ਗੌਡੀਵਾ ਜਿੰਦਾ ਹੈ (1)
ਆਦਿਕਾ: ਇਹ ਕਹਾਣੀ ਮੇਰੀ ਪਹਿਲਾਂ ਲਿਖੀ ਕਹਾਣੀ ‘ਲੇਡੀ ਗੌਡੀਵਾ ਦਾ ਨੰਗਾ ਸੱਚ’ ਦਾ ਅਗਲਾ ਭਾਗ ਹੈ। ਇਸ ਵਿਚ ਮੈਂ ਗੌਡੀਵਾ ਦਾ 2010 ਵਿਚ ਪੁਨਰ ਜਨਮ ਦਿਖਾਇਆ ਹੈ। ਇਹ ਕਹਾਣੀ ਲਿਖ ਕੇ ਇਹ ਸਿੱਧ ਕਰਨਾ ਚਾਹੁੰਦਾ ਹਾਂ ਕਿ ਔਰਤ ਦੀ ਦਸ਼ਾ ਵਿਚ ਕਦੇ ਵੀ ਸੁਧਾਰ ਨਹੀਂ ਆਇਆ। ਔਰਤ ਨੂੰ ਹਰ ਜੁੱਗ ਵਿਚ ਨੰਗੀ ਕੀਤਾ ਜਾਂਦਾ ਹੈ। ਚਾਹੇ ਦਰੋਪਦੀ ਦੇ ਰੂਪ ਵਿਚ ਜ਼ਬਰਦਸਤੀ। ਚਾਹੇ ਗਿਆਰਵੀਂ ਸਦੀ ਦੀ ਗੌਡੀਵਾ ਦੇ ਰੂਪ ਵਿਚ ਮਜ਼ਬੂਰਨ ਜਾਂ ਮੌਜੁਦਾ ਨਗਨ ਨ੍ਰਿਤਕੀਆਂ ਦੇ ਰੂਪ ਵਿਚ ਉਕਸਾਕੇ।ਕੀ ਇਹ ਨਗਨਤਾ ਕਦੇ ਰੁੱਕੇਗੀ? ਮੇਰੀ ਇਹ ਕਹਾਣੀ ਲਿਖਣ ਦਾ ਮਕਸਦ ਸਮਾਜ ਅੱਗੇ ਇਹ ਸਵਾਲ ਖੜ੍ਹੇ ਕਰਨਾ ਹੈ!-ਬਲਰਾਜ ਸਿੰਘ ਸਿੱਧੂ, ਯੂ. ਕੇ.
‘ਖੜਾਕ!!!’
ਰੌਇਲਮੇਲ ਦੇ ਡਾਕੀਏ ਨੇ ਚਿੱਠੀਆਂ ਦਾ ਥੱਬਾ ਮੁੱਖ ਦਰਵਾਜ਼ੇ ਵਿਚ ਬਣੇ ਲੈਟਰਬੌਕਸ ਰਾਹੀਂ ਗੌਡੀਵਾ ਦੇ ਘਰ ਅੰਦਰ ਸਿੱਟ ਦਿੱਤਾ।ਖਤਦਾਨ ਦੇ ਢੱਕਣ ਨਾਲ ਹੋਏ ਖੜਕੇ ਕਾਰਨ ਬੈਠਕ ਵਿਚ ਘੂਕ ਸੁੱਤੀ ਪਈ ਗੌਡੀਵਾ ਨੂੰ ਜਾਗ ਆ ਗਈ। ਬੈੱਡਸੈਟੀ ਉੱਤੇ ਲੇਟੀ ਹੋਈ ਨੇ ਉਹਨੇ ਅੱਖਾਂ ਖੋਲ੍ਹੀਆਂ ਤਾਂ ਛੱਤ ਦੇ ਭੁਰ ਰਹੇ ਪਲਾਸਤਰ ਦੇ ਖਲੇਪਰਾਂ ਵਿਚੋਂ ਸੀਮਿੰਟ ਕਿਰ ਕੇ ਉਸਦੀਆਂ ਅੱਖਾਂ ਵਿਚ ਪੈ ਗਿਆ।ਗੌਡੀਵਾ ਨੇ ਤਤਫੱਟ ਉੱਠ ਕੇ ਅੱਖਾਂ ਮੀਚੀਆਂ ਤੇ ਸੀਮਿੰਟ ਦੇ ਕਣਾਂ ਨੂੰ ਬਾਹਰ ਕੱਢਣ ਦਾ ਯਤਨ ਕੀਤਾ।ਉਂਗਲਾਂ ਦੀ ਦਬਾਅਪੂਰਬਕ ਰਗੜ ਨਾਲ ਭਾਵੇਂ ਉਸਦੀਆਂ ਅੱਖਾਂ ਲਾਲ ਹੋ ਗਈਆਂ, ਪਰ ਉਹਨੂੰ ਰੜਕਦੇ ਸੀਮਿੰਟ ਦੇ ਕਣਾਂ ਤੋਂ ਨਿਜਾਤ ਮਿਲ ਗਈ।
ਗੌਡੀਵਾ ਨੇ ਬੂਹੇ ਕੋਲ ਡਿੱਗੀਆਂ ਚਿੱਠੀਆਂ ਵੱਲ ਦੇਖਿਆ, ਉਸਨੂੰ ਆਪਣਾ ਸਿਰ ਭਾਰਾ ਭਾਰਾ ਮਹਿਸੂਸ ਹੋਇਆ। ਇਕ ਨਾ ਕਾਬਲ-ਏ-ਬਰਦਾਸ਼ਤ ਦਰਦ ਮੱਥੇ ਵਿਚ ਸ਼ੁਰੂ ਹੋ ਗਿਆ।ਪੁੜਪੜੀਆਂ ਝਰਨ ਝਰਨ ਕਰਨ ਲੱਗੀਆਂ।ਰਾਤ ਤਾਂ ਉਸਨੇ ਸ਼ਰਾਬ ਵੀ ਬਹੁਤੀ ਨਹੀਂ ਸੀ ਪੀਤੀ।ਫਿਰ ਇਹ ‘ਹੈਂਗਓਵਰ’ ਕਿਵੇਂ ਹੋ ਗਿਆ? ਉਸਨੂੰ ਕੋਈ ਸਮਝ ਨਾ ਆਈ।ਉਸਨੇ ਚਿੱਠੀਆਂ ਚੁੱਕੀਆਂ ਤੇ ਰਸੋਈ ਵਿਚ ਜਾ ਕੇ ਪਹਿਲਾਂ ਪਾਣੀ ਨਾਲ ਦੋ ਗੋਲੀਆਂ ‘ਪੈਰਾਸੀਟਾਮੋਲ’ ਦੀਆਂ ਲਈਆ ਤੇ ਫਿਰ ਇਕ ਇਕ ਕਰਕੇ ਚਿੱਠੀਆਂ ਖੋਲ੍ਹਣ ਲੱਗੀ।
ਲਾਲ ਅੱਖਰਾਂ ਵਿਚ ਪਾਣੀ ਦਾ ਬਿੱਲ… ਬਿਜਲੀ ਕੱਟ ਦੇਣ ਦੀ ਧਮਕੀ… ਕਰੈਡਿਟ ਕਾਰਡ ਦੀ ਬੈਂਕ ਸਟੇਟਮੈਂਟ ਉੱਤੇ ਵਿਆਜ ਅਤੇ ਪੈਂਲਟੀਆਂ ਲੱਗ ਕੇ ਅਦਾਇਗੀ ਦੀ ਵਧੀ ਰਕਮ… ਪੇਅ ਐਜ਼ ਯੂ ਗੋ ਫੋਨ ਨੂੰ ਲੰਮੇ ਅਰਸੇ ਤੋਂ ਟੌਪ ਅੱਪ ਨਾ ਕਰਿਆ ਹੋਣ ਕਰਕੇ ਫੋਨ ਕੰਪਨੀ ਵੱਲੋਂ ਨੰਬਰ ਬੰਦ ਕਰ ਦੇਣ ਦੀ ਚਿਤਾਵਨੀ… ਤੇ ਮਲਕਾ ਇਲੀਜ਼ਬਥ ਦੀ ਫੋਟੋ ਵਾਲੀ ਮੋਹਰ ਵਾਲਾ ਲੰਡਨ ਦੇ ਡਾਕਖਾਨੇ ਤੋਂ ਆਇਆ ਬਾਪ ਦਾ ਖਤ…
ਗੌਡੀਵਾ ਨੇ ਫਟਾਫਟ ਪਿਤਾ ਦੀ ਚਿੱਠੀ ਖੋਲ੍ਹੀ ਤੇ ਮਜ਼ਬੂਨ ਪੜ੍ਹਣ ਲੱਗੀ।
ਪਿਆਰੀ ਗੌਡੀਵਾ,
ਤੈਨੂੰ ਕਈ ਈ-ਮੇਲਾਂ ਕੀਤੀਆਂ, ਪਰ ਤੇਰਾ ਕੋਈ ਜੁਆਬ ਨਹੀਂ ਆਇਆ।ਫੋਨ ਵੀ ਤੇਰਾ ਅਕਸਰ ਬੰਦ ਆਉਂਦਾ ਹੈ।ਤੇਰੇ ਲਾਡਲੇ ਭਰਾ ਹੈਰੀ ਨੂੰ ਚੋਰੀ ਦੇ ਕੇਸ ਵਿਚ ਛੇ ਮਹੀਨੇ ਦੀ ਜੇਲ੍ਹ ਹੋ ਗਈ ਹੈ।ਉਹ ਤੇਰੇ ਕਵੈਂਟਰੀ ਦੇ ਨਜ਼ਦੀਕ ਹੀ ‘ਬਲੈਕਨਹਰਟਸ’ ਜੇਲ੍ਹ ਵਿਚ ਹੈ। ਅਸੀਂ ਲੰਡਨ ਐਡੀ ਦੂਰ ਰਹਿੰਦੇ ਹਾਂ ਤੇ ਕਿਰਾਇਆ ਲਗਾ ਕੇ ਉਸਨੂੰ ਮਿਲਣ ਜਾਣ ਦੀ ਸਾਡੇ ਵਿਚ ਸਮਰਥਾ ਨਹੀਂ ਹੈ।ਤੂੰ ਉਸਨੂੰ ਮਿਲ ਆਇਆ ਕਰ।ਉਸਦੀਆਂ ਕਈ ਚਿੱਠੀਆਂ ਆ ਗਈਆਂ ਹਨ।ਉਸ ਕੋਲ ਸਿਗਰਟਾਂ ਖਰੀਦਣ ਲਈ ਇਕ ਵੀ ਪੈਨੀ ਨਹੀਂ ਹੈ। ਤੂੰ ਤਾਂ ਜਾਣਦੀ ਹੀ ਹੈ ਉਸਦੇ ਸਿਗਰਟਾਂ ਦੇ ਭੁੱਸ ਨੂੰ। ਉਸਦੀ ਸਿਗਰਟਨੋਸ਼ੀ ਬਿਨਾ ਜਾਨ ਨਿਕਲਣ ਲੱਗ ਜਾਂਦੀ ਹੈ। ਲੋਕਾਂ ਤੋਂ ਸਿਗਰਟਾਂ ਮੰਗ ਕੇ ਜਾਂ ਭੁੰਝੇ ਡਿੱਗੀਆਂ ਅੱਧ-ਪਚੱਧੀਆਂ ਸਿਗਰਟਾਂ ਪੀ ਕੇ ਗੁਜ਼ਾਰਾ ਕਰਦਾ ਹੈ। ਹੋ ਸਕੇ ਤਾਂ ਉਸਨੂੰ ਵੀਹ ਪੌਂਡ ਦਾ ਪੋਸਟਲ ਆਰਡਰ ਭੇਜ ਦੇਈਂ ਤਾਂ ਜੋ ਉਹ ਜੇਲ੍ਹ ਵਿਚੋਂ ਸਿਗਰਟਾਂ ਖਰੀਦ ਸਕੇ।ਹਾਂ ਉਸਨੂੰ ਮਿਲਣ ਜਾਂਦੀ ਹੋਈ ਆਪਣੀ ਤਸਵੀਰ ਵਾਲਾ ਕੋਈ ਸ਼ਨਾਖਤੀ ਪੱਤਰ, ਡਰਾਇਵਰ’ਸ ਲਾਇਸੰਸ, ਦੋ ਪਤੇ ਦੇ ਸਬੂਤ ਜਿਵੇਂ ਡਾਕਟਰੀ ਕਾਰਡ ਤੇ ਘਰ ਦੇ ਬਿੱਲ ਲੈ ਜਾਵੀਂ। ਉਸ ਦਾ ਕੈਦੀ ਨੰਬਰ ਐਚ ਐਮ 4769 ਹੈ।
ਤੇਰੀ ਭੈਣ ਵਿਰੌਨਿਕਾ ਆਪਣੇ ਪ੍ਰੇਮੀ ਨਾਲ ਲੜ੍ਹ ਕੇ ਘਰੋਂ ਬਾਹਰ ਚਲੀ ਗਈ ਸੀ ਤੇ ਰਾਤ ਨੂੰ ਪਾਰਕ ਵਿਚ ਸੌਂ ਗਈ ਸੀ। ਉਥੇ ਕੁਝ ਨਸ਼ੇੜੀਆਂ ਨੇ ਸ਼ਰਾਬ ਪਿਲਾ ਕੇ ਉਸ ਨਾਲ ਜ਼ਬਰ-ਜਿਨਾਹ ਕਰ ਦਿੱਤਾ।ਸਭ ਦੋਸ਼ੀ ਬਲਾਤਕਾਰ ਦੇ ਕੇਸ ਵਿਚੋਂ ਇਹ ਆਖ ਕੇ ਬਰੀ ਹੋ ਗਏ ਕਿ ਸਭ ਕੁਝ ਵਿਰੌਨਿਕਾ ਦੀ ਸਹਿਮਤੀ ਨਾਲ ਹੋਇਆ ਸੀ।ਇਸ ਘਟਨਾ ਤੋਂ ਬਾਅਦ ਵਿਰੌਨਿਕਾ ਦੀ ਮਾਨਸਿਕ ਸਥਿਤੀ ਠੀਕ ਨਹੀਂ ਰਹੀ।ਉਹ ਪਾਗਲ ਜਿਹੀ ਹੋ ਗਈ ਹੈ। ਨਾ ਕੁਝ ਖਾਂਦੀ ਹੈ, ਨਾ ਪੀਂਦੀ ਹੈ ਤੇ ਨਾ ਹੀ ਕਿਧਰੇ ਬਾਹਰ ਜਾਂਦੀ ਹੈ।ਦਿਨ ਰਾਤ ਆਪਣੇ ਕਮਰੇ ਵਿਚ ਪਈ ਕੁਝ ਸੋਚਦੀ ਰਹਿੰਦੀ ਹੈ। ਬਾਹਰ ਨਿਕਲਣ ਲੱਗੀ ਉਹ ਡਰ ਜਾਂਦੀ ਹੈ।ਕਈ ਵਾਰ ਤਾਂ ਉਸਨੂੰ ਦੌਰੇ ਵੀ ਪੈਣ ਲੱਗ ਜਾਂਦੇ ਹਨ ਤੇ ਉਹ ਬੇਹੋਸ਼ ਹੋ ਜਾਂਦੀ ਹੈ।ਡਾਕਟਰ ਕਹਿੰਦੇ ਹਨ ਉਸਨੂੰ ‘ਪੋਸਟ ਸ਼ੌਕ ਫੋਬੀਆ’ ਦੀ ਬਿਮਾਰੀ ਹੋ ਗਈ ਹੈ ਤੇ ਹਸਪਤਾਲ ਰੱਖ ਕੇ ਮਨੋਗਿਆਨੀ ਤੋਂ ਇਲਾਜ ਕਰਵਾਉਣਾ ਪਵੇਗਾ। ਤੂੰ ਉਸਨੂੰ ਫੋਨ ਕਰਕੇ ਕੁਝ ਸਮਝਾਈਂ। ਮੇਰੀ ਤਾਂ ਉਹ ਕੋਈ ਸੁਣਦੀ ਨਹੀਂ।
ਮੇਰੇ ਡਿਸਬਿਲਟੀ ਅਲਾਉਂਸ ਅਤੇ ਤੇਰੀ ਮਾਂ ਦੇ ਸਰਕਾਰੀ ਭੱਤਿਆਂ ਨਾਲ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਹੁੰਦਾ ਹੈ। ਹੱਥ ਬਹੁਤ ਤੰਗ ਹੈ।ਮੈਂ ਤਾਂ ਬਰੈਡ ਵੀ ਸੁੱਕੀ ਹੀ ਖਾਹ ਕੇ ਫੋਕਾ ਪਾਣੀ ਪੀ ਕੇ ਗੁਜਾਰਾ ਕਰਦਾ ਹਾਂ। ਤੇਰੀ ਮਾਂ ਇੰਡੀਅਨਾਂ ਦੇ ਟੈਂਪਲ ਚੋਂ ‘ਫਰੀਅ ਫੂਡ’ (ਲੰਗਰ) ਖਾਹ ਲੈਂਦੀ ਹੈ।ਹੋ ਸਕੇ ਤਾਂ ਕੁਝ ਪੌਂਡ ਭੇਜ ਦੇਈਂ।
ਉਮੀਦ ਹੈ ਤੂੰ ਤੇ ਲਿਉ ਰਾਜੀ ਖੁਸ਼ੀ ਹੋਵੋਗੇ। ਲਿਉ ਨੇ ਬੁੱਕੀ ਜਾ ਕੇ ਘੋੜੇ ਲਾਉਣੇ ਅਤੇ ਕਸੀਨੋ ਜਾਣਾ ਛੱਡ ਦਿੱਤਾ ਹੋਵੇਗਾ।…
ਇਸ ਤੋਂ ਅੱਗੇ ਦੀ ਇਬਾਰਤ ਪੜ੍ਹਨ ਦੀ ਗੌਡੀਵਾ ਵਿਚ ਸ਼ਕਤੀ ਨਾ ਰਹੀ। ਉਸ ਨੂੰ ਮਾਇਗ੍ਰੇਨ ਨਾਲ ਚੱਕਰ ਆਉਣ ਲੱਗੇ ਤੇ ਰਸੋਈ ਵਿਚ ਹੀ ਭੁੱਝੇ ਪਸਰ ਗਈ।ਪੈਣ ਸਾਰ ਉਸਨੂੰ ਕੋਈ ਸੁਰਤ ਨਾ ਰਹੀ।ਨੀਂਦ ਆ ਗਈ ਜਾਂ ਉਹ ਬੇਹੋਸ਼ ਹੋ ਗਈ।
ਪੂਰੇ ਪੰਜ ਘੰਟਿਆਂ ਬਾਅਦ ਉਹ ਗਹਿਰੀ ਨੀਂਦ ਵਿਚੋਂ ਜਾਗੀ।ਖੁਦ ਨੂੰ ਰਸੋਈ ਦੇ ਫਰਸ਼ ਉੱਤੇ ਲੇਟਿਆ ਪਾ ਕੇ ਗੌਡੀਵਾ ਨੂੰ ਝਟਕਾ ਲੱਗਿਆ।ਉਹ ਉੱਠੀ ਤੇ ਪਾਣੀ ਦਾ ਗਿਲਾਸ ਭਰ ਕੇ ਬੈਠਕ ਵਿਚ ਸੈਟੀ ਉੱਤੇ ਜਾ ਬੈਠੀ।ਗੌਡੀਵਾ ਨੇ ਆਪਣਾ ਧਿਆਨ ਖੰਡਤ ਕਰਨ ਦੇ ਮਕਸਦ ਨਾਲ ਕਈ ਸਾਲ ਪੁਰਾਣੇ ਟੈਲੀਵਿਜ਼ਨ ਦਾ ਬਟਨ ਦਬਾਇਆ ਤਾਂ ਇਕ ਚਮਕਾਰਾ ਮਾਰ ਕੇ ਟੀਵੀ ਬੁੱਝ ਗਿਆ।ਟੀਵੀ ਦੀ ਪਿਕਚਰ ਟਿਉਬ ਵਿਚੋਂ ਨਿਕਲੇ ਧੂੰਏ ਦੀ ਦੂਰਗੰਧ ਸਾਰੇ ਕਮਰੇ ਵਿਚ ਫੈਲ ਗਈ।
ਗੌਡੀਵਾ ਮੁੜ ਆ ਕੇ ਸੈਟੀ ਉੱਤੇ ਬੈਠ ਗਈ।ਸੈਟੀ ਦੇ ਵਿਚਾਲਿਉਂ ਫੱਟ ਜਾਣ ਕਾਰਨ ਨਿਕਲੇ ਮਗੋਰੇ ਦੀ ਬਾਹਰ ਨਿਕਲਦੀ ਸਪੰਜ ਨੂੰ ਉਸਨੇ ਉਂਗਲਾਂ ਨਾਲ ਥੁੰਨ ਕੇ ਅੰਦਰ ਧੱਕ ਦਿੱਤਾ।
ਦਰ ਨੂੰ ਚਾਬੀ ਲੱਗਣ ਦੀ ਅਵਾਜ਼ ਆਈ ਤੇ ਜਿਉਂ ਹੀ ਗੌਡੀਵਾ ਨੇ ਦਰਵਾਜ਼ੇ ਵੱਲ ਧੌਣ ਘੁੰਮਾਈ। ਉਸ ਦਾ ਪਤੀ ਲਿਉਨਾਰਡ ਅੰਦਰ ਦਾਖਿਲ ਹੋ ਗਿਆ।
“ਤੁਸੀਂ ਹੁਣ ਆ ਰਹੇ ਹੋ? ਸਾਰੀ ਰਾਤ ਕਿੱਥੇ ਰਹੇ?” ਗੌਡੀਵਾ ਨੇ ਦਰਦ ਭਰੀ ਅਵਾਜ਼ ਵਿਚ ਪੁੱਛਿਆ।
“ਇਹ ਨਾ ਪੁੱਛ ਕਿੱਥੋਂ ਆਇਆਂ। ਇਹ ਪੁੱਛ ਕੀ ਲੈ ਕੇ ਆਇਆ ਹਾਂ। ਆਹ ਦੇਖ ਮਨੀ ਮਨੀ ਮਨੀ।” ਲਿਉਨਾਰਡ ਨੇ ਪਹਿਨੀ ਹੋਈ ਫਟੀ ਜ਼ੀਨ ਦੀ ਪਿਛਲੀ ਜੇਬ ਵਿਚੋਂ ਪੰਜ ਪੌਂਡ ਦੇ ਨੌਟਾਂ ਦਾ ਥੱਬਾ ਕੱਢਿਆ ਤੇ ਤਾਸ਼ ਦੇ ਪੱਤਿਆਂ ਦਾ ਪੱਖਾ ਬਣਾਉਣ ਵਾਂਗ ਸਾਰੇ ਨੋਟ ਹੱਥਾਂ ਵਿਚ ਖਿਲਾਰ ਕੇ ਗੌਡੀਵਾ ਨੂੰ ਦਿਖਾਏ।
ਗੌਡੀਵਾ ਹੈਰਤਅੰਗੇਜ਼ ਹੋ ਗਈ, “ਐਨੇ ਪੌਂਡ? ਇਹ ਕਿਥੋਂ ਆਏ?”
“ਬਸ ਆ ਗਏ। ਤੈਂ ਅੰਬ ਖਾਣੇ ਨੇ ਜਾ ਦਰੱਖਤ ਗਿਣਨੇ ਨੇ?”
ਗੌਡੀਵਾ ਚੀਖੀ, “ਫੇਰ ਵੀ ਕਿਥੋਂ ਆਏ ਐਨੇ ਨੋਟ? ਕਿਧਰੇ ਚੋਰੀ…।”
“ਲੈ, ਤੈਨੂੰ ਮੈਂ ਇਹੋ ਜਿਹਾ ਲੱਗਦਾਂ? ਚੋਰੀ ਕਰਨ ਲਈ ਦਲੇਰੀ ਚਾਹੀਦੀ ਹੈ, ਮੇਰੇ ਕੋਲ ਐਨਾ ਜਿਗਰਾ ਕਿਥੇ?”
“ਰਾਤ ਮੀਂਹ ਤਾਂ ਪਿਆ ਨਹੀਂ, ਬਈ ਅਸਮਾਨ ਤੋਂ ਐਨੇ ਨੋਟ ਡਿੱਗ ਪਏ।” ਗੌਡੀਵਾ ਤਨਜ਼ਭਰਪੂਰ ਲਹਿਜੇ ਵਿਚ ਬੋਲੀ।
“ਕੱਲ੍ਹ ਸ਼ਾਮੀਂ ਜਦੋਂ ਤੂੰ ਕਲੱਬ ਨੂੰ ਚਲੀ ਗਈ। ਮੈਂ ਔਫ ਲਾਇਸੰਸ ਸ਼ੌਪ (ਠੇਕਾ) ਨੂੰ ਸੁਪਰ ਟੈਂਨਟ (ਵੱਧ ਨਸ਼ੇ ਵਾਲੀ ਬੀਅਰ) ਦਾ ਡੱਬਾ ਲੈਣ ਚਲਿਆ ਗਿਆ। ਰਸਤੇ ਵਿਚ ਜਾਂਦੇ ਨੂੰ ਮੈਨੂੰ ਦਸ ਪੌਂਡ ਦਾ ਨੋਟ ਲੱਭ ਗਿਆ। ਮੈਂ ਉਹ ਲੈ ਕੇ ਬੁੱਕੀ ਵਿਚ ਚਲਿਆ ਗਿਆ। ਵਰਿੰਗਟਨ ਦੀ ਰੇਸ ਚੱਲਣ ਵਾਲੀ ਸੀ। ਭਾਅ ਸੋਹਣਾ ਸੀ। ਮੈਂ ਪੰਜ ਪੌਂਡ ਲਾ ਦਿੱਤੇ। ਘੋੜਾ ਜਿੱਤ ਗਿਆ। ਫੇਰ ਮੈਂ ਦੋ ਤਿੰਨ ਰੇਸਾਂ ਹੋਰ ਲਾਈਆਂ। ਮੈਨੂੰ ਦੋ ਘੰਟਿਆਂ ਵਿਚ ਅੱਸੀ ਪੌਂਡ ਬਣ ਗਏ। ਮੈਂ ਤਾਂ ਮਾਰਾਂ ਪੁੱਠੀਆਂ ਛਾਲਾਂ। ਅੱਸੀ ਪੌਂਡ ਲੈ ਕੇ ਮੈਂ ਬਿੰਗੋ ਹਾਲ ਵਿਚ ਚਲਿਆ ਗਿਆ। ਮਖਿਆਂ ਟੌਰ ਨਾਲ ਪੀਂਦੇ ਹਾਂ ਤੇ ਨਾਲੇ ਤਾਸ਼ ਦੀ ਬਾਜ਼ੀ ਲਾਵਾਂਗੇ। ਉਥੇ ਪੋਕਰ ਵਿਚ ਮੈਂ ਪਹਿਲਾਂ ਤਾਂ ਹਾਰਦਾ ਰਿਹਾ। ਫਿਰ ਮੈਂ ਐਸੀਆਂ ਚਾਲਾਂ ਚੱਲੀਆਂ ਤੂੰ ਪੁੱਛ ਹੀ ਨਾ। ਕੱਲ੍ਹ ਮੇਰਾ ‘ਲੱਕੀ ਡੇਅ’(ਭਾਗਾਂ ਵਾਲਾ ਦਿਹਾੜਾ) ਸੀ।ਮੈਨੂੰ ਤਿੰਨ ਸੌ ਪੌਂਡ ਬਣ ਗਏ। ਸੌ ਕੁ ਤਾਂ ਮੈਂ ਰਾਤ ਐਸ਼ ਕਰਨ ’ਤੇ ਉਡਾ ਦਿੱਤਾ। ਬਾਕੀ ਆਹ ਦੋ ਸੌ ਬਚੇ ਨੇ।” ਲਿਉਨਾਰਡ ਨੇ ਫੁਰਤੀ ਨਾਲ ਨੋਟਾਂ ਦੀ ਗਿਣਤੀ ਮਾਰੀ।
ਗੌਡੀਵਾ ਨੇ ਸੁੱਖ ਦਾ ਸਾਹ ਲਿਆ, “ਚੱਲ ਸ਼ੁਕਰ ਐ। ਇਹਦੇ ਨਾਲ ਬਿਜ਼ਲੀ ਤੇ ਪਾਣੀ ਦਾ ਬਿੱਲ ਦਿੱਤਾ ਜਾਵੇਗਾ।”
“ਹੋਰ ਨਾ ਕੁਸ਼ ਕਹਿ’ਦੀਂ। ਮੁੱਕੀ ਮਾਰ ਕੇ ਮੈਂ ਜਾਬਾਂ ਭੰਨ੍ਹ’ਦੂੰ।ਮੇਰੀ ਜਾਨ ਨਿਕਲਦੀ ਜਾਂਦੀ ਐ, ਇਹਦਾ ਤਾਂ ਮੈਂ ਕੋਕ (ਕੋਕੇਨ) ਲੈਣੈ।”
“ਚੰਗਾ ਮਨ ਮਰਜ਼ੀਆਂ ਕਰ। ਬਿਜਲੀ ਕੱਟੀ ਜਾਣੀ ਆ ਤੇ ਪਾਣੀ ਅਗਲਿਆਂ ਨੇ ਬੰਦ ਕਰ ਦੇਣੈ। ਬਿੱਲ ਲਾਲ ਅੱਖਰਾਂ ਵਿਚ ਆਏ ਪਏ ਨੇ। ਗੁਆਂਢੀਆਂ ਨੇ ਤਾਂ ਉਹ ਦੇਣੇ ਨ੍ਹੀਂ।”
“ਮੈਂ ਕਿਉਂ ਦੇਵਾਂ ਬਿੱਲ? ਤੂੰ ਦੇਹ। ਕੁੱਤੀਏ, ਘੰਟਾ ਘੰਟਾ ਨਹਾਉਂਦੀ ਰਹਿੰਦੀ ਏਂ। ਤੈਨੂੰ ਖਲ੍ਹ ਲੱਗੀ ਹੁੰਦੀ ਐ? ਨਾਇਟ ਕਲੱਬਾਂ ਵਿਚ ਜਿਨ੍ਹਾਂ ਧਗੜਿਆਂ ਨਾਲ ਨੱਚਦੀ ਐਂ, ਥੋੜ੍ਹਾ ਚੱਟਦੇ ਹੋਣਗੇ ਤੈਨੂੰ। ਤੈਨੂੰ ਨਹਾਉਣ ਦੀ ਕੀ ਲੋੜ੍ਹ ਹੈ। ਪੰਜ ਇਸ਼ਨਾਨਾ ਤਾਂ ਤੇਰਾ ਲੋਕੀ ਕਰਵਾ ਦਿੰਦੇ ਹੋਣੇ ਨੇ।…” ਲਿਉਨਾਰਡ ਤੈਸ਼ ਵਿਚ ਆਇਆ ਅਵਾ-ਤਵਾ ਬੋਲਦਾ ਰਿਹਾ।
ਇਹ ਬਚਨ ਲਿਉਨਾਰਡ ਦੇ ਮੂੰਹੋਂ ਸੁਣ ਕੇ ਗੌਡੀਵਾ ਨੇ ਹਿਕਾਰਤ ਨਾਲ ਲਿਉਨਾਰਡ ਵੱਲ ਦੇਖਿਆ। ਉਸਦੀਆਂ ਨਜ਼ਰਾਂ ਤੋਂ ਲਿਉਨਾਰਡ ਨੂੰ ਦੇਖਣਾ ਬਰਦਾਸ਼ਤ ਨਹੀਂ ਸੀ ਹੋ ਰਿਹਾ। ਉਸ ਨੇ ਸੈਟੀ ’ਤੇ ਬੈਠੀ ਬੈਠੀ ਨੇ ਆਪਣੇ ਗੋਡਿਆਂ ਉੱਤੇ ਕੂਹਣੀਆਂ ਰੱਖੀਆਂ ਤੇ ਹੱਥਾਂ ਦੀਆਂ ਤਲੀਆਂ ਨਾਲ ਆਪਣਾ ਸਾਰਾ ਮੂੰਹ ਢੱਕ ਲਿਆ।
ਲਿਉਨਾਰਡ ਨੇ ਜੇਬ ਵਿਚੋਂ ਰਿਜ਼ਲੇ ਦਾ ਪੈਕਟ ਕੱਢਿਆ ਤੇ ਉਸ ਅੰਦਰੋਂ ਦੋ ਕਾਗਜ਼ ਕੱਢ ਕੇ ਜੀਭ ਨਾਲ ਘਸਾਏ। ਥੁੱਕ ਲਾ ਕੇ ਦੋਨਾਂ ਕਾਗਜ਼ਾਂ ਨੂੰ ਜੋੜਿਆ ਤੇ ਜੇਬ ਵਿਚੋਂ ਮਰਹਵਾਨਾ ਕੱਢ ਕੇ ਭੋਰ-ਭੋਰ ਉਸ ਵਿਚ ਭਰਿਆ। ਗੌਡੀਵਾ ਨੇ ਮੁੱਖ ਤੋਂ ਹੱਥ ਹਟਾ ਕੇ ਜਦੋਂ ਲਿਉਨਾਰਡ ਨੂੰ ਬੀੜੀ ਬਣਾਉਂਦੇ ਦੇਖਿਆ ਤਾਂ ਉਸ ਨੂੰ ਵੀ ਤਲਬ ਹੋਈ, “ਇਕ ਸੂਟਾ ਮੇਰੇ ਲਈ ਵੀ ਬਣਾ ਦੇਈਂ?”
“ਬਣਾ ਦਿੰਨਾਂ। ਮਾਲ ਬਹੁਤ ਖਾਲਸ ਮਿਲਿਐ। ਸਾਰੀ ਦਿਹਾੜੀ ਗੁੱਡੀ ਆਂਗੂੰ ਅਸਮਾਨ ’ਤੇ ਉੱਡੀ ਫਿਰੇਂਗੀ।”
“ਕੀ ਐ?”
“ਮਰਹਵਾਨਾ।”
“ਨਾ ਬਾਬਾ, ਮੈਨੂੰ ਤਾਂ ਤੂੰ ਤਬਾਕੂ ਵਾਲਾ ਹੀ ਬਣਾਈ।”
“ਲੈ ਫੇਰ ਆਪੇ ਬਣਾ ਲੈ।” ਲਿਉਨਾਰਡ ਵਾਹੋਦਾਈ ਦਮ ਦਰ ਦਮ ਖਿੱਚਣ ਲੱਗਿਆ।
ਗੌਡੀਵਾ ਨੇ ਰਿਜ਼ਲਾ ਤੇ ਤਬਾਕੂ ਲਿਉਨਾਰਡ ਤੋਂ ਲੈ ਕੇ ਆਪਣੇ ਲਈ ਸਿਗਰਟ ਬਣਾ ਲਿੱਤੀ। ਆਹੀਸਤਾ-ਆਹੀਸਤਾ ਕਸ਼ ਖਿਚਦੀ ਹੋਈ ਗੌਡੀਵਾ ਸੋਚਾਂ ਦੇ ਵਹਿਣ ਵਿਚ ਵਹਿ ਗਈ। ਦਿਨੋਂ-ਦਿਨ ਉਸਦੀ ਆਰਥਿਕ ਸਥਿਤੀ ਨਿਘਰਦੀ ਜਾ ਰਹੀ ਸੀ।ਲਿਉਨਾਰਡ ਨੂੰ ਜੂਏ ਅਤੇ ਨਸ਼ਿਆਂ ਦੀ ਬੁਰੀ ਲੱਤ ਪੈ ਗਈ ਸੀ।ਲਿਉਨਾਰਡ ਘਰ ਚਲਾਉਣ ਵਿਚ ਗੌਡੀਵਾ ਦਾ ਕੋਈ ਵਿਸ਼ੇਸ਼ ਸਹਿਯੋਗ ਨਹੀਂ ਸੀ ਦੇ ਰਿਹਾ।ਇਕੱਲੀ ਗੌਡੀਵਾ ਲਈ ਸਾਰੇ ਘਰੇਲੂ ਖਰਚੇ ਚੁੱਕਣੇ ਸੰਭਵ ਹੀ ਨਹੀਂ ਨਾਮੁਮਕਿਨ ਸਨ।ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਉਹਨਾਂ ਦੰਪਤੀ ਜੋੜੇ ਵਿਚ ਆਏ ਦਿਨ ਤਕਰਾਰਬਾਜ਼ੀ ਹੁੰਦੀ ਰਹਿੰਦੀ।ਜਿਸ ਸਦਕਾ ਗੌਡੀਵਾ ਅਤੇ ਲਿਉਨਾਰਡ ਦੇ ਸਬੰਧਾਂ ਵਿਚ ਵੀ ਦਰਾਰ ਪੈਦਾ ਹੋ ਗਈ ਸੀ। ਉਹ ਇਕ ਛੱਤ ਥੱਲੇ ਰਹਿੰਦੇ ਹੋਏ ਵੀ ਅਜਨਬੀਆਂ ਵਾਂਗ ਵਿਚਰਦੇ। ਉਹ ਜ਼ਿੰਦਗੀ ਜਿਉਂ ਨਹੀਂ ਸੀ ਰਹੇ, ਬਲਕਿ ਦਿਨ ਕੱਟੀਆਂ ਕਰ ਰਹੇ ਸਨ। ਜਿਵੇਂ ਕੋਈ ਹੋਟਲ ਜਾਂ ਧਰਮਸ਼ਾਲਾ ਵਿਚ ਰੈਣ ਬਸੇਰਾ ਕਰਨ ਲਈ ਆਇਆ ਹੋਵੇ ਤੇ ਅਗਲੀ ਸੁਬ੍ਹਾ ਉਸਨੇ ਕਿਧਰੇ ਹੋਰ ਚਲਾ ਜਾਣਾ ਹੋਵੇ।ਜੌਬ ਸੀਕਰ ਤੋਂ ਮਿਲਣ ਵਾਲੀ ਨਿਗੁਣੀ ਜਿਹੀ ਰਕਮ ਨਾਲ ਕੇਵਲ ਸਾਹ ਤਾਂ ਲਿਆ ਜਾਂ ਸਕਦਾ ਸੀ ਪਰ ਜਿਉਂਇਆ ਨਹੀਂ ਸੀ ਜਾ ਸਕਦਾ।ਜਿਉਂਣ ਲਈ ਬੰਦੇ ਦੀਆਂ ਬਹੁਤ ਲੋੜ੍ਹਾਂ ਹੁੰਦੀਆਂ ਹਨ, ਜੋ ਸਰਕਾਰੀ ਭੱਤੇ ਨਾਲ ਪੂਰੀਆਂ ਨਹੀਂ ਹੋ ਸਕਦੀਆਂ ਹਨ।ਗੌਡੀਵਾ ਨੇ ਧਨ ਕਮਾਉਣ ਦੀਆਂ ਕਈ ਅਣਥੱਕ ਕੋਸ਼ਿਸ਼ਾਂ ਕੀਤੀਆਂ, ਪਰ ਕਿਸੇ ਵਿਚ ਵੀ ਉਸਨੂੰ ਕੋਈ ਕਾਮਯਾਬੀ ਨਾ ਮਿਲੀ।
ਜਦੋਂ ਦਾ ਗੌਡੀਵਾ ਨੇ ਜਵਾਨੀ ਵਿਚ ਪੈਰ ਧਰਿਆ ਸੀ, ਉਸਦੇ ਹੁਸਨ ਨੇ ਕਹਿਰ ਮਚਾਇਆ ਹੋਇਆ ਸੀ।ਸਕੂਲ ਤੋਂ ਲੈ ਕੇ ਕਾਲਜ ਦੇ ਸਫਰ ਤੱਕ ਪਤਾ ਨਹੀਂ ਕਿੰਨਿਆਂ ਕੁ ਮੁੰਡਿਆਂ ਦੀਆਂ ਉਸਨੂੰ ਰੋਜ਼ ਪੇਸ਼ਕਸ਼ਾਂ ਆਉਂਦੀਆਂ ਸਨ।ਲਿਉਨਾਰਡ ਨੂੰ ਦੇਖ ਕੇ ਗੌਡੀਵਾ ਨੂੰ ਲਗਦਾ ਜਿਵੇਂ ਉਸ ਨੇ ਆਪਣੇ ਹੁਸਨ ਦਾ ਖਜ਼ਾਨਾ ਖੂਹ ਵਿਚ ਸਿੱਟ ਦਿੱਤਾ ਹੋਵੇ।
ਕੁਝ ਅਰਸਾ ਪਹਿਲਾਂ ਇਕ ਮਾਡਲਿੰਗ ਏਜੰਸੀ ਨੂੰ ਖੂਬਸੂਰਤ ਮਾਡਲਾਂ ਦੀ ਜ਼ਰੂਰਤ ਸੀ। ਆਪਣੀ ਸੁੰਦਰਤਾ ਦਾ ਲਾਹਾ ਖੱਟਣ ਲਈ ਗੌਡੀਵਾ ਨੇ ਉਸ ਮਾਡਲਿੰਗ ਏਜੰਸੀ ਦਾ ਇਸ਼ਤਿਆਰ ਦੇਖ ਕੇ ਫਾਰਮ ਭਰ ਦਿੱਤੇ ਸਨ। ਗੌਡੀਵਾ ਨੂੰ ਔਡੀਸ਼ਨ ਲਈ ਬੁਲਾਇਆ ਗਿਆ। ਗੌਡੀਵਾ ਜਦੋਂ ਔਡੀਸ਼ਨ ਦੇਣ ਗਈ ਤਾਂ ਉਥੇ ਇਕ ਤੋਂ ਵੱਧਕੇ ਇਕ ਹੁਸੀਨ ਕੁੜੀ ਆਈ ਹੋਈ ਸੀ। ਗੌਡੀਵਾ ਡਰੀ ਡਰੀ ਸਹਿਮੀ ਜਿਹੀ ਵੈਟਿੰਗਰੂਮ ਦੀ ਇਕ ਨੁੱਕਰ ਨਾਲ ਲੱਗੀ ਬੈਠੀ ਸੀ।ਜਦੋਂ ਉਸਦੀ ਵਾਰੀ ਆਈ ਤਾਂ ਉਸਨੂੰ ਸਟੂਡੀਉ ਅੰਦਰ ਬੁਲਾਇਆ ਗਿਆ।ਉਸਦੀਆਂ ਵੱਖੋ-ਵੱਖਰੇ ਅੰਦਾਜ਼ ਵਿਚ ਕੁਝ ਫੋਟੋਆਂ ਖਿਚੀਆਂ ਗਈਆਂ। ਘਬਰਾਹਟ ਕਾਰਨ ਗੌਡੀਵਾ ਤੋਂ ਨਾ ਤਾਂ ਫੋਟੋਗ੍ਰਾਫਰ ਦੀ ਮੰਗ ਅਨੁਸਾਰ ਪੋਜ਼ ਬਣਾ ਹੋਏ ਅਤੇ ਨਾ ਹੀ ਉਸਦੇ ਕਹੇ ਮੁਤਾਬਿਕ ਚਿਹਰੇ ਦੇ ਭਾਵ ਵਿਅਕਤ ਕਰ ਹੋਏ।ਹੰਢਿਆ ਹੋਇਆ ਫੋਟੋਗ੍ਰਾਫਰ ਇਹ ਗੱਲ ਤਾੜ ਗਿਆ ਸੀ ਕਿ ਗੌਡੀਵਾ ਅਨਜਾਣ ਹੈ ਤੇ ਸ਼ੁਹਰਤ ਨਹੀਂ ਬਲਕਿ ਧਨ ਦੀ ਗਰਜ਼ ਨਾਲ ਮਾਡਲਿੰਗ ਕਰਨਾ ਚਾਹੁੰਦੀ ਹੈ। ਉਹ ਇਸ਼ਾਰੇ ਨਾਲ ਗੌਡੀਵਾ ਨੂੰ ਪਾਸੇ ਲੈ ਗਿਆ ਸੀ, “ਦੇਖ ਯੰਗ ਲੇਡੀ।ਮੇਰੀ ਗੱਲ ਧਿਆਨ ਨਾਲ ਸੁਣੀ। ਕਹਿੰਦੇ ਹੁੰਦੇ ਨੇ ਆਉਲੇ ਦਾ ਖਾਧਾ ਤੇ ਸਿਆਣੇ ਦੇ ਕਹੇ ਦਾ ਬਾਅਦ ਵਿਚ ਪਤਾ ਲੱਗਦਾ ਹੁੰਦੈ। ਤੂੰ ਤਾਂ ਬਾਹਰ ਦੇਖਿਆ ਹੀ ਹੈ। ਕਿੰਨੀਆਂ ਕੁੜੀਆਂ ਇਸ ਫੀਲਡ ਵਿਚ ਆਉਣ ਲਈ ਤਰਲੋ ਮੱਛੀ ਹੋਈਆਂ ਫਿਰਦੀਆਂ ਹਨ। ਮੈਂ ਤੇਰੀ ਸੀ.ਵੀ.(ਨਿਜੀ ਜਾਣਕਾਰੀ ਅਤੇ ਨੌਕਰੀਆਂ ਦੀ ਤਫਸੀਲ) ਪੜ੍ਹੀ ਹੈ। ਤੇਰੇ ਕੋਲ ਤਾਂ ਕੋਈ ਬਹੁਤ ਵਿਦਿਅਕ ਯੋਗਤਾ ਜਾਂ ਸਿਖਲਾਈ ਵੀ ਨਹੀਂ ਹੈ। ਇਹ ਮੁਹਿੰਮ ਉਸਰ ਕਰਨੀ ਕੋਈ ‘ਖਾਲਾ ਜੀ ਦਾ ਵਾੜਾ’ ਨਹੀਂ ਹੈ।ਪਰ ਜੇ ਇਨਸਾਨ ਦ੍ਰਿੜ ਇਰਾਦਾ ਕਰ ਲਵੇ ਤਾਂ ਉਹ ਕਿਹੜੀ ਮੰਜ਼ਿਲ ਹੈ ਜਿਥੇ ਇਨਸਾਨ ਨਹੀਂ ਪਹੁੰਚ ਸਕਦਾ? ਹੁਣ ਤੂੰ ਇੰਟਰਵਿਉਂ ਵਿਚ ਪੈਨਲ ਨੂੰ ਜਦੋਂ ਇਹ ਫੋਟੋਆਂ ਦਿਖਾਵੇਂਗੀ ਅਤੇ ਇਸ ਅਵਸਥਾ ਵਿਚ ਜਾਵੇਗੀ। ਮੈਂ ਦਾਵੇ ਨਾਲ ਕਹਿ ਸਕਦਾ ਹਾਂ ਕਿ ਉਹਨਾਂ ਨੇ ਤੈਨੂੰ ਨਕਾਰ ਦੇਣਾ ਹੈ। ਮੈਨੂੰ ਇਸ ਖੇਤਰ ਵਿਚ ਆਇਆਂ ਪੱਚੀ ਸਾਲ ਹੋ ਗਏ ਹਨ। ਪਤਾ ਨਹੀਂ ਕਿੰਨੀਆਂ ਕੁੜੀਆਂ ਨੂੰ ਮੈਂ ਮਾਡਲ, ਸੁਪਰ ਮਾਡਲ ਬਣਇਆ ਹੈ। ਕਈ ਤਾਂ ਮਿਸ ਵਰਲਡ ਅਤੇ ਮਿਸ ਯੂਨੀਵਰਸ ਬਣ ਗਈਆਂ। ਨਾਇਓਮੀ ਕੈਂਬਲ ਦਾ ਫੋਟੋ ਸ਼ੂਟ ਕਰਕੇ ਕਦੇ ਮੈਂ ਉਸਦਾ ਪੋਰਟੋਫੋਲੀਓ ਬਣਾਇਆ ਸੀ। ਅੱਜ ਦੁਨੀਆਂ ਦੀਆਂ ਸਭ ਤੋਂ ਮਹਿੰਗੀਆਂ ਸੁਪਰ ਮਾਡਲਾਂ ਵਿਚੋਂ ਇਕ ਹੈ। ਇਹ ਨਾ ਸਮਝੀ ਕਿ ਉਹਨਾਂ ਕੋਲ ਹੁਸਨ ਤੇ ਸੋਹਣੇ ਸ਼ਰੀਰ ਸਨ, ਜਿਸਦੇ ਬਲਬੂਤੇ ਉੱਤੇ ਉਹਨਾਂ ਨੇ ਇਹ ਮੁਕਾਮ ਹਾਸਿਲ ਕੀਤੇ। ਨਹੀਂ! ਇਹ ਸਭ ਮੇਰੀ ਕਲਾ ਦਾ ਕਮਾਲ ਹੈ। ਮੇਰੇ ਕੈਮਰੇ ਦੇ ਝੂਠ ਬੋਲਣ ਦਾ ਸਹਾਰਾ ਲੈ ਕੇ ਉਹ ਇਸ ਸਥਾਨ ਉੱਤੇ ਪਹੁੰਚੀਆਂ। ਕਦੇ ਮਾਡਲਾਂ ਐਕਟਰਸਾਂ ਨੂੰ ਉਹਨਾਂ ਦੇ ਘਰ ਬਿਨਾ ਮੇਅਕਪ ਦੇ ਮਿਲਕੇ ਵੇਖੀ। ਉਹ ਤੈਨੂੰ ਕਿੰਨੀਆਂ ਬਦਸੂਰਤ ਦਿਖਾਈ ਦੇਣਗੀਆਂ। ਖੁਦ ਤੈਨੂੰ ਵੀ ਆਪਣੀਆਂ ਅੱਖਾਂ ਉੱਤੇ ਯਕੀਨ ਨਹੀਂ ਆਵੇਗਾ। ਸਭ ਮੇਰੀ ਕ੍ਰਿਪਾ ਨਾਲ ਹੋਇਆ ਹੈ।”
“ਗੁਰੂ ਜੀ, ਫੇਰ ਥੋੜ੍ਹੀ ਜਿਹੀ ਕ੍ਰਿਪਾ ਮੇਰੇ ਉੱਤੇ ਵੀ ਕਰ ਦਿਉ? ਮੇਰੀਆਂ ਹਸਰਤਾਂ ਬਹੁਤ ਵੱਡੀਆਂ ਨਹੀਂ। ਮੈਨੂੰ ਪੂਰਾ ਅਸਮਾਨ ਨਹੀਂ, ਬਸ ਛੋਟੀ ਜਿਹੀ ਬੱਦਲੀ ਚਾਹੀਦੀ ਹੈ।” ਗੌਡੀਵਾ ਨੇ ਹੱਥ ਜੋੜ ਕੇ ਬੇਨਤੀ ਕੀਤੀ।
ਫੋਟੋਗ੍ਰਾਫਰ ਦੇ ਚਿਹਰੇ ਉੱਤੇ ਖਲਨਾਇਕੀ ਮੁਸਕਾਨ ਖੇਡਣ ਲੱਗੀ, “ਹੂੰ! ਕਿਉਂ ਨਹੀਂ। ਕਿਉਂ ਨਹੀਂ। ਗੁਰੂ ਜੀ ਕਹਿੰਦੀ ਏ ਤਾਂ ਪਹਿਲਾਂ ਗੁਰੂ ਦਖਸ਼ਣਾ ਵੀ ਦੇਣੀ ਪਊ।”
“ਪਰ ਮੇਰੇ ਗਰੀਬ ਕੋਲ ਤਾਂ ਦੇਣ ਲਈ ਕੁਝ ਵੀ ਨਹੀਂ ਹੈ। ਆਹ ਦੇਖੋ ਬਸ ਦਾ ਘਰ ਵਾਪਿਸ ਜਾਣ ਦਾ ਕਿਰਾਇਆ, ਸਿਰਫ ਡੇਢ ਪੌਂਡ ਹੈ।ਮੈਂ ਤੁਹਾਨੂੰ ਕੀ ਦੇਹ ਸਕਦੀ ਹਾਂ?” ਗੌਡੀਵਾ ਨੇ ਆਪਣੀ ਹਾਲਤ ਅਤੇ ਅਸਮਰਥਤਾ ਪ੍ਰਗਟਾਈ।
ਫੋਟੋਗ੍ਰਾਫਰ ਗੌਡੀਵਾ ਵੱਲ ਦੇਖਦਾ ਹੋਇਆ ਨਸ਼ਿਆਇਆ ਪਿਆ ਸੀ, “ਮਾਇਆ ਤਾਂ ਬੀਬਾ ਆਉਣੀ ਜਾਣੀ ਚੀਜ਼ ਹੈ। ਅੱਜ ਮੇਰੇ ਕੋਲ ਹੈ। ਕੱਲ੍ਹ ਤੇਰੇ ਕੋਲ। ਤੇ ਪਰਸੋਂ ਕਿਸੇ ਹੋਰ ਕੋਲ। ਇਹ ਸ਼ੈਅ ਤਾਂ ਖੋਹੀ ਵੀ ਜਾ ਸਕਦੀ ਹੈ। ਚੋਰੀ ਵੀ ਕਰੀ ਜਾ ਸਕਦੀ ਹੈ। ਤੈਨੂੰ ਜਿਹੜੀ ਦੌਲਤ ਨਾਲ ਰੱਬ ਨੇ ਨਿਵਾਜਿਆ ਹੈ ਤੂੰ ਨਹੀਂ ਜਾਣਦੀ। ਉਹ ਨਾ ਤਾਂ ਤੇਰੇ ਕੋਲੋਂ ਕੋਈ ਖੋਹ ਸਕਦਾ ਹੈ ਤੇ ਨਾ ਹੀ ਕੋਈ ਚੋਰੀ ਕਰ ਸਕਦਾ ਹੈ। ਬਸ ਤੇਰੀ ਇੱਛਾ ਨਾਲ ਕੁਝ ਪਲਾਂ ਲਈ ਮਾਣ ਸਕਦਾ ਹੈ।”
ਗੌਡੀਵਾ ਬੌਂਦਲ ਗਈ ਸੀ, “ਮੱਮ… ਮੈਂ… ਮੈਂ ਕੁਝ ਸਮਝੀ ਨਹੀਂ।”
“ਮੈਂ ਕਿਹੜਾ ਤੈਨੂੰ ਅਲਜ਼ਬਰੇ ਦੇ ਸੁਆਲ ਸਮਝਾ ਰਿਹਾਂ ਜਿਹੜੇ ਤੂੰ ਸਮਝੀ ਨਹੀਂ। ਗੱਲ ਸਿੱਧੀ ਤੇ ਸਰਲ ਜਿਹੀ ਹੈ। ਤੈਨੂੰ ਰੱਬ ਨੇ ਰੱਜਵਾਂ ਰੂਪ ਦਿੱਤਾ ਹੈ। ਤੂੰ ਇਸ ਦਾ ਫਇਦਾ ਉੱਠਾ। ਇਹ ਸ਼ਰੀਰ ਤਾਂ ਨਾਸਵਾਨ ਹੈ। ਕੱਲ੍ਹ ਨੂੰ ਇਸ ਦੇਹੀ ਨੇ ਤਾਂ ਕਬਰਾਂ ਵਿਚ ਦਫਨ ਹੋ ਕੇ ਮਿੱਟੀ ਬਣ ਜਾਣਾ ਹੈ। ਮੇਰੇ ਕਹਿਣ ਦਾ ਭਾਵ ਹੈ, ‘ਕੱਟ ਦਾ ਹੇਅ ਵਾਇਲ ਸਨ ਸ਼ਾਇਨ’।” ਫੋਟੋਗ੍ਰਾਫਰ ਨੇ ਗੌਡੀਵਾ ਨੂੰ ਅੱਖ ਦੱਬ ਦਿੱਤੀ।
“ਮੇਰੇ ਅਜੇ ਵੀ ਕੁਝ ਪੱਲੇ ਨਹੀਂ ਪਿਆ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ?”
“ਬੀਬਾ ਜਾਂ ਤਾਂ ਤੂੰ ਬਹੁਤ ਭੋਲੀ ਹੈਂ ਜਾਂ ਡਰਾਮੇਬਾਜ਼। ਨਾ ਸਮਝੀ ਦਾ ਨਾਟਕ ਕਰ ਰਹੀ ਹੈਂ। ਮੇਰੇ ਕਹਿਣ ਦਾ ਐਨਾ ਹੀ ਤਾਤਪਰਜ਼ ਹੈ ਕਿ ਮੈਂ ਮਾਡਲਿੰਗ ਦੀ ਦੁਨੀਆਂ ਵਿਚ ਆਪਣੇ ਹੁਨਰ ਨਾਲ ਤੈਨੂੰ ਸ਼ੁਹਰਤ ਦੀ ਬੁਲੰਦੀ ਤੱਕ ਪਹੁੰਚਾ ਦੇਵਾਂਗਾ। ਐਨੀ ਦੌਲਤ ਤੇਰੇ ਕਦਮਾਂ ਵਿਚ ਹੋਵੇਗੀ ਕਿ ਤੇਰੀਆਂ ਸੱਤ ਪੁਸ਼ਤਾਂ ਤੋਂ ਅੱਗ ਲਾਇਆਂ ਨਹੀਂ ਮੁੱਕਣੀ। ਬਸ ਆਪਣੇ ਹੁਸਨ ਦੀ ਗਾਗਰ ’ਚੋਂ ਇਕ ਤੁਪਕਾ ਪਿਆਸੇ ਨੂੰ ਪਿਲਾਦੇ। ਸਿਰਫ ਇਕ ਰਾਤ… ਡੁਬਈ ਦੇ ਸੈਵਨ ਸਟਾਰ ਪਾਲਮ ਹੋਟਲ ਵਿਚ ਲੈ ਕੇ ਜਾਊਂ ਤੈਨੂੰ। ਫੇਰ ਦੁਖੀਂ ਤੇਰੀ ਦੁਨੀਆਂ ਬਦਲ ਜਾਊਗੀ। ਤੇਰੀ ਜੂਨ ਸੁਧਰ ਜਾਊ।”
ਬਾਕੀ ਅਗਲੇ ਹਫ਼ਤੇ...
Labels:
ਗੌਡੀਵਾ ਜਿੰਦਾ ਹੈ (1)
No comments:
Post a Comment