਦਿਨ ਸੰਗ ਜਿਹੀ ਲੱਗੂ। ਫੇਰ ਆਪੇ ਝਾਕਾ ਖੁੱਲ੍ਹ ਜਾਊ।ਪਹਿਲਾਂ ਲਾਇਨ ਲਾ ਇਕ ਦੇਖੀਂ ਵਰੋਲੇ ਆਂਗੂੰ ਘੁੰਮਦੀ ਫਿਰੇਂਗੀ।
ਨਾ ਬਈ, ਮੈਨੂੰ ਤਾਂ ਤੂੰ ਦੂਰ ਹੀ ਰੱਖ ਅਜਿਹੇ ਨਸ਼ਿਆਂ ਤੋਂ।ਗੌਡੀਵਾਂ ਨੇ ਆਪਣੇ ਸਿੱਲੇ ਵਾਲਾਂ ਨੂੰ ਮਰੋੜ ਕੇ ਉਨ੍ਹਾਂ ਵਿਚੋਂ ਪਾਣੀ ਨਿਚੋੜਿਆ।
ਲਿਉਨਰਡ ਨੇ ਗੌਡੀਵਾ ਵੱਲ ਧਿਆਨ ਨਾਲ ਦੇਖਿਆ, “ਜਦੋਂ ਦੀ ਤੂੰ ਏਸਕੌਰਟਿੰਗ ਏਜੰਸੀ ਵਿਚ ਲੱਗੀ ਏਂ। ਦਿਨੋਂ ਦਿਨ ਬੰਬ ਬਣਦੀ ਜਾ ਰਹੀ ਹੈਂ। ਕੀ ਖਾਨੀ ਏਂ ਨਿੱਤ ਨਿਖਰਦੀ ਜਾਨੀ ਏਂ?”
ਹੱਟ ਸੁਨੱਖੀ ਤਾਂ ਮੈਂ ਪਹਿਲਾਂ ਹੀ ਬਥੇਰੀ ਸੀ। ਤੂੰ ਹੀ ਨ੍ਹੀਂ ਕਦੇ ਚੱਜ ਨਾਲ ਦੇਖਿਆ।
ਲਿਆ ਫੇਰ ਅੱਜ ਦੇਖੀਏ।ਲਿਉਨਰਡ ਨੇ ਗੌਡੀਵਾ ਕੋਲ ਜਾ ਕੇ ਉਸਦੇ ਬੁੱਲ੍ਹਾਂ ਨੂੰ ਚੁੰਮਣਾ ਸ਼ੁਰੂ ਕਰ ਦਿੱਤਾ। ਇਕ ਸੰਖੇਪ ਜਿਹਾ ਚੁੰਮਣ ਦੇ ਕੇ ਗੌਡੀਵਾ ਨੇ ਆਪਣੇ ਲਬ੍ਹ ਚੁੱਕ ਲਏ, “ਬਸ ਬਹੁਤ ਹੋ ਗਿਆ। ਤੇਰੇ ਕੋਲੋਂ ਮਰਵਾਨਾ ਦਾ ਬਹੁਤ ਮੁਸ਼ਕ ਆ ਰਿਹਾ ਹੈ।
ਹਾਂ ਹੁਣ ਤੈਨੂੰ ਮੇਰੇ ਕੋਲੋਂ ਮੁਸਕ ਆਉਣ ਲੱਗ ਪਿਆ। ਉਸ ਪਾਕੀ ਰਾਜ ਦੇ ਤਾਂ ਪੱਟਾਂ ਨਾਲ ਪੱਟ ਜੋੜ ਜੋੜ ਬੈਠਦੀ ਸੀ।
ਬਕਵਾਸ ਨਾ ਕਰ।ਗੌਡੀਵਾ ਨੇ ਲਿਉਨਰਡ ਨੂੰ ਦਬਕਾਇਆ।
ਲਿਉਨਰਡ ਨੂੰ ਗੁੱਸਾ ਚੜ੍ਹ ਗਿਆ ਤੇ ਉਸ ਨੇ ਗੌਡੀਵਾ ਦੇ ਜਬਾੜਿਆਂ ਤੇ ਇਕ ਘਸੁੰਨ ਜੜ੍ਹ ਦਿੱਤਾ। ਗੌਡੀਵਾ ਸੈਟੀ ਉੱਤੇ ਡਿੱਗ ਪਈ।ਲਿਉਨਰਡ ਨੇ ਹਰਖ ਵਿਚ ਥੱਪੜ ਲੱਤਾਂ ਅਤੇ ਮੁੱਕਿਆਂ ਦੀ ਬਰਸਾਤ ਕਰ ਦਿੱਤੀ। ਗੌਡੀਵਾ ਦੇ ਬੁੱਲ੍ਹਾਂ ਵਿਚੋਂ ਖੂਨ ਨਿਕਲਣ ਲੱਗ ਪਿਆ, “ਮੈਂ ਪੁਲਿਸ ਨੂੰ ਫੋਨ ਕਰਦੀ ਆਂ।
ਪੁਲਿਸ ਦਾ ਨਾਮ ਸੁਣ ਕੇ ਲਿਉਨਰਡ ਨੇ ਮੇਜ਼ ਤੋਂ ਕੋਕੇਨ ਵਾਲਾ ਪੈਕਟ ਚੁੱਕਿਆ ਤੇ ਬਾਹਰ ਭੱਜ ਗਿਆ।ਗੌਡੀਵਾ ਰੋਂਦੀ ਹੋਈ ਉੱਠੀ ਅਤੇ ਉਸਨੇ ਆਪਣੇ ਚਿਹਰੇ ਉੱਤੇ ਪਏ ਨੀਲ ਅਤੇ ਬੁੱਲ੍ਹਾਂ ਵਿਚੋਂ ਨਿਕਲਦੇ ਖੁੂਨ ਨੂੰ ਦੇਖਿਆ। ਕੋਲ ਡਿੱਗੇ ਪਏ ਕਿਸੇ ਪੁਰਾਣੇ ਕਰੌਨੀਕਲ ਅਖਬਾਰ (ਮੁਫਤ ਘਰਾਂ ਵਿਚ ਸਿੱਟੇ ਜਾਂਦੇ) ਦਾ ਕਾਗਜ਼ ਫਾੜ੍ਹ ਕੇ ਆਪਣੇ ਵਹਿੰਦੇ ਖੂਨ ਨੂੰ ਰੋਕਣਾ ਚਾਹਿਆ। ਗੌਡੀਵਾ ਦੇ ਹੋਠਾਂ ਦਾ ਖੂਨ ਸੋਖ ਸੋਖ ਕੇ ਕਾਗਜ਼ ਲਹੂ ਨਾਲ ਲੱਥ ਪੱਥ ਹੁੰਦੇ ਗਏ। ਜਦੋਂ ਖੂਨ ਕਾਫੀ ਹੱਦ ਤੱਕ ਥਮ ਗਿਆ ਤਾਂ ਗੌਡੀਵਾ ਨੇ ਪਾਣੀ ਦੇ ਛਿੱਟੇ ਮਾਰ ਕੇ ਆਪਣਾ ਹੰਝੂਆਂ ਨਾਲ ਲਿਬੜਿਆ ਮੂੰਹ ਧੋਤਾ।
ਬੈਠਕ ਵਿਚ ਆ ਕੇ ਗੌਡੀਵਾ ਆਪਣੀ ਜ਼ਿੰਦਗੀ ਦੇ ਵਧ ਰਹੇ ਮਸਲਿਆਂ ਬਾਰੇ ਸੋਚਣ ਲੱਗ ਪਈ। ਉਸਨੂੰ ਆਪਣੀਆਂ ਮੁਸ਼ਕਿਲਾਂ ਦਾ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਸੀ ਆ ਰਿਹਾ। ਗੌਡੀਵਾ ਆਪਣੀ ਹਿਯਾਤੀ ਤੋਂ ਇਸ ਕਦਰ ਤੰਗ ਆ ਗਈ ਕਿ ਉਸਨੂੰ ਲੱਗਿਆ ਕਿ ਉਹ ਮਰ ਜਾਵੇ, ਤਦ ਹੀ ਦੁੱਖਾਂ ਤੋਂ ਛੁਟਕਾਰਾ ਮਿਲ ਸਕੇਗਾ।
ਹਾਂ ਆਤਮਹੱਤਿਆ ਬਿਨਾ ਹੋਰ ਕੋਈ ਰਸਤਾ ਨਹੀਂ ਹੈ। ਮਰਨ ਦਾ ਨਿਸਚਾ ਕਰਕੇ ਗੌਡੀਵਾ ਉੱਠੀ ਤੇ  ਉਸਨੇ ਰਸੋਈ ਵਿਚ ਜਾ ਕੇ ਸਿਰ ਦਰਦ ਦੀਆਂ ਗੋਲੀਆਂ ਦੀ ਸ਼ੀਸ਼ੀ ਚੁੱਕ ਲਈ। ਸਾਰੀ ਸ਼ੀਸ਼ੀ ਖਾਲੀ ਸੀ।ਗੌਡੀਵਾ ਨੇ ਖਿੱਝ ਕੇ ਸ਼ੀਸ਼ੀ ਫਰਸ਼ ਉੱਤੇ ਸਿੱਟ ਦਿੱਤੀ, “ਮੇਰੀ ਕਿਸਮਤ ਵਿਚ ਤਾਂ ਮੌਤ ਵੀ ਨਹੀਂ ਹੈ।
ਅੱਥਰੂ ਵਹਾਉਂਦੀ ਹੋਈ ਉਹ ਬੈਠਕ ਵਿਚ ਆ ਕੇ ਸੈਟੀ ਤੇ ਬੈਠ ਗਈ। ਅਚਾਨਕ ਉਸਦੀ ਨਿਗਾਹ ਸਾਹਮਣੇ ਪਏ ਰਾਜ ਦੇ ਕਾਰਡ ਉੱਤੇ ਪੈ ਗਈ। ਉਸਨੇ ਬਿਨਾ ਕੁਝ ਸੋਚਿਆਂ ਰਾਜ ਨੂੰ ਫੋਨ ਲਾ ਲਿਆ।
ਰਾਜ ਜੀ, ਮੈਂ ਤੁਹਾਡੇ ਲਈ ਕੰਮ ਕਰਨ ਲਈ ਤਿਆਰ ਹਾਂ। ਤੁਸੀਂ ਬੇਸ਼ੱਕ ਮੈਨੂੰ ਅੱਜ ਹੀ ਆ ਕੇ ਲੈ ਜਾਉ। ਮੈਂ ਹੁਣ ਇਥੇ ਰਹਿਣਾ ਨਹੀਂ ਚਾਹੁੰਦੀ। ਤੁਸੀਂ ਮੇਰਾ ਬ੍ਰਮਿੰਘਮ ਵਿਚ ਰਹਿਣ ਦਾ ਹੀ ਕੋਈ ਪ੍ਰਬੰਧ ਕਰ ਦੇਣਾ।
ਠੀਕ ਹੈ, ਮੈਂ ਕੌਵਨਟਰੀ ਵਿਚ ਹੀ ਹਾਂ। ਤੁਸੀਂ ਤਿਆਰ ਰਹੋ ਮੈਂ ਦੋ ਘੰਟੇ ਵਿਚ ਆ ਕੇ ਤੁਹਾਨੂੰ ਚੁੱਕਦਾ ਹਾਂ।
ਰਾਜ ਦੀ ਰਸ ਭਿੰਨੀ ਅਵਾਜ਼ ਸੁਣ ਕੇ ਗੌਡੀਵਾ ਨੂੰ ਚਾਅ ਚੜ੍ਹ ਗਿਆ। ਉਹ ਆਪਣੇ ਦੁੱਖ ਅਤੇ ਪੀੜਾਂ ਭੁੱਲ ਗਈ ਤੇ ਵਾਲ ਵਾਹ ਕੇ ਤਿਆਰ ਹੋਣ ਲੱਗ ਪਈ। ਡੇਢ ਘੰਟੇ ਬਾਅਦ ਰਾਜ ਆਇਆ ਤਾਂ ਗੌਡੀਵਾ ਦੀ ਹਾਲਤ ਦੇਖ ਕੇ ਹੈਰਾਨ ਹੋ ਗਿਆ। ਗੌਡੀਵਾ ਨੇ ਭਾਵੇਂ ਮੇਅਕਪ ਅਤੇ ਫਾਊਂਡੇਸ਼ਨ ਵਿਚ ਆਪਣੇ ਜ਼ਖਮ ਲੁਕਾਉਣੇ ਚਾਹੇ ਸਨ। ਪਰ ਫਿਰ ਵੀ ਸੱਟਾਂ ਉੱਤੇ ਆਈ ਸੋਜ ਪ੍ਰਤੱਖ ਨਜ਼ਰ ਆ ਰਹੀ ਸੀ।
ਕੁਝ ਦੇਰ ਪਹਿਲਾਂ ਤਾਂ ਮੈਂ ਤੁਹਾਨੂੰ ਚੰਗੇ ਭਲੇ ਛੱਡ ਕੇ ਗਿਆ ਸੀ। ਤੁਹਾਨੂੰ ਇਹ ਕੀ ਹੋਇਐ?”
ਰਾਜ ਜੀ ਕੁਝ ਨਾ ਪੁੱਛੋ।ਇਹ ਇਕ ਲੰਮੀ ਕਹਾਣੀ ਹੈ।ਬਿਨਾ ਦੱਸਿਆਂ ਗੌਡੀਵਾ ਦਾ ਦਰਦ ਰਾਜ ਸਾਹਮਣੇ ਉੱਘੜ ਆਇਆ।
ਚਲੋਂ ਤੁਹਾਨੂੰ ਡਾਕਟਰੀ ਮਦਦ ਦੀ ਲੋੜ੍ਹ ਹੈ, ਮੈਂ ਤੁਹਾਨੂੰ ਫੌਰਨ ਹਸਪਤਾਲ ਲੈ ਕੇ ਚਲਦਾ ਹਾਂ। ਪਰ ਇਹ ਸਭ ਕੀਤਾ ਕਿਸ ਨੇ?”
ਤੁਹਾਡੇ ਜਾਣ ਬਾਅਦ ਮੇਰਾ, ਮੇਰੇ ਪਤੀ ਲਿਉ ਨਾਲ ਝਗੜਾ ਹੋ ਗਿਆ। ਮੈਂ ਹਸਪਤਾਲ ਨਹੀਂ ਜਾਣਾ ਚਾਹੁੰਦੀ ਗੱਲ ਵੱਧ ਜਾਵੇਗੀ। ਉਸ ਪੁਲਸ ਨੂੰ ਸੂਚਿਤ ਕਰ ਦੇਣਗੇ।
ਜਿਵੇਂ ਤੁਹਾਡੀ ਇੱਛਾ ਮੇਰੇ ਕੋਲ ਗੱਡੀ ਵਿਚ ਫਰਸਟ ਏਡ ਕਿੱਟ ਹੈ। ਲਿਆਉ ਮੈਂ ਤੁਹਾਡਾ ਮੁਢਲਾ ਉਪਚਾਰ ਕਰ ਦੇਵਾਂ ਤਾਂ ਕੇ ਸੋਜ਼ ਵਧਣ ਦੀ ਬਜਾਏ ਘਟ ਜਾਵੇ।
ਰਾਜ ਨੇ  ਗੌਡੀਵਾ ਦੇ ਜ਼ਖਮਾਂ ਉੱਤੇ ਕੋਈ ਕ੍ਰੀਮ ਲਗਾ ਕੇ ਇਕ ਗੋਲੀ ਅਤੇ ਇਕ ਕੈਪਸੂਲ ਗੌਡੀਵਾ ਨੂੰ ਖੁਆ ਦਿੱਤਾ।
ਗੌਡੀਵਾ ਰਾਜ ਨਾਲ ਗੱਡੀ ਵਿਚ ਬੈਠ ਕੇ ਕਵੈਂਟਰੀ ਤੋਂ ਬ੍ਰਮਿੰਘਮ ਆ ਗਈ।ਰਾਜ ਨੇ ਉਸਨੂੰ ਆਰਜ਼ੀ ਤੌਰ ਉੱਤੇ ਹੋਟਲ ਵਿਚ ਠਹਿਰਾ ਦਿੱਤਾ। ਦੋ ਤਿੰਨ ਦਿਨ ਅਰਾਮ ਕਰਨ ਬਾਅਦ ਗੌਡੀਵਾ ਨੌ-ਬਰ-ਨੌ ਹੋ ਗਈ। ਉਸਦੇ ਜ਼ਖਮ ਵੀ ਗਾਇਬ ਹੋ ਗਏ। ਇਸ ਅਰਸੇ ਦੌਰਾਨ ਰਾਜ ਭਾਵੇਂ ਨਿੱਜੀ ਤੌਰ ਉੱਤੇ ਤਾਂ ਉਸਨੂੰ ਨਹੀਂ ਸੀ ਮਿਲਿਆ। ਲੇਕਿਨ ਫੋਨ ਉੱਤੇ ਉਸਦੀ ਰਾਜ ਨਾਲ ਦਿਨ ਵਿਚ ਕਈ ਕਈ ਮਰਤਬਾ ਗੱਲ ਜ਼ਰੂਰ ਹੁੰਦੀ ਰਹਿੰਦੀ।ਉਹ ਰਾਜ ਦੀ ਮਿੱਠੀ ਬੋਲੀ, ਦਰਿਆਦਿਲੀ ਅਤੇ ਵੜੱਪਨ ਦੀ ਕਾਇਲ ਹੁੰਦੀ ਚਲੀ ਗਈ। ਰਾਜ ਦਾ ਕਲੱਬ ਕੇਵਲ ਸਪਤਾਹ ਅੰਤ ਉੱਤੇ ਹੀ ਖੁੱਲ੍ਹਦਾ ਸੀ ਤੇ ਬਾਕੀ ਦਿਨ ਬੰਦ ਰਹਿੰਦਾ ਸੀ। ਵੀਰਵਾਰ ਨੂੰ ਲੋਕਾਂ ਨੂੰ ਤਨਖਾਹਾਂ ਮਿਲਦੀਆਂ ਤੇ ਉਹ ਜ਼ਸ਼ਨ ਮਨਾਉਣ ਕਲੱਬਾਂ ਨੂੰ ਆਉਂਦੇ। ਸ਼ੁਕਰਵਾਰ ਕੰਮ ਉੱਤੇ ਹਫਤੇ ਦਾ ਆਖਰੀ ਦਿਨ ਹੋਣ ਕਰਕੇ ਰੌਣਕਾਂ ਲੱਗਦੀਆਂ। ਸ਼ਨੀਚਰਵਾਰ ਤੇ ਐਤਵਾਰ ਤਾਂ ਇੰਗਲੈਂਡ ਵਿਚ ਹੁੰਦੇ ਹੀ ਮਸਤੀ ਦੇ ਦਿਨ ਹਨ।
ਸੋਮਵਾਰ ਦੀ ਸ਼ਾਮ ਨੂੰ ਕਲੱਬ ਭਾਵੇਂ ਬੰਦ ਰਹਿਣਾ ਸੀ, ਪਰ ਉਸ ਦਿਨ ਰਾਜ ਨੇ ਕੁਝ ਨਵੀਆਂ ਕੁੜੀਆਂ ਦੀਆਂ ਔਡੀਸ਼ਨਾਂ ਲੈਣੀਆਂ ਸਨ। ਉਸ ਨੇ ਗੌਡੀਵਾ ਨੂੰ ਵੀ ਸੱਦ ਲਿਆ।
ਗੌਡੀਵਾ ਨਿਯਤ ਸਮੇਂ ਉੱਤੇ ਰਾਜ ਕੋਲ ਜਾ ਕੇ ਬੈਠ ਗਈ।ਰਾਜ ਦੇ ਨਾਲ ਵਾਲੀ ਕੁਰਸੀ ਉੱਤੇ ਉਸਦੇ ਕਲੱਬ ਦੀ ਮੈਨੇਜਰ ਅੰਗਰੇਜ਼ ਕੁੜੀ ਜੂਲੀ ਵੀ ਬੈਠੀ ਸੀ। ਸਾਹਮਣੇ ਛੋਟੀ ਜਿਹੀ ਸਟੇਜ ਸੀ, ਜਿਸਦੇ ਵਿਚਾਲੇ ਸਟੀਲ ਦਾ ਇਕ ਖੰਭਾ ਲੱਗਿਆ ਸੀ। ਪੌਲਿਸ਼ ਤੇ ਰਸ਼ੀਅਨ ਕੁੜੀਆਂ ਵਾਰੀ-ਵਾਰੀ ਆਉਂਦੀਆਂ ਤੇ ਖੰਭੇ ਨਾਲ ਘੈਸਰ ਕੇ ਕਾਮ ਉਕਸਾਊ ਨ੍ਰਿਤ ਕਰਦੀਆਂ ਹੋਈਆਂ ਰਫਤਾ-ਰਫਤਾ ਕੱਪੜੇ ਉਤਾਰਦੀਆਂ ਜਾਂਦੀਆਂ।ਗੌਡੀਵਾ ਗੌਹ ਨਾਲ ਉਹਨਾਂ ਦੀਆਂ ਮੁਦਰਾਵਾਂ ਅਤੇ ਐਕਸਨ ਦੇਖ ਕੇ ਯਾਦ ਕਰਦੀ ਜਾਂਦੀ। ਰਾਜ ਜੂਲੀ ਨਾਲ ਮਸ਼ਵਰਾ ਕਰਕੇ ਹਰ ਕੁੜੀ ਬਾਰੇ ਕੁਝ ਨਾ ਕੁਝ ਆਪਣੀ ਫਾਇਲ ਵਿਚ ਲਿਖੀ ਜਾਂਦਾ।
            ਇਕ ਅਣਜਾਣ ਜਿਹੀ ਯੂਰਪੀਅਨ ਕੁੜੀ ਨੇ ਨ੍ਰਿਤ ਪੇਸ਼ ਕਰਨਾ ਸ਼ੁਰੂ ਕੀਤਾ ਤਾਂ ਰਾਜ ਨੇ ਵਿਚੋਂ ਹੀ ਰੋਕ ਦਿੱਤਾ। ਜੂਲੀ ਨੇ ਰਾਜ ਨੂੰ ਦੱਸਿਆ ਕਿ ਉਹ ਲੜਕੀ ਰੂਮਾਨੀਆ ਦੀ ਹੈ।
ਰਾਜ ਉਸ ਲੜਕੀ ਨੂੰ ਉਸਦੀ ਭਾਸ਼ਾ ਵਿਚ ਮੁਖਾਤਿਬ ਹੋਇਆ, “ਵੋਰਵੈਸਕ ਏਜ਼ਲਿਕਾ?” (ਅੰਗਰੇਜ਼ੀ ਬੋਲਦੀ ਹੈਂ?)
ਨੂਅ।” (ਨਹੀਂ)
ਰੋਮਾਨਿਸਟੇ?” (ਰੋਮਾਨੀਅਨ?)
ਡਾਅ।” (ਹਾਂ।)
ਸੈਲਿਉਟੀ ਬੂਨਾ” (ਹੈਲੋ)
ਸੈਲਿਉਟੀ।
ਕੰਮ ਵਾ ਨੂਮਟੀ?” (ਤੇਰਾ ਨਾਮ ਕੀ ਹੈ?)
ਮਾ ਨਿਉਮਸਕ ਬਿਅੰਕਾ?” (ਮੇਰਾ ਨਾਮ ਬਿਅੰਕਾ ਹੈ।)
ਸੀਅ ਮਾਈ ਫਾਸਟੀ?” (ਤੇਰਾ ਕੀ ਹਾਲ ਹੈ?)
ਮੁਲਤੁਮੀਸਾਕ, ਵਾਈਨ।” (ਠੀਕ ਠਾਕ ਸ਼ੁਕਰੀਆ)
ਡੀ ਉਨਡੇ ਸਿਨਟਟੀ?” (ਤੂੰ ਕਿਥੋਂ ਆਈ ਹੈਂ?)
ਸਿੰਟ ਡਿਨ ਯੂਰਪਾ। ਸਿੰਟ ਕੂ ਪਰੲਨਟਨੁਲ ਮੀਉ। ਸਿੰਟ ਇਖੀ ਇਨ ਵੈਕਾਨਤਾ।” (ਮੈਂ ਯੂਰਪ ਤੋਂ ਆਈ ਹਾਂ।ਮੈਂ ਆਪਣੇ ਮਰਦ ਮਿੱਤਰ ਨਾਲ ਇਥੇ ਛੁਟੀਆਂ ਬਿਤਾਉਣ ਆਈ ਹਾਂ।)
ਲਾ ਰਿਵਡਾਰੇ। ਪੀਅ ਕੁਰਿੰਡ।” (ਰੱਬ ਰਾਖਾ। ਫੇਰ ਮਿਲਾਂਦੇ ਹਾਂ।)
ਜਦੋਂ ਔਡੀਸ਼ਨ ਖਤਮ ਹੋ ਗਈ ਤਾਂ ਰਾਜ ਨੇ ਗੌਡੀਵਾ ਨੂੰ ਬਾਰ ਉੱਤੇ ਲਿਜਾ ਕੇ ਮਨ ਪਸੰਦ ਸ਼ਰਾਬ ਲੈ ਲਈ ਕਿਹਾ। ਗੌਡੀਵਾ ਨੇ ਸਨੇਕਬਾਇਟ ਦਾ ਪਾਇੰਟ ਲੈ ਲਿਆ।ਰਾਜ ਨੂੰ ਬਾਰ ਤੇ ਖੜ੍ਹੇ ਨੂੰ ਪਿਛਿਉਂ ਦੀ ਇਕ ਸੋਹਣੀ ਸੁਨੱਖੀ ਅਰਧ ਨਗਨ ਪੌਲਿਸ਼ ਕੁੜੀ ਨੇ ਆ ਕੇ ਜੱਫੀ ਪਾਈ ਤੇ ਉਸਦੀ ਗੱਲ੍ਹ ਚੁੰਮ ਲਿੱਤੀ, “ਹੇ ਰਾਜੂ।
ਰਾਜ ਉਸ ਨਾਲ ਪੌਲਿਸ਼ ਬੋਲਣ ਲੱਗ ਪਿਆ, “ਜਕਸੀਮਾਰਸ਼, ਐਡੀਟਾ” (ਅਦਿਤਾ ਤੇਰਾ ਕੀ ਹਾਲ ਹੈ)
ਡੌਬਰ ਯੋਏ, ਡੱਬ ਯਾਅਡੱਬ ਯਾ।” (ਠੀਕ ਆਬਹੁਤ ਵਧੀਆਚੜਦੀ ਕਲਾ)
ਬੈਲਜ਼ੀਅਮ ਰਹੀ ਹੋਣ ਕਰਕੇ ਉਹ ਕੁੜੀ ਫਲਾਮਿਸ਼ ਵੀ ਬੋਲਦੀ ਸੀ। ਰਾਜ ਫਲਾਮਿਸ਼ ਵਿਚ ਉਸਨੂੰ ਪੁੱਛਣ ਲੱਗ ਪਿਆ, “ਹਾਓ ਕਾਨ ਆਈ ਹੈਲਪਨ, ਬੀਅਰਚੇ?” (ਤੇਰੀ ਕਿਵੇਂ ਮਦਦ ਕਰਾਂ, ਬੀਅਰ ਪਿਵੇਂਗੀ?)
ਡੰਕਯੂ। ਜੇ ਡੀ ਐਨ ਕੋਕ, ਅਸਲਵਲੀਵ।” (ਸ਼ੁਕਰੀਆ, ਕ੍ਰਿਪਾ ਕਰਕੇ ਜੈਕਡੈਨੀਅਲ ਵਿਸਕੀ ਵਿਚ ਕੋਕ ਪਾ ਕੇ ਦੇ ਦਿਉ।)
ਸੈਮ ਡਬਲ ਜੇ ਡੀ ਐਂਡ ਕੋਕ ਔਨ ਦਾ ਰੌਕਸ ਫਾਰ ਦੀ ਲੇਡੀ।ਰਾਜ ਦੀ ਬਾਰ ਤੇ ਕੰਮ ਕਰਦੀ ਕੁੜੀ ਸੈਮ ਨੇ ਬਰਫ ਪਾ ਕੇ ਜੈਕ ਡੈਨੀਅਲ ਵਿਸਕੀ ਉਸ ਕੁੜੀ ਨੂੰ ਦੇ ਦਿੱਤੀ ਸੀ।
ਬਨਿਜ਼ੋਰ ਰਾਜ।
ਬੋਨਜ਼ੋਰਅਰ।ਰਾਜ ਨੇ ਇਕ ਫਰੈਂਚ ਕੁੜੀ ਨੂੰ ਚੁੰਮਿਆ ਸੀ।
ਤੂੰ ਐਨੀਆਂ ਜ਼ੁਬਾਨਾਂ ਕਿਵੇਂ ਬੋਲ ਲੈਂਦਾ ਹੈਂ?” ਗੌਡੀਵਾ ਨੇ ਰਾਜ ਨੂੰ ਚਕ੍ਰਿਤ ਹੋ ਕੇ ਪੁੱਛਿਆ।
ਬਿਜ਼ਨਿਸ ਕਰਨ ਲਈ ਬਹੁਤ ਕੁਝ ਸਿੱਖਣਾ ਪੈਂਦਾ ਹੈ। ਤੈਨੂੰ ਵੀ ਕੁਝ ਸਿਖਾਉਂਦੇ ਹਾਂ।ਰਾਜ ਮੁਸਕੁਰਾਇਆ।
ਰਾਜ ਨੇ ਆਪਣੀ ਮੈਨੇਜੇਰ ਜੂਲੀ ਨੂੰ ਬੁਲਾਕੇ ਸਮਝਾ ਦਿੱਤਾ ਕਿ ਉਹ ਗੌਡੀਵਾ ਨੂੰ ਨ੍ਰਿਤ ਸਿਖਲਾਈ ਦੇਣੀ ਆਰੰਭ ਦੇਵੇ। ਗੌਡੀਵਾ ਨੇ ਉਸੇ ਹੀ ਦਿਨ ਤੋਂ ਖੰਭੇ ਨਾਲ ਝੂਟ ਕੇ ਨੱਚਣਾ ਸਿੱਖਣਾ ਸ਼ੁਰੂ ਕਰ ਦਿੱਤਾ। ਜੂਲੀ ਨੇ ਗੌਡੀਵਾ ਨੂੰ ਨਾਚ ਤੋਂ ਇਲਾਵਾ ਧੰਦੇ ਨਾਲ ਜੁੜੇ ਸਭ ਦਾਅ ਪੇਚ ਸਿਖਾ ਦਿੱਤੇ। ਕਦੋਂ ਕਦੋਂ ਅਤੇ ਕਿਵੇਂ ਕੱਪੜੇ ਉਤਾਰਨੇ। ਗਾਹਕਾਂ ਨਾਲ ਕਿਵੇਂ ਕੀ ਗੱਲ ਕਰਨੀ ਅਤੇ ਕਿਵੇਂ ਉਹਨਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਉਹਨਾਂ ਦੀਆਂ ਜੇਬਾਂ ਹਲਕੀਆਂ ਕਰਨੀਆਂ ਆਦਿ। ਕੁਝ ਹੀ ਦਿਨਾਂ ਵਿਚ ਗੌਡੀਵਾ ਨਾ ਕੇਵਲ ਵਧੀਆ ਨ੍ਰਿਤ ਕਰਨ ਲੱਗ ਪਈ ਬਲਕਿ ਕਲੱਬ ਦੀ ਧੜਕਣ ਬਣ ਗਈ।ਉਸਦੀ ਮਕਬੂਲੀਅਤ ਬੰਨ੍ਹੇ ਚੰਨ੍ਹੇ ਫੈਲ ਗਈ।ਕਲੱਬ ਦੇ ਗਾਹਕਾਂ ਦੀ ਗਿਣਤੀ ਦਾ ਗ੍ਰਾਫ ਤੇਜ਼ੀ ਨਾਲ ਉੱਪਰ ਜਾਣ ਲੱਗਿਆ।ਜਿਸਦੇ ਫਲਸਰੂਪ ਗੌਡੀਵਾ ਨੂੰ ਵਧੀਆ ਆਮਦਨ ਹੋਣ ਲੱਗ ਪਈ। ਦੂਸਰੀਆਂ ਲੜਕੀਆਂ ਦੇ ਮੁਕਾਬਲੇ ਗੌਡੀਵਾ ਵੱਧ ਕਮਾਈ ਕਰਦੀ।ਰਾਜ ਘੱਟ ਵੱਧ ਹੀ ਕਲੱਬ ਵਿਚ ਆਉਂਦਾ। ਕਲੱਬ ਦੇ ਸਾਰੇ ਕੰਮਾਂ ਦੀ ਨਿਗਰਾਨੀ ਜੂਲੀ ਹੀ ਰੱਖਦੀ। ਰਾਜ ਨੇ ਗੌਡੀਵਾ ਨੂੰ ਇਕ ਮਕਾਨ ਕਿਰਾਏ ਉੱਤੇ ਲੈ ਦਿੱਤਾ, ਜਿਸਦਾ ਕਿਰਾਇਆ ਰਾਜ ਹੀ ਦਿੰਦਾ। ਉਸ ਘਰ ਵਿਚ ਗੌਡੀਵਾ ਨਾਲ ਕਲੱਬ ਵਿਚ ਕੰਮ ਕਰਨ ਵਾਲੀਆਂ ਕੁਝ ਹੋਰ ਵੀ ਕੁੜੀਆਂ ਸਨ।
ਇਕ ਦਿਹਾੜੇ ਗੌਡੀਵਾ ਆਪਣੇ ਨਾਚ ਦਾ ਪ੍ਰਦਰਸ਼ਨ ਕਰਨ ਬਾਅਦ ਗਾਹਕਾਂ ਵਿਚ ਵਿਚਰ ਰਹੀ ਸੀ ਕਿ ਇਕ ਗਾਹਕ ਨੇ ਪਿਛੇ ਦੀ ਆ ਕੇ ਅਚਾਨਕ ਗੌਡੀਵਾ ਦੇ ਮੂੰਹ ਉੱਤੇ ਧੱਪੜ ਮਾਰ ਦਿੱਤਾ, “ਹਰਾਮਦੀਏ ਮੈਨੂੰ ਤਾਂ ਬੜੀ ਸੱਚੀ ਸੁੱਚੀ ਬਣ ਕੇ ਦਿਖਾਉਂਦੀ ਸੀ। ਹੁਣ ਆਹ ਕਰਤੂਤਾਂ ਕਰਦੀ ਫਿਰਦੀ ਹੈ? ਕਿਥੇ ਗਈ ਤੇਰੀ ਸ਼ਰਾਫਤ?”
ਗੌਡੀਵਾ ਨੇ ਝੂੰਜਲਾ ਕੇ ਉਸ ਗਾਹਕ ਵੱਲ ਦੇਖਿਆ। ਇਹ ਉਸਦੇ ਸਕੂਲ ਦਾ ਸਹਿਪਾਠੀ ਅਤੇ ਉਸਦੇ ਪਤੀ ਲਿਉਨਰਡ ਦਾ ਮਿੱਤਰ ਥੌਮਸ (ਟੌਮ ਛੋਟਾ ਨਾਮ) ਸੀ। ਗੌਡੀਵਾ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ।
ਟੌਮ?”
ਸ਼ੁਕਰ ਐ ਤੈਂ ਪਹਿਚਾਣ ਲਿਆ।
ਇਤਫਾਕਨ ਉਸ ਦਿਨ ਰਾਜ ਕਲੱਬ ਵਿਚ ਹਾਜ਼ਰ ਸੀ ਤੇ ਇਹ ਦ੍ਰਿਸ਼ ਦਫਤਰ ਵਿਚ ਬੈਠੇ ਨੇ ਉਹਨੇ ਸਰਵੇਲੈਂਸ ਕੈਮਰਿਆਂ ਰਾਹੀਂ ਦੇਖ ਲਿਆ ਸੀ। ਗੌਡੀਵਾ ਦੇ ਥੱਪੜ ਪੈਣਸਾਰ ਉਹ ਭੱਜਿਆ ਆਇਆ ਤੇ ਵਾਕੀ ਟਾਕੀ ਰਾਹੀਂ ਉਸਨੇ ਸਕਿਉਰਟੀ ਨੂੰ ਸੂਚਿਤ ਕਰ ਦਿੱਤਾ। ਰਾਜ ਨੇ ਗੌਡੀਵਾ ਨੂੰ ਬਾਂਹੋ ਫੜ ਕੇ ਆਪਣੇ ਪਿਛੇ ਲਕੋ ਲਿਆ ਤੇ ਥੌਮਸ ਨੂੰ ਗਲਮੇ ਤੋਂ ਪਕੜ ਕੇ ਖਿਚਦਾ ਹੋਇਆ ਕਲੱਬ ਤੋਂ ਬਾਹਰ ਲਿਜਾਣ ਲੱਗਿਆ। ਐਨੇ ਨੂੰ ਬਾਊਂਸਰ ਆ ਗਏ ਤੇ ਉਹਨਾਂ ਨੇ ਲੱਤਾਂ ਬਾਹਾਂ ਤੋਂ ਚੁੱਕ ਕੇ ਥੌਲਸ ਨੂੰ ਕਲੱਬ ਦੇ ਬਾਹਰ ਸਿੱਟ ਦਿੱਤਾ।
ਰਾਜ ਅਰਧ ਨਗਨ ਗੌਡੀਵਾ ਨੂੰ ਆਪਣੇ ਨਾਲ ਦਫਤਰ ਵਿਚ ਲੈ ਗਿਆ। ਨਾ ਰਾਜ ਨੇ ਥੌਮਸ ਬਾਰੇ ਕੁਝ ਪੁੱਛਿਆ ਤੇ ਨਾ ਹੀ ਗੌਡੀਵਾ ਨੇ ਕੁਝ ਦੱਸਣਾ ਉਚਿਤ ਸਮਝਿਆ। ਕਾਫੀ ਦੇਰ ਤੱਕ ਉਹ ਦੋਨੋਂ ਖਾਮੋਸ਼ ਬੈਠੇ ਰਹੇ।ਅਚਾਨਕ ਗੌਡੀਵਾ ਬੋਲੀ, “ਰਾਜ ਮੈਂ ਜਾਵਾਂ ਕੰਮ ਦਾ ਵਕਤ ਹੈ।
ਨਹੀਂ ਤੂੰ ਬੈਠ। ਮੇਰਾ ਚਿੱਤ ਕਰਦੈ। ਮੈਂ ਤੈਨੂੰ ਦੇਖੀ ਜਾਵਾਂ। ਗੌਡਾਇਵਾ, ਤੇਰੇ ਤੋਂ ਕੋਈ ਉਹਲਾ ਨਹੀਂ ਹੈ। ਮੇਰੇ ਲਈ ਕਿੰਨੀਆਂ ਕੁੜੀਆਂ ਕੰਮ ਕਰ ਰਹੀਆਂ ਹਨ। ਪਤਾ ਨਹੀਂ ਕਿੰਨੀਆਂ ਆਈਆਂ ਤੇ ਕਿੰਨੀਆਂ ਗਈਆਂ। ਹਰ ਕੁੜੀ ਮੇਰੇ ਨਾਲ ਸੌਣਾ ਆਪਣਾ ਸੁਭਾਗ ਸਮਝਦੀ ਹੈ। ਮੈਂ ਜੀਹਨੂੰ ਮਰਜੀ ਬਾਹੋਂ ਫੜ੍ਹ ਕੇ ਭੋਗ ਲਵਾ। ਮੈਨੂੰ ਜੁਆਬ ਦੇਣ ਦੀ ਕਿਸੇ ਦੀ ਹਿੰਮਤ ਨਹੀਂ ਹੈ। ਪਰ ਤੂੰ ਪਹਿਲੀ ਲੜਕੀ ਹੈਂ ਜਿਸ ਉੱਤੇ ਮੇਰਾ ਦਿਲ ਆ ਗਿਆ ਹੈ।ਤੈਨੂੰ ਦੇਖ ਕੇ ਮੇਰਾ ਚਿੱਤ ਕਰਦੈ, ਮੈਂ ਤੈਨੂੰ ਬੁੱਕਲ ਵਿਚ ਲੁਕਾ ਲਵਾਂ। ਤੈਨੂੰ ਮੇਰੇ ਤੋਂ ਸਿਵਾਏ ਕੋਈ ਹੋਰ ਨਾ ਦੇਖੇ। ਮੈਨੂੰ ਤੇਰੇ ਨਾਲ ਪਿਆਰ ਹੋ ਗਿਐ ਗੌਡਾਇਵਾ, ਹਾਂ ਪਿਆਰ।
ਰਾਜ ਦੇ ਮੁਖਾਰਬਿੰਦ ਚੋਂ ਫੁੱਲਾਂ ਵਾਂਗੂੰ ਕਿਰਦੇ ਇਹ ਵਚਨ ਸੁਣ ਕੇ ਗੌਡਾਇਵਾ ਕਿਸੇ ਹੋਰ ਹੀ ਦੁਨੀਆਂ ਵਿਚ ਪਹੁੰਚ ਗਈ।ਉਹਦੀਆਂ ਅੱਖਾਂ ਸੁਪਨਿਆਂ ਦੇ ਕਸੀਦੇ ਕੱਢਣ ਲੱਗ ਪਈਆਂ, “ਰਾਜ ਇਹ ਤਾਂ ਤੁਹਾਡੀ ਜਰਾਨਿਵਾਜ਼ੀ ਹੈ, ਵਰਨਾ ਮੇਰੀ ਨਾਚੀਜ ਦੀ ਕੀ ਹੈਸੀਅਤ ਹੈ।
ਗੌਡਾਇਵਾ, ਅੱਜ ਤੋਂ ਤੂੰ ਕਲੱਬ ਵਿਚ ਡਾਂਸ ਨਹੀਂ ਕਰੇਂਗੀ। ਤੈਨੂੰ ਜ਼ਰੂਰਤ ਦੀ ਹਰ ਚੀਜ਼ ਤੇ ਖਰਚਾ ਮੈਂ ਦੇਵਾਂਗਾ। ਹੁਣ ਤੋਂ ਬਾਅਦ ਤੂੰ ਸਿਰਫ ਮੇਰੇ ਲਈ ਹੀ ਨੱਚਿਆ ਕਰੇਂਗੀ। ਮੇਰਾ ਹਾਰਬੋਨ ਵਿਚ ਇਕ ਫਲੈਟ ਹੈ, ਅੱਜ ਤੋਂ ਉਹ ਤੈਨੂੰ ਤੋਹਫੇ ਵਿਚ ਦਿੱਤਾ। ਤੂੰ ਉਥੇ ਰਿਹਾ ਕਰੇਂਗੀ।ਰਾਜ ਨੇ ਮੇਜ਼ ਦੇ ਡਰਾਅ ਵਿਚੋਂ ਚਾਬੀਆਂ ਦਾ ਗੁੱਛਾ ਕੱਢ ਕੇ ਗੌਡਾਇਵਾ ਦੇ ਮੂਹਰੇ ਸਿੱਟ ਦਿੱਤਾ।
ਗੌਡੀਵਾ ਨੇ ਝੱਟ-ਪੱਟ ਚਾਬੀਆਂ ਚੁੱਕ ਲਈਆਂ, “ਸੱਚ, ਮੈਨੂੰ ਤਾਂ ਯਕੀਨ ਹੀ ਨਹੀਂ ਆ ਰਿਹੈ।
ਅੱਛਾ ਇਹ ਗੱਲ ਐ ਤਾਂ ਕੱਪੜੇ ਪਹਿਨ ਤੇ ਮੇਰੇ ਨਾਲ ਚੱਲ। ਤੈਨੂੰ ਹੁਣੇ ਯਕੀਨ ਦਿਵਾ ਦਿੰਦੇ ਹਾਂ।
ਗੌਡੀਵਾ ਡਰੈਸਿੰਗਰੂਮ ਵਿਚ ਗਈ ਤੇ ਤਿਆਰ ਹੋ ਕੇ ਆ ਗਈ।ਰਾਜ ਉਹਦੀ ਕਮਰ ਵਿਚ ਬਾਂਹ ਪਾ ਕੇ ਉਸਨੂੰ ਨਾਲ ਲੈ ਤੁਰਿਆ।
ਫਲੈਟ ਪਹੁੰਚ ਕੇ ਰਾਜ ਜਦੋਂ ਰਾਜ ਦਰਵਾਜਾ ਖੋਲ੍ਹਣ ਲੱਗਿਆ ਤਾਂ ਗੌਡੀਵਾ ਨੇ ਆਪਣੇ ਪੈਰਾਂ ਵਿਚੋਂ ਪਹਿਨੇ ਹੋਏ ਪੈਨਸਲਹੀਲ ਉੱਚੀ ਅੱਡੀ ਦੇ ਸੈਂਡਲ ਉਤਾਰ ਕੇ ਹੱਥ ਵਿਚ ਫੜ੍ਹ ਲਏ।
ਇਹ ਕੀ ਗੌਡਾਇਵਾ ਜੁੱਤੀਆਂ ਕਿਉਂ ਲਾਹ ਲਈਆਂ?”
ਵਸਤੂ ਸ਼ਾਸ਼ਤਰ ਅਤੇ ਯਹੋਵਾ ਵਿਟਨਸ ਵਾਲੇ ਕਹਿੰਦੇ ਹਨ ਕੇ ਪਹਿਲੀ ਵਾਰੀ ਗ੍ਰਹਿ ਪ੍ਰਵੇਸ਼ ਕਰਦੇ ਸਮੇਂ ਜ਼ਮੀਨ ਨਾਲ ਤੁਹਾਡੇ ਜਿੰਨੇ ਵੱਧ ਤੋਂ ਵੱਧ ਜਿਸਮ ਦੇ ਹਿੱਸੇ ਦਾ ਸਪਰਸ਼ ਹੋਵੇ। ਉਹ ਘਰ ਤੁਹਾਡੇ ਲਈ ਉਹਨਾਂ ਹੀ ਭਾਗਾਂ ਭਰਿਆ ਹੁੰਦਾ ਹੈ।
ਜੇ ਇਹ ਗੱਲ ਇਹ ਤਾਂ ਤੇਰਾ ਸਾਰਾ ਬਦਨ ਇਸ ਫਲੈਟ ਦੇ ਫਰਸ਼ ਨੂੰ ਇਕੱਠਿਆਂ ਛੂਹੇਗਾ।ਰਾਜ ਨੇ ਗੌਡੀਵਾ ਨੂੰ ਆਪਣੀਆਂ ਬਾਹਾਂ ਤੇ ਚੁੱਕ ਲਿਆ।ਗੌਡੀਵਾ ਨੇ ਰਾਜ ਦੇ ਗਲ੍ਹੇ ਨੂੰ ਬਾਹਾਂ ਦੀ ਕਰਿੰਗੜੀ ਪਾ ਲਈ। ਰਾਜ ਗੌਡੀਵਾ ਨੂੰ ਚੱਕੀ ਫਲੈਟ ਵਿਚ ਦਾਖਿਲ ਹੋਇਆ। ਇਹ ਤੇਰਾ ਲਿਵਿੰਗਰੂਮ ਤੇ ਗੈਸਟਰੂਮ ਹੈ।
ਗੌਡੀਵਾ ਨੇ ਖੂਬਸੂਰਤ ਪੇਟਿੰਗਾਂ ਨਾਲ ਸਜੀਆਂ ਦਿਵਾਰਾਂ, ਵੱਡੀ ਪਲਾਜ਼ਮਾਂ ਸਕਰੀਨ ਵਾਲਾ ਟੈਲੀਵਿਜ਼ਨ, ਇਟੈਲੀਅਨ ਫਰਨੀਚਰ, ਅਰਬੀ ਰੱਗ, ਝੂਮਰ ਤੇ ਸਜਾਵਟ ਦੀਆਂ ਅਨੇਕਾਂ ਵਸਤਾਂ ਨਾਲ ਸਜਿਆ ਕਮਰਾ ਦੇਖ ਕੇ ਆਪਣੇ ਹੱਥਾਂ ਵਿਚ ਫੜ੍ਹੇ ਹੋਏ ਸੈਂਡਲ ਰਾਜ ਦੀ ਪਿੱਠ ਪਿੱਛੇ ਹੇਠਾਂ ਸੁੱਟ ਦਿੱਤੇ। ਰਾਜ ਨੇ ਅੱਗੇ ਜਾ ਕੇ ਦਰਵਾਜ਼ੇ ਨੂੰ ਲੱਤ ਮਾਰੀ, “ਇਹ ਕਿਚਨ ਹੈ।
ਵੱਡੀ ਫਰਿਜ਼-ਫਰੀਜਰ, ਗੈਸ ਕੁੱਕਰ, ਬਿਲਟ ਇੰਨ ਮਾਇਕਰੋਵੇਵ, ਬਾਰਬੀਕਿਉ ਯੂਨਿਟ ਅਤੇ ਚਾਇਨਸ ਕਰੌਕਰੀ ਸੈਟ ਨਾਲ ਨੱਕੋ-ਨੱਕ ਭਰੀ ਰਸੋਈ ਦੇਖ ਕੇ ਗੌਡੀਵਾ ਨੇ ਆਪਣੇ ਹੱਥਾਂ ਵਿਚ ਪਹਿਨੇ ਹੋਏ ਕੰਗਨ ਗੁੱਟਾਂ ਚੋਂ ਉਤਾਰ ਕੇ ਜ਼ਮੀਨ ਉੱਤੇ ਸਿੱਟ ਦਿੱਤੇ। ਰਾਜ ਅਗਲੇ ਕਮਰੇ ਵੱਲ ਵਧਿਆ। ਗੌਡੀਵਾ ਨੇ ਹੱਥ ਨਾਲ ਹੈਂਡਲ ਘੁੰਮਾ ਕੇ ਦਰਵਾਜ਼ਾ ਖੋਲ੍ਹਿਆ।
ਇਹ ਸੇਲਰ ਹੈ ਵਾਧੂ ਸਮਾਨ ਅਤੇ ਕਪੜੇ ਰੱਖਣ ਲਈ।ਰਾਜ ਨੇ ਜ਼ਮੀਨ ਉੱਤੇ ਲੱਗੇ ਇਕ ਬਟਨ ਨੂੰ ਪੈਰ ਨਾਲ ਦਬਾਇਆ। ਸਟੋਰ ਦੀਆਂ ਦੋਨੋਂ ਕੰਧਾਂ ਦੀਆਂ ਅਲਮਾਰੀਆਂ ਘੁੰਮ ਕੇ ਅੰਦਰ ਵੜ੍ਹ ਗਈਆਂ ਤੇ ਉਨ੍ਹਾਂ ਦੀ ਜਗ੍ਹਾ ਕੱਪੜੇ ਟੰਗਣ ਦੀ ਰੇਲ ਵਾਲੀਆਂ ਦੋ ਨਵੀਆਂ ਅਲਮਾਰੀਆਂ ਪ੍ਰਗਟ ਹੋ ਗਈਆਂ।ਗੌਡੀਵਾ ਨੇ ਆਪਣੀ ਹਿੱਕ ਤੋਂ ਜਿੱਪ ਦੇ ਕੁੰਡੇ ਨੂੰ ਫੜਿਆ ਤੇ ਹੌਲੀ ਹੌਲੀ ਜਿੱਪ ਨੂੰ ਖੋਲ੍ਹਦੀ ਹੋਈ ਧੁੰਨੀ ਤੱਕ ਲੈ ਗਈ।ਇਕ ਇਕ ਕਰਕੇ ਪਹਿਨੇ ਹੋਏ ਲਿਬਾਸ ਵਿਚੋਂ ਆਪਣੀਆਂ ਬਾਹਾਂ ਕੱਢੀਆਂ ਤੇ ਰਾਜ ਦੇ ਸਹਿਯੋਗ ਨਾਲ ਪੁਸ਼ਾਕ ਉਤਾਰ ਕੇ ਆਪਣੇ ਪੱਟਾਂ ਕੋਲ ਇਕੱਠੀ ਕਰ ਦਿੱਤੀ। ਰਾਜ ਦੇ ਗਲ੍ਹ ਨੂੰ ਪਹਿਲਾਂ ਦੀ ਤਰ੍ਹਾਂ ਬਾਹਾਂ ਵਿਚ ਨੂੜ ਕੇ ਦੋਨਾਂ ਟੰਗਾਂ ਨੂੰ ਛਟਪਟਾਇਆ ਤੇ ਗੌਡੀਵਾ ਦਾ ਚੋਗਾ ਖਿਸਕ ਕੇ ਹੇਠਾਂ ਡਿੱਗ ਪਿਆ।ਰਾਜ ਨੇ ਗੌਡੀਵਾ ਨੂੰ ਹੋਰ ਮਜ਼ਬੂਤੀ ਨਾਲ ਆਪਣੀਆਂ ਬਾਹਾਂ ਵਿਚ ਘੁੱਟ ਲਿਆ। ਅਗਲੇ ਕਮਰੇ ਵਿਚ ਵੜਦਿਆਂ ਰਾਜ ਬੋਲਿਆ, “ਇਹ ਬਾਥਰੂਮ ਹੈ।
ਵੱਡਾ ਸਾਰਾ ਸਾਰਾ ਬਾਥਟੱਬ, ਵਾਸ਼ਵੇਸਨ, ਜਕੂਜ਼ੀ, ਆਦਮ ਕੱਦ ਸ਼ੀਸ਼ਾ, ਸਟੈਂਡਿੰਗ ਸ਼ਾਵਰ, ਸੰਗਮਰਮਰੀ ਫਰਸ਼ ਅਤੇ ਛੋਟੀਆਂ ਛੋਟੀਆਂ ਲਾਇਟਾਂ ਨਾਲ ਜਗਮਗ-ਜਗਮਗ ਕਰਦੀ ਗੌਡੀਵਾ ਨੇ ਛੱਤ ਦੇਖੀ ਤੇ ਆਪਣੀ ਢੂਹੀ ਪਿਛੇ ਹੱਥ ਲਿਜਾ ਜੇ ਹੁੱਕ ਖੋਲ੍ਹੀ ਤੇ ਛਾਤੀ ਤੋਂ ਬਰੇਜ਼ੀਅਰ ਦਾ ਰੱਗ ਭਰ ਕੇ ਬਰਾ ਹੇਠਾਂ ਸੁੱਟ ਦਿੱਤੀ। ਗੁਸਲਖਾਨੇ ਦੇ ਦੂਜੇ ਦਰਵਾਜ਼ੇ ਰਾਹੀਂ ਉਹ ਹੋਰ ਕਮਰੇ ਵਿਚ ਦਾਖਿਲ ਹੋਏ, “ਇਹ ਬੈੱਡਰੂਮ ਹੈ।
ਵੱਡਾ ਕਿੰਗ ਸਾਇਜ਼ ਪਲੰਘ, ਕੰਧ ਤੇ ਲੱਗਿਆ ਟੀਵੀ, ਮਿਉਜ਼ਿਕ ਸਿਸਟਮ ਡੀ ਵੀ ਡੀ ਪਲੈਅਰ, ਰਾਜ ਦੀਆਂ ਫੋਟੋਆਂ ਦੇ ਵੱਡੇ ਵੱਡੇ ਪੋਸਟਰ ਅਲਾਰਮ ਕਲਾਕ, ਲੈਂਪ ਤੇ ਹੋਰ ਕਿੰਨਾ ਕੁਝ। ਗੌਡੀਵਾ ਨੇ ਵਾਲਾ ਨੂੰ ਬੰਨ੍ਹਿਆ ਰੀਬਨ ਖੋਲ੍ਹ ਕੇ ਆਪਣੀ ਪੌਨੀਟੇਲ ਨਾਲ ਸਮੇਟੇ ਵਾਲ ਅਜ਼ਾਦ ਕਰ ਦਿੱਤੇ ਤੇ ਰੀਬਨ ਖਿਲਾਅ ਵਿਚ ਉੱਡਾ ਕੇ ਹੇਠਾਂ ਸੁੱਟ ਦਿੱਤਾ। 
ਕਿਵੇਂ ਲੱਗਿਆ ਫਲੈਟ?” ਰਾਜ ਮੁਸਕੁਰਾਇਆ।
ਬਹੁਤ ਵਧੀਆ। ਬਹੁਤ ਬਹੁਤ ਹੀ ਵਧੀਆ। ਮੈਂ ਤਾਂ ਅਜਿਹੀ ਜਗ੍ਹਾ ਤੇ ਰਹਿਣ ਦਾ ਕਦੇ ਤਸੱਵਰ ਵੀ ਨਹੀਂ ਸੀ ਕਰ ਸਕਦੀ।
ਤੇ ਮੈਂ ਕਿਵੇਂ ਲੱਗਿਆਂ?”
ਤੁਸੀਂ ਤਾਂ ਮੇਰੀ ਜਾਨ ਹੋ।ਗੌਡੀਵਾ ਨੇ ਮੂੰਹ ਅੱਗੇ ਵਧਾ ਕੇ ਰਾਜ ਦੀ ਗੱਲ੍ਹ ਚੁੰਮ ਲਿੱਤੀ।
ਰਾਜ ਉਸਨੂੰ ਬਿਸਤਰੇ ਤੇ ਲਿਟਾਉਣ ਲੱਗਾ ਤਾਂ ਗੌਡੀਵਾ ਨੇ ਰਾਜ ਦੀ ਗਰਦਨ ਨੂੰ ਫੜਦੀ ਆਪਣੀ ਪਕੜ ਹੋਰ ਮਜ਼ਬੂਤ ਕਰ ਦਿੱਤੀ, “ਊਂ ਹੂੰ! ਭੁੰਝੇ।
ਰਾਜ ਨੇ ਆਹਿਸਤਾ ਆਹੀਸਤਾ ਗੌਡੀਵਾ ਨੂੰ ਫਰਸ਼ ਉੱਤੇ ਰੱਖ ਦਿੱਤਾ। ਗੌਡੀਵਾ ਭੰਬੀਰੀ ਵਾਂਗ ਘੁੰਮਦੀ ਹੋਈ ਲਪੇਟੇ ਖਾਹ ਕੇ ਰਾਜ ਦੇ ਕਦਮਾਂ ਤੋਂ ਦੂਰ ਚਲੀ ਗਈ।ਰਾਜ ਦੀਆਂ ਅੱਖਾਂ ਵਿਚ ਖੁਮਾਰ ਤੈਰਨ ਲੱਗਿਆ, “ਗੌਡਾਇਵਾ, ਰੋਮੈਂਟਿਕ ਡੇਟ ਦੀ ਤੇਰੀ ਕੀ ਪ੍ਰੀਭਾਸ਼ਾ ਹੈ?”
ਆਂਬਰਫ ਦੀਆਂ ਡਲੀਆਂ ਤੇ ਪਈ ਸ਼ੈਮਪੇਨ। ਮੱਧਮ ਮੱਧਮ ਵਜਦਾ ਜੈਜ਼ ਸੰਗੀਤ। ਵੈਲਟਜ਼ ਹੋਵੇ ਤਾਂ ਸਭ ਤੋਂ ਵਧੀਆ, ਜਿਸ ਵਿਚ ਵਾਇਲਨ ਵਜਦੀ ਵੱਖਰੀ ਸੁਣਾਈ ਦੇਵੇ। ਹਨੇਰੇ ਨਾਲ ਲੜਨ ਲਈ ਖੂਸ਼ਬੂਦਾਰ ਮੋਮਬੱਤੀਆਂ ਦਾ ਹਲਕਾ ਹਲਕਾ ਚਾਨਣ ਹੋਵੇ। ਸੋਹਣੇ ਸੁਨੱਖੇ ਗੱਭਰੂ ਦੇ ਗਲ੍ਹ ਬਾਹਾਂ ਪਾ ਕੇ ਹੌਲੀ ਹੌਲੀ ਬਾਲਰੂਮ ਡਾਂਸ ਕਰ ਰਹੀ ਹੋਵਾਂ ਤੇ ਅਚਨਚੇਤ ਉਹ ਮੇਰੇ ਹੋਂਠਾਂ ਨਾਲ ਆਪਣੇ ਬੁੱਲ੍ਹਾਂ ਦੇ ਜਿੰਦਰੇ ਲਾ ਦੇਵੇ। ਸਰੂਰ ਵਿਚ ਮੇਰੀਆਂ ਅੱਖਾਂ ਮੁੰਦੀਆਂ ਜਾਣ ਤੇ ਮਧਹੋਸ਼ ਹੋ ਜਾਵਾਂ। ਮੈਨੂੰ ਆਪਣੇ ਆਪ ਦੀ ਵੀ ਸੁੱਧ-ਬੁੱਧ ਨਾ ਰਹੇ।
ਰਾਜ ਨੇ ਗੌਡੀਵਾ ਦਾ ਵਾਲਾਂ ਵਾਲਾ ਰੀਬਨ ਚੁੱਕਿਆ ਤੇ ਉਸਦੀਆਂ ਅੱਖਾਂ ਉੱਤੇ ਪੱਟੀ ਦੀ ਤਰ੍ਹਾਂ ਬੰਨ੍ਹ ਦਿੱਤਾ, “ਜਿੰਨਾ ਚਿਰ ਮੈਂ ਨਾ ਕਹਾਂ। ਇਹਨੂੰ ਖੋਲ੍ਹੀ ਨਾ।
ਰਾਜ ਉੱਥੋਂ ਕੁਝ ਸਮੇਂ ਲਈ ਅਲੋਪ ਹੋ ਗਿਆ। ਗੌਡੀਵਾ ਨੇ ਉਸਦਾ ਹੁਕਮ ਵਜਾਉਂਦਿਆਂ ਰੀਬਨ ਵਿਚੋਂ ਬਾਹਰ ਝਾਕਣ ਦਾ ਕੋਈ ਵੀ ਯਤਨ ਨਾ ਕੀਤਾ। ਕੁਝ ਦੇਰ ਬਾਅਦ ਗੌਡੀਵਾ ਨੂੰ ਰਾਜ ਦੇ ਕਦਮਾਂ ਦੀ ਆਹਟ ਅਤੇ ਕੁਝ ਖੜਕਾ ਹੁੰਦਾ ਸੁਣਾਈ ਦਿੱਤਾ, “ਰਾਜ ਤੁਸੀਂ ਕੀ ਕਰ ਰਹੇ ਹੋ।
ਤਿਆਰ ਏ ਗੌਡਾਇਵਾ? ਤੈਨੂੰ ਸਰਪਰਾਇਜ਼ ਦੇ ਰਿਹਾ ਹਾਂ।
ਰਾਜ ਨੇ ਅੱਖਾਂ ਤੋਂ ਪੱਟੀ ਖੋਲ੍ਹੀ ਤਾਂ ਗੌਡੀਵਾ ਦੇ ਸਾਹਮਣੇ ਸਾਰਾ ਕਮਰਾ ਇਤਰੀ ਮੋਮਬੱਤੀਆਂ ਨਾਲ ਰੋਸ਼ਨ ਹੋਇਆ ਪਿਆ ਸੀ। ਰਾਜ ਨੇ ਰਿਮੋਟ ਕੰਟਰੋਲ ਦਾ ਬਟਨ ਦੱਬ ਕੇ ਹਲਕਾ ਹਲਕਾ ਰੋਮਾਂਚਕ ਸੰਗੀਤ ਵਜਾ ਦਿੱਤਾ। ਸ਼ੈਮਪੇਨ ਦੀ ਬੋਤਲ ਚੁੱਕੀ ਤੇ ਤਾਰ ਨੂੰ ਮਰੋੜਾ ਦੇ ਕੇ ਅੰਗੂਠੇ ਨਾਲ ਡੱਟ ਖੋਲ੍ਹ ਦਿੱਤਾ। ਡੱਟ ਇਕ ਧਮਾਕੇ ਵਰਗੀ ਅਵਾਜ਼ ਕਰਕੇ ਛੱਤ ਨਾਲ ਜਾ ਟਕਰਾਇਆ। ਸ਼ੈਮਪੇਨ ਦੁੱਧ ਦੇ ਉਬਾਲੇ ਵਾਂਗ ਬੋਤਲ ਚੋਂ ਬਾਹਰ ਡੁੱਲ੍ਹਣ ਲੱਗੀ। ਰਾਜ ਨੇ ਬੋਤਲ ਮੂੰਹ ਨੂੰ ਲਾ ਕੇ ਖੌਲਦੀ ਸ਼ੈਮਪੇਨ ਸ਼ਾਂਤ ਕਰ ਦਿੱਤੀ।ਅੰਡਰ ਵੇਅਰ ਨੂੰ ਲੱਕ ਉੱਤੇ ਖਿਚਦੀ ਹੋਈ, ਗੌਡੀਵਾ ਉੱਠੀ ਤੇ ਰਾਜ ਤੋਂ ਉਸਨੇ ਬੋਤਲ ਖੋਹ ਲਈ, “ਕਹਿੰਦੇ ਨੇ ਝੂਠਾ ਪੀਣ ਨਾਲ ਪਿਆਰ ਵੱਧਦਾ ਹੈ।ਗੌਡੀਵਾ ਨੇ ਸ਼ੈਮਪੇਨ ਨੂੰ ਲਾ ਕੇ ਪੀਣੀ ਸ਼ੁਰੂ ਕੀਤੀ। ਇਕ ਘੁੱਟ ਉਹ ਆਪ ਭਰਦੀ ਤੇ ਇਕ ਘੁੱਟ ਰਾਜ ਨੂੰ ਪਿਲਉਂਦੀ।ਬੋਤਲ ਖਾਲੀ ਕਰਕੇ ਗੌਡੀਵਾ ਨੇ ਫਰਸ਼ ਉੱਤੇ ਰੱਖ ਦਿੱਤੀ ਤੇ ਬਾਹਾਂ ਰਾਜ ਅੱਗੇ ਫੈਲਾਇਆਂ, “ਸੈਲਸਾ, ਟੈਂਗੋ, ਕਟੈਂਪਰਰੀ ਵੈਲਟਜ਼ ਜਾਂ ਬੌਲਰੂਮ ਡਾਂਸ?”
ਜੋ ਤੇਰਾ ਦਿਲ ਕਰਦੈ।
ਦੋਨੋਂ ਧੀਮੀ ਗਤੀ ਦਾ ਨ੍ਰਿਤ ਕਰਨ ਲੱਗੇ।ਨੱਚਦੇ ਨੱਚਦਿਆਂ ਗੌਡੀਵਾ ਨੇ ਸੁਸਤਾ ਕੇ ਰਾਜ ਦੀ ਹਿੱਕ ਉੱਤੇ ਆਪਣਾ ਸਿਰ ਰੱਖ ਦਿੱਤਾ।ਰਾਜ ਨੇ ਇਕ ਹੱਥ ਗੌਡੀਵਾ ਦੇ ਮੌਰਾਂ ਅਤੇ ਇਕ ਨਿਤੰਬਾਂ ਤੇ ਪਾ ਕੇ ਗੌਡੀਵਾ ਨੂੰ ਧਰਤੀ ਤੋਂ ਚੁੱਕਿਆ ਤੇ ਪਲੰਘ ਉੱਤੇ ਲਿਟਾ ਲਿਆ। ਰਾਜ ਗੌਡੀਵਾ ਉੱਪਰ ਝੁਕਿਆ ਪਿਆ ਉਸਦੇ ਮਨ-ਮੋਹਣੇ ਚਿਹਰੇ ਨੂੰ ਨਿਹਾਰਨ ਲੱਗਿਆ। ਗੌਡੀਵਾ ਨੇ ਉਸਦੀ ਟਾਈ ਦੀ ਗੱਠ ਖੋਲ੍ਹ ਕੇ ਉਸਦੀ ਕਮੀਜ਼ ਦੇ ਇਕ ਇਕ ਕਰਕੇ ਬਟਨ ਖੋਲ੍ਹਣ ਉਪਰੰਤ ਰਾਜ ਦੀ ਬੈਲਟ ਦੇ ਬੱਕਲ ਨੂੰ ਹੱਥ ਪਾ ਲਿਆ।
ਰਾਜ ਮਲਮਲ ਵਰਗੀ ਗੌਡੀਵਾ ਦੀ ਚਮੜੀ ਉੱਤੇ ਆਪਣੇ ਲਬ੍ਹਾਂ ਨਾਲ ਹਸਤਾਖਰ ਕਰਨ ਲੱਗ ਪਿਆ। ਸੰਗੀਤ ਦੀ ਤਾਲ ਨਾਲ ਤਾਲ ਮਿਲਾ ਕੇ ਪਿਆਰ ਕਰਦੇ ਹੋਏ ਉਹ ਦੋ ਆਲਿੰਗਨਬਧ ਸ਼ਰੀਰ ਇਕ ਦੂਸਰੇ ਵਿਚ ਸਮਾ ਗਏ।
ਫਿਰ ਇਹ ਸਿਲਸਿਲਾ ਨਿਯਮਬਧ ਅਤੇ ਲਗਾਤਾਰ ਦਿਨ ਪ੍ਰਤੀ ਦਿਨ ਚੱਲਣ ਲੱਗਾ।ਗੌਡੀਵਾ ਨੂੰ ਬਿਨ ਮੰਗਿਆਂ ਦੁਨੀਆਂ ਦੀ ਹਰ ਸ਼ੈਅ ਰਾਜ ਮੁਹੱਈਆ ਕਰ ਦਿੰਦਾ।ਜੇ ਕਦੇ ਮਸਰੂਫੀਅਤ ਦੀ ਵਜ੍ਹਾ ਨਾਲ ਰਾਜ ਦਿਹਾੜੀ ਡੰਗ-ਭੰਨ ਵੀ ਜਾਂਦਾ ਤਾਂ ਗੌਡੀਵਾ ਉਸ ਨਾਲ ਫੋਨ ਤੇ ਗੱਲਾਂ ਕਰਕੇ ਚਿੱਤ ਪਰਚਾ ਲੈਂਦੀ। ਫਲੈਟ ਵਿਚ ਲੱਗੇ ਸਕਿਉਰਟੀ ਕੈਮਰਿਆਂ ਦਾ ਸਿੱਧਾ ਸੰਪਰਕ ਰਾਜ ਦੇ ਟੈਲੀਫੂਨ ਉੱਤੇ ਸੀ। ਉਹ ਜਦੋਂ ਚਾਹੇ ਗੌਡੀਵਾ ਨੂੰ ਦੇਖ ਸਕਦਾ ਸੀ। ਰਾਜ ਨੇ ਜਿੱਦਣ ਨਾਲ ਵੀ ਆਉਣਾ ਹੁੰਦਾ ਤਾਂ ਵੀ ਗੌਡੀਵਾ ਨਹਾ ਧੋਹ ਕੇ ਤਿਆਰ ਹੋ ਜਾਂਦੀ ਤੇ ਹਾਰ ਸਿੰਗਾਰ ਕਰਕੇ ਰਾਜ ਨੂੰ ਕੱਪੜੇ ਬਦਲ ਬਦਲ ਕੈਮਰੇ ਮੂਹਰੇ ਖੜ੍ਹ ਕੇ ਪੁੱਛਦੀ, “ਮੈਂ ਕਿਹੋ ਜਿਹੀ ਲੱਗਦੀ ਆਂ ਰਾਜ?”
ਉਹ ਟੈਲੀਫੂਨ ਉੱਤੇ ਹਮੇਸ਼ਾਂ ਵਾਂਗ ਜੁਆਬ ਦਿੰਦੀ, “ਨਿਰੀ ਤਬਾਹੀ!
ਜਦੋਂ ਰਾਜ ਗੌਡੀਵਾ ਦੀ ਆਗੋਸ਼ ਵਿਚ ਹੁੰਦਾ ਗੌਡੀਵਾ ਨੂੰ ਕੋਈ ਗੱਲ ਨਾ ਅਹੁੜਦੀ। ਉਹ ਉਸਨੂੰ ਰਜ-ਰਜ ਪਿਆਰ ਕਰਨ ਵਿਚ ਮਸਰੂਫ ਰਹਿੰਦੀ। ਪਰ ਜਦ ਰਾਜ ਉਸ ਦੀਆਂ ਅੱਖਾਂ ਤੋਂ ਉਜਲ ਹੁੰਦਾ ਗੌਡੀਵਾ ਦੀ ਰਾਜ ਨਾਲ ਕਰਨ ਵਾਲੀਆਂ ਗੱਲਾਂ ਨਾ ਮੁੱਕਦੀਆਂ। ਉਹ ਰਾਜ ਬਾਰੇ ਆਪਣੀ ਭੈਣ ਨੂੰ ਫੇਸਬੁੱਕ ਉੱਤੇ ਚੈਟਿੰਗ ਕਰਕੇ ਦੱਸਦੀ ਰਹਿੰਦੀ। ਉਸਦੀਆਂ ਤਾਰੀਫਾਂ ਅਤੇ ਕੀਤੇ ਅਹਿਸਾਨਾਂ ਬਾਰੇ ਸੂਚਿਤ ਕਰਦੀ ਰਹਿੰਦੀ।
ਰਾਜ ਆਉਂਦਾ ਕਦੇ ਅੱਧੀ ਰਾਤ ਕਦੇ ਸਾਰੀ ਰਾਤ ਗੌਡੀਵਾ ਨਾਲ ਗੁਜ਼ਾਰਦਾ। ਬੋਤਲ ਸ਼ਰਾਬ ਦੀ ਖਾਲੀ ਕਰਕੇ ਚਲਾ ਜਾਂਦਾ। ਉਸਦੇ ਜਾਣ ਬਾਅਦ ਗੌਡੀਵਾ ਵੀ ਹੌਲੀ ਫੁੱਲ ਹੋਈ ਹੁੰਦੀ। ਰਾਜ ਨੂੰ ਉਹ ਅੰਦਰੋਂ ਬਾਹਰੋਂ ਜਾਣਦੀ ਸੀ। ਪਰ ਉਸਦੀ ਨਿੱਜੀ ਜ਼ਿੰਦਗੀ, ਉਸਦੇ ਪਰਿਵਾਰ ਅਤੇ ਉਸਦੇ ਪਿਛੋਕੜ ਬਾਰੇ ਗੌਡੀਵਾ ਨੂੰ ਕੁਝ ਵੀ ਨਹੀਂ ਸੀ ਪਤਾ। ਨਾ ਹੀ ਉਸਨੇ ਇਸਦੀ ਕਦੇ ਖੋਜ ਕਰਨੀ ਚਾਹੀ ਸੀ ਅਤੇ ਨਾ ਹੀ ਕਦੇ ਰਾਜ ਨੇ ਕੁਝ ਦੱਸਿਆ ਸੀ। ਸ਼ਾਇਦ ਇਹਨਾਂ ਗੱਲਾਂ ਨਾਲ ਗੌਡੀਵਾ ਨੂੰ ਕੋਈ ਸਰੋਕਾਰ ਨਹੀਂ ਸੀ। ਉਹ ਆਪਣੀ ਜ਼ਿੰਦਗੀ ਅਤੇ ਰਾਜ ਦੇ ਸਬੰਧਾਂ ਤੋਂ ਖੁਸ਼ ਸੀ।ਰਾਜ ਬਾਰੇ ਉਹ ਇਹਨਾਂ ਹੀ ਜਾਣਦੀ ਸੀ ਕਿ ਉਹ ਇਕ ਬਹੁਤ ਨੇਕ ਦਿਲ ਅਤੇ ਸਭ ਦੀ ਮਦਦ ਕਰਨ ਵਾਲਾ ਬ੍ਰਿਟਿਸ਼ ਇੰਡੀਅਨ ਹੈ ਤੇ ਜਿਸ ਨੇ ਬਹੁਤ ਘੱਟ ਸਮੇਂ ਵਿਚ ਬਹੁਤ ਧਨ ਅਤੇ ਸ਼ੁਹਰਤ ਕਮਾਈ ਹੈ।ਦੇਖਣ ਨੂੰ ਰਾਜ ਜਿੰਨਾ ਸੁਨੱਖਾ ਲੱਗਦਾ ਸੀ, ਉਸ ਨਾਲੋਂ ਕਿਤੇ ਵੱਧ ਉਸਦਾ ਦਿਲ ਸੋਹਣਾ ਸੀ। ਮਣਾਂ-ਮੂੰਹੀਂ ਸਿਰਮਾਇਆ ਅਤੇ ਵਸੀਲੇ ਹੋਣ ਦੇ ਬਾਵਜੂਦ ਵੀ ਉਹ ਪਲੇਅ ਬੋਆਏਅਰਥਾਤ ਅਯਾਸ਼ ਨਹੀਂ ਸੀ।
ਵਪਾਰ ਨੂੰ ਵਿਸਥਾਰਨ ਦੇ ਮਾਮਲੇ ਵਿਚ ਰੁੱਝਿਆ ਹੋਣ ਕਰਕੇ ਇਕ ਮਰਤਬਾ ਰਾਜ ਪੂਰਾ ਹਫਤਾ ਨਾ ਤਾਂ ਕਲੱਬ ਵਿਚ ਗਿਆ ਤੇ ਨਾ ਹੀ ਗੌਡੀਵਾ ਕੋਲ ਆ ਕੇ ਵੜ੍ਹਿਆ।ਉਸਦਾ ਫੋਨ ਵੀ ਅਕਸਰ ਬੰਦ ਹੁੰਦਾ। ਗੌਡੀਵਾ ਉਸਦੇ ਹਿਜਰ ਵਿਚ ਮਰਨ ਵਰਗੀ ਹੋ ਗਈ। ਉਹ ਦਿਨ ਰਾਤ ਫਲੈਟ ਵਿਚ ਪਈ ਤੜਫੀ ਰਹਿੰਦੀ।
ਰਾਜ ਆਇਆ ਤਾਂ ਉਹ ਉੱਡ ਕੇ ਰਾਜ ਦੇ ਗਲ੍ਹ ਨਾਲ ਜਾ ਲੱਗੀ। ਉਸਨੂੰ ਚਿਚੜੀ ਵਾਂਗ ਚਿੰਬੜ ਗਈ। ਖੁਸ਼ੀ ਅਤੇ ਵੇਗ ਵਿਚ ਪਾਗਲ ਹੋਈ ਨੇ ਉਹਨੇ ਰਾਜ ਦੇ ਕੱਪੜੇ ਫਾੜ ਦਿੱਤੇ। ਗੌਡੀਵੇ ਤੋਂ ਆਪਣੀ ਵਾਸਨਾ ਤੇ ਕਾਬੂ ਨਾ ਕਰ ਹੋਇਆ ਤੇ ਉਹ ਸਾਰੀ ਰਾਤ ਰਾਜ ਨੂੰ ਦੰਦੀਆਂ ਵੱਢ-ਵੱਢ ਚੂੰਡਦੀ ਰਹੀ।
ਸੁਬ੍ਹਾ ਹੋਈ ਤੇ ਰਾਜ ਜਦੋਂ ਉੱਠ ਕੇ ਜਾਣ ਲੱਗਾ ਤਾਂ ਗੌਡੀਵਾ ਨੇ ਉਸਦੇ ਉੱਪਰ ਲੇਟ ਕੇ ਉਸਨੂੰ ਨੂੜ ਲਿਆ, “ਨਹੀਂ ਰਾਜ ਜਾਉ ਨਾ। ਮੇਰਾ ਕੱਲੀ ਦਾ ਜੀਅ ਨਹੀਂ ਲੱਗਦਾ। ਮੈਂ ਤੁਹਾਡੇ ਬਿਨਾ ਇਕ ਪਲ ਨਹੀਂ ਰਹਿ ਸਕਦੀ।
ਜ਼ਿੱਦ ਨਹੀਂ ਕਰੀਦੀ ਗੋਡਾਇਵਾ। ਮੈਂ ਰਾਤ ਨੂੰ ਫਿਰ ਆ ਜਾਵਾਂਗਾ। ਹੁਣ ਮੈਨੂੰ ਜਾਣਾ ਪੈਣਾ ਹੈ। ਘਰੇ ਮੇਰੀ ਪਤਨੀ ਉਡੀਕ ਰਹੀ ਹੋਵੇਗੀ?” ਰਾਜ ਨੇ ਗੌਡੀਵਾ ਤੋਂ ਆਪਣੇ ਆਪ ਨੂੰ ਛੁਡਾਇਆ।
ਤੁਸੀਂ ਵਿਆਹੇ ਹੋ?” ਹੈਰਾਨੀ ਨਾਲ ਗੌਡੀਵਾ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ।
ਹਾਂ, ਮੇਰੇ ਦੋ ਬੱਚੇ ਵੀ ਹਨ।
ਪਰ ਤੁਸੀਂ ਕਦੇ ਦੱਸਿਆ ਨਹੀਂ।
ਤੂੰ ਕਦੇ ਪੁੱਛਿਆ ਨਹੀਂ।
ਅੱਛਾ ਮੈਂ ਸਮਝੀ। ਤੁਸੀਂ ਆਪਣੀ ਪਤਨੀ ਨੂੰ ਤਲਾਕ ਦੇ ਕੇ ਮੇਰੇ ਨਾਲ ਵਿਆਹ ਕਰਵਾ ਲਵੋਂਗੇ।
ਕੀ ਅਨਾਬ-ਸ਼ਨਾਬ ਬੱਕੀ ਜਾਂਦੀ ਹੈਂ।ਵਿਆਹ ਕਰਵਾਉਣ ਬਾਰੇ ਮੈਂ ਤੈਨੂੰ ਕਦੋਂ ਕਿਹੈ?”
ਪਰ ਤੁਸੀਂ ਆਪ ਹੀ ਤਾਂ ਕਹਿੰਦੇ ਹੁੰਦੇ ਹੋ ਕਿ ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਹੋ।
ਹਾਂ ਉਹ ਤਾਂ ਮੈਂ ਹੁਣ ਵੀ ਕਹਿਨਾਂ।ਪਿਆਰ ਕਰਨ ਲਈ ਵਿਆਹ ਕਰਵਾਉਣਾ ਜ਼ਰੂਰੀ ਨਹੀਂ।ਪਿਆਰ ਹੋਰ ਚੀਜ਼ ਹੈ ਤੇ ਵਿਆਹ ਹੋਰ ਚੀਜ਼।
ਫਿਰ ਆਪਣੇ ਜਿਸਮਾਨੀ ਤਅਲਕਾਤ? ਮੇਰਾ ਤੁਹਾਡੀ ਜ਼ਿੰਦਗੀ ਵਿਚ ਕੀ ਸਥਾਨ ਹੈ?”
ਸ਼ਰੀਰਕ ਸਬੰਧ ਅੱਜ ਦੇ ਜ਼ਮਾਨੇ ਵਿਚ ਕਿਤੇ ਕਿੱਡਾ ਕੁ ਵੱਡਾ ਹਊਆ ਹਨ। ਸੈਕਸ ਤਾਂ ਇਕ ਸ਼ਰੀਰਕ ਕਸਰਤ ਹੈ।ਤੂੰ ਮੇਰੀ ਰਖੇਲ ਹੈਂ।
ਰਖੇਲ ਸ਼ਬਦ ਬੰਬ ਵਾਂਗ ਗੌਡੀਵਾ ਦੇ ਕੰਨਾਂ ਵਿਚ ਫਟਿਆ। ਉਸ ਨੂੰ ਮਹਿਸੂਸ ਹੋਇਆ ਕਿ ਕਾਸ਼ ਰਾਜ ਰਖੇਲ ਦੀ ਬਜਾਏ ਪ੍ਰੇਮਿਕਾ ਹੀ ਆਖ ਦਿੰਦਾ।ਇਕ ਪਲ ਲਈ ਤਾਂ ਉਹ ਖਾਮੋਸ਼ ਹੋ ਕੇ ਸੋਗ ਦੀ ਲਹਿਰ ਵਿਚ ਡੁੱਬ ਗਈ। ਫਿਰ ਉਸਨੇ ਰਾਜ ਵੱਲੋਂ ਉਸ ਉੱਤੇ ਕੀਤੇ ਕਰਮਾਂ ਬਾਰੇ ਸੋਚਿਆ ਤੇ ਆਪਣੀ ਪੁਰਾਣੀ ਜ਼ਿੱਲਤ ਭਰੀ ਜ਼ਿੰਦਗੀ ਨੂੰ ਖਿਆਲਿਆ।ਉਸਦੇ ਮਨ ਨੇ ਦਿਮਾਗ ਤੋਂ ਬਾਗੀ ਹੋ ਕੇ ਰਾਜ ਦੇ ਕੀਤੇ ਨਾਮਕਰਨ ਵਾਲਾ ਰਿਸ਼ਤਾ ਤਤਫੱਟ ਕਬੂਲ ਲਿਆ।
ਰਾਜ ਤੇਰੀ ਰਖੇਲ ਬਣ ਕੇ ਰਹਿਣ ਵਿਚ ਵੀ ਮੈਂ ਮਾਣ ਮਹਿਸੂਸ ਕਰਦੀ ਹਾਂ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ ਕਿ ਤੁਸੀਂ ਮੇਰੇ ਨਾਲ ਕੋਈ ਰਿਸ਼ਤਾ ਤਾਂ ਜੋੜਿਆ ਹੈ। ਤੁਹਾਨੂੰ ਮੇਰੇ ਅਹਿਸਾਸਾਂ ਦੀ ਕਦਰ ਤਾਂ ਹੈ।ਤੁਹਾਡੇ ਮੂੰਹੋਂ ਰਖੇਲ ਸੁਣਨਾ ਵੀ ਬਹੁਤ ਰਸੀਲਾ ਅਤੇ ਰਸਭਿੰਨਾ ਲੱਗਦਾ ਹੈ।
ਰਖੇਲ ਦਾ ਤਾਂ ਬੰਦੇ ਤੇ ਘਰਵਾਲੀ ਨਾਲੋਂ ਵੀ ਵੱਧ ਅਧਿਕਾਰ ਅਤੇ ਰੋਹਬ ਹੁੰਦਾ ਹੈ। ਅਮੀਰ, ਰਾਜੇ-ਰਾਣੇ ਹਰਮਾਂ ਵਿਚ ਕਾਮੁਕ ਤ੍ਰਿਪਤੀ ਲਈ ਰਖੇਲਾਂ ਸਦੀਆਂ ਤੋਂ ਰੱਖਦੇ ਆਏ ਹਨ। ਸਾਡੇ ਪਟਿਆਲੇ ਵਾਲੇ ਰਾਜੇ ਦੇ ਤਾਂ ਹਰਮ ਵਿਚ 365 ਜਨਾਨੀਆਂ ਸਨ।
ਫਿਰ ਤਾਂ ਹਰੇਕ ਦੀ ਸਾਲ ਬਾਅਦ ਬਾਰੀ ਆਉਂਦੀ ਹੋਊ? ਬਾਕੀ ਦਿਨ ਤਾਂ ਪਹਿਰੇਦਾਰ ਜਾਂ ਮੰਤਰੀ ਸੰਤਰੀ ਨਜ਼ਾਰੇ ਲੈਂਦੇ ਹੋਣਗੇ?”
ਨਹੀਂ ਉਹਨੇ ਮਰਦਾਨਾ ਤਾਕਤ ਵਧਾਉਣ ਲਈ ਡਾਕਟਰ ਵੀ ਸਨ। ਰਖੇਲਾਂ ਦੀ ਛੇਤੀ ਵਾਰੀ ਆ ਜਾਂਦੀ ਹੁੰਦੀ ਸੀ। ਉਹ ਹਰਮ ਦੇ ਪਹਿਰੇ ਤੇ ਔਰਤਾਂ, ਹਿਜੜਿਆਂ ਜਾਂ ਨਿਪੁੰਨਸਕਾਂ ਨੂੰ ਰੱਖਦਾ ਹੁੰਦਾ ਸੀ।
ਗੌਡੀਵਾ ਰਾਜ ਦਾ ਪਹਿਲਾਂ  ਨਾਲੋਂ ਵੀ ਜ਼ਿਆਦਾ ਮੋਹ ਕਰਨ ਲੱਗ ਪਈ।ਅਜੀਬ ਕਿਸਮ ਖਿਚ ਗੌਡੀਵਾ ਦੇ ਮਨ ਵਿਚ ਪੈਦਾ ਹੋ ਗਈ। ਉਹ ਬੇਸਬਰੀ ਨਾਲ ਸਾਰਾ ਸਾਰਾ ਦਿਨ ਰਾਤ ਪੈਣ ਦਾ ਇੰਤਜ਼ਾਰ ਕਰਦੀ ਰਹਿੰਦੀ। ਰਾਤ ਦਾ ਨਹੀਂ ਬਲਕਿ ਉਹ ਤਾਂ ਰਾਜ ਦੀ ਉਡੀਕ ਕਰਦੀ।ਰਾਜ ਦਾ ਆਉਣਾ ਗੌਡੀਵਾ ਨੂੰ ਇੰਝ ਲੱਗਦਾ ਜਿਵੇਂ ਕ੍ਰਿਸਮਿਸ ਆ ਗਈ ਹੋਵੇ ਤੇ ਚਿਮਨੀ ਵਿਚ ਆ ਕੇ ਸੈਂਟਾ ਉਸਨੂੰ ਤੋਹਫਿਆਂ ਨਾਲ ਨਿਵਾਜ ਜਾਵੇਗਾ।
ਕਦੋਂ ਇਕ ਸਾਲ ਬੀਤ ਗਿਆ, ਉਸਨੂੰ ਪਤਾ ਹੀ ਨਾ ਚੱਲਿਆ। ਜਿਵੇਂ ਰਾਜ ਉਸਨੂੰ ਅਜੇ ਕੱਲ੍ਹ ਦੀ ਮਿਲਿਆ ਹੋਵੇ।ਗੌਡੀਵਾ ਨੇ ਕਲੰਡਰ ਤੇ ਨਿਗਾਹ ਮਾਰੀ ਉਸਨੂੰ ਕੁਝ ਹੋਰ ਵੀ ਯਾਦ ਆਇਆ। ਉਸਦੇ ਮਨਸਟੂਰਲ ਪੀਰੀਅਡਸ (ਮਹਾਂਵਾਰੀ) ਆਇਆ ਦੀ ਤਾਰੀਕ ਲੰਘੀ ਨੂੰ ਪੂਰੇ ਇਕੀ ਦਿਨ ਹੋ ਗਏ ਸਨ। ਉਸਨੇ ਫੌਰਨ ਆਪਣੇ ਜੀ ਪੀ ਦੇ ਐਮਰਜਸੀ ਅਪੋਇੰਟਮੈਂਟ ਬਣਾਈ ਤੇ ਗਰਭ ਟੈਸਟ ਕਰਵਾਇਆ। ਟੈਸਟ ਪੌਜ਼ਿਟਿਵ ਨਿਕਲ ਆਇਆ।ਨਰਸ ਤੋਂ ਆਪਣੇ ਗਰਭਵਤੀ ਹੋਣ ਦੀ ਖਬਰ ਸੁਣ ਕੇ ਉਹ ਅਹਿਸਾਸਹੀਣ ਹੋ ਗਈ।ਸਰਜਰੀ ਤੋਂ ਬਾਹਰ ਆ ਕੇ ਗੌਡੀਵਾ ਨੇ ਆਪਣੇ ਪੇਟ ਉੱਤੇ ਹੱਥ ਫੇਰ ਕੇ ਦੇਖਿਆ।ਉਸਨੂੰ ਸਕੂਨ, ਤ੍ਰਿਪਤੀ, ਸੰਤੁਸ਼ਟੀ ਜਿਹਾ ਕੋਈ ਸੁਖਾਵਾਂ ਅਹਿਸਾਸ ਹੋਇਆ। ਉਹ ਅਹਿਸਾਸ ਜੋ ਕੇਵਲ ਉਸਦੀ ਅਵਸਥਾ ਵਿਚ ਜਾ ਕੇ ਔਰਤ ਹੀ ਕਰ ਸਕਦੀ ਹੈ। ਉਹ ਅਹਿਸਾਸ ਜਿਸਨੂੰ ਮਰਦ ਚਾਹੁੰਦਿਆਂ ਹੋਇਆਂ ਵੀ ਕਦੇ ਮਹਿਸੂਸ ਨਹੀਂ ਕਰ ਸਕਦਾ।ਗੌਡੀਵਾ ਨੇ ਆਪਣੇ ਪੇਟ ਉੱਤੇ ਦੋਨੋਂ ਹੱਥ ਰੱਖ ਲਏ। ਉਸਨੂੰ ਲੱਗਿਆ ਜਿਵੇਂ ਅੰਦਰ ਕੁਝ ਧੜਕ ਰਿਹਾ ਹੋਵਾ ਜਾਂ ਕੋਈ ਅੰਦਰੋਂ ਕਿੱਕਾਂਮਾਰ ਰਿਹਾ ਹੋਵੇ। ਉਸਨੇ ਫੌਰਨ ਪਰਸ ਵਿਚੋਂ ਫੋਨ ਕੱਢਿਆ ਤੇ ਰਾਜ ਨੂੰ ਟੈਕਸਟ ਮੈਸਿਜ਼ ਕਰ ਦਿੱਤਾ, “ਵਧਾਈ ਹੋਵੇ ਰਾਜ, ਮੈਂ ਤੁਹਾਡੇ ਬੱਚੇ ਦੀ ਮਾਂ ਬਣਨ ਵਾਲੀ ਹਾਂ। ਮੈਂ ਗਰਵਤੀ ਹਾਂ।
ਜਿਉਂ ਹੀ ਗੌਡੀਵਾ ਫਲੈਟ ਵਿਚ ਆ ਕੇ ਵੜ੍ਹੀ ਉਸਦੇ ਮਗਰੇ ਹੀ ਰਾਜ ਆ ਗਿਆ। ਰਾਜ ਨੇ ਆਉਂਦੇ ਨੇ ਹੀ ਗੌਡੀਵਾ ਦੇ ਪੱਠੇ ਹੱਥ ਦੀ ਇਕ ਚਪੇੜ ਜੜ ਦਿੱਤੀ ਤੇ ਗੌਡੀਵਾ ਆਪਣਾ ਸੰਤੁਲਨ ਗੁਆ ਕੇ ਫਰਸ਼ ਤੇ ਡਿੱਗ ਪਈ, “ਇਹ ਕੀ ਰਾਜ?”
ਹਰਾਮਜ਼ਾਦੀਏ ਦੱਲੀਏ, ਮੇਰਾ ਤਲਾਕ ਕਰਵਾਉਣਾ ਚਾਹੁੰਦੀ ਐਂ?”
ਮੈਂ ਕੀ ਕੀਤੈ?”
ਆਹ ਮੈਸਿਜ਼ ਤੇਰੇ ਪਿਉ ਨੇ ਕੀਤੈ?”
ਪਰਪਰ ਮੈਂ ਤੁਹਾਨੂੰ ਖੁਸ਼ਖਬਰੀ ਦੇਣਾ ਚਾਹੁੰਦੀ ਸੀ।ਆਹ ਦੇਖੋ ਮੇਰਾ ਪਰੈਂਗਨੈਸੀ ਟੈਸਟ ਪੌਜ਼ਿਟਵ ਆਇਆ ਹੈ।ਗੌਡਾਇਵਾ ਨੇ ਟੈਸਟ ਕਿੱਟ ਰਾਜ ਵੱਲ ਵਧਾਈ।
ਸਾਲੀ ਖੁਸ਼ਖਬਰੀ ਦੀ।ਵੱਢ ਕੇ ਰੱਖਦੂੰ।ਤੈਨੂੰ ਨਿਆਣੇ ਜੰਮਣ ਨੂੰ ਕੀਹਨੇ ਕਿਹੈ? ਚੱਲ ਸਕਾਟਲੈਂਡ ਚੱਲੀਏ। ਤੇਰਾ ਅਬੋਰਸ਼ਨ ਕਰਵਾ ਦਿੰਨੇ ਆਂ।
ਨਾ ਰਾਜ, ਪਲੀਜ਼ ਇਹ ਜ਼ੁਲਮ ਨਾ ਕਰੋ। ਇਹ ਆਪਣੇ ਪਿਆਰ ਦੀ ਨਿਸ਼ਾਨੀ ਹੈ। ਔਰਤ ਮਾਂ ਬਣਨ ਬਾਅਦ ਸੰਪੂਰਨ ਬਣਦੀ ਹੈ।
ਮੈਂ ਕੁਝ ਨਹੀਂ ਸੁਣਨਾ। ਉੱਠ ਕੇ ਤੁਰ ਪੈ। ਨਹੀਂ ਮੈਂ ਘੜੀਸ ਕੇ ਲਿਜਾਊਂ।
ਰਾਜ, ਮੇਰੀ ਗੱਲ ਤਾਂ ਸੁਣੋ। ਮੈਂ ਇਕੱਲੀ ਇਹ ਬੱਚਾ ਪਾਲ ਲਵਾਂਗੀ। ਤੁਹਾਡੇ ਕਿਰਦਾਰ ਉੱਤੇ ਇਕ ਵੀ ਹਰਫ ਨਹੀਂ ਆਉਣ ਦਿੰਦੀ।
ਤੈਥੋਂ ਆਪਣਾ ਆਪ ਤਾਂ ਪਾਲ ਨ੍ਹੀਂ ਹੁੰਦਾ। ਮੇਰੀ ਦੌਲਤ ਨਾਲ ਧੱਲੇ ਦੀਆਂ ਲਾਉਂਦੀ ਦਾ ਤੇਰਾ ਦਿਮਾਗ ਖਰਾਬ ਹੋ ਗਿਐ। ਕੋਈ ਨ੍ਹੀਂ ਹੁਣੇ ਟਿਕਾਣੇ ਤੇ ਲਿਆ ਦਿੰਨਾਂ।ਰਾਜ ਨੇ ਗੌਡੀਵਾ ਨੂੰ ਮੋਢਿਆਂ ਤੋਂ ਫੜ੍ਹਿਆ ਤੇ ਪੰਡ ਚੁੱਕਣ ਵਾਂਡ ਚੁੱਕ ਕੇ ਉਸਨੂੰ ਲੈ ਤੁਰਿਆ।ਗੱਡੀ ਦੀ ਪਿਛਲੀ ਤਾਕੀ ਖੋਲ੍ਹਕੇ ਉਸਨੇ ਕੂੜਾ ਸਿੱਟਣ ਨਿਆਈ ਗੌਡੀਵਾ ਨੂੰ ਪਿਛਲੀ ਸੀਟ ਉੱਤੇ ਸਿੱਟ ਦਿੱਤਾ। ਗੌਡੀਵਾ ਨੇ ਰਾਜ ਦਾ ਇਹ ਵਿਕਰਾਲ ਰੂਪ ਪਹਿਲਾਂ ਕਦੇ ਨਹੀਂ ਸੀ ਦੇਖਿਆ।ਸਾਰਾ ਰਸਤਾ ਉਹ ਰਾਜ ਦੀਆਂ ਮਿੰਨਤਾਂ ਕਰਦੀ ਰਹੀ। ਲੇਕਿਨ ਰਾਜ ਨੇ ਉਸਦੀ ਇਕ ਨਾ ਸੁਣੀ ਤੇ ਰਸਤੇ ਵਿਚੋਂ ਹੀ ਫੋਨ ਕਰਕੇ ਡਾਕਟਰ ਦਾ ਪ੍ਰਬੰਧ ਕਰ ਲਿਆ। ਗੌਡੀਵਾ ਚੱਲਦੀ ਕਾਰ ਵਿਚੋਂ ਛਾਲ ਮਾਰਨ ਦੇ ਮਕਸਦ ਨਾਲ ਕਾਰ ਦੀ ਬਾਰੀ ਖੋਲ੍ਹਣੀ ਚਾਹੀ ਪਰ ਚਾਇਲਡਲੌਕ ਲੱਗਿਆ ਹੋਣ ਕਰਕੇ ਉਹ ਅੰਦਰੋਂ ਨਾ ਖੁੱਲੀ। ਰਾਜ ਉਸਦਾ ਇਰਾਦਾ ਸਮਝ ਗਿਆ। ਉਸਨੇ ਖੱਬੇ ਹੱਥ ਨਾਲ ਕੋਟ ਦੀ ਸੱਜੀ ਜੇਬ ਵਿਚੋਂ ਕੋਈ ਸਪਰੇ ਕੱਢੀ ਤੇ ਗੌਡੀਵਾ ਦੇ ਚਿਹਰੇ ਉੱਤੇ ਛਿੜਕ ਦਿੱਤੀ। ਅਗਲੇ ਹੀ ਪਲ ਗੌਡੀਵਾ ਬੇਹੋਸ਼ ਹੋ ਕੇ ਡਿੱਗ ਪਈ।
ਅਗਲੀ ਸੁਬ੍ਹਾ ਗੌਡੀਵਾ ਜਾਗੀ ਤਾਂ ਉਸਨੇ ਆਪਣੇ ਆਪਨੂੰ ਆਪਣੇ ਫਲੈਟ ਵਿਚ ਬਿਸਤਰੇ ਤੇ ਲੇਟੀ ਪਾਇਆ। ਗੌਡੀਵਾ ਨੇ ਉੱਠ ਕੇ ਦੇਖਿਆ ਉਸਦੇ ਕਪੜ੍ਹਿਆਂ ਨੂੰ ਖੂਨ ਲੱਗਿਆ ਹੋਇਆ ਸੀ। ਬਿਸਤਰੇ ਦੇ ਸਿਰਹਾਣੇ ਇਕ ਖਤ ਪਿਆ ਸੀ, ਜੋ ਰਾਜ ਲਿਖ ਕੇ ਉਸ ਲਈ ਛੱਡ ਗਿਆ ਸੀ।ਗੌਡੀਵਾ ਨੇ ਚਿੱਠੀ ਚੁੱਕ ਕੇ ਉਸਦੀ ਇਬਾਰਤ ਪੜ੍ਹੀ, “ਗਰਭਪਾਤ ਹੋ ਗਿਆ ਹੈ। ਇਕ ਦੋ ਦਿਨ ਅਰਾਮ ਕਰੀਂ। ਸਿਰਹਾਣੇ ਪਈਆਂ ਦਵਾਈਆਂ ਯਾਦ ਨਾਲ ਬਿਨ ਨਾਗਾਂ ਖਾਹ ਲਵੀ। ਹੁਣ ਜੋ ਹੋ ਗਿਆ ਸੋ ਹੋ ਗਿਆ। ਅੱਗੇ ਤੋਂ ਆਪਣੀ ਔਕਾਤ ਵਿਚ ਰਹੀਂ। ਮੈਂ ਜੇ ਤੈਨੂੰ ਬਣਾ ਸਕਦਾ ਹਾਂ ਤਾਂ ਢਾਹ ਵੀ ਸਕਦਾ ਹਾਂ।
ਗੌਡੀਵਾ ਸਾਰਾ ਦਿਨ ਪਲੰਘ ਤੇ ਪਈ ਆਪਣੇ ਪੇਟ ਉੱਤੇ ਹੱਥ ਫੇਰ ਫੇਰ ਕੇ ਰੋਂਦੀ ਹੋਈ ਕੁਝ ਸੋਚਦੀ ਰਹੀ। ਦੇਰ ਰਾਤ ਨੂੰ ਉਹ ਆਪਣੇ ਕਮਜ਼ੋਰ ਸ਼ਰੀਰ ਦੀ ਸਾਰੀ ਤਾਕਤ ਲਗਾ ਕੇ ਉੱਠੀ ਤੇ ਉਸਨੇ ਰਸੋਈ ਵਿਚ ਜਾ ਕੇ ਸਿਰ ਦਰਦ ਦੀਆਂ ਕੋਕੋਡਾਮੋਲ ਦੀਆਂ ਗੋਲੀਆਂ ਦੀ ਵੱਡੀ ਸਾਰੀ ਡੱਬੀ ਚੁੱਕੀ ਤੇ ਪੱਤਿਆਂ ਵਿਚੋਂ ਇਕ ਇਕ ਕਰਕੇ ਸਾਰੀਆਂ ਗੋਲੀਆਂ ਕੱਢ ਕੇ ਮਿਕਸਰ ਵਿਚ ਪਾਈਆਂ ਉਹਨਾਂ ਦਾ ਪੀਠ ਕੇ ਪਾਉਡਰ ਬਣਾ ਲਿਆ। ਉਸ ਪਾਉਡਰ ਨੂੰ ਉਸਨੇ ਪਾਣੀ ਦੇ ਅੱਧੇ ਭਰੇ ਜੱਗ ਵਿਚ ਘੋਲਿਆ ਤੇ ਡੀਕ ਲਾ ਕੇ ਪੀਣ ਲੱਗ ਪਈ। ਕੁੜੱਤਣ ਕਾਰਨ ਉਸਨੂੰ ਇਕ ਦੋ ਵਾਰ ਉਲਟੀ ਵੀ ਆਉਣ ਲੱਗੀ। ਪਰ ਉਹ ਰੁਕ ਰੁਕ ਕੇ ਸਾਰਾ ਦਵਾਈ ਵਾਲਾ ਪਾਣੀ ਪੀ ਗਈ।
ਅਗਲੇ ਦਿਨ ਰਾਜ ਗੌਡੀਵਾ ਦਾ ਹਾਲ ਪੁੱਛਣ ਆਇਆ ਤਾਂ ਉਸਦਾ ਭੌਰ ਵਜੂਦ ਵਿਚੋਂ ਕੂਚ ਕਰ ਚੁੱਕਾ ਸੀ। ਗੌਡੀਵਾ ਨੂੰ ਮਰੀ ਪਾ ਕੇ ਰਾਜ ਤੋਂ ਆਪਣੇ ਹੰਝੂ ਨਾ ਰੋਕ ਹੋਏ। ਉਸਨੇ ਪੁਲਿਸ ਅਤੇ ਗੌਡੀਵਾ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ।
ਹਫਤੇ ਬਾਅਦ ਗੌਡੀਵਾ ਨੂੰ ਸੈਂਡਵੈੱਲ ਵੈਲੀ ਵਿਚ ਦਫਨਾ ਦਿੱਤਾ ਗਿਆ।ਉਸਦੀ ਕਬਰ ਤੇ ਸਜੇ ਫੁੱਲ ਦੇਖ ਕੇ ਰਾਜ ਨੂੰ ਲੱਗਦਾ ਜਿਵੇਂ ਗੌਡੀਵਾ ਹੱਸ ਰਹੀ ਹੋਵੇ। ਰਾਜ ਉਸਦਾ ਮਾਤਮ ਮਨਾਉਣ ਗੌਡੀਵਾ ਦੇ ਫਲੈਟ ਵਿਚ ਚਲਿਆ ਗਿਆ। ਫਲੈਟ ਦੀ ਹਰ ਇਕ ਚੀਜ਼ ਗੌਡੀਵਾ ਦੀ ਯਾਦ ਸਮੇਟੀ ਹੋਈ ਸੀ। ਰਾਜ ਦੇ ਹੰਝੂ ਕਿਰਨੇ ਬੰਦ ਨਹੀਂ ਸਨ ਹੋਏ ਕਿ ਫਲੈਟ ਵਿਚ ਗੌਡੀਵਾ ਦੀ ਭੈਣ ਵਿਰੌਨਕਾ ਗੌਡੀਵਾ ਦੀਆਂ ਯਾਦ ਵਜੋਂ ਕੁਝ ਚੀਜ਼ਾਂ ਲੈਣ ਆ ਗਈ। ਰਾਜ ਨਾਲ ਉਹ ਕਿੰਨੀ ਦੇਰ ਗੌਡੀਵਾ ਦੀ ਜ਼ਿੰਦਗੀ ਦੀਆਂ ਯਾਦਾਂ ਤਾਜ਼ੀਆਂ ਕਰਦੀ ਰਹੀ।ਵਿਰੌਨਿਕਾ ਨੇ ਕਈ ਵਾਕ ਅਜਿਹੇ ਬੋਲੇ ਜੋ ਰਾਜ ਨੇ ਗੌਡੀਵਾ ਦੇ ਮੂੰਹੋਂ ਸੁਣੇ ਹੋਏ ਸਨ।
ਰਾਜ ਨੇ ਵਿਰੌਨਿਕਾ ਵੱਲ ਗੌਹ ਨਾਲ ਦੇਖਿਆ। ਬਿਲਕੁਲ ਗੌਡੀਵਾ ਵਾਲਾ ਮੜੰਗਾ, ਇੰਨ-ਬਿੰਨ ਉਹੀ ਨੈਣ ਨਕਸ਼, ਉਹੀ ਅਵਾਜ਼, ਉਨਾ ਕੱਦ ਕਾਠ, ਉਹੋ ਜਿਹੇ ਕੱਕੇ ਵਾਲ, ਜਮਾ ਸਾਹਵੀਆਂ ਭੂਰੀਆਂ ਅੱਖਾਂ।
ਵਿਰੌਨਿਕਾ ਮੈਨੂੰ ਤੇਰੇ ਵਿਚੋਂ ਗੌਡੀਵਾ ਦੀ ਰੂਹ ਦਿਸਦੀ ਐ।
ਰਾਜ ਗੌਡੀਵਾ ਮਰ ਗਈ ਹੈ।ਵਿਰੌਨਕਾ ਨੇ ਹਟਕੋਰੇ ਲਏ।
ਵਿਰੌਨਿਕਾ ਕੀ ਤੂੰ ਗੌਡੀਵਾ ਦੀ ਕਮੀ ਪੂਰੀ ਕਰੇਂਗੀ। ਮੈਂ ਤੈਨੂੰ ਉਹਦੇ ਵਾਂਗ ਪਿਆਰ ਕਰੂੰਗਾ।ਬੋਲ ਗੌਡੀਵਾ ਦੀ ਜਗ੍ਹਾ ਲੈ ਕੇ ਮੇਰੀ ਜ਼ਿੰਦਗੀ ਦੇ ਖਲਾਅ ਨੂੰ ਭਰੇਂਗੀ?”
ਮਜਬੂਰ ਵਿਰੌਨਕਾ ਬੋਲੀ, “ਹਾਂ ਰਾਜ ਹਾਂ।
ਅੱਜ ਤੋਂ ਤੂੰ ਇਸ ਫਲੇਟ ਵਿਚ ਰਹੇਂਗੀ ਮੇਰੀ ਗੌਡੀਵਾ ਬਣ ਕੇ।ਰਾਜ ਨੇ ਉੱਠ ਕੇ ਵਿਰੌਨਿਕਾ ਨੂੰ ਕਲਾਵੇ ਵਿਚ ਲੈ ਲਿਆ। ਰਾਜ ਨੂੰ ਉਹੀ ਗੌਡੀਵਾ ਦੇ ਜਿਸਮ ਵਾਲਾ ਵਿਰੌਨਿਕਾ ਵਿਚੋਂ ਸੇਕ ਮਹਿਸੂਸ ਹੋਇਆ ਤੇ ਮੂੰਹੋਂ ਸੁਭਾਵਿਕ ਹੀ ਨਿਕਲ ਗਿਆ, “ਗੌਡੀਵਾ ਮਰੀ ਨਹੀਂ, ਗੌਡੀਵਾ ਜਿੰਦਾ ਹੈ। ਗੌਡੀਵਾ ਮੇਰੀਆਂ ਬਾਹਾਂ ਵਿਚ ਹੈ।ਰਾਜ ਨੇ ਵਾਲਾਂ ਦਾ ਕਲਿਪ ਖੋਲ੍ਹ ਕੇ ਨਵੀਂ ਪੈਦਾ ਹੋਈ ਗੌਡੀਵਾ ਦੇ ਵਾਲ ਖੋਲ੍ਹ ਕੇ ਹੱਥ ਨਾਲ ਖਿਲਾਰ ਦਿੱਤੇ।

***

Print this post

No comments:

Post a Comment