ਗੌਡੀਵਾ ਜਿੰਦਾ ਹੈ (2)
“ਪਹਿਲਾਂ ਆਪਣੇ ਆਪ ਨੂੰ ਤਾਂ ਸੁਧਾਰ ਲਉ। ਐਡੇ ਵੱਡੇ ਬੰਦੇ ਹੋ ਕੇ ਤੁਹਾਨੂੰ ਔਰਤ ਨਾਲ ਗੱਲ ਕਰਨ ਦੀ ਤਮੀਜ਼ ਨਹੀਂ ਆਈ? ਤੁਹਾਨੂੰ ਸ਼ਰਮ ਆਉਂਣੀ ਚਾਹੀਦੀ ਹੈ। ਮੈਂ ਤੁਹਾਡੀਆਂ ਬੱਚੀਆਂ ਦੀ ਉਮਰ ਦੀ ਹਾਂ।” ਐਨਾ ਆਖ ਕੇ ਗੌਡੀਵਾ ਨੇ ਗੁੱਸੇ ਵਿਚ ਫੋਟੋਗ੍ਰਾਫਰ ਦੇ ਥੱਪੜ ਜੜ੍ਹ ਦਿੱਤਾ ਸੀ।
“ਹਰ ਔਰਤ ਵਿਕਾਉ ਨਹੀਂ ਹੁੰਦੀ। ਉਮੀਦ ਹੈ ਇਸ ਤਮਾਚੇ ਨਾਲ ਤੁਹਾਨੂੰ ਕੋਈ ਅਕਲ ਆ ਜਾਵੇਗੀ।” ਗੌਡੀਵਾ ਹੱਥ ਵਿਚ ਫੜ੍ਹੀ ਸੀ. ਵੀ. ਫੋਟੋਗ੍ਰਾਫਰ ਦੇ ਮੂੰਹ ਉੱਤੇ ਮਾਰ ਕੇ ਪੈਰ ਪਟਕਦੀ ਹੋਈ ਉੱਥੋਂ ਵਾਪਿਸ ਘਰ ਆ ਗਈ ਸੀ।
ਇਸ ਘਟਨਾ ਦੇ ਕੌੜੇ ਤਜ਼ਰਬੇ ਉਪਰੰਤ ਗੌਡੀਵਾ ਨੇ ਕਿਸੇ ਮਾਡਲਿੰਗ ਏਜੰਸੀ ਨਾਲ ਸੰਪਰਕ ਨਹੀਂ ਸੀ ਕੀਤਾ। ਉਸਦਾ ਮਨ ਖੱਟਾ ਹੋ ਗਿਆ ਸੀ। ਜਾਂ ਆਖ ਲਵੋ, ਉਸਦਾ ਹੀਆਂ ਹੀ ਨਹੀਂ ਸੀ ਪਿਆ। ਉਹ ਸਟੋਰਾਂ, ਸ਼ਾਪਿੰਗਸੈਂਟਰਾਂ, ਦੁਕਾਨਾਂ, ਰੈਸਟੋਰੈਂਟਾਂ, ਫੈਕਟਰੀਆਂ ਵਿਚ ਸਾਰਾ ਸਾਰਾ ਦਿਨ ਨੌਕਰੀ ਦੀ ਤਲਾਸ਼ ਵਿਚ ਭਟਕਦੀ ਰਹਿੰਦੀ। ਪਰ ਕਿਤੋਂ ਵੀ ਸਫਲਤਾ ਉਸਦੇ ਹੱਥ ਨਾ ਲੱਗਦੀ। ਅਮਰੀਕਾ ਦੇ ਧੱਕੇ ਚੜ੍ਹ ਕੇ ਇੰਗਲੈਂਡ ਵੱਲੋਂ ਇਰਾਕ ’ਤੇ ਕੀਤੇ ਹਮਲੇ ਬਾਅਦ ਮਨੁੱਖੀ ਅਧਿਕਾਰਾਂ ਦੇ ਕਾਨੂੰਨ ਤਹਿਤ ਅਨੇਕਾਂ ਇਰਾਕੀਆਂ ਨੇ ਆ ਕੇ ਇੰਗਲੈਂਡ ਵਿਚ ਸ਼ਰਨ ਲੈ ਲਈ ਸੀ। ਜਿਸ ਨਾਲ ਇੰਗਲੈਂਡ ਦੀ ਅਬਾਦੀ ਵਿਚ ਵਾਧਾ ਹੋਣਾ ਲਾਜ਼ਮੀ ਸੀ। ਫਿਰ ਯੂਰਪੀਅਨ ਯੂਨੀਅਨ ਸੰਘ ਵਿਚ ਰਲਣ ਕਰਕੇ ਯੂਰਪੀਅਨ ਲੋਕਾਂ ਦੀ ਇੰਗਲੈਂਡ ਵਿਚ ਆਮਦ ਹੋ ਗਈ। ਪੌਲੈਂਡ, ਰੂਸ, ਜਰਮਨ, ਚੈਕਲਸੁਵਾਕੀਆ, ਲੈਟਵੀਆ ਆਦਿ ਗਰੀਬ ਮੁਲਖਾਂ ਦੇ ਬਾਸ਼ੀਦੇ ਇੰਗਲੈਂਡ ਵਿਚ ਰੋਜ਼ੀ ਰੋਟੀ ਕਮਾਉਣ ਦੇ ਮੰਤਵ ਨਾਲ ਆ ਗਏ।ਜਿਸ ਨਾਲ ਇੰਗਲੈਂਡ ਵਿਚ ਬੇਰੋਜ਼ਗਾਰੀ ਦੀ ਦਰ ਤੇਜ਼ੀ ਨਾਲ ਵਧਣ ਲੱਗੀ। ਨੌਕਰੀਆਂ ਉੱਤੇ ਯੂਰਪੀਅਨ ਲੋਕਾਂ ਨੂੰ ਤਰਜ਼ੀਹ ਦਿੱਤੀ ਜਾਣ ਲੱਗੀ। ਇੰਗਲੈਂਡ ਦੇ ਅੰਗਰੇਜ਼ ਅਤੇ ਪੱਕੇ ਨਾਗਰਿਕ ਬੇਰੋਜ਼ਗਾਰ ਹੋ ਗਏ। ਲੋਕ ਪਿਟਣ ਲੱਗੇ। ਪਰ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ ਸੀ।ਡਿਗਰੀਆਂ, ਯੋਗਤਾਵਾਂ, ਹੁਨਰਮੰਦ ਅਤੇ ਤਜ਼ਰਬਿਆਂ ਵਾਲੇ ਇੰਗਲਿਸ਼ਤਾਨੀਏ ਸਰਕਾਰੀ ਭੱਤਿਆਂ ’ਤੇ ਗੁਜ਼ਾਰਾ ਕਰਨ ਯੋਗੇ ਰਹਿ ਗਏ।ਅਜਿਹੀ ਸਥਿਤੀ ਵਿਚੋਂ ਗੁਜ਼ਰ ਰਹੇ ਮੁਲਖ ਵਿਚ ਗੌਡੀਵਾ ਵਰਗੀ ਸਧਾਰਨ ਲੜਕੀ ਲਈ ਰੁਜ਼ਗਾਰ ਲੱਭਣਾ ਤਾਂ ਹੋਰ ਵੀ ਮੁਸ਼ਕਿਲ ਗੱਲ ਸੀ।
ਇਕ ਦਿਨ ਨੌਕਰੀ ਦੀ ਜੂਸਤਜੂ ਵਿਚ ਜੌਬ ਸੈਂਟਰਾਂ ਅਤੇ ਸ਼ਾਪਿੰਗ ਸੈਂਟਰਾਂ ਦੀ ਖਾਕ ਛਾਣਦਿਆਂ ਗੌਡੀਵਾ ਥੱਕ ਟੁੱਟ ਕੇ ਚੂਰ ਹੋਈ ਸ਼ਾਪਿੰਗ ਸੈਂਟਰ ਦੇ ਆਰਕੇਡ ਵਿਚ ਬੈਂਚ ਉੱਤੇ ਬੈਠੀ ਸੀ।
ਮਾਯੂਸੀ ਦੇ ਆਲਮ ਵਿਚ ਘਿਰੀ ਹੋਈ ਨੂੰ ਗੌਡੀਵਾ ਨੂੰ ਦੇਖ ਕੇ ਉਹਦੇ ਕੋਲ ਇਕ ਪੰਜਾਹ ਕੁ ਸਾਲਾਂ ਦੀ ਔਰਤ ਆ ਕੇ ਬੈਠ ਗਈ ਸੀ। ਗੌਡੀਵਾ ਨੇ ਉਸ ਵੱਲ ਦੇਖਿਆ।ਉਸ ਔਰਤ ਨੇ ਆਪਣੇ ਚਿਹਰੇ ਦੀਆਂ ਝੂਰੜੀਆਂ ਨੂੰ ਮੇਅਕਪ ਅਤੇ ਫਾਊਂਡੇਸ਼ਨ ਵਿਚ ਲਕੋਇਆ ਹੋਇਆ ਸੀ।ਸ਼ਰੀਰ ਬਣਤਰ ਤੋਂ ਫਿੱਟ ਅਤੇ ਪਹਿਨੇ ਹੋਏ ਮਹਿੰਗੇ ਸਕਰਟ ਸੂਟ ਕਾਰਨ ਦੇਖਣ ਨੂੰ ਉਹ ਆਕਰਸ਼ਕ ਲੱਗਦੀ ਸੀ।
ਉਸ ਅਜਨਬੀ ਔਰਤ ਨੇ ਗੌਡੀਵਾ ਦੀਆਂ ਅੱਖਾਂ ਵਿਚ ਅੱਖਾਂ ਪਾਈਆਂ ਸਨ, “ਬੜੀ ਉਦਾਸ ਲੱਗਦੀ ਹੈਂ। ਬੋਆਏ ਫਰੈਂਡ ਨਾਲ ਝਗੜਾ, ਕਰਜੇ ਦਾ ਬੋਝ ਜਾਂ ਨੌਕਰੀ ਦਾ ਮਸਲਾ?”
“ਤਿੰਨੋਂ। ਪਰ ਤੁਹਾਨੂੰ ਕਿਵੇਂ ਪਤਾ ਲੱਗਾ?” ਗੌਡੀਵਾ ਦੀ ਥੱਕੀ ਅਤੇ ਕੰਬਦੀ ਅਵਾਜ਼ ਨਿੱਕਲੀ ਸੀ।
“ਤਿੰਨ ਹੀ ਤਾਂ ਮਸਲੇ ਨੇ ਅੱਜ ਦੇ ਦੌਰ ਵਿਚ ਇੰਗਲੈਂਡੀਆਂ ਦੇ।ਬੇਰੋਜ਼ਗਾਰ ਐਂ ਤਾਂ ਪਹਿਲਾਂ ਨੌਕਰੀ ਦਾ ਮਸਲਾ ਨਜਿੱਠ ਲੈ। ਬਾਕੀ ਦੋ ਆਪੇ ਹੱਲ ਹੋ ਜਾਣਗੇ।”
“ਮੈਂ ਤਾਂ ਸਿਰ ਤੋੜ ਕੋਸ਼ਿਸ਼ਾਂ ਕੀਤੀਆਂ ਹਨ। ਪਰ ਕੀ ਕਰਾਂ? ਕਿਧਰੇ ਵੀ ਹੱਥ ਨਹੀਂ ਪੈਂਦਾ। ਹਰ ਥਾਂ ਤੋਂ ਨਿਰਾਸ਼ਾਂ ਹੀ ਹੱਥ ਲੱਗਦੀ ਹੈ।ਮੈਨੂੰ ਤਾਂ ਪੱਬਾਂ ਵਿਚ ਕੋਈ ਗਿਲਾਸ ਭਰਨ ਲਈ ਵੀ ਨਹੀਂ ਰੱਖਦਾ।”
“ਮੇਰੇ ਲਈ ਕੰਮ ਕਰੇਂਗੀ? ਏਸਕੌਰਟਿੰਗ ਏਜੰਸੀ ਹੈ ਮੇਰੀ।”
“ਮੈਨੂੰ ਕੰਮ ਕਰਨਾ ਕੀ ਪਊਗਾ?”
“ਕੁਝ ਖਾਸ ਨਹੀਂ। ਬਸ ਸਮਝ ਲੈ ਐਸ਼-ਅਯਾਸ਼ੀ ਕਰਨੀ ਪਵੇਗੀ ਤੇ ਜਿਸ ਲਈ ਤੈਨੂੰ ਨੋਟ ਮਿਲਗੇ। ਵੱਡੇ ਵੱਡੇ ਵਪਾਰੀ, ਬਿਜ਼ਨਸ ਟਾਇਕੂਨ, ਮੰਤਰੀ, ਰਾਜਦੂਤ, ਪ੍ਰਸਿੱਧ ਹਸਤੀਆਂ, ਉੱਘੇ ਖਿਡਾਰੀ। ਦੇਸੀ… ਵਿਦੇਸ਼ੀ। ਇਕ ਤੋਂ ਵੱਧਕੇ ਇਕ ਅਮੀਰ ਮੇਰਾ ਗਾਹਕ ਹੈ।ਬਸ ਉਹਨਾਂ ਦਾ ਕੁਝ ਦੇਰ ਲਈ ਦਿਲ ਲਵਾਉਣਾ ਹੈ। ਉਹਨਾਂ ਦਾ ਮਨੋਰੰਜਨ ਕਰਨਾ ਹੈ।”
“ਕੀ ਮਤਲਬ?”
“ਮਤਲਬ। ਅਮੀਰ ਲੋਕਾਂ ਨਾਲ ਰੋਲਜ਼ ਰੋਇਸ, ਬੈਂਟਲੀ, ਲਿਮੋਜ਼ੀਨ, ਛੋਫਰ ਡਰਿਵਨ ਕਾਰਾਂ ਵਿਚ ਬੈਠ ਕੇ ਹਿਆਤ, ਰਿਜ਼ੈਂਸੀ ਵਰਗੇ ਫਾਇਵ ਸਟਾਰ ਹੋਟਲਾਂ ਵਿਚ ਜਾ ਕੇ ਭੋਜਨ ਖਾਣਾ, ਸ਼ਰਾਬਾਂ, ਸ਼ੈਮਪੇਨਾਂ ਪੀਣੀਆਂ। ਉਹਨਾਂ ਨੂੰ ਸੰਗਤ ਦੇਣੀ ਹੈ। ਉਹਨਾਂ ਦਾ ਦਿਲ ਬਹਿਲਾਉਣ ਲਈ ਉਹਨਾਂ ਦੀਆਂ ਝੂਠੀਆਂ ਮੂਠੀਆਂ ਤਾਰੀਫਾਂ ਕਰਨੀਆਂ ਅਤੇ ਉਹਨਾਂ ਨੂੰ ਅਹਿਸਾਸ ਕਰਵਾਉਣਾ ਹੈ ਕਿ ਉਹ ਇਸ ਦੁਨੀਆਂ ਵਿਚ ਇਕੱਲੇ ਨਹੀਂ ਹਨ। ਉਹਨਾਂ ਨੂੰ ਕੋਈ ਚਾਹੁਣ ਵਾਲਾ ਵੀ ਹੈ।ਅਮੀਰ ਲੋਕ ਭਰਮ ਦੇ ਕਿਲ੍ਹੇ ਵਿਚ ਜਿਉਂ ਰਹੇ ਹੁੰਦੇ ਹਨ। ਉਨ੍ਹਾਂ ਨੂੰ ਉਸੇ ਵਿਚ ਹੀ ਕੈਦ ਕਰਕੇ ਰੱਖਣਾ ਹੈ।ਕੰਮ ਕੋਈ ਬਹੁਤਾ ਮੁਸ਼ਕਿਲ ਨਹੀਂ ਹੈ। ਨਾਵਾਂ ਵੀ ਸੋਹਣਾ ਬਣਦਾ ਹੈ।”
“ਕੀ ਇਸ ਕੰਮ ਵਿਚ ਮੈਨੂੰ ਆਪਣਾ ਜਿਸਮ ਵੀ ਦਾਅ ’ਤੇ ਲਾਉਣਾ ਪਵੇਗਾ?”
“ਮੈਂ ਸਿਰਫ ਏਸਕੌਰਟਿੰਗ ਦਾ ਕੰਮ ਕਰਦੀ ਹਾਂ।ਜਿਸਮਫਰੋਸ਼ੀ ਨਹੀਂ। ਹਾਂ ਕੋਈ ਗਾਹਕ ਤੈਨੂੰ ਚੰਗਾ ਲੱਗੇ ਤੇ ਉਸ ਨਾਲ ਤੇਰੀ ਸਹੀ ਸੌਦੇਬਾਜ਼ੀ ਹੋ ਜਾਵੇ ਤਾਂ ਤੇਰੀ ਇੱਛਾ ਹੈ। ਤੇਰੇ ਗਾਹਕ ਨਾਲ ਹਮਬਿਸਤਰੀ ਕਰਨ ਵਿਚ ਮੈਨੂੰ ਕੋਈ ਇਤਰਾਜ਼ ਨਹੀਂ। ਤੇਰਾ ਜਿਸਮ ਹੈ, ਤੂੰ ਇਸ ਨਾਲ ਜੋ ਮਰਜ਼ੀ ਕਰ। ਮੇਰਾ ਉਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਵੈਸੇ ਵੀ ਸੈਕਸ ਤਾਂ ਇਕ ਵਿਸਮਾਦਮਈ ਸੁਪਨਾ ਹੁੰਦਾ ਹੈ, ਜਿਆਦਾ ਦੇਰ ਨਹੀਂ ਰਹਿੰਦਾ ਤੇ ਅਖੀਰ ਤੇ ਜਿਸਨੇ ਟੁੱਟਣਾ ਹੁੰਦਾ ਹੈ।”
“ਹੂੰਅ, ਮੈਂ ਸੋਚੂੰਗੀ।”
“ਕਿਸਮਤ ਜਦੋਂ ਬੂਹੇ ’ਤੇ ਦਸਤਕ ਦੇ ਰਹੀ ਹੋਵੇ ਤਾਂ ਕੁੰਡਾ ਖੋਲ੍ਹਣ ਵਿਚ ਬਹੁਤੀ ਦੇਰ ਨਹੀਂ ਕਰੀਦੀ, ਕਿਉਂਕਿ ਤਕਦੀਰ ਬੜੀ ਬੇਸਬਰੀ ਹੁੰਦੀ ਹੈ। ਉਹ ਜ਼ਿਆਦਾ ਦੇਰ ਖੜ੍ਹ ਕੇ ਕਿਸੇ ਦਾ ਇੰਤਜ਼ਾਰ ਨਹੀਂ ਕਰਦੀ।ਮੇਰਾ ਨਾਮ ਸ਼ੈਰਨ ਹੈ, ਤੇਰਾ ਨਾਮ ਤਾਂ ਮੈਂ ਪੁੱਛਿਆ ਹੀ ਨਹੀਂ।”
“ਗੌਡਾਇਵਾ।”
ਸ਼ੈਰਨ ਉੱਚੀ-ਉੱਚੀ ਖਿੜਖਿੜਾ ਕੇ ਹੱਸ ਪਈ।
“ਕੀ ਗੱਲ ਹੋਈ? ਕੀ ਮੈਂ ਕੋਈ ਚੁਟਕਲਾ ਸੁਣਾ ਦਿੱਤਾ ਜੋ ਤੁਸੀਂ ਐਨੀ ਜ਼ੋਰ ਨਾਲ ਹੱਸ ਰਹੇ ਹੋ?”
“ਨਹੀਂ, ਸਿਗਰਟ ਲਵੇਂਗੀ?” ਸ਼ੈਰਨ ਨੇ ਡਨਹਿੱਲ ਦੀ ਮੈਨਥਲ ਸਿਗਰਟ ਵਾਲੀ ਡੱਬੀ ਵਿਚੋਂ ਇਕ ਸਿਗਰਟ ਖਿੱਚ ਕੇ ਮੂੰਹ ਵਿਚ ਪਾਉਂਦਿਆਂ ਗੌਡੀਵਾ ਨੂੰ ਸਿਗਰਟ ਦੀ ਪੇਸ਼ਕਸ਼ ਕਰੀ। ਗੌਡੀਵਾ ਨੇ ਸਿਗਰਟ ਲੈ ਕੇ ਸ਼ੈਰਨ ਤੋਂ ਉਸਦੇ ਲਾਇਟਰ ਨਾਲ ਸੁਲਗਾ ਲਈ। ਸਿਗਰਟ ਦਾ ਇਕ ਲੰਬਾਂ ਕਸ਼ ਖਿੱਚ ਕੇ ਸ਼ੈਰਨ ਨੇ ਧੂੰਆਂ ਹਵਾ ਵਿਚ ਛੱਡਿਆ, “ਮੈਂ ਸੋਚਦੀ ਹਾਂ ਕਿ ਕੀ ਅਜੀਬ ਇਤਫਾਕ ਹੈ। ਤੂੰ ਮੈਨੂੰ ਕਿਥੇ ਮਿਲੀ ਹੈਂ। ਉਹ ਸਾਹਮਣੇ ਘੋੜੇ ’ਤੇ ਅਰਧ ਨਗਨ ਬੈਠੀ ਔਰਤ ਦਾ ਬੁੱਤ ਦੇਖ ਰਹੀ ਹੈਂ? ਉਸਦਾ ਨਾਮ ਵੀ ਗੌਡੀਵਾ ਸੀ।ਗਿਆਰਵੀਂ ਸਦੀ ਵਿਚ ਇਹ ਇਸ ਸ਼ਹਿਰ ਦੀ ਮਾਲਕਣ ਸੀ। ਇਸ ਨੂੰ ਇਸਦੇ ਪਤੀ ਨੇ ਹੀ ਨੰਗੀ ਕਰਕੇ ਕਵੈਂਟਰੀ ਦੀਆਂ ਗਲੀਆਂ ਵਿਚ ਘੁੰਮਾਇਆ।ਇਸ ਤਮਾਸ਼ੇ ਨੂੰ ਦੇਖਣ ਵਾਲੇ ਟੌਮ ਦਾ ਬੁੱਤ ਔਹ ਸਾਹਮਣੇ ਸ਼ਾਪਿੰਗ ਸ਼ੈਂਟਰ ਵਿਚ ਲੱਗਿਆ ਹੈ। ਸਦੀਆਂ ਬੀਤ ਗਈਆਂ ਹਨ। ਪਰ ਔਰਤ ਦੀ ਦਸ਼ਾ ਵਿਚ ਕੋਈ ਸੁਧਾਰ ਨਹੀਂ ਆਇਐ। ਔਰਤ ਨੂੰ ਕੱਲ੍ਹ ਵੀ ਨੰਗਿਆਂ ਕੀਤਾ ਜਾਂਦਾ ਸੀ ਤੇ ਅੱਜ ਵੀ। ਮਹਿਜ਼ ਢੰਗ ਤਰੀਕੇ ਹੀ ਬਦਲੇ ਹਨ।ਸਥਿਤੀ ਕਦੇ ਵੀ ਨਹੀਂ ਬਦਲੇਗੀ। ਸ਼ਾਇਦ ਇਹ ਪ੍ਰਚਲਨ ਭਵਿੱਖ ਵਿਚ ਵੀ ਜਾਰੀ ਰਹੇਗਾ।ਔਰਤ ਨੂੰ ਜਦੋਂ ਕੋਈ ਮਰਦ ਸੋਹਣਾ ਲੱਗਦਾ ਹੈ ਤਾਂ ਉਹ ਉਸਨੂੰ ਪਿਆਰ ਕਰਨ ਲੱਗ ਜਾਂਦੀ ਹੈ। ਉਸਦਾ ਬੱਚਾ ਪੈਦਾ ਕਰਨਾ ਲੋਚਦੀ ਹੈ। ਪਰ ਮਰਦ ਨੂੰ ਜਦੋਂ ਕੋਈ ਔਰਤ ਸੋਹਣੀ ਲੱਗਦੀ ਹੈ ਤਾਂ ਉਹ ਉਸ ਨੂੰ ਨੰਗਿਆ ਕਰਨ ਦੀਆਂ ਜੁਗਤਾਂ ਲੜਾਉਣ ਲੱਗ ਜਾਂਦਾ ਹੈ। ਔਰਤ ਨਾਲ ਰਿਸ਼ਤਾ ਜੋੜਣ ਤੋਂ ਵੀ ਪਹਿਲਾਂ ਮਰਦ ਦੇ ਜ਼ਿਹਨ ਵਿਚ ਉਸਨੂੰ ਭੋਗਣ ਦੀ ਕਾਮਨਾ ਜਨਮ ਲੈਂਦੀ ਹੈ।ਮਰਦਾਂ ਦੀ ਇਸੇ ਕਮਜ਼ੋਰੀ ਦਾ ਫਾਇਦਾ ਉੱਠਾਉਣਾ, ਮੇਰਾ ਧੰਦਾ ਹੈ।ਬੋਲ ਕੀ ਕਹਿੰਦੀ ਐਂ?” ਸ਼ੈਰਨ ਗੌਡੀਵਾ ਮੂਹਰੇ ਦਾਨਿਸ਼ਵਰ ਬਣੀ ਬੈਠੀ ਸੀ।
“ਮੈਨੂੰ ਸੋਚਣ ਲਈ ਵਕਤ ਦਿਉ।”
“ਠੀਕ ਹੈ, ਮੇਰਾ ਨੰਬਰ ਆਪਣੇ ਫੋਨ ਵਿਚ ਸੇਵ ਕਰ ਲੈ। ਜਦੋਂ ਮਨ ਬਣੇ, ਮੇਰੇ ਕੋਲ ਆ ਜਾਈਂ। ਮਿਸ਼ਨ ’ਤੇ ਜਾਣ ਵੇਲੇ ਵਧੀਆ ਕੱਪੜੇ ਅਤੇ ਕੀਮਤੀ ਗਹਿਣੇ।ਸਭ ਮੈਂ ਮੁਹੱਈਆ ਕਰਾਂਗੀ। ਹਫਤੇ ਵਿਚ ਦੋ ਵਾਰ ਤੈਨੂੰ ਮੁਫਤ ਬਿਉਟੀ ਥੈਰਪੀ ਅਤੇ ਕਸਰਤ ਲਈ ਜ਼ਿਮ, ਸਵਿੰਮੀਗ ਪੂਲ, ਸਟੀਮਰੂਮ, ਸੋਨਾਬਾਥ, ਸੋਲਰ ਬੈੱਡ ਤੇ ਜਕੂਜ਼ੀ ਦੀਆਂ ਸਭ ਸਹੂਲਤਾਂ ਤੇਰੇ ਲਈ ਮੁਫਤ ਹੋਣਗੀਆਂ।”
ਸ਼ੈਰਨ ਦੀ ਗੱਲ ਸੁਣ ਕੇ ਗੌਡੀਵਾ ਹਫਲ ਗਈ,“ਜੇ ਇਹ ਗੱਲ ਐ ਤਾਂ ਠੀਕ ਹੈ ਮੈਂ ਤਿਆਰ ਹਾਂ। ਬੋਲੋ ਕਦੋਂ ਤੋਂ ਸ਼ੁਰੂ ਕਰੀਏ।ਪਰ ਮੈਨੂੰ ਦਿਹਾੜੀ ਦੇ ਕਿੰਨੇ ਕੁ ਪੌਂਡ ਬਣ ਜਾਇਆ ਕਰਨਗੇ?”
“ਘੰਟੇ ਦਾ ਘੱਟੋ-ਘੱਟ ਸੌ ਕੁ ਪੌਂਡ ਤਾਂ ਕਿਤੇ ਗਿਆ ਨਹੀਂ। ਇਸ ਤੋਂ ਵੱਧ ਵੀ ਸਕਦੇ ਨੇ। ਇਹ ਤਾਂ ਤੇਰੇ ’ਤੇ ਮੁਨੱਸਰ ਕਰਦਾ ਹੈ। ਗਾਹਕਾਂ ਵੱਲੋਂ ਮਿਲਣ ਵਾਲੇ ਤੋਹਫੇ ਵਾਧੂ ਦੇ।ਵੈਸੇ ਮੈਂ ਆਪਣੇ ਗਾਹਕਾਂ ਨੂੰ ਉਹਨਾਂ ਦੀ ਹੈਸੀਅਤ ਦੇਖ ਕੇ ਚਾਰਜ ਕਰਦੀ ਹਾਂ। ਜਿਹੋ ਜਿਹਾ ਮੂੰਹ ਉਹੋ ਜਿਹੀ ਚਪੇੜ।ਮੈਂ ਗਾਹਕ ਨੂੰ ਜੋ ਚਾਰਜ ਕਰਾਂਗੀ। ਉਸ ਵਿਚੋਂ ਆਪਣਾ ਬਰਾਬਰ ਦਾ ਅੱਧ, ਫਿਫਟੀ ਫਿਫਟੀ।ਸ਼ੁਭ ਕੰਮ ਵਿਚ ਦੇਰੀ ਨਹੀਂ ਕਰੀਦੀ। ਚੱਲ ਅੱਜ ਤੋਂ ਹੀ ਕੰਮ ਸ਼ੁਰੂ ਕਰਦੇ ਹਾਂ। ਤੈਨੂੰ ਇਕ ਹਫਤੇ ਦੀ ਟਰੇਨਿੰਗ ਦੇਵਾਂਗੇ।ਤੇਰੀ ਚਾਲ-ਢਾਲ, ਬੋਲ-ਬਾਣੀ ਸਭ ਕੁਝ ਸੁਧਾਰਾਂਗੇ। ਤੇਰੇ ਰੂਪ ਨੂੰ ਨਿਖਾਰਾਂਗੇ। ਗਾਹਕ ਨਾਲ ਚਿਕਨੀਆਂ ਚੋਪੜੀਆਂ ਕੀ ਗੱਲਾਂ ਕਰਨੀਆਂ ਹਨ। ਉਸਦਾ ਮਨ ਪਰਚਾਵਾ ਕਿਵੇਂ ਕਰਨਾ ਹੈ ਤੇ ਉਸਦਾ ਸਮਾਂ ਚੁਸਤੀ ਨਾਲ ਕਿਵੇਂ ਬਰਬਾਦ ਕਰਨਾ ਹੈ। ਸਭ ਗੁਰ ਤੈਨੂੰ ਮੈਂ ਸਿਖਾਵਾਂਗੀ।”
“ਹੁਣ ਆਪਾਂ ਵਕਤ ਖਰਾਬ ਨਾ ਕਰੀਏ ਤੇ ਇਥੋਂ ਤਿੱਤਰ ਹੋਈਏ। ਮੇਰੇ ਕੋਲੋਂ ਹੋਰ ਸਬਰ ਨਹੀਂ ਹੁੰਦਾ।” ਗੌਡੀਵਾ ਸ਼ੈਰਨ ਨੂੰ ਬਾਹੋਂ ਫੜ੍ਹ ਕੇ ਉੱਠ ਕੇ ਖੜੀ ਹੋ ਗਈ ਸੀ।
ਸ਼ੈਰਨ ਨੇ ਤਿੰਨ ਦਿਨਾਂ ਵਿਚ ਹੀ ਗੌਡੀਵਾ ਨੂੰ ਸਿੱਖਿਅਤ ਕਰ ਦਿੱਤਾ ਸੀ। ਚੌਥੇ ਦਿਨ ਗੌਡੀਵਾ ਦਾ ਪਰੋਫਾਇਲ ਅਤੇ ਫੋਟੋਆਂ ਸ਼ੈਰਨ ਦੀ ਵੈਬਸਾਇਟ ਉੱਤੇ ਨਸ਼ਰ ਹੋ ਗਈਆਂ ਸਨ। ਖੁਸ਼ਕਿਸਮਤੀ ਨਾਲ ਪੰਜਵੇਂ ਦਿਨ ਹੀ ਗੌਡੀਵਾ ਲਈ ਇਕ ਅਰਬ ਦੇ ਹੀਰਿਆਂ ਦੇ ਵਪਾਰੀ ਦਾ ਨਿਉਅਤਾ ਆ ਗਿਆ ਸੀ।ਉਸ ਵਪਾਰੀ ਨੇ ਇਕ ਦਿਨ ਲਈ ਲੰਡਨ ਘੁੰਮਣਾ ਸੀ ਤੇ ਉਹ ਵੀ ਗੌਡੀਵਾ ਦੇ ਹੁਸੀਨ ਸਾਥ ਨਾਲ। ਲੰਡਨ ਵਿਚ ਬਚਪਨ ਬਿਤਾਇਆ ਹੋਣ ਕਰਕੇ ਗੌਡੀਵਾ ਨੂੰ ਲੰਡਨ ਬਾਰੇ ਕਾਫੀ ਜਾਣਕਾਰੀ ਸੀ, ਬੇਸ਼ਕ ਉਸ ਨੇ ਸਭ ਥਾਵਾਂ ਪਹਿਲਾਂ ਕਦੇ ਘੁੰਮ ਕੇ ਨਹੀਂ ਸਨ ਦੇਖੀਆਂ।
ਸਾਢੇ ਦਸ ਘੰਟੇ ਅਰਬੀ ਨਾਲ ਸੈਰ-ਓ-ਤਫਰੀ ਕਰਨ, ਚੰਗਾ ਖਾਣ ਪੀਣ ਤੋਂ ਇਲਾਵਾ ਹੀਰਿਆਂ ਦੀ ਮਾਲਾ ਦਾ ਤੋਹਫਾ ਗੌਡੀਵਾ ਨੂੰ ਮਿਲਿਆ ਸੀ ਤੇ ਜਦੋਂ ਕਵੈਂਟਰੀ ਵਾਪਿਸ ਆਈ ਸੀ ਤਾਂ ਸ਼ੈਰਨ ਨੇ ਗੌਡੀਵਾ ਦੀ ਤਨਖਾਹ ਹਜ਼ਾਰ ਪੌਂਡ ਨਕਦ ਉਸਨੂੰ ਦਿੱਤੇ ਸਨ। ਗੌਡੀਵਾ ਨੋਟਾਂ ਨੂੰ ਫੈਂਟ ਫੈਂਟ ਫੁੱਲਿਆਂ ਨਹੀਂ ਸੀ ਸਮਾ ਰਹੀ।ਗੌਡੀਵਾ ਦੇ ਮਨ ਵਿਚ ਖਿਆਲ ਆਇਆ ਸੀ ਕਿ ਉਸ ਨੇ ਇਹ ਨੌਕਰੀ ਜੇ ਕਿਧਰੇ ਪਹਿਲਾਂ ਕੀਤੀ ਹੁੰਦੀ ਤਾਂ ਅੱਜ ਨੂੰ ਸਾਰਾ ਮਿਡਲੈਂਡ ਖਰੀਦਿਆ ਹੋਣਾ ਸੀ।
ਸਮਾਂ ਬੀਤਦਾ ਗਿਆ। ਹੌਲੀ ਹੌਲੀ ਗਾਹਕਾਂ ਵਿਚ ਗੌਡੀਵਾ ਦੀ ਮੰਗ ਵਧਣ ਲੱਗ ਪਈ ਸੀ। ਚਾਰ ਪੰਜ ਧਨਾਡ ਤਾਂ ਗੌਡੀਵਾ ਦੇ ਪੱਕੇ ਹੀ ਗਾਹਕ ਬਣ ਗਏ ਸਨ।ਜਿਨ੍ਹਾਂ ਵਿਚੋਂ ਅਸਟਰੇਲੀਆ ਦਾ ਇਕ ਰਾਜਦੂਤ ਤਾਂ ਗੌਡੀਵਾ ਉੱਤੇ ਜਾਨ ਛਿੜਕਦਾ ਸੀ।ਜਦ ਵੀ ਉਹ ਇੰਗਲੈਂਡ ਆਉਂਦਾ ਤਾਂ ਸ਼ੈਰਨ ਨੂੰ ਆਖ ਕੇ ਗੌਡੀਵਾ ਨੂੰ ਹੀ ਬੁੱਕ ਕਰਦਾ ਸੀ। ਕਈ ਵਾਰ ਉਸ ਦਾ ਸ਼ੈਰਨ ਲਾਹਾ ਵੀ ਲੈਂਦੀ ਸੀ। ਜਾਣ-ਬੁੱਝ ਕੇ ਉਸਨੂੰ ਝੂਠ ਬੋਲ ਦਿੰਦੀ ਕਿ ਗੌਡੀਵਾ ਵਿਹਲੀ ਨਹੀਂ ਹੈ। ਉਹ ਰਾਜਦੂਤ ਵੱਧ ਮਾਇਆ ਦੇਣ ਦੀ ਪੇਸ਼ਕਸ਼ ਕਰਦਾ। ਸ਼ੈਰਨ ਉਸ ਤੋਂ ਇਸ ਤਰ੍ਹਾਂ ਜ਼ਿਆਦਾ ਰਕਮ ਝਾੜ ਕੇ ਗੌਡੀਵਾ ਨੂੰ ਭੇਜ ਦਿੰਦੀ ਸੀ।ਇਕ ਵਾਰ ਉਹ ਪੂਰੇ ਹਫਤੇ ਲਈ ਇੰਗਲੈਂਡ ਆਇਆ ਤਾਂ ਉਸਨੇ ਦਿਨ ਰਾਤ ਲਈ ਸਾਰਾ ਹਫਤਾ ਗੌਡੀਵਾ ਨੂੰ ਨਾਲ ਰੱਖਿਆ। ਗੌਡੀਵਾ ਨੂੰ ਵੀ ਉਹ ਚੰਗਾ ਲੱਗਦਾ ਸੀ। ਪੜ੍ਹਿਆ ਲਿਖਿਆ ਸਭਿਅਕ ਇੰਨਸਾਨ ਤੇ ਫਿਰ ਉੱਚਾ ਅਹੁਦੇਦਾਰ ਸੀ। ਉਮਰ ਕੁਝ ਜ਼ਿਆਦਾ ਸੀ ਪਰ ਦੇਖਣ ਨੂੰ ਮਾੜਾ ਨਹੀਂ ਸੀ ਲੱਗਦਾ। ਗੌਡੀਵਾ ਵੀ ਉਸਦੀ ਸ਼ਖਸੀਅਤ ਤੋਂ ਪ੍ਰਭਾਵਿਤ ਸੀ।ਗੌਡੀਵਾ ਨੂੰ ਉਸਦੇ ਲਤੀਫੇ ਸੁਣਾਉਣੇ ਬਹੁਤ ਪਸੰਦ ਸਨ। ਗੱਲ ਗੱਲ ਉੱਤੇ ਉਹ ਕੋਈ ਨਾ ਕੋਈ ਲਤੀਫਾ ਜੜ ਦਿੰਦਾ ਸੀ। ਗੌਡੀਵਾ ਵੀ ਉਸ ਵੱਲ ਥੋੜ੍ਹਾ ਖਿਚੀ ਗਈ ਸੀ। ਇਸ ਕਰਕੇ ਇਕ ਵਾਰ ਉਲਾਰ ਹੋਈ ਉਹ ਰਾਜਦੂਤ ਨੂੰ ਗੱਲ੍ਹ ਉੱਤੇ ਸੰਖੇਪ ਵਿਦਾਇਗੀ ਚੁੰਮਣ ਦੇਣ ਲੱਗੀ ਆਪਣੇ ਹੋਂਠ ਉਸਦੇ ਲਬ੍ਹਾਂ ਨਾਲ ਜੋੜ ਬੈਠੀ ਸੀ। ਪਰ ਫੇਰ ਉਹ ਛੇਤੀ ਹੀ ਸੰਭਲ ਗਈ ਸੀ। ਗੌਡੀਵਾ ਨੇ ਤੈਸ਼ ਵਿਚ ਆ ਕੇ ਇਹ ਗੱਲ ਸ਼ੈਰਨ ਨੂੰ ਦੱਸ ਦਿੱਤੀ ਸੀ ਤੇ ਸ਼ੈਰਨ ਨੇ ਉਸ ਤੋਂ ਮਗਰੋਂ ਕਾਫੀ ਅਰਸੇ ਤੱਕ ਗੌਡੀਵਾ ਨੂੰ ਉਸ ਰਾਜਦੂਤ ਲਈ ਬੁੱਕ ਨਹੀਂ ਸੀ ਕੀਤਾ।ਗੌਡੀਵਾ ਦੀ ਬਜਾਏ ਰਾਜਦੂਤ ਕੋਲ ਹੋਰ ਕੁੜੀਆਂ ਜਾਂਦੀਆਂ ਰਹੀਆਂ ਸਨ। ਪਰ ਰਾਜਦੂਤ ਦਾ ਮਨ ਕਿਸੇ ਹੋਰ ਨਾਲ ਨਾ ਮਿਲਿਆ ਤੇ ਉਸਨੇ ਸ਼ੈਰਨ ਨੂੰ ਧਮਕੀ ਭਰੇ ਲਹਿਜ਼ੇ ਵਿਚ ਆਖ ਦਿੱਤਾ ਸੀ ਕਿ ਜਾਂ ਤਾਂ ਗੌਡੀਵਾ ਨੂੰ ਭੇਜੇ ਨਹੀਂ ਉਹ ਕੋਈ ਹੋਰ ਏਸਕੌਰਟਿੰਗ ਏਜੰਸੀ ਲੱਭ ਲਵੇਗਾ।ਮਜ਼ਬੂਰਨ ਸ਼ੈਰਨ ਨੂੰ ਗੌਡੀਵਾ ਭੇਜਣੀ ਪਈ ਸੀ।
ਗੌਡੀਵਾ ਨੂੰ ਲੰਮੇ ਵਕਫੇ ਉਪਰੰਤ ਦੇਖ ਕੇ ਸ਼ਰਸਾਰ ਹੋਏ ਰਾਜਦੂਤ ਨੇ ਉਸਨੂੰ ਅਨੇਕਾਂ ਉਪਹਾਰ ਦਿੱਤੇ ਸਨ। ਉਸ ਤੋਂ ਬਾਅਦ ਰਾਜਦੂਤ ਨੇ ਗੌਡੀਵਾ ਅੱਗੇ ਇਕ ਪ੍ਰਸਤਾਵ ਰੱਖਿਆ ਸੀ ਕਿ ਉਹ ਸ਼ੈਰਨ ਦੀ ਏਜੰਸੀ ਨੂੰ ਵਿਚੋਂ ਕੱਢ ਕੇ ਉਸ ਨਾਲ ਸਿੱਧਾ ਰਾਬਤਾ ਕਾਇਮ ਕਰ ਲਵੇ। ਇਸ ਨਾਲ ਉਸਨੂੰ ਅੱਧ ਵੀ ਏਜੰਸੀ ਨੂੰ ਨਹੀਂ ਦੇਣਾ ਪਵੇਗਾ ਤੇ ਰਾਜਦੂਤ ਜਦ ਚਾਹੇ ਗੌਡੀਵਾ ਨੂੰ ਮਿਲ ਸਕਦਾ ਹੋਵੇਗਾ।ਇਸ ਪ੍ਰਸਤਾਵ ਬਾਰੇ ਗੌਡੀਵਾ ਨੇ ਠੰਡੇ ਦਿਮਾਗ ਨਾਲ ਇਕ ਵਾਰ ਸੋਚਿਆ ਸੀ।ਰਾਜਦੂਤ ਬੜਾ ਸਲੀਕੇ ਵਾਲਾ, ਪੜ੍ਹਿਆ ਲਿਖਿਆ, ਸਭਿਅਕ ਮਨੁੱਖ ਸੀ। ਉਸਨੇ ਕਦੇ ਗੌਡੀਵਾ ਨੂੰ ਹੱਥ ਲਾ ਕੇ ਛੂਹਿਆ ਤੱਕ ਨਹੀਂ ਸੀ।ਨਾ ਹੀ ਕਦੇ ਉਸਦੀ ਗੱਲਬਾਤ ਵਿਚੋਂ ਗੌਡੀਵਾ ਨੂੰ ਹਵਸ ਦਾ ਝਲਕਾਰਾ ਪਿਆ ਸੀ ਅਤੇ ਨਾ ਹੀ ਉਸਦੇ ਵਿਵਹਾਰ ਵਿਚੋਂ ਹਲਕਿਆਪਨ ਦਿਖਾਈ ਦਿੱਤਾ ਸੀ।ਉਸਨੂੰ ਗੌਡੀਵਾ ਨਾਲ ਇਸ਼ਕ ਹੋ ਗਿਆ ਸੀ ਜਾਂ ਉਸਨੂੰ ਧਨ ਲੁਟਾਉਣ ਦਾ ਸ਼ੌਂਕ ਸੀ। ਇਸ ਗੱਲ ਦਾ ਗੌਡੀਵਾ ਖੁਦ ਵੀ ਕਦੇ ਨਿਰਣਾ ਨਹੀਂ ਸੀ ਕਰ ਸਕੀ।ਤੋਹਫਿਆਂ ਦੀ ਝੇਪ ਅਤੇ ਰਾਜਦੂਤ ਨਾਲ ਹੋਈਆਂ ਅਨੇਕਾਂ ਮਿਲਣੀਆਂ ਨੂੰ ਮੁੱਖ ਰੱਖ ਕੇ ਗੌਡੀਵਾ ਨੇ ਰਾਜਦੂਤ ਨੂੰ ਆਪਣੀ ਸਹਿਮਤੀ ਪ੍ਰਗਟਾ ਦਿੱਤੀ ਸੀ। ਉਸ ਤੋਂ ਬਾਅਦ ਰਾਜਦੂਤ ਅਸਟਰੇਲੀਆ ਤੋਂ ਜਹਾਜ਼ ਵਿਚ ਬੈਠਣ ਲੱਗਾ ਗੌਡੀਵਾ ਨੂੰ ਫੋਨ ਕਰਕੇ ਇਤਲਾਹ ਦੇ ਦਿੰਦਾ ਸੀ ਤੇ ਗੌਡੀਵਾ ਟੈਕਸੀ ਲੈ ਕੇ ਏਅਰਪੋਰਟ ਉੱਤੇ ਫੁੱਲਾਂ ਦਾ ਗੁਲਦਸਤਾ ਲਈ ਖੜ੍ਹੀ, ਰਾਜਦੂਤ ਦਾ ਇੰਤਜ਼ਾਰ ਕਰ ਰਹੀ ਹੁੰਦੀ। ਗੌਡੀਵਾ ਰਾਜਦੂਤ ਦੇ ਨਾਲ ਉਹਦੀ ਨਿੱਜੀ ਸਕੱਤਰ ਦੀ ਤਰ੍ਹਾਂ ਮੀਟਿੰਗਾਂ, ਪਾਰਟੀਆਂ ਅਤੇ ਸਮਾਗਮਾਂ ਵਿਚ ਸ਼ਿਰਕਤ ਕਰਦੀ।ਜਿਸਦੇ ਇਵਜ਼ ਵਿਚ ਗੌਡੀਵਾ ਨੂੰ ਬਹੁਤ ਸਾਰਾ ਧਨ ਮਿਲਦਾ।ਗੌਡੀਵਾ ਰਾਜਦੂਤ ਦੀ ਮਿੱਤਰਤਾ ਤੋਂ ਬਹੁਤ ਖੁਸ਼ ਸੀ।
ਇਉਂ ਹੀ ਇਕ ਵਾਰ ਰਾਜਦੂਤ ਹਫਤੇ ਦੀਆਂ ਛੁੱਟੀਆਂ ਕੱਟਣ ਇੰਗਲੈਂਡ ਆਇਆ ਸੀ। ਉਸਨੇ ਇੰਟਰਨੈੱਟ ’ਤੇ ਪਹਿਲਾਂ ਹੀ ਵਰਿਕਸ਼ਾਇਰ ਦੀ ਕੰਟਰੀਸਾਇਡ ’ਤੇ ਸਥਿਤ ਇਕ ਵਿਲਾ ਬੁੱਕ ਕਰ ਲਿਆ ਸੀ। ਗੌਡੀਵਾ ਨੂੰ ਲੈ ਕੇ ਉਹ ਉਥੇ ਚਲਾ ਗਿਆ ਸੀ। ਬਾਰਬੀਕਿਉ ਅਤੇ ਸ਼ਰਾਬ ਦਾ ਸਾਰਾ ਦਿਨ ਦੌਰ ਚਲਦਾ ਰਿਹਾ ਹੋਣ ਕਰਕੇ ਆਥਣ ਤੱਕ ਰਾਜਦੂਤ ਬਹੁਤ ਸ਼ਰਾਬੀ ਹੋ ਗਿਆ ਸੀ। ਗੌਡੀਵਾ ਨੇ ਉਸਨੂੰ ਇਸ ਕਦਰ ਸ਼ਰਾਬ ਪੀਂਦਿਆਂ ਪਹਿਲਾਂ ਕਦੇ ਨਹੀਂ ਸੀ ਦੇਖਿਆ।ਪੂਰਾ ਟੱਲੀ ਹੋ ਕੇ ਜਦ ਉਹ ਯਬਲੀਆਂ ਮਾਰਨ ਲੱਗ ਪਿਆ ਸੀ ਤਾਂ ਗੌਡੀਵਾ ਉਸ ਨੂੰ ਬਗੀਚੇ ਵਿਚੋਂ ਉੱਠਾ ਕੇ ਉਸਦੇ ਸੌਣ ਕਮਰੇ ਵਿਚ ਲੇਟਾ ਆਈ ਸੀ।
ਉਸ ਉਪਰੰਤ ਆਪਣੇ ਕਮਰੇ ਵਿਚ ਆ ਕੇ ਗੌਡੀਵਾ ਨੇ ਗਹਿਣੇ ਉਤਾਰ ਕੇ ਅਜੇ ਲਿਗਾਰੀ ਪਹਿਨੀ ਹੀ ਸੀ ਕਿ ਰਾਜਦੂਤ ਹੱਥ ਵਿਚ ਸ਼ਰਾਬ ਦੀ ਬੋਤਲ ਫੜ੍ਹੀ ਗੌਡੀਵਾ ਦੇ ਕਮਰੇ ਵਿਚ ਆ ਧੁੱਸਿਆ ਸੀ।
“ਬੇਬ, ਤੂੰ ਮੈਨੂੰ ਛੱਡ ਕੇ ਇਥੇ ਕਿਉਂ ਆ ਗਈ? ਅੱਜ ਤੂੰ ਮੇਰੇ ਨਾਲ ਸੌਵੇਂਗੀ।” ਲੜਖੜਾਉਂਦਾ ਹੋਇਆ ਰਾਜਦੂਤ ਗੌਡੀਵਾ ਨਾਲ ਮੰਜੇ ਉੱਤੇ ਆ ਕੇ ਬੈਠ ਗਿਆ ਸੀ ਤੇ ਗੌਡੀਵਾ ਦੇ ਲੱਕ ਦੁਆਲੇ ਹੱਥ ਪਾ ਕੇ ਉਸਨੂੰ ਆਪਣੇ ਨਾਲ ਜੋੜਦਾ ਹੋਇਆ ਬੋਲਿਆ ਸੀ, “ਈਵ, ਤੂੰ ਧਰਮ ਨਾਲ ਬਹੁਤ ਸੋਹਣੀ ਐਂ। ਸਹੁੰ ਲੱਗੇ ਜਦੋਂ ਹੱਸਦੀ ਏਂ ਨਾ, ਕਾਲਜਾ ਧੂਹ ਕੇ ਬੰਦੇ ਦਾ ਬਾਹਰ ਕੱਢ ਲੈਂਦੀ ਹੈਂ।”
“ਤੁਹਾਨੂੰ ਜ਼ਿਆਦਾ ਚੜ੍ਹ ਗਈ ਹੈ। ਤੁਸੀਂ ਹੁਣ ਸੌਂ ਜਾਉ। ਆਪਾਂ ਸਵੇਰੇ ਗੱਲ ਕਰਾਂਗੇ।ਮੈਂ ਵੀ ਬਹੁਤ ਥੱਕ ਗਈ ਹਾਂ।” ਗੌਡੀਵਾ ਨੇ ਆਪਣੇ ਦੋਨੋਂ ਹੱਥਾਂ ਦੀਆਂ ਉਂਗਲਾਂ ਨਾਲ ਵਾਲਾਂ ਦੀ ਕੰਘੀ ਕੀਤੀ ਸੀ।
“ਈਵਾ ਤੇਰੇ ਬੁੱਲ੍ਹ ਨਾ, ਯੋਰਕਸ਼ਾਇਰ ਦੀ ਪੁਡਿੰਗ ਵਰਗੇ ਨੇ ਮਿੱਠੇ ਤੇ ਸਟਰੋਬਰੀਆਂ ਵਰਗੇ ਰਸੀਲੇ। ਬੰਦਾ ਮੂੰਹ ਨੂੰ ਲਾ ਕੇ ਚੂਸਣੋਂ ਨਾ ਹਟੇ।” ਵਾਹੋਦਾਹੀ ਰਾਜਦੂਤ ਗੌਡੀਵਾ ਦੇ ਮੁੱਖ ਨੂੰ ਚੁੰਮਣ ਅਤੇ ਚੱਟਣ ਲੱਗ ਗਿਆ ਸੀ।
ਗੌਡੀਵਾ ਨੇ ਅਸੁਵਿਧਾ ਮਹਿਸੂਸ ਕਰਦਿਆਂ ਆਪਣੀਆਂ ਬਾਹਾਂ ਦੇ ਜ਼ੋਰ ਨਾਲ ਰਾਜਦੂਤ ਨੂੰ ਆਪਣੇ ਤੋਂ ਪਰ੍ਹਾਂ ਧੱਕਣਾ ਚਾਹਿਆ ਸੀ, “ਕੀ ਕਰਦੇ ਹੋ? ਮੈਨੂੰ ਚੰਗਾ ਨਹੀਂ ਲੱਗ ਰਿਹਾ। ਪਲੀਜ਼ ਹੱਟ ਜਾਉ।”
“ਲੈ ਆਏਂ ਕਿਵੇਂ ਹੱਟ ਜਾਵਾਂ। ਮੈਂ ਤੈਨੂੰ ਹਜ਼ਾਰਾਂ ਪੌਂਡ ਲੁਟਾਏ ਨੇ। ਅੱਜ ਦੀ ਰਾਤ ਉਹਨਾਂ ਨੂੰ ਵਸੂਲਣ ਦੀ ਰਾਤ ਐ ਮੇਰੀ ਜਾਨ।”
“ਤੁਸੀਂ ਪੌਂਡ ਦਿੱਤੇ ਹਨ ਤਾਂ ਮੈਂ ਉਸਦੇ ਬਦਲੇ ਤੁਹਾਨੂੰ ਵਧੀਆ ਸਰਵਿਸ ਵੀ ਤਾਂ ਦਿੱਤੀ ਹੈ।”
“ਸਰਵਿਸ ਤਾਂ ਤੇਰੀ ਅੱਜ ਮੈਂ ਕਰਦਾਂ। ਹਿਣਕਦੀ ਫਿਰਦੀ ਐਂ।” ਰਾਤਦੂਤ ਨੇ ਬਿਸਤਰੇ ਉੱਤੇ ਢਾਹ ਕੇ ਗੌਡੀਵਾ ਦੇ ਕੱਪੜੇ ਫਾੜਨੇ ਸ਼ੁਰੂ ਕਰ ਦਿੱਤੇ ਸਨ। ਗੌਡੀਵਾ ਦਾ ਖੱਬਾ ਗੁੱਟ ਸੱਜੇ ਅਤੇ ਸੱਜਾ ਗੁੱਟ ਖੱਬੇ ਹੱਥ ਨਾਲ ਫੜ ਕੇ ਰਾਜਦੂਤ ਨੇ ਬਿਸਤਰੇ ਉੱਤੇ ਨੱਪ ਲਿੱਤੇ ਸਨ। ਤਿਲਮਿਲਾਉਂਦੀ ਹੋਈ ਗੋਡੀਵਾ ਨੇ ਆਪਣੇ ਆਪ ਨੂੰ ਰਿਹਾਅ ਕਰਵਾਉਣ ਦੇ ਯਤਨ ਵਿਚ ਹੁੱਝਕੇ ਮਾਰੇ ਸਨ। ਪਰ ਵਿਅਰਥ ਗਏ ਕਿਉਂਕਿ ਰਾਜਦੂਤ ਵਿਚ ਉਸ ਨਾਲੋਂ ਜ਼ਿਆਦਾ ਜ਼ੋਰ ਸੀ।
“ਮੈਨੂੰ ਛੱਡ। ਮੈਂ ਵਿਕਾਉ ਨਹੀਂ।”
“ਨਾ ਹੋਰ ਤੂੰ ਲੰਡਨ ਦੇ ਆਰਟ ਮਿਉਜ਼ਿਅਮ ਵਿਚ ਰੱਖਣ ਵਾਲੀ ਹੈਂ। ਮੈਡਮ ਟੂਸੋਡ ’ਚ ਤੇਰਾ ਬੁੱਤ ਲਾਈਏ?”
ਰਾਜਦੂਤ ਦੀ ਜ਼ਬਰਦਸਤੀ ਤੋਂ ਬਚਣ ਦਾ ਕੋਈ ਹੀਲਾ ਨਾ ਚੱਲਦਾ ਦੇਖ ਕੇ ਗੌਡੀਵਾ ਨੇ ਦਿਮਾਗ ਲੜਾਇਆ ਤਾਂ ਐਨ ਉਸੇ ਵਕਤ ਉਸਨੂੰ ਸ਼ੈਰਨ ਵੱਲੋਂ ਦਿੱਤਾ ਗਿਆ ਹਿੰਸਕ ਗਾਹਕਾਂ ਨਾਲ ਨਿਪਟਣ ਦਾ ਗੁਰ-ਮੰਤਰ ਚੇਤੇ ਆ ਗਿਆ ਸੀ। ਗੌਡੀਵਾ ਇਕਦਮ ਢਿੱਲੀ ਪੈ ਗਈ ਸੀ।
“ਹਨੀ, ਤੁਹਾਨੂੰ ਤਾਂ ਪਿਆਰ ਕਰਨਾ ਵੀ ਨਹੀਂ ਆਉਂਦਾ। ਇੰਝ ਧੱਕਾ-ਮੁੱਕੀ ਥੋੜ੍ਹਾ ਕਰਦੀ ਹੈ। ਛੱਡੋ ਮੈਨੂੰ, ਮੈਂ ਤੁਹਾਨੂੰ ਪਿਆਰ ਕਰਨਾ ਸਿਖਾਉਂਦੀ ਹਾਂ।ਤੁਸੀਂ ਬੈੱਡ ’ਤੇ ਲੇਟੋ ਲਿਆਉ ਪਹਿਲਾਂ ਮੈਂ ਤੁਹਾਡੇ ਮਸਾਜ਼ ਕਰਾਂ।” ਗੌਡੀਵਾ ਨਜ਼ਾਕਤ ਨਾਲ ਬੋਲੀ ਸੀ।
ਗੌਡੀਵਾ ਦੇ ਮਿਸਰੀ ਵਰਗੇ ਬੋਲ ਸੁਣ ਕੇ ਇਕ ਵਾਰ ਤਾਂ ਰਾਜਦੂਤ ਝੂਜਲਾ ਗਿਆ ਸੀ ਤੇ ਗੌਡੀਵਾ ਨੂੰ ਅਜ਼ਾਦ ਕਰਕੇ ਢਹੇ ਹੋਏ ਭਲਵਾਨ ਵਾਂਗ ਪਲੰਘ ਉੱਤੇ ਡਿੱਗ ਪਿਆ ਸੀ, “ਹਾਏ ਗੌਡਾਈਵਾ! ਮੈਂ ਤਰਸਿਆ ਪਿਆਂ। ਅੱਜ ਸਾਰੀ ਰਾਤ ਪਿਆਰ ਕਰ ਕਰ ਕੇ ਮੈਨੂੰ ਮਾਰ’ਦੇ।”
“ਹਾਂ ਕਿਉਂ ਨਹੀਂ, ਹਜੂਰ ਅੱਜ ਦੀ ਰਾਤ ਤੁਸੀਂ ਸਾਰੀ ਜ਼ਿੰਦਗੀ ਯਾਦ ਰੱਖੋਂਗੇ। ਪਹਿਲਾਂ ਇਕ ਇਕ ਲਵਲੀ ਜਿਹਾ ਪੈੱਗ ਹੋ ਜਾਏ।” ਗੌਡੀਵਾ ਨੇ ਰਾਜਦੂਤ ਦੀਆਂ ਅੱਖਾਂ ਵਿਚ ਅੱਖਾਂ ਪਾ ਅੱਖ ਦੱਬੀ ਸੀ।
ਰਾਜਦੂਤ ਚਾਮ੍ਹਲ ਗਿਆ ਸੀ, “ਜਿਵੇਂ ਤੇਰੀ ਮਰਜ਼ੀ। ਸਾਡਾ ਫੱਕਰਾਂ ਦਾ ਕੀ ਐ?”
ਗੌਡੀਵਾ ਨੇ ਇਕ ਗਿਲਾਸ ਅੱਧਾ ਕੁ ਆਪਣੇ ਲਈ ਅਤੇ ਇਕ ਰਾਜਦੂਤ ਲਈ ਤੁੰਨ ਕੇ ਭਰ ਦਿੱਤਾ ਸੀ। ਆਪਣੇ ਗਿਲਾਸ ਵਿਚੋਂ ਇਕ ਘੁੱਟ ਭਰਕੇ ਗੌਡੀਵਾ ਨੇ ਮੇਜ਼ ’ਤੇ ਰੱਖ ਦਿੱਤਾ ਤੇ ਦੂਜਾ ਗਿਲਾਸ ਚੁੱਕ ਕੇ ਰਾਜਦੂਤ ਦੇ ਮੂੰਹ ਨੂੰ ਲਾ ਦਿੱਤਾ ਸੀ।
ਸੁੱਕੀ ਸ਼ਰਾਬ ਦਾ ਵੱਡਾ ਸਾਰਾ ਘੁੱਟ ਭਰ ਕੇ ਰਾਜਦੂਤ ਨੇ ਅੱਥੂ ਲਿਆ ਸੀ, “ਯਾਰ ਕੌੜੀ ਬਹੁਤ ਹੈ।”
“ਲਿਆਉ ਫੇਰ ਮਿੱਠੀ ਕਰ ਦੇਵਾਂ।” ਗੌਡੀਵਾ ਨੇ ਅੱਖਾਂ ਵਿਚ ਵਾਸਨਾ ਭਰਕੇ ਅਦਾ ਨਾਲ ਆਪਣੇ ਬੁੱਲ੍ਹਾਂ ਉੱਤੇ ਜੀਭ ਫੇਰੀ ਸੀ ਤੇ ਰਾਜਦੂਤ ਦੇ ਗਿਲਾਸ ਵਿਚੋਂ ਛੋਟੀ ਜਿਹੀ ਘੁੱਟ ਭਰੀ ਲਿੱਤੀ ਸੀ। ਗੌਡੀਵਾ ਨੇ ਗਿਲਾਸ ਫੇਰ ਰਾਜਦੂਤ ਦੇ ਮੂੰਹ ਨੂੰ ਲਾ ਦਿੱਤਾ ਸੀ, “ਲਉ, ਹੁਣ ਪੀ ਕੇ ਦੇਖੋ ਮੇਰੀ ਸਰਕਾਰ।”
ਸ਼ਰਾਬ ਤਾਂ ਭਾਵੇਂ ਅਜੇ ਵੀ ਕੌੜੀ ਹੀ ਸੀ। ਪਰ ਲਾਚੜਿਆਂ ਹੋਇਆ ਰਾਜਦੂਤ ਬਿਨਾ ਕਿਸੇ ਉਜਰ ਦੇ ਅੱਖਾਂ ਮੀਚ ਕੇ ਸਾਰਾ ਪੈੱਗ ਪੀ ਗਿਆ ਸੀ। ਗੌਡੀਵਾ ਨੇ ਰਾਜਦੂਤ ਦੀ ਟਾਈ ਢਿੱਲੀ ਕਰਕੇ ਉਸਦੀ ਕਮੀਜ਼ ਦੇ ਉੱਪਰਲੇ ਦੋ ਬਟਨ ਖੋਲ੍ਹੇ ਤੇ ਉਸਦੀ ਖੁਰਦੜੀ ਛਾਤੀ ਉੱਤੇ ਆਪਣਾ ਮੁਲਾਇਮ ਹੱਥ ਫੇਰਿਆ ਸੀ। ਵਿਸਮਾਦ ਵਿਚ ਅੱਖਾਂ ਮੁੰਦ ਕੇ ਰਾਜਦੂਤ ਨੇ ਚੜ੍ਹਦੇ ਸਰੂਰ ਨੂੰ ਅਨੁਭਵ ਕੀਤਾ ਸੀ।
“ਤੁਸੀਂ ਜਦੋਂ ਨਸ਼ੇ ਦੀ ਲੋਰ ਵਿਚ ਹੁੰਦੇ ਹੋ ਤਾਂ ਬਹੁਤ ਪਿਆਰੀਆਂ ਗੱਲਾਂ ਕਰਦੇ ਹੋ। ਇਕ ਪੈੱਗ ਹੋਰ ਹੋ ਜਾਏ?”
“ਇਕ ਨਹੀਂ। ਤੂੰ ਦੋ ਪਿਲਾ।”
ਗੌਡੀਵਾ ਨੇ ਫੁਰਤੀ ਨਾਲ ਪੈੱਗ ਭਰਿਆ ਤੇ ਰਾਜਦੂਤ ਨੂੰ ਗਟਾਗਟ ਪਿਲਾ ਦਿੱਤਾ ਸੀ। ਨਾਲ ਲੱਗਦਾ ਹੀ ਉਸਨੇ ਦੂਜਾ ਪੈੱਗ ਰਾਜਦੂਤ ਦੇ ਹਲਕ ਵਿਚ ਸਿੱਟ ਦਿੱਤਾ ਸੀ। ਰਾਜਦੂਤ ਦੀ ਛਾਤੀ ਉੱਤੇ ਹੱਥ ਰੱਖ ਕੇ ਗੌਡੀਵਾ ਨੇ ਹਲਕਾ ਜਿਹਾ ਧੱਕਾ ਮਾਰਿਆ ਸੀ ਤਾਂ ਰਾਜਦੂਤ ਬਿਸਤਰੇ ’ਤੇ ਲਾਸ਼ ਬਣ ਕੇ ਡਿੱਗ ਪਿਆ ਸੀ। ਗੌਡੀਵਾ ਉਸਦੇ ਉੱਪਰ ਲੇਟ ਗਈ ਸੀ।ਰਾਜਦੂਤ ਨੇ ਗੌਡੀਵਾ ਦੁਆਲੇ ਆਪਣੀਆਂ ਬਾਹਾਂ ਵਲ ਦਿੱਤੀਆਂ ਸਨ। ਰਾਜਦੂਤ ਦੀਆਂ ਗੱਲ੍ਹਾਂ ਨਾਲ ਗੌਡੀਵਾ ਆਪਣੇ ਰੁਖਸਾਰ ਘਸਾਉਣ ਲੱਗ ਪਈ ਸੀ। ਰਾਜਦੂਤ ਦੀ ਦੋ ਦਿਨ ਪਹਿਲਾਂ ਸ਼ੇਵ ਕਰੀ ਹੋਣ ਕਰਕੇ ਉਸਦੀ ਦਾੜੀ ਦੇ ਵਾਲ ਕੰਢਿਆਂ ਵਾਂਗ ਉੱਗ ਆਏ ਸਨ। ਚੁੱਭਦੇ ਵਾਲਾਂ ਦੀ ਰਗੜ ਨਾਲ ਪਲਾਂ ਵਿਚ ਹੀ ਗੌਡੀਵਾ ਦੀਆਂ ਗੱਲ੍ਹਾਂ ਲਾਲ ਹੋ ਗਈਆਂ ਸਨ। ਰਾਜਦੂਤ ਦਾ ਨਸ਼ਾ ਸਿਖਰਾ ਛੋਹ ਰਿਹਾ ਸੀ। ਗੌਡੀਵਾ ਦੀ ਢੂਹੀ ਨੂੰ ਜਕੜਦੀਆਂ ਉਸਦੀਆਂ ਬਾਹਾਂ ਦੀ ਗਰਿਫਤ ਢਿੱਲੀ ਪੈ ਗਈ ਸੀ। ਗੌਡੀਵਾ ਨੇ ਰਾਜਦੂਤ ਦੇ ਕੰਨ ਵਿਚ ਕਈ ਫੂਕਾਂ ਮਾਰੀਆਂ ਸਨ। ਕੋਈ ਹਿੱਲ-ਜੁੱਲ ਨਹੀਂ ਸੀ ਹੋਈ। ਗੌਡੀਵਾ ਨੂੰ ਉਸਦੇ ਸ਼ਰਾਬੀ ਹੋਣ ਦਾ ਨਿਸਚਾ ਹੋ ਗਿਆ ਸੀ।ਗੌਡੀਵਾ ਮੱਲਕ ਦੇਣੇ ਉੱਠੀ ਸੀ ਤੇ ਆਹੀਸਤਾ-ਆਹੀਸਤਾ ਆਪਣੇ ਕੱਪੜੇ ਅਤੇ ਸੈਂਡਲ ਚੁੱਕ ਕੇ ਕਮਰੇ ਵਿਚੋਂ ਬਾਹਰ ਨਿਕਲ ਗਈ ਸੀ। ਧੀਰੇ-ਧੀਰੇ ਬਿਨਾਂ ਖੜਕਾ ਕੀਤਿਆਂ ਉਹ ਪੌੜੀਆਂ ਉਤਰੀ ਤੇ ਫਟੀ ਲਿਗਾਰੀ ਲਾਹ ਕੇ ਲੌਂਗ ਡਰੈੱਸ ਪਹਿਨਦੀ ਹੋਈ ਬਹਾਰ ਨਿਕਲ ਗਈ ਸੀ।
ਨੰਗੇ ਪੈਰੀ ਵਿਲੇ ’ਚੋਂ ਭੱਜਦੀ ਹੋਈ ਗੌਡੀਵਾ ਸੈਂਕਡਰੀ ਸੜਕ ਤੱਕ ਪਹੁੰਚ ਗਈ ਸੀ। ਇਤਫਾਕਨ ਉਥੇ ‘ਲੇਅਬਾਏ’ ਹੋਣ ਕਰਕੇ ਇਕ ਟਰੱਕ ਖੜਾ ਸੀ। ਗੌਡੀਵਾ ਨੇ ਟਰੱਕ ਡਰਾਇਵਰ ਦੀ ਮਿੰਨਤ ਕਰਕੇ ਉਸ ਤੋਂ ਲਿਫਟ ਮੰਗੀ ਸੀ ਤੇ ਕਵੈਂਟਰੀ ਪਹੁੰਚ ਗਈ ਸੀ।
ਅਗਲੇ ਦਿਨ ਗੌਡੀਵਾ ਨੂੰ ਸ਼ੈਰਨ ਦਾ ਫੋਨ ਆਇਆ ਸੀ ਕਿ ਉਸਨੇ ਗੌਡੀਵਾ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਇਕਰਾਰਨਾਮਾ ਤੋੜਣ ਅਤੇ ਧੋਖਾ ਧੜੀ ਕਰਨ ਕਰਕੇ ਸ਼ੈਰਨ ਨੇ ਗੌਡੀਵਾ ਨੂੰ ਕਾਫੀ ਭਲਾ ਬੁਰਾ ਵੀ ਕਿਹਾ ਸੀ।ਗੌਡੀਵਾ ਨੇ ਆਪਣੀ ਸਫਾਈ ਦੇਣੀ ਚਾਹੀ ਸੀ, ਪਰ ਸ਼ੈਰਨ ਨੇ ਉਸਦੀ ਇਕ ਨਹੀਂ ਸੀ ਸੁਣੀ।
ਉਸ ਤੋਂ ਉਪਰੰਤ ਗੌਡੀਵਾ ਨੇ ਕਈ ਹੋਰ ਏਜੰਸੀਆਂ ਨਾਲ ਸੰਪਰਕ ਕਰਨਾ ਚਾਹਿਆ ਸੀ ਪਰ ਕਿਸੇ ਨੇ ਵੀ ਉਸਦੀ ਬਾਂਹ ਨਹੀਂ ਸੀ ਫੜੀ।ਸਭ ਨੂੰ ਸ਼ੈਰਨ ਨੇ ਖਬਰਦਾਰ ਕਰ ਦਿੱਤਾ ਸੀ।ਹੌਲੀ-ਹੌਲੀ ਗੌਡੀਵਾ ਨੇ ਇਸ ਧੰਦੇ ਦਾ ਖਿਆਲ ਵੀ ਤਿਆਗ ਦਿੱਤਾ ਸੀ।ਪਰ ਉਸ ਤੋਂ ਆਪਣੀਆਂ ਆਦਤਾਂ ਤੋਂ ਛੁਟਕਾਰਾ ਨਹੀਂ ਸੀ ਪਾ ਹੋਇਆ। ਮਹਿੰਗੇ ਰੈਸਟੋਰੈਂਟਾਂ ਵਿਚ ਖਾਣੇ ਖਾਣੇ, ਵਧੀਆ ਸ਼ਰਾਬਾਂ ਅਤੇ ਸਿਗਰਟਾਂ ਦਾ ਸੇਵਨ। ਨਿੱਤ ਨਵੀਆਂ ਪੁਸ਼ਾਕਾਂ। ਕੀਮਤੀ ਨਜ਼ਰਾਨੇ ਲੈਣ ਦਾ ਚਸਕਾ ਗੌਡੀਵਾ ਨੂੰ ਟਿਕਣ ਨਹੀਂ ਸੀ ਦਿੰਦਾ।ਕਈ ਹਫਤੇ ਘਰੇ ਬੇਜ਼ਾਰ ਬੈਠੀ ਰਹਿਣ ਬਾਅਦ ਇਕ ਦਿਨ ਗੌਡੀਵਾ ਦੇ ਮਨ ਵਿਚ ਵਿਚਾਰ ਆਇਆ ਸੀ ਕਿ ਕਿਉਂ ਨਾ ਉਹ ਨਾਇਟ ਕਲੱਬ ਜਾ ਆਵੇ। ਗੌਡੀਵਾ ਨੂੰ ਨੱਚਣ ਦਾ ਬਹੁਤ ਸ਼ੌਂਕ ਸੀ। ਜਦੋਂ ਕਦੇ ਉਹ ਉਦਾਸ, ਪਰੇਸ਼ਾਨ ਜਾਂ ਬੋਰ ਹੋ ਰਹੀ ਹੁੰਦੀ ਤਾਂ ਉਹ ਨੱਚਣ ਲੱਗ ਜਾਇਆ ਕਰਦੀ ਸੀ।
ਕਵੈਂਟਰੀ ਦੇ ਨਾਇਟ ਕਲੱਬ ਵਿਚ ਜਾ ਕੇ ਉਹ ਸਭ ਤੋਂ ਬੇਖਬਰ ਹੋ ਕੇ ਖੁੱਲ੍ਹ ਕੇ ਦੋ ਤਿੰਨ ਘੰਟੇ ਨੱਚੀ ਸੀ।ਇਕ ਹੀ ਰਾਤ ਵਿਚ ਅਨੇਕਾਂ ਚੋਬਰ ਉਸਦੇ ਦਿਵਾਨੇ ਬਣ ਗਏ ਸਨ । ਕਈਆਂ ਨੇ ਉਸਨੂੰ ਮੁਫਤ ਸ਼ਰਾਬ ਵੀ ਪਿਲਾਈ ਸੀ ਤੇ ਸਿਗਰਟਾਂ ਵੀ ਖਰੀਦ ਕੇ ਦਿੱਤੀਆਂ ਸਨ।ਇਉਂ ਗੌਡੀਵਾ ਨੇ ਹਰ ਸਪਤਾਹ ਅੰਤ ਕਲੱਬਾਂ ਵਿਚ ਜਾ ਕੇ ਰਾਤਾਂ ਬਿਤਾਉਣੀਆਂ ਆਰੰਭ ਦਿੱਤੀਆਂ ਸਨ। ਆਪਣੀ ਸੇਜ਼ ਦਾ ਸ਼ਿੰਗਾਰ ਬਣਾਉਣ ਲਈ ਮਰਦ ਗੌਡੀਵਾ ਉੱਤੇ ਚਾਈਂ-ਚਾਈਂ ਨਾਵਾਂ ਖਰਚਦੇ। ਲੇਕਿਨ ਗੌਡੀਵਾ ਉਨ੍ਹਾਂ ਦਾ ਖਰਚਾ ਕਰਵਾ ਕੇ ਐਸ਼ ਕਰਦੀ ਤੇ ਉੱਡਣੀ ਕਬੂਤਰੀ ਵਾਂਗ ਉੱਡ ਜਾਂਦੀ। ਕਿਸੇ ਦੇ ਹੱਥ ਨਾ ਆਉਂਦੀ। ਕਈ ਕਲੱਬਾਂ ਵਾਲੇ ਗੌਡੀਵਾ ਨੂੰ ਮੁਫਤ ਦਾਖਲਾ ਦੇ ਦਿੰਦੇ ਕਿਉਂਕਿ ਗੌਡੀਵਾ ਨਾਲ ਨੱਚਣ ਦੇ ਮਾਰੇ ਕਈ ਗੱਭਰੂ ਕਲੱਬਾਂ ਵਿਚ ਆਉਂਦੇ ਤੇ ਖਰਚਾ ਕਰਦੇ।ਇੰਝ ਨਾਚ ਅਤੇ ਨਸ਼ਿਆਂ ਵਿਚ ਗਲਤਾਨ ਹੋ ਕੇ ਗੌਡੀਵਾ ਦੇ ਦਿਨ ਲੰਘ ਰਹੇ ਸਨ।
ਕਦੇ ਗੌਡੀਵਾ ਨੇ ਆਪਣੇ ਪਤੀ ਲਿਉਨਰਡ ਨੂੰ ਪੁੱਛਿਆ ਨਹੀਂ ਸੀ ਕਿ ਉਹ ਕੀ ਕਰਦਾ ਹੈ ਤੇ ਕਿਥੇ ਜਾਂਦਾ ਹੈ ਅਤੇ ਨਾ ਹੀ ਕਦੇ ਲਿਉਨਰਡ ਨੇ ਗੌਡੀਵਾ ਤੋਂ ਉਸਦੀਆਂ ਗਤੀਵਿਧੀਆਂ ਦੀ ਪੜਤਾਲ ਕੀਤੀ ਸੀ। ਇਕ ਅਣਕਰਿਆ ਜਿਹਾ ਸਮਝੌਤਾ ਸੀ ਦੋਨਾਂ ਵਿਚਾਲੇ।
ਬਾਕੀ ਅਗਲੇ ਹਫ਼ਤੇ...
Print this post
Labels:
ਗੌਡੀਵਾ ਜਿੰਦਾ ਹੈ (2)
No comments:
Post a Comment