ਲੇਡੀ ਗੌਡੀਵਾ ਦਾ ਨੰਗਾ ਸੱਚ (3)

ਨਿੱਘਰ ਤੇ ਜ਼ੋਰਾਵਰ ਬੁੱਲਮੈਨ ਰੱਖਣ ਦਾ ਸਨਾਤਨੀ ਰਿਵਾਜ਼ ਅਮੀਰੀ ਅਤੇ ਉੱਚ-ਆਹੁਦਾ ਚਿੰਨ੍ਹ ਵੀ ਸਮਝਿਆ ਜਾਂਦਾ ਹੈ। ਬਲਜ਼ਾਕ ਨੂੰ ਵੀ ਲਿਉਫਰਿਕ ਲੂਨੀਅਨਬਰਗ ਦੀ ਮੰਡੀ ਵਿਚੋਂ ਵਰ੍ਹਾ ਪਹਿਲਾਂ ਖਰੀਦ ਕੇ ਲਿਆਇਆ ਸੀ।ਬਲਜ਼ਾਕ ਦੀ ਆਮਦ ਤੋਂ ਬਾਅਦ ਗੌਡੀਵਾ ਦੇ ਰੁਖਸਾਰਾਂ ਦੀਆਂ ਲਾਲੀਆਂ ਵਧੇਰੇ ਸੁਰਖੀ ਫੜ੍ਹ ਗਈਆਂ ਹਨ ਤੇ ਉਸਦਾ ਸੁਹੱਪਨ ਹੋਰ ਉੱਘੜ ਆਇਆ ਹੈ।
ਕਾਠੀ ਦੇ ਮਖਮਲੀ ਗੱਦੀਦਾਰ ਝਾਲਰਾਂ ਵਾਲੇ ਜ਼ੀਨੇ ਨੂੰ ਦਰੁਸਤ ਕਰਕੇ ਬਲਜ਼ਾਕ ਗੋਡੇ ਟੇਕ ਕੇ ਧਰਤੀ ’ਤੇ ਬੈਠ ਗਿਆ ਤੇ ਉਸਨੇ ਆਪਣੇ ਦੋਨੇ ਪੰਜਿਆਂ ਦੀਆਂ ਉਂਗਲਾਂ ਇਕ ਦੂਜੇ ਵਿਚ ਫਸਾ ਕੇ ਗੌਡੀਵਾ ਲਈ ਘੋੜੇ ’ਤੇ ਚੜ੍ਹਣ ਵਾਸਤੇ ਇਕ ਪੌੜੀ ਬਣਾ ਦਿੱਤੀ।ਕਿਸੇ ਸੁਪਨਸੰਸਾਰ ਵਿਚੋਂ ਵਾਪਿਸ ਯਥਾਰਥਕ ਦੁਨੀਆ ਵਿਚ ਪਹੁੰਚ ਕੇ ਗੌਡੀਵਾ ਬਲਜ਼ਾਕ ਦੇ ਹੱਥਾਂ ਉੱਪਰ ਗੋਡਿਆਂ ਤੱਕ ਪਹਿਨੇ ਚਮੜੇ ਦੇ ਬੂਟਾਂ ਵਾਲਾ ਪੈਰ ਰੱਖ ਕੇ ਘੋੜੇ ਉੱਤੇ ਸਵਾਰ ਹੋ ਗਈ, “ਅਗਵਾਈ।”
ਗੌਡੀਵਾ ਦਾ ਹੁਕਮ ਸੁਣ ਕੇ ਬਲਜ਼ਾਕ ਨੇ ਪਾਲਤੂ ਸ਼ਾਹਬਾਜ਼ ਦੇ ਪੈਰਾਂ ਵਿਚੋਂ ਰੱਸੀ ਖੋਲ੍ਹ ਕੇ ਉਸਨੂੰ ਅੰਬਰ ਵਿਚ ਉੱਡਾ ਦਿੱਤਾ ਤੇ ਆਪਣੇ ਮਜੀਠੇ ਘੋੜੇ ਉੱਤੇ ਸਵਾਰ ਹੋ ਕੇ ਗੌਡੀਵਾ ਮੂਹਰੇ ਉਹਨੇ ਆਪਣਾ ਘੋੜਾ ਲਾ ਲਿਆ।

ਗੌਡੀਵਾ ਚਾਰ ਮਹਿਲਾ ਸੈਨਿਕਾਵਾਂ ਦੀ ਛੋਟੀ ਜਿਹੀ ਟੁਕੜੀ ਲੈ ਕੇ ਸੰਤ ਇਗਵਿੰਨ ਵੱਲੋਂ ਆਪਣੇ ਮੁਰਸ਼ਦ ਈਔਫਜ਼ ਦੇ ਨਾਮ ’ਤੇ ਵਸਾਏ ਨਗਰ ਈਔਫਜ਼ਹੈਮ (ਹੈਮ ਮਤਲਬ ਘਰ।ਭਾਵ ਈਔਫ ਦਾ ਘਰ, ਹੁਣ ਦਾ ਇਵਸ਼ਮ) ਵੱਲ ਰਵਾਨਾ ਹੋ ਗਈ। ਅਸਮਾਨ ਵਿਚ ਉੱਡਦਾ ਬਾਜ਼ ਉਨ੍ਹਾਂ ਦਾ ਮਾਰਗ ਦਰਸ਼ਨ ਕਰੀ ਜਾ ਰਿਹਾ ਹੈ। ਬਾਜ਼ ਦੀ ਸਥਿਤੀ ਨੂੰ ਦੇਖ ਕੇ ਬਲਜ਼ਾਕ ਜੰਗਲੀ ਰਾਹਾਂ ਵਿਚ ਆਪਣੇ ਲਈ ਰਸਤਾ ਲੱਭੀ ਜਾ ਰਿਹਾ ਹੈ।ਗੌਡੀਵਾ ਦੇ ਪਿਛੇ ਛੇ ਜੰਗਜੂ ਅਤੇ ਬਹਾਦਰ ਤਜ਼ਰਬੇਕਾਰ ਸਪਹਿਣਾਂ ਅਤੇ ਅੱਗੇ ਸੁਰੱਖਿਆ ਵਜੋਂ ਪਹਿਲਵਾਨੀ ਡੀਲ-ਡੌਲ ਵਾਲਾ ਬਲਜ਼ਾਕ ਵੀ ਆਪਣੇ ਘੋੜੇ ਉੱਤੇ ਨੰਗੀ ਤਲਵਾਰ ਅਤੇ ਤੀਰ ਕਮਾਨ ਚੁੱਕੀ ਜਾ ਰਿਹਾ ਹੈ। 

ਪਹਿਲੇ ਪਹਿਲ ਪ੍ਰੰਪਰਾ ਅਨੁਸਾਰ ਗੌਡੀਵਾ ਕੇਵਲ ਮਹਿਲਾ ਸੈਨਿਕਵਾਂ ਦਾ ਦਸਤਾ ਹੀ ਨਾਲ ਲਿਜਾਇਆ ਕਰਦੀ ਸੀ। ਇਕ ਵਾਰ ਘੋੜਾ ਬਿਗੜ ਗਿਆ ਤੇ ਗੌਡੀਵਾ ਤੋਂ ਕਾਬੂ ਨਾ ਕਰ ਹੋਇਆ। ਘੋੜੇ ਉੱਤੋਂ ਡਿੱਗ ਕੇ ਗੌਡੀਵਾ ਦੇ ਸੱਟ ਲੱਗ ਗਈ ਸੀ। ਉਸਦੇ ਗਿੱਟੇ ਨੂੰ ਮੋਚ ਆ ਗਈ ਸੀ ਤੇ ਅਨੇਕਾਂ ਦਿਨ ਗੌਡੀਵਾ ਨੂੰ ਜ਼ਹਿਮਤ ਭੋਗਣੀ ਪਈ ਸੀ।ਉਸ ਤੋਂ ਬਾਅਦ ਗੌਡੀਵਾ ਨੇ ਦਸਤੂਰ ਬਣਾ ਲਿਆ ਕਿ ਜਦ ਵੀ ਕਿਧਰੇ ਉਹ ਬਾਹਰ ਜਾਂਦੀ ਹੈ ਤਾਂ ਬਲਜ਼ਾਕ ਨੂੰ ਹਮੇਸ਼ਾ ਨਾਲ ਲਿਜਾਂਦੀ ਹੈ। ਬਲਜ਼ਾਕ ਅੜੀਅਲ ਤੋਂ ਅੜੀਅਲ ਘੋੜੀ ਨੂੰ ਵੀ ਕਾਬੂ ਕਰਨ ਵਿਚ ਮਾਹਿਰ ਹੈ। ਬਚਪਨ ਤੋਂ ਉਹ ਅਲਕ ਬਛੇਰੀਆਂ ਵਿਚ ਪਲਿਆ ਹੈ।ਨਾਲੇ ਫੇਰ ਬਲਜ਼ਾਕ ਯੁੱਧ ਵਿਦਿਆ ਵਿਚ ਵੀ ਮਹਾਰਤ ਰੱਖਦਾ ਹੈ ਤੇ ਸਭ ਤੋਂ ਵੱਡੀ ਗੱਲ ਉਹ ਮਰਦ ਹੈ, ਜਵਾਨ ਸੋਹਣਾ ਸੁਨੱਖਾ ਦਰਮਿਆਨੇ ਕੱਦ ਭੁਰੇ ਰੰਗ ਦਾ ਕਾਲੀਆਂ ਸਿਆਹ ਕੌਡੀਆਲੇ ਸੱਪ ਵਰਗੀਆਂ ਅੱਖਾਂ ਵਾਲਾ ਮਰਦ। ਜਿਸਨੂੰ ਆਪਣੇ ਆਸ-ਪਾਸ ਦੇਖਣਾ ਗੌਡੀਵਾ ਨੂੰ ਚੰਗਾ ਲੱਗਦਾ ਹੈ। ਭਾਵੇਂ ਕਿ ਉਹਨਾਂ ਦਰਮਿਆਨ ਮਾਲਕ ਨੌਕਰ ਤੋਂ ਸਿਵਾਏ ਕੋਈ ਹੋਰ ਰਿਸ਼ਤਾ ਨਹੀਂ ਹੈ।
ਈਔਫਜ਼ਹੈਮ ਦੀ ਝੀਲ ਉੱਤੇ ਪਹੁੰਚ ਕੇ ਬਲਜ਼ਾਕ ਹਵਾਲੇ ਘੋੜੇ ਕਰ ਕੇ ਗੌਡੀਵਾ ਤੇ ਉਸਦੀਆਂ ਰਖਵਾਲੀਆਂ ਝੀਲ ਵੱਲ ਚੱਲ ਪਈਆਂ। ਬਲਜ਼ਾਕ ਘੋੜੇ ਚਰਾਉਣ ਵਿਚ ਮਸਰੂਫ ਹੋ ਗਿਆ।
ਗੌਡੀਵਾ ਨੇ ਆਪਣੇ ਵਸਤਰ ਉਤਾਰ ਕੇ ਦਰੱਖਤ ਉੱਤੇ ਟੰਗ ਦਿੱਤੇ ਅਤੇ ਆਪ ਦਿਗੰਬਰ ਹੋ ਕੇ ਪਾਣੀ ਵਿਚ ਵੜ ਗਈ। ਨਦੀ ਦੇ ਠੰਡੇ ਪਾਣੀ ਵਿਚ ਗੌਡੀਵਾ ਨੂੰ ਆਪਣਾ ਸ਼ਰੀਰ ਤਪਦਾ ਹੋਇਆ ਮਹਿਸੂਸ ਹੁੰਦਾ ਹੈ।ਉਸ ਨੇ ਸਿਰ ਤੋਂ ਪੈਰਾਂ ਤੱਕ ਆਪਣੇ ਜਿਸਮ ਨੂੰ ਦੇਖਿਆ ਫਿਰ ਪਾਣੀ ਵਿਚ ਪੈਂਦੇ ਆਪਣੇ ਪਰਛਾਵੇਂ ਵਿਚੋਂ ਕੁਝ ਲੱਭਣ ਲੱਗੀ। ਉਸਨੂੰ ਲੱਗਿਆ ਜਿਵੇਂ ਉਸਦੇ ਅੰਦਰ ਕੁਝ ਹੈ। ਕੀ? ਇਸਦਾ ਉੱਤਰ ਉਹ ਖੁਦ ਵੀ ਨਹੀਂ ਜਾਣਦੀ। ਪਰ ਹੈ ਕੁਝ ਜ਼ਰੂਰ। ਸ਼ਾਇਦ ਕੋਈ ਖੌਲ੍ਹਦਾ ਵੇਗ… ਤਪਦਾ ਲਾਵਾ… ਜਵਾਨੀ ਦੀ ਅਗਨ ਜਾਂ ਸ਼ਾਇਦ ਕਾਮ ਭੁੱਖ… ਕਾਫੀ ਦੇਰ ਚੁੱਭੀਆਂ ਮਾਰਨ ਅਤੇ ਤੈਰਨ ਤੋਂ ਬਾਅਦ ਉਹ ਅਣਕੱਜੀ ਪਾਣੀ ਵਿਚੋਂ ਨਿਕਲੀ ਅਤੇ ਨਦੀ ਕਿਨਾਰੇ ਬਣੇ ਝਰਨੇ ਹੇਠ ਜਾਂ ਖਲੋਈ।
ਇਕ ਤੇਜ਼ ਹਵਾ ਦਾ ਬੁੱਲ੍ਹਾ ਆਇਆ ਤੇ ਗੌਡੀਵਾ ਦੇ ਕੱਪੜੇ ਉੱਡ ਕੇ ਬਲਜ਼ਾਕ ਦੇ ਮੂੰਹ ’ਤੇ ਜਾ ਵੱਜੇ। ਬਲਜ਼ਾਕ ਗੌਡੀਵਾ ਦੇ ਚੋਗੇ ਨੂੰ ਹੱਥਾਂ ਵਿਚ ਫੜ੍ਹੀ ਦੇਖਦਾ ਹੋਇਆ ਦੁਬਿਧਾ ਵਿਚ ਪੈ ਗਿਆ, “ਕਪੜਿਆਂ ਤੋਂ ਬਿਨਾਂ ਲੇਡੀ ਗੌਡੀਵਾ ਕਿਵੇਂ ਆਵੇਗੀ?” ਨਦੀ ਦੇ ਨਜ਼ਦੀਕ ਜਾਣ ਦੀ ਬਲਜ਼ਾਕ ਨੂੰ ਇਜ਼ਾਜਤ ਨਹੀਂ ਹੈ। ਉੱਥੇ ਕੇਵਲ ਮਹਿਲਾ ਸੈਨਿਕਾਵਾਂ ਹੀ ਜਾ ਸਕਦੀਆਂ ਸਨ।ਬਲਜ਼ਾਕ ਮਹਿਲਾ ਸੈਨਿਕਾਵਾਂ ਦੇ ਆ ਕੇ ਕੱਪੜੇ ਲਿਜਾਣ ਦਾ ਇੰਤਜ਼ਾਰ ਕਰਨ ਲੱਗਾ। 
ਹਵਾ ਆਪਣਾ ਰੁਖ ਬਦਲ ਕੇ ਹੋਰ ਤੇਜ਼ ਵਗਣ ਲੱਗੀ, ਹਨੇਰੀ… ਤੂਫਾਨ… ਝੱਖੜ ਵਾਂਗ ਝੂਲਣ ਲੱਗੀ। ਇਕ ਮਹਿਲਾ ਸੈਨਿਕ ਨੂੰ ਜਦੋਂ ਆਭਾਸ ਹੋਇਆ ਕਿ ਲੇਡੀ ਗੌਡੀਵਾ ਦੇ ਕੱਪੜੇ ਉੱਡ ਗਏ ਹਨ ਤਾਂ ਉਹ ਬਾਕੀਆਂ ਨੂੰ ਨਾਲ ਲੈ ਕੇ ਹਵਾ ਦੇ ਵਗਣ ਦੀ ਦਿਸ਼ਾ ਵੱਲ ਕਪੜਿਆਂ ਨੂੰ ਲੱਭਣ ਚਲੀਆਂ ਗਈਆਂ।
ਜਦ ਦੇਰ ਬਹੁਤ ਹੋ ਗਈ ਤਾਂ ਬਲਜ਼ਾਕ ਨਦੀ ਵੱਲ ਕੱਪੜੇ ਸੈਨਿਕਾਵਾਂ ਸਪੂਰਦ ਕਰਨ ਦੇ ਮਕਸਦ ਨਾਲ ਤੁਰ ਪਿਆ। ਨਦੀ ਕੋਲ ਆ ਕੇ ਬਲਜ਼ਾਕ ਨੂੰ ਜਦ ਕੋਈ ਮਹਿਲਾ ਸੈਨਿਕ ਨਾ ਦਿਖਾਈ ਦਿੱਤੀ ਤਾਂ ਉਸਨੇ ਚੁਪਕੇ-ਚੁਪਕੇ ਉਸੇ ਦਰੱਖਤ ਉੱਤੇ ਉਹ ਕੱਪੜੇ ਟੰਗੇ ਜਿਥੋਂ ਉਹ ਉੱਡੇ ਸਨ। ਅਚਾਨਕ ਬੇਲਗਾਮ ਹੋਈ ਬਲਜ਼ਾਕ ਦੀ ਨਿਗਾਹ ਝਰਨੇ ਵੱਲ ਚਲੀ ਗਈ। ਗੌਡੀਵਾ ਪਹਾੜੀ ਤੋਂ ਡਿੱਗਦੇ ਆਬਸ਼ਾਰ ਹੇਠ ਨਿਰਵਸਤਰ ਆਪਣੀ ਮਸਤੀ ਵਿਚ ਮਸਤ ਇਕ ਬੁੱਤ ਬਣੀ ਖੜ੍ਹੀ ਹੈ।ਬਲਜ਼ਾਕ ਨੇ ਇਕਦਮ ਆਪਣੀਆਂ ਨਜ਼ਰਾਂ ਨੂੰ ਲਗਾਮ ਪਾਈ ਤੇ ਕਾਹਲੇ ਕਦਮੀ ਘੋੜਿਆਂ ਵੱਲ ਹੋ ਤੁਰਿਆ।
ਵਸਤਰ ਨਾ ਮਿਲਣ ਦੀ ਸੂਰਤ ਵਿਚ ਮਾਯੂਸ ਹੋ ਕੇ ਵਾਪਿਸ ਮੁੜੀਆਂ ਸੈਨਿਕਾਵਾਂ ਨੇ ਜਦ ਉਸੇ ਦਰੱਖਤ ਉੱਤੇ ਉਵੇਂ ਹੀ ਪਏ ਗੌਡੀਵਾ ਦੇ ਕੱਪੜੇ ਦੇਖੇ ਤਾਂ ਉਹ ਦੰਗ ਰਹਿ ਗਈਆਂ।ਉਹਨਾਂ ਨੂੰ ਇਸ ਕਰਿਸ਼ਮੇ ਦਾ ਭੇਤ ਸਮਝ ਨਾ ਆਇਆ।ਅਤੇ ਸੰਤ ਈਵੌਫ ਦੀ ਜੈ-ਜੈਕਾਰ ਹੋਣ ਲੱਗ ਪਈ ਸੀ।
ਦਿਨ ਛਿਪਦਿਆਂ ਸਾਰ ਜਦ ਗੌਡੀਵਾ ਤੇ ਸੈਨੀਕਾਵਾਂ ਵਾਪਿਸ ਆਈਆਂ ਤਾਂ ਬਲਜ਼ਾਕ ਨੇ ਘੋੜੇ ਉਹਨਾਂ ਦੇ ਹਵਾਲੇ ਕੀਤੇ ਅਤੇ ਸਭ ਨੇ ਸਵਾਰ ਹੋ ਕੇ ਕੌਫ’ਸ ਟਰੀ ਵੱਲ ਚਾਲੇ ਪਾ ਦਿੱਤੇ।
ਕੌਫ’ਸ ਟਰੀ ਦੀ ਦਰਹੱਦ ਵਿਚ ਵੜਦਿਆਂ ਹੀ ਗੌਡੀਵਾ ਦਾ ਖਲਕਤ ਦੇ ਇਕ ਭਾਰੀ ਹਜੂਮ ਨੇ ਸੁਆਗਤ ਕੀਤਾ। ਲੋਕਾਂ ਦੇ ਇਕ ਵਿਸ਼ਾਲ ਹੜ੍ਹ ਵੱਲੋਂ ਗੌਡੀਵਾ ਨੂੰ ਸਲਾਮ ਸਲੂਟ ਵਜਣ ਲੱਗੇ।ਫਰਿਆਦੀ ਉਸਦਾ ਰਾਹ ਰੋਕ ਕੇ ਆਪਣੇ ਦੁੱਖੜੇ ਦੱਸਣ ਲੱਗੇ, ਆਪਣੀਆਂ ਸਮੱਸਿਆਵਾਂ ਤੋਂ ਗੌਡੀਵਾ ਨੂੰ ਜਾਣੂ ਕਰਵਾਉਣ ਲੱਗੇ। ਕੁਝ ਗੌਡੀਵਾ ਦੇ ਉਪਾਸ਼ਕ, ਪ੍ਰਸੰਸਕ ਉਸਨੂੰ ਤੋਹਫੇ ਭੇਂਟ ਕਰਨ ਲਈ ਲਿਆਏ। ਗੌਡੀਵਾ ਨੂੰ ਕੌਫ’ਸ ਟਰੀ ਦੇ ਲੋਕ ਨੇਕ, ਦਰਿਆਦਿਲ, ਇਨਸਾਫਪਸੰਦ ਅਤੇ ਦਿਆਲੂ ਔਰਤ ਮੰਨਦੇ ਹਨ ਤੇ ਇਸੇ ਕਰਕੇ ਲੋਕਮਨਾਂ ਵਿਚ ਗੌਡੀਵਾ ਪ੍ਰਤਿ ਸਤਿਕਾਰ ਹੈ।ਲਿਉਫਰਿਕ ਬਾਰੇ ਉਹਨਾਂ ਦਾ ਨਜ਼ਰੀਆ ਇਸ ਤੋਂ ਬਿਲਕੁਲ ਉਲਟ ਹੈ। ਉਹ ਲਿਉਫਰਿਕ ਨੂੰ ਤਾਨਾਸ਼ਾਹ, ਜ਼ਾਲਮ ਅਤੇ ਨਿਰਦਈ ਖਿਆਲ ਕਰਦੇ ਹਨ। ਕਿਉਂਕਿ ਲਿਉਫਰਿਕ ਵੱਲੋਂ ਉਗਰਾਹੇ ਜਾਂਦੇ ਨਜ਼ਾਇਜ ਲਗਾਨ ਹੈਰੇਗੇਲਡ ਤੋਂ ਜਨਤਾ ਬਹੁਤ ਤੰਗ ਅਤੇ ਦੁੱਖੀ ਹੈ। ਇਹ ਲਗਾਨ ਉਹਨਾਂ ਨੂੰ ਆਪਣੇ ਸਿਰ ਲਟਕਦੀ ਇਕ ਤਲਵਾਰ ਜਾਪਦਾ ਹੈ।ਅਨੇਕਾਂ ਲੋਕਾਂ ਨੇ ਆ ਕੇ ਗੌਡੀਵਾ ਅੱਗੇ ਇਸ ਲਗਾਨ ਨੂੰ ਮੁਆਫ ਕਰਵਾਉਣ ਦੀ ਫਰਿਆਦ ਕੀਤੀ, “ਅੰਗਰੱਖਿਅਕਾਂ ਦੀ ਵਰਤੋਂ ਬਾਦਸ਼ਾਹ ਕਰਦਾ ਹੈ, ਅਸੀਂ ਤਾਂ ਨਹੀਂ। ਜਿਹੜੀ ਸੇਵਾ ਅਸੀਂ ਉਪਯੋਗ ਹੀ ਨਹੀਂ ਕਰਦੇ, ਉਸਦਾ ਖਰਚ ਅਸੀਂ ਕਿਉਂ ਭਰੀਏ? ਬਾਦਸ਼ਾਹ ਆਪਣੇ ਸ਼ਾਹੀ ਖਜ਼ਾਨੇ ਵਿਚੋਂ ਦੇਵੇ।”
ਲੋਕ ਰੋਏ… ਕੁਰਲਾਏ। ਉਹਨਾਂ ਗੌਡੀਵਾ ਅੱਗੇ ਵਾਸਤੇ ਪਾਏ ਤੇ ਲੇਲੜੀਆਂ ਕੱਢੀਆਂ। ਗੌਡੀਵਾ ਤੋਂ ਲੋਕਾਈ ਦੀਆਂ ਚੀਕਾਂ ਪੁਕਾਰਾਂ ਜਰੀਆਂ ਨਾ ਗਈਆਂ। ਉਸਦਾ ਹਿਰਦਾ ਇੰਝ ਵਲੂੰਦਰਿਆ ਗਿਆ ਜਿਵੇਂ ਕਿਸੇ ਨੇ ਤੀਰਾਂ ਨਾਲ ਛੱਲਣੀ ਕਰ ਦਿੱਤਾ ਹੋਵੇ। ਗੌਡੀਵਾ ਨੇ ਅਵਾਮ ਨੂੰ ਇਸ ਸਬੰਧੀ ਲਿਉਫਰਿਕ ਨਾਲ ਪ੍ਰਾਥਮਿਕਤਾ ਦੇ ਅਦਾਰ ’ਤੇ ਵਿਚਾਰ ਕਰਨ ਦਾ ਭਰੋਸਾ ਦਿਵਾਇਆ ਤੇ ਜਲਦ ਹੀ ਕੋਈ ਠੋਸ ਕਦਮ ਚੁੱਕਣ ਦਾ ਵਾਅਦਾ ਕੀਤਾ।
ਮਹਿਲ ਪਹੁੰਚ ਕੇ ਜਦੋਂ ਗੌਡੀਵਾ ਘੋੜੇ ਤੋਂ ਉਤਰੀ ਤੇ ਬਲਜ਼ਾਕ ਨੇ ਘੋੜੇ ਦੀ ਲਗਾਮ ਫੜ੍ਹੀ ਤਾਂ ਗੌਡੀਵਾ ਰੋਹਬ ਨਾਲ ਬੋਲੀ, “ਖਾਦਿਮ! ਆਪਣੀਆਂ ਸੀਮਾਵਾਂ ਉਲੰਘਣ ਦੀ ਕੋਸ਼ਿਸ਼ ਨਾ ਕਰਿਆ ਕਰੋ।”
“ਲੇਡੀ ਗੌਡੀਵਾ, ਮੈਂ ਆਪਣੀਆਂ ਹੱਦਾਂ ਤੋਂ ਭਲੀਭਾਂਤ ਜਾਣੂ ਹਾਂ ਤੇ ਮੈਂ ਆਪਣੀ ਮਰਿਆਦਾ ਦੀ ਕਦੇ ਉਲੰਘਣਾ ਨਹੀਂ ਕੀਤੀ।” ਬਲਜ਼ਾਕ ਨੇ ਸਿਰ ਝੁਕਾ ਕੇ ਨਰਮੀ ਨਾਲ ਜੁਆਬ ਦਿੱਤਾ।
“ਤੇ ਫੇਰ ਅੱਜ ਜਦੋਂ ਮੈਂ ਝਰਨੇ/ਚਸ਼ਮਾ/ਸਪਾ ਹੇਠ ਨਹਾਂਉਂਦੀ ਸੀ ਤਾਂ…?” ਹੀਰੇ ਮੋਤੀਆਂ ਨਾਲ ਮੜੇ ਚਮੜੇ ਦੇ ਕਮਰਕਸੇ ਵਿਚ ਦੋਨਾਂ ਹੱਥਾਂ ਦੇ ਅੰਗੂਠੇ ਅੜਾ ਕੇ ਢਾਕਾਂ ਉੱਤੇ ਹੱਥ ਰੱਖੀ ਖੜ੍ਹੀ ਗੌਡੀਵਾ ਦਾ ਅੱਖ ਨਾਲ ਗੱਲ ਕਰਦਿਆਂ ਲਹਿਜ਼ਾ ਤਤਫਟ ਬਦਲਕੇ ਯਾਰਾਨਾ ਹੋ ਗਿਆ।

ਬਲਜ਼ਾਕ ਨੇ ਗੌਡੀਵਾ ਦੀਆਂ ਅੱਖਾਂ ਵਿਚ ਆਪਣੀਆਂ ਚਮਕਦੀਆਂ ਅੱਖਾਂ ਪਾਈਆਂ ਤਾਂ ਉਸਨੇ ਦੇਖਿਆ ਗੌਡੀਵਾ ਦੀਆਂ ਸਮੁੰਦਰੀ ਅੱਖਾਂ ਵਿਚ ਵਾਸਨਾ ਦਾ ਹੜ੍ਹ, ਇਕ ਸੈਲਾਬ ਉਮੜ ਰਿਹਾ ਹੈ। ਉਹ ਡਰ ਗਿਆ। ਗੌਡੀਵਾ ਥੋੜ੍ਹਾ ਮੁਸਕੁਰਾਈ।ਮੁਸ਼ਕੜੀਏਂ ਹੱਸੀ। ਗੌਡੀਵਾ ਦੀਆਂ ਗੱਲ੍ਹਾਂ ਵਿਚ ਪੈਂਦੇ ਟੋਏ ਉਸਨੂੰ ਹੋਰ ਵੀ ਖੂਬਸੂਰਤ ਬਣਾਉਂਦੇ ਹਨ। ਉਸਦੀ ਖਚਰੀ ਜਿਹੀ ਮੁਸਕਾਨ ਕਿਸੇ ਸ਼ਰਾਰਤ ਦੀ ਸੂਚਕ ਜਾਪਦੀ ਹੈ। ਗੌਡੀਵਾ ਨੱਕ ਅੱਗੇ ਉਂਗਲ ਘਸਾਉਂਦੀ ਹੋਈ ਸ਼ਰਮਾ ਕੇ ਨੀਵੀਂ ਪਾਈ ਬੁੱਲ੍ਹ ਚੱਭਦੀ ਹੋਈ ਅਦਾ ਨਾਲ ਭੱਜ ਕੇ ਮਹਿਲ ਵੱਲ ਦੌੜੀ। ਬਲਜ਼ਾਕ ਹੀਰਨੀ ਵਾਂਗੂ ਚੂੰਗੀਆਂ ਭਰਦੀ ਦੇ ਉਸਦੇ ਬਾਂਕੇ ਸ਼ਰੀਨ ਤੱਕਦਾ ਰਿਹਾ ਗਿਆ। ਦਰਵਾਜ਼ੇ ਕੋਲ ਜਾ ਕੇ ਗੌਡੀਵਾ ਨੇ ਪਿੱਛੇ ਮੁੜ ਕੇ ਬਲਜ਼ਾਕ ਵੱਲ ਦੇਖਿਆ ਤੇ ਖਿੜ-ਖਿੜ ਹੱਸਦੀ ਹੋਈ ਅੰਦਰ ਪ੍ਰਵੇਸ਼ ਕਰ ਗਈ। ਬਲਜ਼ਾਕ ਇਸ ਭੇਤਭਰੀ ਗੱਲ ਦਾ ਮਤਲਬ ਨਾ ਸਮਝ ਸਕਿਆ।
ਦਿਨ ਭਰ ਸਭਾ ਲਗਾਉਣ ਉਪਰੰਤ ਲਿਉਫਰਿਕ ਰਾਤ ਨੂੰ ਮਹਿਲ ਵਾਪਿਸ ਆਇਆ ਤਾਂ ਮਿਸ਼ਾਲਾਂ ਜਗਾਉਣ ਦਾ ਵੇਲਾ ਹੋ ਗਿਆ। ਖਾਣਾ ਬਾਹਰ ਖਾਹ ਆਇਆ ਹੋਣ ਕਰਕੇ ਸਿੱਧਾ ਉਹ ਅਰਾਮਗਾਹ ਵੱਲ ਗਿਆ ਤੇ ਵਸਤਰ ਬਦਲ ਕੇ ਗੌਡੀਵਾ ਨਾਲ ਪਲੰਘ ਉੱਤੇ ਜਾ ਲੇਟਿਆ। ਮੱਛਰਦਾਨੀ ਓੜ ਲਈ ਗਈ। ਗੌਡੀਵਾ ਸੌਂ ਚੁੱਕੀ ਹੈ।ਲਿਉਫਰਿਕ ਟਿਕਟਿਕੀ ਲਾ ਕੇ ਗੌਡੀਵਾ ਨੂੰ ਦੇਖਣ ਲੱਗਾ। ਉਹ ਕਿੰਨੀ ਦੇਰ ਤੱਕ ਗੌਡੀਵਾ ਦੇ ਹੁਸੀਨ ਚਿਹਰੇ ਨੂੰ ਨਿਹਾਰਦਾ ਰਿਹਾ। ਜਿੰਨਾ ਲਿਉਫਰਿਕ ਦੇਖਦਾ ਜਾਂਦਾ, ਉਹਨੂੰ ਗੌਡੀਵਾ ਉਨੀ ਹੀ ਸੋਹਣੀ ਲੱਗਦੀ ਜਾਂਦੀ। ਲਿਉਫਰਿਕ ਤੋਂ ਰਹਿ ਨਾ ਹੋਇਆ ਤੇ ਉਸਨੇ ਗੌਡੀਵਾ ਦੀ ਗੱਲ੍ਹ ਨੂੰ ਚੁੰਮ ਲਿਆ।ਲਿਉਫਰਿਕ ਦੇ ਸਿਕਰੀ ਜੰਮੇ ਖੁਰਦਰੇ ਬੁੱਲ੍ਹਾਂ ਦੇ ਸਪਰਸ਼ ਨਾਲ ਗੌਡੀਵਾ ਜਾਗ ਪਈ।
“ਗਿਫੂ? ਤੂੰ ਸੁੱਤੀ ਹੋਈ ਬਹੁਤ ਸੋਹਣੀ ਲੱਗਦੀ ਹੈਂ, ਬੱਲੀਏ।”
“ਅੱਛਾ? ਲ਼ਵਰਿਕ ਤਾਂ ਫੇਰ ਸਦਾ ਦੀ ਨੀਂਦ ਹੀ ਸੁਵਾ ਦਿਉ।” ਗੌਡੀਵਾ ਨੇ ਮਿਹਣਾ ਮਾਰਿਆ।
“ਜਾਨ ਮੇਰੀਏ! ਤੇਰੇ ਸਾਹਾਂ ’ਚ ਤਾਂ ਮੈਂ ਸਾਹ ਲੈਨਾਂ। ਤੂੰ ਅਜਿਹਾ ਕਿਉਂ ਕਿਹਾ?”
“ਪਰਜਾ ਨੂੰ ਵੀ ਤਾਂ ਮਾਰ ਰਹੇ ਹੋਂ।ਇਨਸਾਨ ਤਾਂ ਤੁਹਾਡੇ ਲਈ ਕੀੜੇ-ਮਕੌੜੇ ਨੇ।”
“ਕੀ ਮਤਲਬ ਹੈ ਤੇਰਾ? ਮੈਂ ਕਿਸਨੂੰ ਮਾਰਿਐ?” ਲਿਉਫਰਿਕ ਦੀ ਪੀਤੀ ਲਹਿ ਗਈ।
“ਇਹ ਹੈਰੇਗੇਲਡ ਟੈਕਸ ਫਾਂਸੀ ਦਾ ਫੰਦਾ ਹੀ ਤਾਂ ਹੈ ਜੋ ਲੋਕਾਂ ਦਾ ਗਲ ਘੁੱਟ ਕੇ ਉਹਨਾਂ ਨੂੰ ਮਾਰ ਰਿਹਾ ਹੈ। ਉਹਨਾਂ ਦਾ ਸਾਹ ਘੁੱਟ ਰਿਹਾ ਹੈ।ਜ਼ਬਰ ਦੀ ਵੀ ਕੋਈ ਇੰਤਹਾ ਹੁੰਦੀ ਹੈ। ਸੈਵਰਨ ਦਰਿਆ ’ਤੇ ਵਸੇ ਵਿਓਰੋਗੋਰਨਕਾਸਟਰ (ਵੂਸਟਰ) ਵਿਚ ਜਨਤਾ ਨੇ ਇਸੇ ਟੈਕਸ ਤੋਂ ਤੰਗ ਆ ਕੇ ਬਗਾਵਤ ਕਰ ਦਿੱਤੀ ਸੀ ਤੇ ਦੇਖਦੇ ਹੀ ਦੇਖਦੇ ਸਾਰਾ ਸ਼ਹਿਰ ਤਹਿਸ-ਨਹਿਸ ਹੋ ਗਿਆ ਸੀ। ਭੁੱਲ ਗਏ ਅਜੇ ਪਿਛਲੇ ਸਾਲ ਦੀ ਹੀ ਤਾਂ ਗੱਲ ਹੈ। ਮੈਨੂੰ ਖਦਸਾ ਹੈ ਕਿ ਕੌਫ’ਸ ਟਰੀ ਵੀ ਕਿਧਰੇ ਉਮੇਂ ਨੈਸ਼ਤੋ-ਨਾਬੂਦ ਨਾ ਹੋ ਜਾਏ। ਮੈਂ ਨਹੀਂ ਚਾਹੁੰਦੀ ਕਿ ਮੇਰੇ ਪੁਰਖਿਆਂ ਦਾ ਇਹ ਗਰਾਂ ਬੈਬਿਲੀਅਨ ( ਪਾਪ ਨਗਰੀ) ਬਣ ਜਾਵੇ।” ਗੌਡੀਵਾ ਨੇ ਚਿਤਾਵਨੀ ਦਿੱਤੀ।
“ਬਕਵਾਸ ਨਾ ਕਰ। ਇਹਨਾਂ ਛੋਟੇ ਲੋਕਾਂ ਦੇ ਬਹੁਤਾ ਮੂੰਹ ਨਹੀਂ ਲੱਗੀਦਾ। ਜੇ ਇਹ ਸਹੂਲਤਾਂ ਲੈਂਦੇ ਨੇ। ਐਸ਼ ਕਰਦੇ ਨੇ। ਜੀਵਨ ਆਨੰਦ ਨਾਲ ਮਾਨਣਾ ਹੈ ਤਾਂ ਟੈਕਸ ਵੀ ਇਹਨਾਂ ਨੂੰ ਭਰਨਾ ਪੈਣਾ ਹੈ। ਲਗਾਨ ਦੇਣ ਵੇਲੇ ਇਹਨਾਂ ਦੀ ਜਾਨ ਨਿਕਲਣ ਲੱਗ ਜਾਂਦੀ ਹੈ।”
ਗੌਡੀਵਾ ਮਨ ਹੀ ਮਨ ਕੁਝ ਸੋਚਦੀ ਹੋਈ ਲਿਉਫਰਿਕ ਦੇ ਚਿਹਰੇ ਵੱਲ ਦੇਖਦੀ ਰਹੀ।
“ਚੱਲ ਛੱਡ ਇਹਨਾਂ ਸ਼ਲਿੰਗ (ਦੋ ਕੌਡੀ) ਦੇ ਲੋਕਾਂ ਦੀਆਂ ਗੱਲਾਂ ਨੂੰ। ਆਪਾਂ ਪਿਆਰ ਕਰਦੇ ਹਾਂ। ਲਿਆ ਇਕ ਚੁੰਮੀ ਤਾਂ ਦੇ-ਦੇਹ?”
“ਲਗਾਨ ਦੇਵੋ!”
“ਕੀ ਕਿਹੈ?”
“ਹਾਂ! ਐਸ਼ ਕਰਨੀ, ਆਨੰਦ ਮਾਨਣਾ ਹੈ ਤਾਂ ਲਗਾਨ ਦੇਵੋ। ਤੁਸੀਂ ਆਪ ਹੀ ਤਾਂ ਕਿਹਾ ਹੈ।” ਗੌਡੀਵਾ ਸ਼ੇਰਨੀ ਵਾਂਗਰ ਗਰਜ਼ੀ।
“ਸ਼ਰਾਰਤਣੇ। ਮੇਰੀ ਬਿੱਲੀ ਮੈਨੂੰ ਹੀ ਮਿਆਉਂ? ਚੱਲ ਮੈਂ ਤੈਨੂੰ ਬਾਦਸ਼ਾਹ ਕੈਅਰਲੁਡੀਅਨ (ਲੰਡਨ ਨੂੰ ਵਸਾਉਣ ਵਾਲਾ ਪਹਿਲਾ ਰਾਜਾ, ਜਿਸਦੇ ਨਾਮ ਤੋਂ ਲੰਡਨ ਦਾ ਨਾਮ ਪਿਆ) ਦੇ ਸ਼ਾਹੀ ਖਜ਼ਾਨੇ ਵਾਲਾ ਹੀਰਿਆਂ ਦਾ ਲੁੱਡ (ਲੰਡਨ ਦਾ ਬਣਿਆ) ਹਾਰ ਲੌਨਡੀਨੀਅਮ (ਲੰਡਨ) ਤੋਂ ਮਗਾ ਕੇ ਦੇਊ। ਗਲ੍ਹ ਪਾਇਆ ਧੁੰਨੀ ਤੱਕ ਲਮਕੂ। ਆਪਣੇ ਮਹਾਰਾਜੇ ਕੈਨਿਊਟ ਦਾ ਪੁੱਤ ਐਡਵਰਡ ਉੱਥੇ ਰਾਜ ਕਰਦੈ।” 
“ਹਾਰ ਨਹੀਂ। ਮੈਨੂੰ ਕੋਈ ਹੋਰ ਲਗਾਨ ਚਾਹੀਦੈ?” ਗੌਡੀਵਾ ਸੂਈ ਕੁੱਤੀ ਵਾਂਗ ਲਿਉਫਰਿਕ ਨੂੰ ਭੱਜ ਕੇ ਪਈ।
ਲਿਉਫਰਿਕ ਨੇ ਆਪਣੀ ਦਰਿਆਦਿਲੀ ਦਿਖਾਈ, “ਬੋਲ ਭਾਗਵਾਨੇ, ਤੈਨੂੰ ਲਗਾਨ ਦੇ ਰੂਪ ਵਿਚ ਕੀ ਚਾਹੀਦਾ ਹੈ? ਚੰਨ ਤਾਰੇ ਜੋ ਕਹੇਂ ਤੋੜ ਕੇ ਤੇਰੀ ਝੋਲੀ ਵਿਚ ਪਾ ਦੇਊਂ। ਭਾਵੇਂ ਮੇਰੀ ਧੌੜੀ ਦੀਆਂ ਜੁੱਤੀਆਂ ਬਣਵਾ ਲੈ। ਹਾੜੇ ਹਾੜੇ ਇਕ ਵਾਰੀ ਚੜੇਲ ਆਂਗੂੰ ਚਿਬੜ ਜਾ।”
ਗੌਡੀਵਾ ਸ਼ੜਯੰਤਰੀ ਢੰਗ ਨਾ ਮੁਸਕਰਾਈ, “ਹੈਰੇਗੇਲਡ ਟੈਕਸ ਦੀ ਮੁਆਫੀ। ਵਰਨਾ ਮੈਨੂੰ ਹੱਥ ਨਾ ਲਾਇਉ।”
“ਦਿਮਾਗ ਟਿਕਾਣੇ ਆ ਤੇਰਾ। ਸਾਲੀ ਕੁੱਤੀਏ ਮੈਂ ਚੁੱਕ ਕੇ ਮਹਿਲ ’ਚੋਂ ਬਾਹਰ ਮਾਰੂੰ।” ਲਿਉਫਰਿਕ ਬੜਕਿਆ।
“ਤੁਸੀਂ ਭੁੱਲ ਰਹੇ ਹੋ। ਇਹ ਕੌਫ’ਸ ਟਰੀ ਮੇਰੀ ਜੱਦੀ-ਜਾਇਦਾਦ ਹੈ। ਸਰਕਾਰੀ ਜਾਇਦਾਦ ਸੂਚੀ ਵਿਚ ਮੇਰੇ ਨਾਮ ’ਤੇ ਬੋਲਦੀ ਹੈ।” ਗੌਡੀਵਾ ਨੇ ਲਿਉਫਰਿਕ ਵੱਲ ਤਿਰਸ਼ੀ ਨਜ਼ਰ ਨਾਲ ਦੇਖਿਆ।
ਗੁੱਸੇ ਵਿਚ ਦੰਦ ਪੀਂਹਦਾ ਅਤੇ ਘੁੱਟ ਕੇ ਮੁੱਠੀਆਂ ਮੀਚਦਾ ਹੋਇਆ ਲਿਉਫਰਿਕ ਚਿੱਤ ਵਿਚ ਗੌਡੀਵਾ ਨੂੰ ਗਾਲ੍ਹਾਂ ਕੱਢਦਾ ਹੋਇਆ ਸੌਂ ਗਿਆ। ਪਰ ਅੱਜ ਗੌਡੀਵਾ ਨਾਲ ਉਸਦੀ ਹਮਬਿਸਤਰੀ ਵਿਚ ਫਰਕ ਹੈ।ਚੁੰਬਕ ਅਤੇ ਲੋਹੇ ਦੇ ਮਿਲਾਪ ਵਾਂਗ ਨਾਲੋ-ਨਾਲ ਚਿਪਕ ਕੇ ਪੈਣ ਦੀ ਬਜਾਏ ਉਹਨਾਂ ਦਰਮਿਆਨ ਸਮੁੰਦਰ ਦੇ ਦੋ ਕੰਢਿਆਂ ਵਰਗਾ ਅੰਤਰ ਹੈ। ਧਰਤੀ ਤੋਂ ਅਸਮਾਨ ਜਿਹੀ ਦੂਰੀ। ਇਕ ਨਾ ਪੂਰਿਆ ਜਾਣ ਵਾਲਾ ਵਿਸ਼ਾਲ ਪਾੜਾ। ਲਿਉਫਰਿਕ ਨੂੰ ਜ਼ਿੰਦਗੀ ਵਿਚ ਅੱਜ ਪਹਿਲੀ ਵਾਰ ਰੈਣ ਬਹੁਤ ਲੰਮੀ ਪ੍ਰਤੀਤ ਹੋਈ। 
ਖੈਰ, ਜਿਵੇਂ ਕਿਵੇਂ ਰਾਤ ਗੁਜ਼ਰ ਗਈ… ਇਕ ਵਿਸ਼ਾਲ ਵਕਫਾ… ਅਸੀਮ ਖੱਪਾ ਉਹਨਾਂ ਵਿਚਾਲੇ ਉਸਰ ਗਿਆ। ਇੰਝ ਹੀ ਇਕਾਤਮਈ ਦੂਜੀ ਰਾਤ ਲੰਘੀ। ਫਿਰ ਨੀਰਸ ਤੀਜੀ ਟੱਪ ਗਈ। ਬਕਬਕੀ ਚੌਥੀ… ਬੇਜ਼ਾਰੀਪੂਰਨ ਪੰਜਵੀਂ… ਗਮਗੀਨ ਛੇਵੀਂ… ਤੇ ਸੰਕਟਮਈ ਇਕ ਮਹੀਨਾ ਬੀਤ ਗਿਆ।
ਗੌਡੀਵਾ ਨੇ ਹਰ ਪੱਖੋਂ ਆਪਣੇ ਆਪਨੂੰ ਲਿਉਫਰਿਕ ਨਾਲੋਂ ਤੋੜ ਲਿਆ। ਨਾ ਉਸ ਨਾਲ ਇਕੱਠੀ ਬੈਠਦੀ ਉੱਠਦੀ। ਨਾ ਸਰਕਾਰੀ ਗੈਰ ਸਰਕਾਰੀ ਕੋਈ ਕਾਜ ਵਿਚ ਹਿੱਸਾ ਪਾਉਂਦੀ।। ਨਾ ਉਹ ਘਰ ਵਿਚ ਜੁੜ ਕੇ ਕੋਈ ਕਬੀਲਦਾਰੀ ਦੀ ਗੱਲ ਕਰਦੇ। ਨਾ ਬਾਹਰ ਰਲ ਕੇ ਦਪੰਤੀ ਜੋੜਿਆਂ ਵਾਂਗ ਵਿਚਰਦੇ। ਇਥੋਂ ਤੱਕ ਕੇ ਬਾਦਸ਼ਾਹ ਕਨਿਊਟ ਵੱਲੋਂ ਕਰਵਾਏ ਧਾਰਮਿਕ ਭੋਜ ‘ਮਾਨਾ’ ਵਿਚ ਵੀ ਗੌਡੀਵਾ ਨੇ ਲਿਉਫਰਿਕ ਨਾਲ ਸ਼ਿਰਕਤ ਨਹੀਂ ਸੀ ਕੀਤੀ। ਲਿਉਫਰਿਕ ਜਿਥੇ ਵੀ ਗੌਡੀਵਾ ਦੀ ਸ਼ਮੂਲੀਅਤ ਚਾਹੁੰਦਾ, ਉਥੋਂ ਗੌਡੀਵਾ ਗੈਰਹਾਜ਼ਰ ਹੁੰਦੀ। 
ਅਤ੍ਰਿਪਤ ਲਿਉਫਰਿਕ ਤੋਂ ਆਪਣੇ ਅੰਦਰ ਠਾਠਾਂ ਮਾਰਦਾ ਵਾਸਨਾ ਦਾ ਦਰਿਆ ਸਾਂਭ ਨਹੀਂ ਹੋ ਰਿਹਾ ਹੈ। ਕਾਮ ਚੇਸ਼ਟਾ ਦੀ ਪ੍ਰਜਵਲਿਤ ਜਵਾਲਾ ਨਾਲ ਉਹ ਸੜਦਾ, ਭੁੱਜਦਾ ਜਾ ਰਿਹਾ ਹੈ। ਉਸਨੇ ਕਈ ਹੱਥਕੰਢੇ ਅਪਨਾਏ।ਬਥੇਰੇ ਲਾਲਚ ਦਿੱਤੇ। ਗੌਡੀਵਾ ਨੂੰ ਵਡਿਆਇਆ… ਗਰਮਾਇਆ। ਲੱਖਾਂ ਯਤਨ ਕੀਤੇ ਕਿ ਗੌਡੀਵਾ ਹੈਰੇਗੇਲਡ ਦੀ ਜ਼ਿੱਦ ਛੱਡ ਕੇ ਉਸਦੀਆਂ ਬਾਹਾਂ ਵਿਚ ਖਿੱਲਰ ਜਾਵੇ। ਪਰ ਗੌਡੀਵਾ ਟੱਸ ਤੋਂ ਮੱਸ ਨਾ ਹੋਈ।ਲਿਉਫਰਿਕ ਦੀ ਜਾਨ ਮੁੱਠੀ ਵਿਚ ਆਈ ਪਈ ਹੈ। ਪੂਰਾ ਇਕ ਮਹੀਨਾ ਹੋ ਗਿਆ ਹੈ, ਉਸਨੂੰ ਗੌਡੀਵਾ ਨਾਲ ਪਿਆਰ ਕੀਤਿਆਂ। ਹੁਣ ਤਾਂ ਉਸਦੇ ਹੱਥ ਗੌਡੀਵਾ ਦੀ ਛੋਹ ਦਾ ਅਹਿਸਾਸ ਵੀ ਭੁੱਲ ਗਏ ਹਨ। ਉਸਦੀਆਂ ਅੱਖਾਂ ਵਿਚੋਂ ਗੌਡੀਵਾ ਦੇ ਅਣਕੱਜੇ ਜਿਸਮ ਦੀ ਤਸਵੀਰ ਵੀ ਵਿਸਰ ਗਈ ਹੈ। ਆਪਣੀ ਹੀ ਪਤਨੀ ਨਾਲ ਹਰ ਰੋਜ਼ ਸੌਂਦੇ ਹੋਣ ਦੇ ਬਾਵਜੂਦ ਵੀ ਲਿਉਫਰਿਕ ਨੇ ਗੌਡੀਵਾ ਨੂੰ ਮਹੀਨੇ ਭਰ ਤੋਂ ਵਸਤਰਹੀਣ ਨਹੀਂ ਤੱਕਿਆ।ਲਿਉਫਰਿਕ ਦੇ ਦਿਮਾਗ ਵਿਚ ਵਾਸਨਾ ਦੇ ਭਾਂਬੜ ਲਾਂਬੂ ਬਣ ਬਣ ਉੱਚੇ ਹੋਣ ਲੱਗੇ।ਲਿਉਫਰਿਕ ਆਪਣਾ ਫਸਿਆ ਗੱਡਾ ਕੱਢਣ ਦੀਆਂ ਜੁਗਤਾਂ ਲੜਾਉਣ ਲੱਗਾ ਤੇ ਅੰਤ ਉਹਦੇ ਜ਼ਿਹਨ ਵਿਚ ਇਕ ਸਕੀਮ ਉਸਲਵੱਟੇ ਲੈਣ ਲੱਗੀ।ਪਰ ਉਹ ਦੋ ਚਿੱਤੀ ਵਿਚ ਹੈ ਕਿ ਉਹ ਆਪਣਾ ਵਿਚਾਰ ਗੌਡੀਵਾ ਨਾਲ ਸਾਂਝਾ ਕਰੇ ਜਾਂ ਨਾ।ਆਖੀਰ ਉਸ ਤੋਂ ਰਹਿ ਨਾ ਹੋਇਆ ਤੇ ਕਹਿ ਹੋ ਗਿਆ, “ਗਿਫੂ, ਮੈਂ ਤੈਨੂੰ ਪਾਉਣ ਲਈ ਹੈਰੇਗੇਲਡ ਮੁਆਫ ਕਰਨ ਲਈ ਤਿਆਰ ਹਾਂ। ਪਰ ਮੇਰੀ ਇਕ ਸ਼ਰਤ ਹੈ?”
“ਕੀ?” ਗੌਡੀਵਾ ਇਕਦਮ ਚੌਂਕੀ।
“ਏਦਾਂ ਨ੍ਹੀਂ ਬਈ ਪਹਿਲਾ ਸੌਂਹ ਖਾਹ ਕਿ ਤੂੰ ਸ਼ਰਤ ਪੂਰੀ ਕਰੇਂਗੀ।”
“ਮੈਨੂੰ ਕੌਫ’ਸ ਟਰੀ ਦੀ ਕਸਮ!”
ਲਿਉਫਰਿਕ ਹੱਥ ਮਲਣ ਲੱਗਾ, “ਤੈਨੂੰ ‘ਮਾਰਕੀਟ ਡੇਅ’ ਵਾਲੀ ਰੋਜ਼ ਕੌਫ’ਸ ਟਰੀ ਦੀਆਂ ਗਲੀਆਂ ਬਜ਼ਾਰਾਂ ਵਿਚ ਨਗਨ ਹੋ ਕੇ ਗੇੜਾ ਦੇਣਾ ਪਵੇਗਾ।”
ਲਿਉਫਰਿਕ ਨੂੰ ਪੂਰਣ ਵਿਸ਼ਵਾਸ ਹੈ ਕਿ ਉਸਦੀ ਸਤੀ ਸਵਿਤਰੀ ਪਤਨੀ ਗੌਡੀਵਾ ਜੋ ਉਸ ਅੱਗੇ ਵੀ ਵਸਤਰ ਉਤਾਰਦੀ ਹੋਈ ਝਿਜਕਦੀ ਅਤੇ ਸ਼ਰਮਾਉਂਦੀ ਹੁੰਦੀ ਹੈ, ਉਹ ਹਰਗਿਜ਼ ਇਹ ਸ਼ਰਤ ਪੂਰੀ ਨਹੀਂ ਕਰ ਸਕੇਗੀ। ਗੌਡੀਵਾ ਦੀ ਜ਼ਿੱਦ ਨੂੰ ਤੋੜ੍ਹਨ ਦਾ ਇਸ ਤੋਂ ਵਧੀਆ ਕੋਈ ਹੋਰ ਤਰੀਕਾ ਜਾਂ ਤਰਕੀਬ ਲਿਉਫਰਿਕ ਕੋਲ ਹੋ ਨਹੀਂ ਸਕਦੀ।
ਗੌਡੀਵਾ ਅਚੰਭਿਤ ਅਤੇ ਡੌਰਭੌਰ ਹੋਈ ਲਿਉਫਰਿਕ ਦੇ ਮੂੰਹ ਵੱਲ ਤੱਕਣ ਲਗੀ।
“ਕੋਈ ਕਾਹਲੀ ਨਹੀਂ। ਸਵੇਰੇ ਸੋਚ ਕੇ ਜੁਆਬ ਦੇ ਦੇਵੀਂ।” ਲਿਉਫਰਿਕ ਨੂੰ ਆਪਣੀ ਜਿੱਤ ਪ੍ਰਤੱਖ ਨਜ਼ਰ ਆ ਰਹੀ ਹੈ।

ਬਾਕੀ ਅਗਲੇ ਹਫ਼ਤੇ... 

Print this post

1 comment:

Rajinderjeet said...

Kamaal da andaze- biyan..

Post a Comment