ਲੇਡੀ ਗੌਡੀਵਾ ਦਾ ਨੰਗਾ ਸੱਚ (4)

ਲਿਉਫਰਿਕ ਦੀ ਸ਼ਰਤ ਸੁਣ ਕੇ ਇਕ ਵਾਰ ਤਾਂ ਗੌਡੀਵਾ ਦੇ ਮਨ ਉੱਤੇ ਬਿਜ਼ਲੀ ਡਿੱਗ ਪਈ। ਉਸਨੂੰ ਜਾਪਿਆ ਜਿਵੇਂ ਕਿਸੇ ਨੇ ਉਸਦੇ ਸਿਰ ਉੱਤੇ ਘਣ ਮਾਰ ਦਿੱਤਾ ਹੁੰਦਾ ਹੈ।ਗੌਡੀਵਾ ਖਾਮੋਸ਼ ਹੋ ਗਈ। ਉਸਨੇ ਲਿਉਫਰਿਕ ਨੂੰ ਕੋਈ ਜੁਆਬ ਨਾ ਦਿੱਤਾ। ਉਹ ਲਿਉਫਰਿਕ ਵੱਲ ਪਿੱਠ ਕਰਕੇ ਸਾਰੀ ਰਾਤ ਪਈ ਰਹੀ। ਨਾ ਸੁੱਤੀ ਤੇ ਨਾ ਹੀ ਉਸਨੂੰ ਨੀਂਦ ਆਈ। ਵਿਚਾਰਾਂ ਅਤੇ ਸੋਚਾਂ ਦੀ ਕਸ਼ਮਕਸ਼ ਵਿਚ ਉਹ ਸਾਰੀ ਰਾਤ ਸੋਚਦੀ ਰਹੀ।
ਮਿਸ਼ਾਲਾਂ ਦੀ ਰੋਸ਼ਨੀ ਨੂੰ ਰੁਖਸਤ ਕਰਕੇ ਸੂਰਜ ਦੀਆਂ ਕਿਰਨਾਂ ਪਹਿਰੇ ਉੱਤੇ ਆ ਬੈਠੀਆਂ।ਦਿਨ ਦੇ ਉਜਾਲੇ ਵਿਚ ਅੱਜ ਕੋਈ ਕਾਲਖ ਘੁੱਲੀ ਹੋਈ ਹੈ।
ਲਿਉਫਰਿਕ ਨੇ ਪਲੰਘ ਤੋਂ ਉੱਠ ਕੇ ਬਾਹਾਂ ਉਲਾਰੀਆਂ, ਉਗਾੜੀ ਭੰਨ੍ਹੀ ਤੇ ਦੇਖਿਆ ਗੌਡੀਵਾ ਵੀ ਜਾਗ ਚੁੱਕੀ ਹੈ। ਉਹ ਇਸ ਗੱਲ ਤੋਂ ਅਣਜਾਣ ਹੈ ਕਿ ਗੌਡੀਵਾ ਤਾਂ ਸੁੱਤੀ ਹੀ ਨਹੀਂ ਹੈ।ਉਸਨੇ ਤਾਂ ਜਗਰਾਤਾ ਕੱਟਿਆ ਹੈ।
ਲਿਉਫਰਿਕ ਪਲੰਘ ਉੱਤੇ ਮੁੜ ਆ ਕੇ ਬੈਠ ਗਿਆ, “ਹਾਂ, ਫੇਰ ਕੀ ਸੋਚਿਆ ਜਾਨੇਮਨ?”

“ਸੋਚਣਾ ਕੀ ਐ? ਹਾਂ, ਮੈਂ ਬਿਨਾ ਕੋਈ ਕਪੜਾ ਪਹਿਨਿਆਂ ਕੌਫ’ਸ ਟਰੀ ਦੀਆਂ ਗਲੀਆਂ ਬਜ਼ਾਰਾਂ ਦਾ ਭ੍ਰਮਣ ਕਰਾਂਗੀ। ਬਜ਼ਾਰ ਕੱਲ੍ਹ ਹੀ ਲੱਗਣਾ ਹੈ ਨਾ? ਇਹ ਕੰਮ ਮੈਂ ਕੱਲ੍ਹ ਹੀ ਕਰਾਂਗੀ। ਤੁਸੀਂ ਆਪਣੇ ਵਾਅਦੇ ਉੱਤੇ ਪੱਕੇ ਰਹਿਣਾ।” ਗੌਡੀਵਾ ਨੇ ਦ੍ਰਿੜਤਾ ਨਾਲ ਉੱਤਰ ਦਿੱਤਾ।
“ਲੈ ਜਾਣਦੇ, ਭੁੱਲਿਆਂ ਮੈਂ ਤੈਨੂੰ ਵੱਡੀ ਬੇਬਾਕ ਨੂੰ। ਫੈਂਟਰ ਨ੍ਹੀਂ ਮਾਰੀਦੇ ਹੁੰਦੇ।”
“ਮੈਂ ਸੱਚ ਆਖ ਰਹੀ ਹਾਂ। ਇਹਨੂੰ ਫੂਕਰੀ ਨਾ ਸਮਝਿਉ।”
“ਦੇਖ ਲਾਂ’ਗੇ ਬਈ। ਚੋਰ ਗਿਆ ਕਿ ਹਨੇਰ ਗਿਆ। ਕੱਲ੍ਹ ਆਉਣ ’ਚ ਕਿਹੜਾ ਗੋਡੇ ਆ।”
ਲਿਉਫਰਿਕ ਕਚਿਹਰੀ ਲਾਉਣ ਚਲਾ ਗਿਆ। ਗੌਡੀਵਾ ਦੀ ਇਕ ਬੰਦੀ ਨੇ ਚੋਰੀ ਇਹ ਗੱਲ ਸੁਣ ਲਿੱਤੀ ਤੇ ਅੱਗੋਂ ਉਸਨੇ ਸਭ ਦਾਸੀਆਂ ਅਤੇ ਸੈਨੀਕਾਵਾਂ ਵਿਚ ਫੈਲਾਅ ਦਿੱਤੀ। ਸਭ ਜਾਣਦੇ ਹਨ ਕਿ ਗੌਡੀਵਾ ਬਹੁਤ ਜ਼ਿੱਦੀ ਹੈ। ਧੁੰਨ ਦੀ ਪੱਕੀ ਜੋ ਧਾਰ ਲੈਂਦੀ ਹੈ ਉਹ ਕਰਕੇ ਛੱਡਦੀ ਹੈ।ਸਭ ਨੂੰ ਇਹ ਖਦਸ਼ਾ ਹੈ ਕਿ ਕਿਧਰੇ ਗੌਡੀਵਾ ਸੱਚਮੁੱਚ ਹੀ ਅਜਿਹਾ ਕੁਝ ਨਾ ਕਰ ਦੇਵੇ। ਕੁਝ ਹੀ ਘੰਟਿਆਂ ਵਿਚ ਇਹ ਗੱਲ ਜੰਗਲ ਦੀ ਅੱਗ ਵਾਂਗ ਸਾਰੇ ਕੌਫ’ਸ ਟਰੀ ਵਿਚ ਫੈਲ ਗਈ।
ਬਲਜ਼ਾਕ ਨੂੰ ਜਦੋਂ ਇਸ ਬਾਰੇ ਪਤਾ ਚੱਲਿਆ ਤਾਂ ਉਹ ਸਿਰ ਤੋਂ ਪੈਰਾਂ ਤੱਕ ਝਿੰਜੋੜਿਆ ਗਿਆ।ਕੌਫ’ਸ ਟਰੀ ਦੀਆਂ ਗਲੀਆਂ, ਬਜ਼ਾਰਾਂ, ਮਕਾਨਾਂ, ਦੁਕਾਨਾਂ, ਹੱਟੀ, ਭੱਠੀ ’ਤੇ ਲਿਉਫਰਿਕ ਦੀ ਇਸ ਅਣਹੋਣੀ ਸ਼ਰਤ ਦੀ ਚਰਚਾ ਹੋਣ ਲੱਗੀ। ਉਸ ਸ਼ਾਮ ਬਲਜ਼ਾਕ ਦੇ ਉਦਮ ਸਦਕਾ ਕੌਫ’ਸ ਟਰੀ ਦੇ ਮੁਹਤਬਰ ਅਤੇ ਬਜ਼ੁਰਗ ਇਸਤਰੀ ਪੁਰਸ਼ਾਂ ਨੇ ਇਕ ਸਭਾ ਬੁਲਾਈ। ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਗੌਡੀਵਾ ਇਹ ਸਭ ਕੁਝ ਉਹਨਾਂ ਦੀ ਭਲਾਈ ਲਈ ਕਰ ਰਹੀ ਹੈ, ਇਸ ਲਈ ਬਜ਼ਾਰ ਵਾਲੇ ਦਿਨ ਕੋਈ ਵੀ ਬਾਹਰ ਨਹੀਂ ਨਿਕਲੇਗਾ।ਸਭ ਲੋਕ ਦਰਵਾਜ਼ੇ ਖਿੜਕੀਆਂ ਬੰਦ ਕਰਕੇ ਪਰਦੇ ਤਾਣ ਲੈਣਗੇ ਅਤੇ ਆਪੋ ਆਪਣੇ ਘਰਾਂ ਵਿਚ ਆਥਣ ਤੱਕ ਨਜ਼ਰਬੰਦ ਰਹਿਣਗੇ। ਇਸ ਨਾਲ ਲੇਡੀ ਗੌਡੀਵਾ ਲਿਉਫਰਿਕ ਦੀ ਸ਼ਰਤ ਵੀ ਪੂਰੀ ਕਰ ਦੇਵੇਗੀ ਅਤੇ ਗੌਡੀਵਾ ਨੂੰ ਪਸ਼ੇਮਾਨੀ ਦਾ ਸਾਹਮਣਾ ਵੀ ਨਹੀਂ ਕਰਨਾ ਪਵੇਗਾ। ਉਸਦੀ ਇੱਜ਼ਤ ਅਤੇ ਮਾਣ ਸਨਮਾਨ ਬਰਕਰਾਰ ਰਹੇਗਾ। ਜਨਤਾ ਨੂੰ ਹੈਰੇਗੇਲਡ ਟੈਕਸ ਤੋਂ ਨਿਜ਼ਾਤ ਵੀ ਮਿਲ ਜਾਵੇਗੀ। ਸਭ ਨੇ ਬਿਨਾ ਕਿਸੇ ਇਤਰਾਜ਼ ਦੇ ਇਸ ਮਤੇ ਨੂੰ ਪ੍ਰਵਾਨ ਲਿਆ ਤੇ ਖੁਦ ਅਤੇ ਆਪੋ ਆਪਣੇ ਪਰਿਵਾਰਾਂ ਨੂੰ ਵੀਰਵਾਰ ਵਾਲੇ ਦਿਨ ਨਜ਼ਰਬੰਦ ਰੱਖਣ ਦੀ ਕਸਮ ਚੁੱਕੀ।
ਅਗਲੇ ਦਿਨ ਦਾ ਸੂਰਜ ਚੜ੍ਹਿਆ। ਬਜ਼ਾਰ ਵਿਚ ਦੁਕਾਨਾਂ ਪਹਿਲਾਂ ਵਾਂਗ ਹੀ ਸਜੀਆਂ। ਸਮਾਨ ਵੀ ਪਹਿਲਾਂ ਵਾਂਗ ਹੀ ਟਿਕਾਇਆ ਗਿਆ। ਪਰ ਇਕ ਵੀ ਬੰਦਾ ਨਜ਼ਰ ਨਹੀਂ ਆ ਰਿਹਾ ਹੈ। ਸਭ ਆਪੋ ਆਪਣੇ ਘਰਾਂ ਵਿਚ ਆਪਣੇ ਆਪਨੂੰ ਕੈਦ ਕਰਕੇ ਬੈਠ ਗਏ ਹਨ। ਚਾਰੇ ਪਾਸੇ ਸੁੰਨ-ਸਰਾਂ… ਚੁੱਪ ਦਾ ਇਕ ਮਜ਼ਬੂਤ ਪਹਿਰਾ… ਇਕ ਕੰਨ ਪਾੜਵਾਂ ਸਨਾਟਾ ਛਾਇਆ ਪਿਆ ਹੈ ਚਾਰੇ ਪਾਸੇ।
ਗੌਡੀਵਾ ਦੀਆਂ ਦਾਸੀਆਂ ਬਲਜ਼ਾਕ ਤੋਂ ਗੌਡੀਵਾ ਦਾ ਪਿਆਰਾ ਚਿੱਟਾ ਘੋੜਾ ਲੈ ਆਈਆਂ। ਗੌਡੀਵਾ ਬਿਸਤਰੇ ਤੋਂ ਉੱਠੀ ਤੇ ਉਸ ਨੇ ਆਪਣੇ ਸੌਣ-ਵਸਤਰ ਦੇ ਬੀੜੇ ਖੋਲ੍ਹੇ ਨਹੀਂ, ਬਲਕਿ ਗੁੱਸੇ ਵਿਚ ਆ ਕੇ ਤੋੜ ਦਿੱਤੇ ਤੇ ਆਪਣਾ ਚੋਲਾ ਭੁੰਜੇ ਫਰਸ਼ ਉੱਤੇ ਸਿੱਟ ਕੇ ਨਗਨ ਗੁਸਲਖਾਨੇ ਵੱਲ ਚਲੀ ਗਈ। ਇਤਰਜਲ ਨਾਲ ਭਰੇ ਹਮਾਮ ਕੁੰਡ ਵਿਚ ਉਹ ਕਿੰਨੀ ਦੇਰ ਲੇਟੀ ਕੁਝ ਸੋਚਦੀ ਰਹੀ। ਜਦ ਗੌਡੀਵਾ ਬਾਹਰ ਨਿਕਲਦੀ ਹੈ ਤਾਂ ਦਾਸੀਆਂ ਨੇ ਉਸਦਾ ਪਿੰਡਾ ਪੂੰਝਿਆ ਤੇ ਉਸਨੂੰ ਵਸਤਰ ਪਹਿਨਾਉਣ ਦੀ ਪੇਸ਼ਕਸ਼ ਕੀਤੀ। ਵਸਤਰਾਂ ਦੀ ਪੇਸ਼ਕਸ਼ ਗੌਡੀਵਾ ਨੇ ਠੁਕਰਾ ਦਿੱਤੀ ਤੇ ਕੇਵਲ ਇਕ ਚਾਦਰ ਵਿਚ ਆਪਣਾ ਬਦਨ ਲਪੇਟ ਕੇ ਸਿੱਧਾ ਸੌਣ ਕਮਰੇ ਵੱਲ ਗਈ।ਲਿਉਫਰਿਕ ਰਾਤ ਨੂੰ ਸ਼ਰਾਬ ਜ਼ਿਆਦਾ ਪੀ ਜਾਣ ਕਾਰਨ ਅਜੇ ਤੱਕ ਸੁੱਤਾ ਪਿਆ ਹੈ। ਗੌਡੀਵਾ ਨੇ ਉਸਨੂੰ ਉਠਾਇਆ, “ਮੇਰੇ ਸਿਰਤਾਜ, ਮੈਂ ਤੁਹਾਡੀ ਸ਼ਰਤ ਪੂਰੀ ਕਰਨ ਜਾ ਰਹੀ ਹਾਂ। ਤੁਸੀਂ ਮਰਦਾਂ ਵਾਂਗ ਆਪਣੇ ਵਾਅਦੇ ਉੱਤੇ ਪੱਕੇ ਰਹਿਣਾ।”
ਗੌਡੀਵਾ ਨੇ ਸੱਪਣੀ ਦੇ ਕੁੰਜ ਲਾਹੁਣ ਵਾਂਗ ਆਪਣੇ ਇਰਦ-ਗਿਰਦ ਵਲੇਟੀ ਹੋਈ ਚਾਦਰ ਲਾਹ ਕੇ ਜ਼ਮੀਨ ’ਤੇ ਸੁੱਟ ਦਿੱਤੀ।
ਅੱਖਾਂ ਮਲਦਾ ਹੋਇਆ ਲਿਉਫਰਿਕ ਉੱਠਿਆ ਤੇ ਨਿਰਵਸਤਰ ਗੌਡੀਵਾ ਨੂੰ ਦੇਖਕੇ ਦੰਗ ਰਹਿ ਗਿਆ। ਉਹ ਜਾਣਦਾ ਹੈ ਕਿ ਪੱਥਰ ’ਤੇ ਲਕੀਰ ਵਾਂਗ ਗੌਡੀਵਾ ਦਾ ਫੈਸਲਾ ਅਟੱਲ ਹੈ। ਲਿਉਫਰਿਕ ਨੂੰ ਬੋਲਣ ਲਈ ਕੋਈ ਬੋਲ ਤੇ ਹਿੱਲਣ ਲਈ ਕੋਈ ਹਰਕਤ ਨਹੀਂ ਆਹੁੜ ਰਹੀ।
ਜਾਘਾਂ ਤੱਕ ਲਮਕਦੇ ਲੰਮੇ ਘਣੇ ਸਵਰਨ ਵੰਨੇ ਵਾਲ ਖੁੱਲ੍ਹੇ ਲਮਕਾਈ ਗੌਡੀਵਾ ਫੌਜੀਆਂ ਵਾਂਗ ਕਵਾਇਦ ਕਰਦੀ ਹੋਈ ਸੌਣ ਕਖਸ਼ ’ਚੋਂ ਬਾਹਰ ਚਲੀ ਗਈ।ਲਿਉਫਰਿਕ ਇਹ ਹੈਰਤਅੰਗੇਜ਼ ਵਾਕਿਆ ਮੂੰਹ ਅੱਡੀ ਤੱਕਦਾ ਹੀ ਰਹਿ ਗਿਆ।
ਅਗਲੇ ਹੀ ਪਲ ਗੌਡੀਵਾ ਦੋ ਘੋੜ ਸਵਾਰ ਸਪਹਿਣਾਂ ਨਾਲ ਆਪਣੇ ਚਿੱਟੇ ਘੋੜੇ ਉੱਤੇ ਨਿਰਵਸਤਰ ਬੈਠੀ, ਕੌਫ’ਸ ਟਰੀ ਦੀਆਂ ਗਲੀਆਂ ਵਿਚ ਗਸ਼ਤ ਕਰਨ ਲੱਗੀ। ਇਥੋਂ ਤੱਕ ਕਿ ਉਸਨੇ ਕੋਈ ਗਹਿਣਾ ਵੀ ਨਹੀਂ ਪਹਿਨਿਆ। ਉਸਦੇ ਤਨ ਉੱਤੇ ਇਕ ਵੀ ਕਪੜਾ ਨਹੀਂ ਹੈ। ਲੇਕਿਨ ਫਿਰ ਵੀ ਉਹ ਨਗਨ ਨਹੀਂ ਦਿਸਦੀ। ਕਿਉਂਕਿ ਉਸਦੇ ਗੁਪਤ ਅੰਗਾਂ ਨੂੰ ਉਸਦੇ ਗਜ਼-ਗਜ਼ ਲੰਮੇ ਵਾਲਾਂ ਨੇ ਕੱਜ ਰੱਖਿਆ ਹੈ। 
ਦਿਨ ਭਰ ਉਹ ਕੌਫ’ਸ ਟਰੀ ਦੀਆਂ ਗਲੀਆਂ ਬਜ਼ਾਰਾਂ ਵਿਚ ਉਸੇ ਤਰ੍ਹਾਂ ਘੁੰਮਦੀ ਰਹੀ। ਉਸਨੂੰ ਬੰਦਾ ਤਾਂ ਕੀ, ਕੋਈ ਚਿੱੜ੍ਹੀ ਪਰਿੰਦਾ ਵੀ ਨਾ ਟੱਕਰਿਆ। ਸੂਰਜ ਦੀ ਟਿੱਕੀ ਹੇਠਾਂ ਉਤਰਦੀ ਉਤਰਦੀ ਜਦੋਂ ਦੂਰ ਪੱਛਮ ਦੀ ਪਹਾੜੀ ਉੱਤੇ ਆ ਕੇ ਟਿਕ ਗਈ। ਪਰਛਾਵੇਂ ਕੱਦਾਵਰ ਹੋਏ ਤਾਂ ਗੌਡੀਵਾ ਮਹਿਲ ਵਾਪਿਸ ਪਰਤ ਆਈ।
ਲਿਉਫਰਿਕ ਹਾਰੇ ਹੋਏ ਜੁਆਰੀ ਵਾਂਗ ਡਿਉੜੀ ਵਿਚ ਖੜ੍ਹਾ ਗੌਡੀਵਾ ਦਾ ਇੰਤਜ਼ਾਰ ਕਰ ਰਿਹਾ ਹੈ। 
“ਮੈਂ ਆਪਣਾ ਪ੍ਰਣ ਪੂਰਾ ਕਰ ਦਿੱਤੈ, ਤੁਸੀਂ ਆਪਣਾ ਕੌਲ ਪੂਰਾ ਕਰੋ।” ਗੌਡੀਵਾ ਨੇ ਸਵੈਮਾਣ ਅਤੇ ਇਕ ਜੇਤੂ ਮੁਸਕਾਨ ਚਿਹਰੇ ਉੱਤੇ ਲਿਆਉਂਦਿਆਂ ਲਿਉਫਰਿਕ ਨੂੰ ਸੰਬੋਧਨ ਕੀਤਾ।
ਲਿਉਫਰਿਕ ਆਪਣੇ ਦਫਤਰ ਵਿਚ ਗਿਆ ਤੇ ਕਲਮ ਸਿਆਹੀ ਦੀ ਦਵਾਤ ਵਿਚ ਡਬੋ ਕੇ ਉਸਨੇ ਸ਼ਾਹੀ ਫਰਮਾਨ ਲਿਖ ਦਿੱਤਾ।ਹੇਠਾਂ ਆਪਣੀ ਲਾਲ ਮੋਹਰ ਠੱਪ ਦਿੱਤੀ। ਰੁੱਕਾ ਗੌਡੀਵਾ ਨੇ ਪੜ੍ਹਿਆ। ਕੇਵਲ ਕੌਫ’ਸ ਟਰੀ ਹੀ ਨਹੀਂ ਬਲਕਿ ਸਾਰੇ ਮਾਰਸੀਆ ਵਿਚਲੇ ਲਿਉਫਰਿਕ ਦੇ ਅਧਿਕਾਰ ਖੇਤਰ ਵਿਚ ਹੈਰੇਗੇਲਡ ਬੰਦ ਕਰ ਦੇਣ ਦਾ ਆਦੇਸ਼ ਦਰਜ ਹੈ।ਗੌਡੀਵਾ ਨੇ ਉਹ ਪ੍ਰਵਾਨਾ ਸੇਵਕਾਵਾਂ ਹੱਥ ਢਿਡੋਰਵੀ ਪੀਟਰ ਨੂੰ ਭੇਜ ਕੇ ਫੌਰਨ ਮੁਨਿਆਦੀ ਕਰਨ ਦਾ ਹੁਕਮ ਦਿੱਤਾ। ਤਬਲਬਾਜ਼ (ਨਗਾਰਾ ਵਜਾਉਣ ਵਾਲਾ) ਜੌਹਨ ਵੀ ਪੀਟਰ ਨਾਲ ਲਿਉਫਰਿਕ ਦਾ ਸ਼ਾਹੀ ਫਰਮਾਨ ਦਾ ਐਲਾਨ ਸਾਰੀ ਲੋਕਾਈ ਤੱਕ ਪਹੁੰਚਾਉਣ ਲਈ ਤੁਰ ਪਿਆ।ਚਰਚ ਦੀਆਂ ਲਗਾਤਾਰ ਘੰਟੀਆਂ ਖੜਕਣ ਲੱਗੀਆਂ ਤਾਂ ਜੌਹਨ ਨੇ ਚਬੂਤਰੇ ਉੱਤੇ ਚੜ੍ਹ ਕੇ ਨਗਾਰੇ ਉੱਤੇ ਚੋਟ ਲਾ ਦਿੱਤੀ ਤੇ ਪੀਟਰ ਨੇ ਸ਼ਾਹੀ ਐਲਾਨਾਮਾ ਪੜ੍ਹਿਆ ਕਿ ਅੱਜ ਅਤੇ ਹੁਣੇ ਇਸੇ ਮੌਕੇ ਤੋਂ ਹੈਰੇਗੇਲਡ ਲਗਾਨ ਬੰਦ ਹੈ ਤੇ ਕਿਸੇ ਵੀ ਪਰਾਣੀ ਨੂੰ ਇਹ ਟੈਕਸ ਦੇਣਾ ਨਹੀਂ ਪਵੈਗਾ। ਲੋਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ‘ਲੇਡੀ ਗੌਡੀਵਾ ਜ਼ਿੰਦਾਬਾਦ’ ਦੇ ਨਾਅਰਿਆਂ ਨਾਲ ਅਸਮਾਨ ਗੂੰਜ਼ਣ ਲੱਗਾ।
“ਗੌਡੀਵਾ ਜੁੱਗ ਜੁੱਗ ਜੀਵੇ!” 
“ਗੌਡੀਵਾ ਅਮਰ ਰਹੇ!!”
“ਗੂਡੀ (ਚੰਗੀ) ਵੀਵਾ (ਜ਼ਿੰਦਾਬਾਦ)!!!”…
ਜੈਕਾਰੇ ਲਾਉਂਦੇ ਲੋਕ ਖਿੰਡਣ ਖੱਪਰਨ ਲੱਗੇ।
ਇਕਦਮ ਬਜ਼ਾਰ ਵਿਚ ਚਹਿਲ-ਪਹਿਲ ਨਹੀਂ ਬਲਕਿ ਘੜਮੱਸ ਪੈਣਾ ਸ਼ੁਰੂ ਹੋ ਗਿਆ।ਲੋਕ ਰਾਤ ਪੈਣ ਦੇ ਡਰੋਂ ਫੁਰਤੀ ਨਾਲ ਖਰੀਦੋ-ਫਰੋਖਤ ਕਰਨ ਲੱਗੇ।ਸਾਰੀ ਕੌਫਸ ਟਰੀ ਵਿਚ ਸ਼ਾਦੀਆਨੇ, ਢੋਲ-ਢਮੱਕੇ, ਸ਼ਹਿਨਾਈਆਂ ਪੀਪਣੀਆਂ ਵੱਜਣ ਲੱਗ ਪਈਆਂ। ਲੋਕ ਬਾਘੀਆਂ ਪਾਉਂਦੇ ਭੱਜੇ ਫਿਰਦੇ ਜਸ਼ਨ ਮਨਾਉਣ ਲੱਗ ਪਏ। ਇਸਤਰੀਆਂ ਵੱਨ-ਸੁਵੰਨੇ ਪਕਵਾਨ ਬਣਾਉਣ ਲੱਗ ਪਈਆਂ। ਸਾਰੇ ਮਰਦ ਪੱਥਰ ਬਜ਼ਾਰ ਵਾਲੇ ਵੱਡੇ ਸ਼ਰਾਬਖਾਨੇ (ਮੌਜੂਦਾ ਕਾਉਂਟੀਕੋਰਟ ਵਾਲਾ ਸਥਾਨ) ਵਿਚ ਜਾ ਜੁੜੇ।ਇਕ ਦੂਜੇ ਨਾਲ ਜਾਮ ਟਕਰਾ ਟਕਰਾ ਕੇ ਰਲਮਿਲ ਪੀਣ ਲੱਗੇ। ਸਭ ਖੁਸ਼ ਸਨ, ਲੇਕਿਨ ਬਲਜ਼ਾਕ ਉਦਾਸ ਹੈ। ਉਹ ਇਕ ਖੁੰਝੇ ਵਿਚ ਆਪਣੀ ਸ਼ਰਾਬ ਦਾ ਮੱਗ ਲੈ ਕੇ ਸਭ ਤੋਂ ਬੇਖਬਰ ਬੈਠਾ ਹੈ।
ਲੋਕ ਲੇਡੀ ਗੌਡੀਵਾ ਦੀ ਪ੍ਰਸੰਸਾ ਦਾ ਗੁਣਗਾਨ ਕਰ ਰਹੇ ਹਨ। ਕਈਆਂ ਦੇ ਮਨ ਵਿਚ ਸ਼ੰਕਾ ਵੀ ਹੈ।
ਮਨਚਲਾ ਡੇਵਿਡ ਬੋਲਿਆ, “ਭਲਾ ਲੇਡੀ ਗੌਡੀਵਾ ਨੇ ਸੱਚੀਂ ਨੰਗੀ ਹੋ ਕੇ ਗੇੜਾ ਦਿੱਤਾ ਹੋਊ?”
“ਹਾਂ, ਦਿੱਤਾ ਹੀ ਹੋਊ। ਨਹੀਂ ਤਾਂ ਜ਼ਾਲਮ ਲਾਰਡ ਲਿਉਫਰਿਕ ਹੈਰੇਗੇਲਡ ਕਿਉਂ ਮੁਆਫ ਕਰਦਾ?” ਬਜ਼ੁਰਗ ਹਕੀਮ ਐਲਬਰਟ ਨੇ ਜੁਆਬ ਦਿੱਤਾ।
‘ਸਿਰ ਚੱਕਣੀ’ (ਇਕ ਵਿਸ਼ੇਸ਼ ਦਰੱਖਤ ਦੀ ਟਾਹਣੀ, ਜਿਸਨੂੰ ਚੱਭਣ ਨਾਲ ਸਰੂਰ ਮਹਿਸੂਸ ਹੁੰਦਾ ਹੈ, ਗਿਆਰਵੀਂ ਸਦੀ ਵਿਚ ਇਹ ਬਹੁਤ ਪ੍ਰਚੱਲਤ ਨਸ਼ਾ ਸੀ।) ਦਾਤਣ ਮੂੰਹ ’ਚੋਂ ਬਾਹਰ ਕੱਢਦਾ ਹੋਇਆ ਨਾਈ ਕੋਲਿਅਮ ਵਾਰਤਾਲਾਪ ਵਿਚ ਸ਼ਿਰਕਤ ਕਰਦਾ ਹੈ, “ਭਾਊ, ਊਂ ਯਾਰ ਇਹ ਮਾੜੀ ਗੱਲ ਐਂ ਉਹਦੇ ਲਈ। ਆਵਦੀ ਤੀਵੀਂ ਨੂੰ ਨੰਗੀ ਕਰਕੇ ਸ਼ਹਿਰ ’ਚ ਘੁੰਮਾਇਐ।ਸਾਹੁਰੇ ਨੂੰ ਸ਼ਰਮ ਨ੍ਹੀਂ ਆਈ।ਇਹ ਤਾਂ ਆਪਾਂ ਸਿਆਣਪ ਸੋਚੀ ਕਿ ‘ਹਾਉਸਅਰੈਸਟ’ ਵਿਚ ਰਹੇ। ਨਹੀਂ ਸੋਚੋ ਭਲਾਂ ਉਹਦੀ ਕੀ ਇੱਜ਼ਤ ਰਹਿਣੀ ਸੀ?” 
“ਨਹੀਂ ਲੇਡੀ ਗੌਡੀਵਾ ਬਹੁਤ ਸਿਆਣੀ ਤੇ ਸਮਝਦਾਰ ਔਰਤ ਐ। ਉਸਨੇ ਕਿਸੇ ਤਰ੍ਹਾਂ ਲਿਉਫਰਿਕ ਨੂੰ ਮਨਾ ਲਿਆ ਹੋਣੈ। ਤੀਵੀਆਂ ਨੂੰ ਬੰਦੇ ਵਡਿਆਉਣ ਦੀ ਜਾਚ ਹੁੰਦੀ ਐ ਭਾਈ। ਉਹਨੇ ਲਿੜਿਉਂ ਬਾਹਰ ਹੋ ਕੇ ਗੇੜੇ ਨਹੀਂ ਦਿੱਤੇ ਹੋਣੇ।” ਜ਼ਸ਼ਨ ਵਿਚ ਸ਼ਾਮਿਲ ਹੋਣ ਆਇਆ ਪਾਦਰੀ ਲੈਲਸਿਸ ਵੀ ਗੱਲਬਾਤ ਵਿਚ ਸ਼ਰੀਕ ਹੋਇਆ।
“ਲੈ ਯਬਲੀਆਂ ਨਾਲ ਮਾਰੋ। ਉਹਨੇ ਬਿਨਾ ਲਿੜਿਆਂ ਤੋਂ ਬੱਗੇ ਘੋੜੇ ’ਤੇ ਮਿਜ਼ਾਜ ਨਾਲ ਫੇਰੇ ਦਿੱਤੇ ਆ।ਉਹਦੇ ਚਿਹਰੇ ’ਤੇ ਨਾ ਨੰਗੇ ਹੋਣ ਦੀ ਸ਼ਰਮ, ਨਾ ਡਰ ਤੇ ਨਾ ਹੀ ਕੋਈ ਝਿਜਕ ਤੀ।ਉਹ ਤਾਂ ਮੜਕ ਨਾਲ ਆਪਦੇ ਦੁੱਧੀਆ ਪੱਟ ਲਿਸ਼ਕਾਉਂਦੀ ਗਲੀਆਂ ਕੱਛਦੀ ਫਿਰਦੀ ਤੀ। ਪੂਰੇ ਨਖਰੇ ਨਾਲ ਕੌਡੀਆਂ, ਯਾਕੂਬ ਅਤੇ ਮੋਤੀ ਜੜੇ ਕੱਢਾਈਦਾਰ ਲਾਲ ਝੁੱਲ ਪਾਏ ਹੋਏ ਘੋੜੇ ’ਤੇ ਨੰਗੀ ਬੈਠੀ ਤੀ। ਮੈਂ ਆਪਣੇ ਅੱਖੀਂ ਦੇਖਿਐ, ਮੈਨੂੰ ਪੁੱਛੋ?” ਦਰਜੀ ਟੌਮ ਸ਼ਰਾਬ ਦੇ ਨਸ਼ੇ ਵਿਚ ਲਲਕਾਰਿਆ।
“ਤੈਨੂੰ ਕਿਵੇਂ ਪਤੈ?” ਸਭ ਦੀ ਇਕੱਠੀ ਇਕ ਸੁਰ ਵਿਚ ਅਵਾਜ਼ ਨਿਕਲੀ।
“ਮੈਂ ਕੁ ਨਾ ਬਾਈ, ਹੀਂਅ ਹੀਹੀ (ਖਚਰੀ ਹਾਸੀ ਹਸਦਾ ਹੋਇਆ) ਆਪਦੀ ਬਾਰੀ ਵਿਚ ਛੋਟੀ ਜਿਹੀ ਮੋਰੀ ਕਰ ’ਲੀ ਤੀ। ਮੈਥੋ ਯਾਰ ਰਹਿ ਜਿਹਾ ਨਹੀਂ ਹੋਇਆ। ਮੈਂ ਜਦੋਂ ਲੇਡੀ ਗੌਡੀਵਾ ਦੀਆਂ ਪੁਸ਼ਾਕਾਂ ਸਿਉਂਦਾ ਹੁੰਦਾ ਤੀ। ਮੇਚੇ ਲਈ ਉਹਦੀ ਕੋਈ ਪੁਰਾਣੀ ਪੁਸ਼ਾਕ ਆਉਣੀ। ਜਿਹਦੇ ਹਿਸਾਬ ਨਾਲ ਮੈਂ ਨਵੀਂ ਸਿਉਂਦਾ। ਲੇਡੀ ਗੌਡੀਵਾ ਉਲਾਭਾ ਈ ਦਿੰਦੀ ਹੁੰਦੀ ਤੀ। ਕਦੇ ਖੁੱਲ੍ਹੀ ਬਣ ਗਈ ਤੇ ਕਦੇ ਤੰਗ। ਮਖਿਆਂ, ਮੌਕਾ ਮਿਲਿਐ, ਐਤਕੀ ਅੱਖਾਂ ਨਾਲ ਪੱਕਾ ਈ ਮੇਚਾ ਲੈ ਲਈਏ। ਹੁਣ ਉਲਾਭਾ ਦੇ ਕੇ ਦੇਖੇ। ਮੇਰੇ ਘਰ ਮੂਹਰੇ ਤਾਂ ਘੋੜਾ ਲੈ ਕੇ ਉਹ ਖਾਸਾ ਚਿਰ ਖੜ੍ਹੀ ਰਹੀ। ਸਾਡੇ ਦਰਾਂ ਮੂਹਰਲੇ ਰੋਮਨ ਨਲਕੇ ਤੋਂ ਤਾਂ ਉਹਨੇ ਪਾਣੀ ਵੀ ਪੀਤੈ।” ਟੌਮ ਚੌੜ੍ਹ ਵਿਚ ਆ ਕੇ ਬੋਲੀ ਗਿਆ।

ਬਾਕੀ ਅਗਲੇ ਹਫ਼ਤੇ....

Print this post

No comments:

Post a Comment