ਲੇਡੀ ਗੌਡੀਵਾ ਦਾ ਨੰਗਾ ਸੱਚ (5)

ਸਭ ਲੋਕ ਉਸਨੂੰ ਟੁੱਟ ਕੇ ਪੈ ਗਏ, “ਕੋਹੜੀਆ, ਤੂੰ ਇਹ ਪਾਪ ਕਮਾਇਐ। ਬਖੀਲਾ, ਤੈਨੂੰ ਸ਼ੈਤਾਨ ਦੋਜ਼ਖ ਦੀ ਭੱਠੀ ਵਿਚ ਲਿਜਾ ਕੇ ਸਿੱਟੇਗਾ। ਭਗਵਾਨ ਜਿਸੂ ਮਸੀਹ ਤੈਨੂੰ ਇਸਦੀ ਸਜ਼ਾ ਦੇਵੇਗਾ। ਤੂੰ ਮੌਤ ਦੇ ਫਰਿਸ਼ਤਿਆਂ ਨੂੰ ਆਪ ਅਵਾਜ਼ ਮਾਰੀ ਹੈ।”
ਪਾਦਰੀ ਦਾ ਬਿਰਧ ਸ਼ਰੀਰ ਉਤੇਜਤ ਹੋ ਗਿਆ, “ਕਮੀਨਿਆ… ਤੂੰ ਵਰਜਿਨ ਮੈਰੀ ਦੀ ਭਗਤਣੀ ਦਾ ਅਪਮਾਨ ਕੀਤੈ। ਕੁੱਲ ਆਲਮ ਅੰਦਰ ਬੈਠਾ ਰਿਹਾ, ਤੇਰੇ ਤੋਂ ਨਹੀਂ ਸੀ ਬੈਠ ਹੁੰਦਾ ਟਿਕ ਕੇ? ਤੂੰ ਆਪਣੇ ਕਿੱਤੇ ਨੂੰ ਕਲੱਕਿਤ ਕੀਤਾ ਹੈ। ਦਰਜੀ ਦਾ ਕੰਮ ਲੀੜੇ ਸਿਉਂ ਕੇ ਨੰਗ ਢੱਕਣਾ ਹੁੰਦਾ ਹੈ ਨਾ ਕਿ ਨੰਗੇਜ਼ ਦੇਖਣਾ।ਤੈਨੂੰ ਤਾਂ ਨਰਕਾਂ ਵਿਚ ਵੀ ਢੋਈ ਨਹੀਂ ਮਿਲਣੀ।”

“ਆਹੋ ਬੁੜਿਆ ਤੂੰ ਤਾਂ ਸਵਰਗਾਂ ਨੂੰ ਸਿੱਧੀ ਪੌੜੀ ਲਾ ਕੇ ਚੜ੍ਹ ’ਜੇਗਾ? ਮੇਰਾ ਮੂੰਹ ਨਾ ਖੁਲ੍ਹਾ। ਮੈਂ ਤਾਂ ਤੋਪੇ ਤੋੜਦੂੰ। ਆਪਦੀਆਂ ਕੱਛ ’ਚ ਲੋਕਾਂ ਦੀਆਂ ਹੱਥ ’ਚ! ਦੂਜੇ ਨੂੰ ਕੁਸ਼ ਕਹਿਣ ਤੋਂ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਮਾਰ। ਮੈਂ ਤੇਰੇ ਆਂਗੂ ਲੋਕਾਂ ਦੀਆਂ ਧੀ-ਭੇਣਾਂ ਦੀਆਂ ਜ਼ਿੰਦਗੀਆਂ ਤਾਂ ਨਹੀਂ ਖਰਾਬ ਕਰਦਾ।ਤੂੰ ਆਪਣੀਆਂ ਪੋਥੀਆਂ ’ਚੋਂ ਕਹਾਣੀਆਂ ਸੁਣਾ ਸੁਣਾ ਕੇ ਕਿੰਨੀਆਂ ਤੀਵੀਆਂ ਮਗਰ ਲਾਈ ਫਿਰਦੈਂ। ਸੈਂਟ ਮੇਰੀ ਚਰਚ ’ਚ ਮੈਂ ਆਪ ਮਿਲਿਆਂ। ਅੱਠ ਨੌ ਲਵੀ ਜਿਹੀ ਉਮਰ ਦੀਆਂ ਲਗਰਾਂ ਅਰਗੀਆਂ ਕੁੜੀਆਂ ਨੂੰ ਇਹਨੇ ਨੱਨ ਬਣਾ ਲਿਆ। ਅਖੇ ਤੁਸੀਂ ਸਾਰੀ ਉਮਰ ਵਿਆਹ ਨਹੀਂ ਕਰਵਾਉਣਾ। ਭਗਤੀ ਵਿਚ ਲੀਨ ਰਹਿਣੈ। ਪ੍ਰਮੇਸ਼ਵਰ ਦੇ ਲੜ੍ਹ ਲੱਗਣੈ। ਨਾ ਭਲਾ ਉਹਨਾਂ ਦੀ ਕੋਈ ਉਮਰ ਐ ਭਗਵਾਨ ਦੇ ਲੜ੍ਹ ਲੱਗਣ ਦੀ, ਏਸ ਉਮਰੇ ਤਾਂ ਉਹਨਾਂ ਨੂੰ ਮੇਰੇ ਵਰਗੇ ਦੇ ਲੜ੍ਹ ਲੱਗਣਾ ਚਾਹੀਦੈ। ਸਾਲਾ ਪਖੰਡੀ ਇਹ ਸੋਹਣੀਆਂ ਸੋਹਣੀਆਂ ਮੁਟਿਆਰਾਂ ਨੂੰ ਜੀਜ਼ਸ ਵਾਂਗੂ ਕਰੌਸ ’ਤੇ ਟੰਗ ਲੈਂਦੈ।ਜਦੋਂ ਚਿੱਤ ਕਰਦਾ ਜਿਹੜੀ ਨੂੰ ਮਰਜੀ ਸਿਸਟਰ ਸਿਸਟਰ ਕਰਕੇ ਫੜ੍ਹ ਲੈਂਦੈ ਤੇ ਘਚੋਰ ਜਿਹੀ ਵਿਚ ਵਾੜ੍ਹ ਕੇ ਕਹੂ ਅਧਿਆਤਮਵਾਦ ਦਾ ਪਾਠ ਪੜ੍ਹਾਉਂਨਾਂ। ਪਤੈ ਜਿਹੜੇ ਸਬਕ ਪੜ੍ਹਾਉਂਦਾ ਹੈਂ ਤੂੰ। ਰਜਾਈ ਈ ਨਿੱਘੀ ਕਰਦੈਂ।ਜਦੋਂ ਕਿਸੇ ਜਨਾਨੀ ਤੋਂ ਗੁਨਾਹ ਹੋ ਜਾਦੈਂ ਤਾਂ ਤੈਨੂੰ ਚਾਅ ਚੜ੍ਹ ਜਾਂਦਾ ਹੈ। ਕਿਉਂਕਿ ਪਾਪਾਂ ਦਾ ਪਸ਼ਚਾਤਾਪ ਕਰਨ ਲਈ ਉਹਨੇ ਰਾਤਾਂ ਤੇਰੇ ਨਾਲ ਕੱਟਣੀਆਂ ਹੁੰਦੀਆਂ ਹਨ ਨਾ।ਤੂੰ ਅਗਲੀ ਦਾ ਪਾਪ ਧੋਂਹਦਾ ਨਹੀਂ ਸਗੋਂ ਨਾਰੀ ਨੂੰ ਕਲੰਕਿਤ ਕਰਦੈਂ। ਤੂੰ ਭੁੱਲ ਬਖਸ਼ਾਉਣ ਦੇ ਪੱਜ ਨਾਲ ਤੂੰ ਉਹਨਾਂ ਦਾ ਰਜ਼ਾਮੰਦੀ ਨਾਲ ਬਲਾਤਕਾਰ ਕਰਦੈਂ।ਮੇਰਾ ਤਾਂ ਕਈ ਵਾਰੀ ਚਿੱਤ ਕਰਦਾ ਹੁੰਦਾ ਹੈ ਮੈਂ ਵੀ ਪਾਰਦੀ ਬਣਜਾਂ…।” ਟੌਮ ਆਪਣੀਆਂ ਮੁੱਛਾਂ ਨੂੰ ਵਟੇ ਦੇਣ ਲੱਗ ਪਿਆ।
ਚੌਂਕੀਦਾਰ ਕੂਪਰ ਨੇ ਵਿਵਾਦ ਵੱਧਦਾ ਦੇਖ ਕੇ ਟੋਕਿਆ, “ਟੌਮੀ, ਨਮਦਾ ਬੁੱਧੀ! ਮੋਟੇ ਦਿਮਾਗ! ਮੂੰਹ ਨਹੀਂ ਚੰਗਾ, ਗੱਲ ਤਾਂ ਚੰਗੀ ਕਰ ਲਿਆ ਕਰ।”
“ਅਲੀ ਅਲੀ ਕਰਕੇ ਕਿਉਂ ਮਗਰ ਪੈਦੇਂ ਓ? ਮੈਂ ਤਾਂ ਯਾਰ ਊਈਂ ਮਾੜੀ ਜਿਹੀ ਝਾਤੀ ਜਿਹੀ ਮਾਰੀ ਤੀ। ਮੈਂ ਕੀ ਗੁੱਡੀ ਦੀਆਂ ਲੂਲ੍ਹਾਂ ਲਾ ਲਈਆਂ। ਚਿੜ੍ਹੀਆ ਚੋਂਚ ਭਰ ਲੈ ਗਈ ਨਦੀ ਨਾ ਘਟਿਓ ਨੀਰ। ਛੜੇ ਦੇ ਦਿਲ ਨੂੰ ਖੁਸ਼ ਕਰਨ ਦਾ ਤਾਂ ਊਈਂ ਪੁੰਨ ਹੁੰਦੈ ਬਾਈ। ਮੈਂ ਕਿਹੜਾ ਕੁਕੜ ਕਾਣਾ ਕਰ’ਤੈ ( ਂੋ ਚੋਚਕਸ ਏੲਸ ੋੁਟ -ਉਸ ਸਮੇਂ ਦਾ ਪ੍ਰਚਲਤ ਮੁਹਾਵਰਾ, ਜਿਸ ਦਾ ਅਰਥ ਕੋਈ ਨੁਕਸਾਨ ਨਹੀਂ ਹੋਇਆ ਹੈ।) ਤੁਸੀਂ ਮੈਨੂੰ ਖਾਣ ਨੂੰ ਪੈਨੇ ਓ।… ਹੱਦ ਈ ਹੋ ਗਈ। ’ਕੱਲੇ ’ਕਹਿਰੇ ਬੰਦੇ ਦੇ ਜਿਉਣ ਦਾ ਕੋਈ ਹੱਜ ਐ? ਲੰਡੇ ਬੰਦਾ ਦਾ ਕੀ ਆ ਨਾ ਰੰਨ ਨਾ ਕੰਨ। ਛੜਾ ਤਾਂ ਰੋਹੀਂ ’ਚ ਖੜ੍ਹੇ ਜੰਡ ਨਿਆਈ ਹੁੰਦੈ। ਮੇਰੀ ਤਾਂ ਕਿਸਮਤ ਈ ਮਾੜੀ ਐ। ਨਿੱਕੇ ਹੁੰਦੇ ਨੂੰ ਵੀ ਕੋਈ ਸਹੇਲੀਆਂ ਨਾਲ ਖੇਡਣ ਨਹੀਂ ਸੀ ਦਿੰਦਾ ਹੁੰਦਾ।” ਟੌਮ ਨੇ ਆਪਣੀ ਸ਼ਰਾਬ ਵਾਲਾ ਸਾਰਾ ਹਾੜਾ ਇਕੇ ਸਾਹ ਖਿਚ ਲਿਆ।
ਇਹ ਵਾਰਤਾਲਾਪ ਸੁਣ ਕੇ ਬਲਜ਼ਾਕ ਦੇ ਕੰਨ ਖੜ੍ਹੇ ਹੋ ਗਏ। ਉਹ ਉੱਠਿਆ ਤੇ ਟੌਮ ਕੋਲ ਆਇਆ, “ਟੌਮ, ਓਏ ਟੌਮੀ? ਚੱਲ ਬੇਲੀਆ ਤੈਨੂੰ ਘਰ ਛੱਡ ਆਵਾਂ। ਐਵੇਂ ਕਜ਼ੀਆ ਪਾ ਰੱਖਿਐ। ਤੈਨੂੰ ਬਹੁਤ ਚੜ੍ਹ ਗਈ ਹੈ। ਇਥੇ ਕੋਈ ਹੋਰ ਰੰਗ ਵਿਚ ਭੰਗ ਪੈ ਜਾਊਗਾ।”
“ਭਾਜੀ ਲੈ ਜੋ ਇਹਨੂੰ ਇਥੇ ਐਵੇਂ ਕਿਸੇ ਤੋਂ ਕੁੱਟ ਖਾਹੂ।”
ਲਕੜਹਾਰੇ ਹੈਰੀ ਦੇ ਇਨ੍ਹਾਂ ਕਹਿਣ ’ਤੇ ਟੌਮ ਭੜਕ ਉੱਠਿਆ ਤੇ ਜਾ ਕੇ ਉਸ ਨਾਲ ਝਪਟ ਪਿਆ, “ਭੈਣ ਦਿਆ ਲਕੜਾ, ਮੈਨੂੰ ਹੱਥ ਤਾਂ ਲਾ ਕੇ ਦੇਖ? ਤੇਰੇ ਡੱਕਰੇ ਨਾ ਕਰ’ਦਾਂ ਤਾਂ ਮੈਨੂੰ ਟੌਮ ਟੇਲਰ (ਸ਼ੀਬਾ) ਕਿਹਨੇ ਕਹਿਣਾ।ਭੈਣ ਦਾ ਟਕਾ ਮੇਰੇ ਨਾਲ ਪੰਗੇ ਲੈਂਦੈ। ਵਖੀਏ ਉਦੇੜ ਕੇ ਰੱਖਦੂੰ। ਗੜਾਵਿਆ, ਤੈਥੋਂ ਤੋਂ ਆਪਦੀ ਭੈਣ ’ਤੇ ਰੰਨ ਨੰਬਰਦਾਰ ਕੋਲ ਗਹਿਣੇ ਪਈਆਂ ਤਾਂ ਹੁਣ ਤਾਈਂ ਛੁਡਾ ਨਹੀਂ ਹੋਈਆਂ। ਗੱਲਾਂ ਮਾਰਦੈ, ਵੱਡਾ ਸਾਨ੍ਹ।”
ਟੌਮ ਤੇ ਕੂਪਰ ਨੂੰ ਗੁੱਥਮਗੁੱਥਾ ਹੁੰਦਿਆਂ ਨੂੰ ਮੌਕੇ ’ਤੇ ਉਪਸਥਿਤ ਸਜਣਾਂ ਨੇ ਹਟਾ ਦਿੱਤਾ।ਬਲਜ਼ਾਕ ਨੇ ਟੌਮ ਦੀ ਕੱਛ ਵਿਚ ਸਿਰ ਦੇ ਕੇ ਉਸਨੂੰ ਜੱਫੀ ਵਿਚ ਲਿਆ ਤੇ ਸ਼ਰਾਬਖਾਨੇ ਵਿਚੋਂ ਤੋਰ ਕੇ ਟੌਮ ਨੂੰ ਉਸਦੇ ਘਰ ਵੱਲ ਲੈ ਤੁਰਿਆ।
ਰਸਤੇ ਵਿਚ ਜਾਂਦਿਆਂ ਟੌਮ ਥਥਲਾਉਂਦੀ ਅਵਾਜ਼ ਵਿਚ ਕਹਿਣ ਲੱਗਾ, “ਬੱਲੇ (ਬਲਜ਼ਾਕ ਦਾ ਛੋਟਾ ਨਾਮ) ਯਾਰ, ਇਹ ਸਾਲੇ ਸਮਝਦੇ ਨ੍ਹੀਂ। ਰੰਨਾਂ ਵਾਲੇ ਆ ਨਾ, ਤਾਂ ਕਰਕੇ। ਹੁਣ ਤੂੰ ਵੀ ਛੜੈਂ, ਮੈਂ ਵੀ ਛੜਾਂ। ਤੂੰ ਮੇਰਾ ਬਾਈ, ਮੈਂ ਤੇਰਾ ਬਾਈ।ਆਪਾਂ ਇਕ ਦੂਏ ਦਾ ਦੁੱਖ ਸਮਝਦੇ ਆਂ।” ਹਿਚਕੀਆਂ ਲੈਂਦਾ ਟੌਮ ਉੱਚੀ ਉੱਚੀ ਗੀਤ ਗਾਉਣ ਲੱਗ ਪਿਆ, “ ਹੋ…ਅ… ਹੋ, ਘੁੱਟ ਚਾਨਣੀ ਦੀ ਪੀ ’ਲੀ, ਤੇਰਾ ਕੀ ਗਿਐ? ਬੰਦ ਝੱਟ ਜੇ ਬੰਦੇ ਦੀ ਜੂਨ ਜੀ ਲਿਆਂ… ਦੱਸ ਬੱਲੇ ਮੈਥੋਂ ਜੇ ਰਹਿ ਨਹੀਂ ਹੋਇਆ ਤਾਂ ਇਹਦੇ ਵਿਚ ਮੇਰਾ ਕੀ ਕਸੂਰ ਆ? ਮੈਂ ਕਿਹੜਾ ਪਤਾਸੇ ਭੋਰ’ਤੇ? ਉਹ ਨੰਗੀ ਹੋ ਕੇ ਨਾ ਨਿਕਲਦੀ?” 
“ਬਕਵਾਸ ਨਾ ਕਰ। ਮੂੰਹ ਬੰਦ ਕਰ। ਮੈਂ ਤੈਨੂੰ ਤੇਰੇ ਘਰੇ ਸੁਆਕੇ ਆਉਂਦਾ ਹਾਂ।”
“ਸੂੰਅਦੀਆਂ ਤਾਂ ਯਾਰ ਗਾਈਆਂ ਹੁੰਦੀਆਂ ਜਾਂ ਜੂੰਆਂ।ਤੂੰ ਬੰਦੇ ਕਦੋਂ ਤੋਂ ਸੂਆਉਂਣ ਲੱਗ ਪਿਐਂ?”
“ਤੁਰਿਆ ਚੱਲ ਤੁਰਿਆ ਚੱਲ… ਆਹੁਖੜ ਕੇ ਡਿੱਗ ਨਾ ਪਈਂ।” ਬਲਜ਼ਾਕ ਨੇ ਟੌਮ ਦੇ ਲੜਖੜਾਉਂਦੇ ਕਦਮ ਸੰਭਾਲੇ।
“ਬੱਲੇ ਯਾਰ… ਸਾਉਰੀ ਦੇ ਵਾਲ ਈ ਐਨੇ ਲੰਮੇ ਨੇ ਦਿਸਿਆ ਦੁਸਿਆ ਤਾਂ ਕੁਸ਼ ਨ੍ਹੀਂ ਤੀ। ਪਰ ਫੇਰ ਵੀ ਨਸ਼ਾ ਜਿਹਾ ਚੜ੍ਹਾ ਗਈ। ਧਰਮ ਨਾਲ ਰੰਨ ਪਹਿਲੇ ਤੋੜ ਦੀ ਸ਼ਰਾਬ ਅਰਗੀ ਆ। ਤੂੰ ਪਤੰਦਰਾ ਉਹਦੇ ਕੋਲੇ ਹਰ ਵੇਲੇ ਰਹਿਨਾਂ। ਸਵਾਦ ਜਿਆ ਆ ਜਾਂਦਾ ਹੋਣੈ, ਜਦੋਂ ਗੁਟਕੂ-ਗੂਟਕੂ ਕਰਦੀ ਫਿਰਦੀ ਨੂੰ ਦੇਖਦਾ ਹੋਮੇਗਾ? ਤੇਰੇ ਮੂਹਰੇ ਤਾਂ ਮਹੱਲ ’ਚ ਮੌਰਾਂ ਵਾਂਗੂ ਪੈਲ੍ਹਾਂ ਪਾਉਂਦੀ ਰਹਿੰਦੀ ਹੋਣੀਆ ਆ, ਹੈ ਕੁ ਨਾ? ਤੇਰੇ ਅਰਗਾ ਲਟੈਣ ਜਿਹਾ ਮਨੁੱਖ ਤਾਂ ਉਹ ਭਾਲਦੀ ਐ।”
ਬਲਜ਼ਾਕ ਕੁਝ ਨਾ ਬੋਲਿਆ। ਟੌਮ ਨੂੰ ਉਹਦੇ ਘਰ ਬਿਸਤਰੇ ਵਿਚ ਲਿਟਾ ਕੇ ਬਲਜ਼ਾਕ ਤਬੇਲੇ ਨਾਲ ਬਣੀ ਆਪਣੀ ਰਿਹਾਇਸ਼ਗਾਹ ਵਿਚ ਆ ਗਿਆ। ਉਸਨੇ ਆਪਣੇ ਪਹਿਨੇ ਹੋਏ ਗਹਿਣੇ ਉਤਾਰੇ। ਲੱਕ ਨਾਲੋਂ ਬੰਨ੍ਹੀ ਹੋਈ ਪੇਟੀ ਖੋਲੀ ਤਾਂ ਉਸ ਵਿਚ ਪਿਆ ਚਾਕੂ ਇਨਸਾਨੀ ਖੂਨ ਨਾਲ ਲਿਬੜਿਆ ਹੋਇਆ ਸੀ। ਬਲਜ਼ਾਕ ਨੇ ਰੂੰ ਦੇ ਫੰਭੇ ਪਾਣੀ ਵਿਚ ਭਿਉਂ ਕੇ ਚਾਕੂ ਸਾਫ ਕੀਤਾ ਤੇ ਸੌਂ ਗਿਆ।
ਉਸ ਰਾਤ ਲਾਰਡ ਲਿਊਫਰਿਕ ਤੇ ਲੇਡੀ ਗੌਡੀਵਾ ਪਤੀ ਪਤਨੀ ਵਾਂਗ ਸੁੱਤੇ ਤੇ ਉਹਨਾਂ ਨੇ ਇਕ ਦੂਜੇ ਨੂੰ ਰੱਜ ਕੇ ਪਿਆਰ ਕੀਤਾ।ਤਮਾਮ ਰਾਤ ਉਹਨਾਂ ਦੀ ਸਬਾਤ ਦੀਆਂ ਮਿਸ਼ਾਲਾਂ ਜਗਦੀਆਂ ਰਹੀਆਂ।
ਅਗਲੀ ਸਵੇਰੇ ਬਲਜ਼ਾਕ ਦੇਰ ਤੱਕ ਸੁੱਤਾ ਰਿਹਾ। ਜਦ ਉਹ ਉੱਠਿਆ ਤਾਂ ਸਥਾਨਕ ਗਿਰਜ਼ਾਘਰ ਦਾ ਘਡਿਆਲ ਤਿੰਨ ਵਾਰੀ ਵੱਜਿਆ। ਫਿਰ ਇਕ ਮਿੰਟ ਦਾ ਵਕਫਾ ਪਾ ਕੇ ਤਿੰਨ ਘੰਟੀਆਂ ਵੱਜੀਆਂ। ਇਕ ਮਿੰਟ ਦੇ ਅੰਤਰਾਲ ਮਗਰੋਂ ਤਿੰਨ ਹੋਰ ਟੱਲ ਖੜਕੇ।ਸਭ ਨਗਰ ਨਿਵਾਸੀ ਆਪਣੇ ਕੰਮ-ਧੰਦੇ ਛੱਡ ਕੇ ਖਲੋਅ ਗਏ, “ਹੈਂ? ਨੌ ਘੰਟੀਆਂ? ਨਾਇਨ ਟੈਲਰ ਮੇਕਸ ਏ ਮੈਨ! ਯਾਨੀ ਕੋਈ ਪੁਰਸ਼ ਰੱਬ ਨੂੰ ਪਿਆਰਾ ਹੋ ਗਿਆ ਹੈ?”
ਸਾਰੀ ਕੌਫ’ਸ ਟਰੀ ਵਿਚ ਟੌਮ ਦੀ ਮੌਤ ਦੀ ਖਬਰ ਜੰਗਲ ਦੀ ਅੱਗ ਵਾਂਗ ਪਲਾਂ-ਛਿਨਾਂ ਵਿਚ ਫੈਲ ਗਈ।ਕਿਸੇ ਨੇ ਰਾਤ ਨੂੰ ਟੌਮ ਦੀਆਂ ਅੱਖਾਂ ਕੱਢ ਕੇ ਉਸਨੂੰ ਜਾਨੋਂ ਮਾਰ ਦਿੱਤਾ ਹੈ।ਲੋਕਾਂ ਨੇ ਇਸਨੂੰ ਕੁਦਰਤ ਦੀ ਕਰੋਪੀ ਦਾ ਨਾਮ ਦੇ ਦਿੱਤਾ। ਪਾਦਰੀ ਲੈਲਸਿਸ ਬਾਇਬਲ ਦੇ ਹਵਾਲੇ ਦੇ ਕੇ ਲੋਕਾਂ ਨੂੰ ਵਿਖਿਆਨ ਕਰਨ ਲੱਗਾ ਕਿ ਬੂਰੇ ਕਰਮ ਦਾ ਬੂਰਾ ਨਤੀਜਾ ਹੁੰਦਾ ਹੈ। ਉਸੇ ਹੀ ਦਿਨ ਟੌਮ ਨੂੰ ਦਫਨਾ ਕੇ ਉਸਦੀ ਆਤਮਕ ਦੀ ਸ਼ਾਂਤੀ ਲਈ ਗਿਰਜ਼ਾਘਰ ਵਿਚ ਪ੍ਰਥਨਾ ਕਰ ਦਿੱਤੀ ਗਈ। 
ਅਗਲੇ ਦਿਨ ਤੋਂ ਕੌਫ’ਸ ਟਰੀ ਵਿਚ ਸਭ ਕੁਝ ਆਮ ਵਾਂਗ ਚੱਲਣ ਲੱਗਾ।ਟੌਮ ਨੂੰ ਉਸਦੇ ਕੁਕਰਮ ਦੀ ਐਡੀ ਛੇਤੀ ਸਜ਼ਾ? ਲਿਉਫਰਿਕ ਟੌਮ ਦੇ ਦੋਸ਼ ਨਾਲ ਆਪਣੇ ਗੁਨਾਹ ਦਾ ਤੁਲਨਾਤਮਕ ਅਧਿਐਨ ਕਰਦਾ ਹੋਇਆ ਝੰਜੋੜਿਆ ਗਿਆ। ਇਸ ਘਟਨਾ ਤੋਂ ਬਾਅਦ ਲਿਉਫਰਿਕ ਬਹੁਤ ਬਦਲ ਗਿਆ। ਉਸ ਵਿਚ ਅਹਿਮ ਧਰਮ ਪ੍ਰਵਿਰਤਨ ਆਇਆ। ਉਸਦੀ ਸਖਸ਼ੀਅਤ ਵਿਚ ਨਿਹਾਇਤ ਤਬਦੀਲੀ ਆ ਗਈ। ਪਸ਼ਚਾਤਾਪ ਕਰਨ ਹਿੱਤ ਉਸਨੇ ਇਸਾਈ ਮੱਠਾਂ ਨੂੰ ਦਾਨ ਪੁੰਨ ਕਰਨਾ ਸ਼ੁਰੂ ਕਰ ਦਿੱਤਾ।ਗੌਡੀਵਾ ਆਪਣੇ ਮਹਿਲ ਵਾਲੇ ਹਮਾਮ ਦੀ ਬਜਾਏ ਝੀਲ ਉੱਤੇ ਇਸ਼ਾਨਾਨ ਕਰਨ ਨੂੰ ਤਰਜ਼ੀਹ ਦੇਣ ਲੱਗੀ।
ਸਾਲ ਬਾਅਦ ਲਿਉਫਰਿਕ ਦੇ ਘਰ ਗੌਡੀਵਾ ਦੀ ਕੁੱਖੋਂ ਇਕ ਪੁੱਤਰ ਐਲਫਗਾਰ ਨੇ ਜਨਮ ਲਿਆ। ਐਲਫਗਾਰ ਬਲਜ਼ਾਕ ਨਾਲ ਖੇਡ ਕੇ ਵੱਡਾ ਹੋਣ ਲੱਗਾ। ਬਲਜ਼ਾਕ ਨੇ ਐਲਫਗਾਰ ਨੂੰ ਘੋੜ ਸਵਾਰੀ, ਸ਼ਸਤਰ ਵਿਦਿਆ ਸਿਖਾਈ। ਤਲਵਾਰਬਾਜ਼ੀ ਅਤੇ ਤੀਰਅੰਦਾਜ਼ੀ ਵਿਚ ਨਿਪੁੰਨ ਕੀਤਾ।
ਲਿਉਫਰਿਕ ਨੇ ਰਾਜੇ ਐਡਵਰਡ ਕੌਨਫੈਸਰ ਨੂੰ ਮਨਾ ਕੇ 1051 ਵਿਚ ਪੂਰੇ ਦੇਸ਼ ਵਿਚੋਂ ਹੈਰੇਗੇਲਡ ਉਗਰਾਹੁਣਾ ਬੰਦ ਕਰਵਾ ਦਿੱਤਾ। ਜਦੋਂ ਐਲਫਗਾਰ ਚੌਦਾਂ ਸਾਲਾਂ ਦਾ ਹੋਇਆ ਤਾਂ ਲਿਊਫਰਿਕ ਦੀ ਮੌਤ ਦੇ ਟੱਲ ਖੜ੍ਹਕ ਗਏ। 
ਐਲਫਗਾਰ ਦੇ ਨਿਆਣਾ ਹੋਣ ਕਰਕੇ ਗੌਡੀਵਾ ਨੇ ਤਰੱਕੀ ਦੇ ਕੇ ਬਲਜ਼ਾਕ ਨੂੰ ਆਪਣਾ ਨਿੱਜੀ ਸਕੱਤਰ ਬਣਾ ਲਿਆ। ਬਲਜ਼ਾਕ ਉਸਦੇ ਸਰਕਾਰੀ ਕੰਮਾਂ ਵਿਚ ਸਹਿਯੋਗ ਦੇਣ ਲੱਗ ਪਿਆ। ਗੌਡੀਵਾ ਨੇ ਇਕ ਇਕ ਕਰਕੇ ਸਭ ਲਗਾਨ ਬੰਦ ਕਰਨੇ ਸ਼ੁਰੂ ਕਰ ਦਿੱਤੇ। ਆਪਣੀ ਆਮਦਨ ਦਾ ਬਹੁਤਾ ਭਾਗ ਉਹ ਇਸਾਈ ਮੱਠਾਂ ਨੂੰ ਅਤੇ ਗਰੀਬਾਂ ਨੂੰ ਦਾਨ ਕਰ ਦਿੰਦੀ। ਇਥੋਂ ਤੱਕ ਕਿ ਗਹਿਣਿਆਂ ਦੀ ਸ਼ੌਂਕੀਣ ਹੋਣ ਦੇ ਬਾਵਜੂਦ ਉਹ ਆਪਣੇ ਪਹਿਨੇ ਹੋਏ ਗਹਿਣੇ ਵੀ ਉਤਾਰ ਕੇ ਪੂਜ ਦਿੰਦੀ। 
ਨੋਰਮਨ (ਨੋਰਮੈਂਡੀ, ਫਰਾਂਸ ਦੇ ਵਸਨੀਕ) ਫੌਜਾਂ ਨੇ ਮਾਰਸੀਆ ’ਤੇ ਹੱਲੇ-ਬੋਲਣੇ ਸ਼ੁਰੂ ਕਰ ਦਿੱਤੇ।ਐਲਫਗਾਰ ਚੌਵੀ ਸਾਲਾਂ ਦਾ ਗੱਭਰੂ ਹੋ ਗਿਆ। ਬਲਜ਼ਾਕ ਵਾਂਗ ਦਰਸ਼ਨੀ, ਨਿਰੋਆ, ਫੌਲਾਦੀ ਜੁੱਸਾ ਤੇ ਗੌਡੀਵਾਂ ਵਾਂਗ ਸੁੰਦਰ, ਸੋਹਣਾ-ਸੁਨੱਖਾ ਤੇ ਉੱਚਾ-ਲੰਮਾ। ਲਿਉਫਰਿਕ ਵਾਂਗ ਤੇਜ਼ ਦਿਮਾਗ, ਚੁਸਤ ਫੁਰਤੀਲਾ ਤੇ ਸਿਆਸਤੀ। ਰਜਵਾੜਿਆਂ ਵਾਂਗ ਐਲਫਗਾਰ ਵੱਡੇ ਪਲੰਘ ਉੱਤੇ ਨਾ ਸੌਂਦਾ।ਬਲਕਿ ਸੈਨਿਕਾਂ ਦੀ ਤਰ੍ਹਾਂ ਛੋਟੇ ਕਮਜ਼ੋਰ ਵਾਹੀਆਂ ਵਾਲੇ ਮੰਜੇ ’ਤੇ ਸੌਣ ਦਾ ਆਦੀ ਹੋ ਗਿਆ। ਐਨੇ ਛੋਟੇ ਮੰਜੇ ’ਤੇ ਕਿ ਜਿਸ ਉੱਤੇ ਸਿਰਫ ਧੜ ਹੀ ਟਿਕਦਾ ਤੇ ਲੱਤਾਂ ਧਰਤੀ ਉੱਤੇ ਲਗਾ ਕੇ ਸੌਣਾ ਪੈਂਦਾ। ਬਲਜ਼ਾਕ ਨੇ ਅਜਿਹੇ ਮੰਜਿਆਂ ’ਤੇ ਸੌਣ ਦਾ ਭੇਤ ਬਿਆਨ ਕਰਦਿਆਂ ਐਲਫਗਾਰ ਨੂੰ ਦੱਸਿਆ ਸੀ ਕਿ ਅਜਿਹੇ ਮੰਜਿਆਂ ਉੱਤੇ ਸੈਨਿਕ ਇਸ ਲਈ ਸੌਂਦੇ ਹਨ ਤਾਂ ਕਿ ਅਗਰ ਦੁਸ਼ਮਣ ਰਾਤ ਨੂੰ ਸੁੱਤੇ ਪਿਆਂ ਦੀਆਂ ਬਾਹਾਂ ਬੰਨ੍ਹ ਦੇਣ ਤਾਂ ਸਣੇ ਮੰਜੇ ਖੜ੍ਹੇ ਹੋ, ਮੰਜੇ ਦੀਆਂ ਬਾਹੀਆਂ ਤੋੜ ਕੇ ਆਪਣੇ ਆਪਨੂੰ ਅਜ਼ਾਦ ਕਰਵਾਇਆ ਜਾ ਸਕੇ। ਬਲਜ਼ਾਕ ਨੇ ਐਲਫਗਾਰ ਨੂੰ ਅਵੱਲ ਦਰਜ਼ੇ ਦਾ ਯੋਧਾ ਬਣਾ ਦਿੱਤਾ। 
ਕਈ ਵਰ੍ਹਿਆਂ ਤੋਂ ਨਾਕਾਮ ਹਮਲੇ ਕਰਨ ਬਾਅਦ ਨੋਰਮਨ ਫੌਜਾਂ ਨੇ ਹੇਸਟਿੰਗ ਦੀ ਜੰਗ ਵਿਚ ਐਡਵਰਡ ਦੇ ਵਾਰਿਸ ਹੈਰੋਲਡ ਗੌਡਵਿਨਸਨ ਨੂੰ ਕਰਾਰੀ ਹਾਰ ਦੇ ਕੇ ਇੰਗਲੈਂਡ ਦੇ ਸਿੰਘਾਸਨ ਉੱਤੇ ਆਪਣਾ ਕਬਜ਼ਾ ਕਰ ਲਿਆ।ਨੋਰਮੈਂਡੀ ਦੇ ਰਜਵਾੜਿਆਂ ਨੇ ਐਲਫਗਾਰ ਦੀ ਬਹਾਦਰੀ ਦੇ ਕਿੱਸੇ ਸੁਣੇ ਹੋਏ ਹਨ।ਫਰਾਂਸੀਸੀ ਹੁਕਮਰਾਨਾਂ ਵੱਲੋਂ ਐਲਫਗਾਰ ਨੂੰ ਆਪਣੀ ਸੈਨਾ ਵਿਚ ਭਰਤੀ ਕਰਨ ਦੇ ਪ੍ਰਸਤਾਵ ਆਉਣ ਲੱਗੇ।
ਗੌਡੀਵਾ ਨੇ ਅਜੇ ਐਲਫਗਾਰ ਦੇ ਸਿਰ ਸਾਰੀਆਂ ਜ਼ਿੰਮੇਵਾਰੀਆਂ ਪਾਉਣ ਬਾਰੇ ਸੋਚਿਆ ਹੀ ਰਹੀ ਸੀ ਕਿ ਕੌਫ’ਸ ਟਰੀ ਵਿਚ ਇਕ ਪਲੇਗ ਨਾਂ ਦੀ ਭਿਆਨਕ ਬਿਮਾਰੀ ਫੈਲ ਗਈ। ਲੋਕ ਮਰਨ ਲੱਗੇ। ਵੈਦਾਂ-ਹਕੀਮਾਂ ਕੋਲ ਉਸਦਾ ਕੋਈ ਇਲਾਜ਼ ਉਪਲਬਧ ਨਹੀਂ ਹੈ। ਐਲਫਗਾਰ ਵੀ ਇਸੇ ਤਾਊਨ ਨਾਮੁਰਾਦ ਬਿਮਾਰੀ ਨਾਲ ਕਈ ਦਿਨ ਪੀੜਤ ਰਹਿਣ ਬਾਅਦ ਚੱਲ ਵਸਿਆ। ਐਲਫਗਾਰ ਦੀ ਮੌਤ ਤੋਂ ਉਪਰੰਤ ਗੌਡੀਵਾ ਬੁਰੀ ਤਰ੍ਹਾਂ ਟੁੱਟ ਗਈ। ਗੌਡੀਵਾ ਨੇ ਮਹਿਲ ਵਿਚੋਂ ਬਾਹਰ ਜਾਣਾ ਘੱਟ ਕਰ ਦਿੱਤਾ। ਸਾਰਾ ਸਾਰਾ ਦਿਨ ਉਹ ਆਪਣੇ ਸੌਣ ਕਮਰੇ ਵਿਚ ਸ਼ਰਾਬ ਪੀ ਕੇ ਪਈ ਰਹਿੰਦੀ।ਬਲਜ਼ਾਕ ਉਸਦਾ ਕੰਮਕਾਰ ਸਾਂਭਦਾ।ਜਦੋਂ ਕਦੇ ਕਿਸੇ ਸਰਕਾਰੀ ਦਸਤਾਵੇਜ਼ ’ਤੇ ਦਸਤਖਤ ਕਰਵਾਉਣੇ ਹੁੰਦੇ ਜਾਂ ਕਿਸੇ ਕੰਮ ਲਈ ਬਲਜ਼ਾਕ ਨੇ ਗੌਡੀਵਾ ਨੂੰ ਮਿਲਣਾ ਹੁੰਦਾ ਤਾਂ ਉਸਨੂੰ ਗੌਡੀਵਾ ਦੀ ਹਾਲਤ ਦੇਖਕੇ ਰੋਣਾ ਆ ਜਾਂਦਾ। ਉਹ ਗੌਡੀਵਾ ਨੂੰ ਸਮਝਾਉਂਦਾ। ਉਸਦੀਆਂ ਮਿੰਨਤਾਂ ਕਰਦਾ। ਸਹੁੰਆਂ ਖੁਆਉਂਦਾ ਤੇ ਕਦੇ ਕਦੇ ਮੋਹ ਵਿਚ ਆ ਕੇ ਇਸਰਾਰ ਵੀ ਕਰਦਾ। ਬਲਜ਼ਾਕ ਗੌਡੀਵਾ ਅੰਦਰ ਜਿਉਣ ਦੀ ਲਾਲਸਾ ਪੈਦਾ ਕਰਦਾ ਤੇ ਕਦੇ ਕਦੇ ਤਾਂ ਭੁੰਜੇ ਡਿੱਗੀ ਪਈ ਨੂੰ ਚੁੱਕ ਕੇ ਬਿਸਤਰੇ ਉੱਪਰ ਵੀ ਲਿਟਾ ਦਿੰਦਾ।
ਐਲਫਗਾਰ ਦੇ ਦਿਹਾਂਤ ਤੋਂ ਸਾਲ ਬਾਅਦ ਨੋਰਮਨ ਫੌਜਾਂ ਨੇ ਸਕਰੌਬੀਸਬਾਏਰਿਜ਼ ’ਤੇ ਹੱਲਾ ਬੋਲ ਕੇ ਕਬਜ਼ਾ ਕਰ ਲਿਆ। 1066 ਤੋਂ ਹੀ ਨੌਰਮਨਾਂ ਨੇ ਸੈਕਸਨਾਂ ਦੇ ਕਾਨੂੰਨ ਭੰਗ ਕਰਕੇ ਆਪਣੀ ਪ੍ਰਥਾ ਚਲਾ ਦਿੱਤੀ, ਜਿਸ ਅਨੁਸਾਰ ਅਜ਼ਾਦ ਅਤੇ ਇਕੱਲੀ ਜਨਾਨੀ ਨੂੰ ਕੋਈ ਸੰਪਤੀ ਰੱਖਣ ਦਾ ਅਧਿਕਾਰ ਨਹੀਂ ਰਹਿਣ ਦਿੱਤਾ। ਭਾਵੇਂ ਉਹ ਜਾਗੀਰ ਵਸੀਅਤ ਰਾਹੀਂ ਮਿਲੀ ਜਾਂ ਔਰਤ ਦੇ ਸਵਰਗਵਾਸੀ ਪਤੀ ਦੀ ਹੀ ਕਿਉਂ ਨਾ ਹੋਵੇ।ਲਿਉਫਰਿਕ ਦੀ ਜਾਗੀਰ, ਜੋ ਗੌਡੀਵਾ ਨੂੰ ਮਿਲੀ ਸੀ, ਧਾੜਵੀਆਂ ਵੱਲੋਂ ਜ਼ਬਤ ਕਰ ਲਈ ਗਈ।ਗੌਡੀਵਾ ਨੂੰ ਇਸਦਾ ਗਹਿਰਾ ਸਦਮਾ ਲੱਗਿਆ।ਗੌਡੀਵਾ ਅਚਾਨਕ ਬਿਮਾਰ ਹੋ ਗਈ। 
ਕਈ ਦਿਨ ਬਿਮਾਰ ਰਹਿਣ ਉਪਰੰਤ ਗੌਡੀਵਾ ਦੀ ਮੌਤ ਦੀ ਖਬਰ ਮਹਿਲ ਵਿਚੋਂ ਆਈ। ਗਿਰਜਾਘਰ ਦਾ ਘਡਿਆਲ ਛੇ ਵਾਰ ਵੱਜਿਆ। ਗੌਡੀਵਾ ਦੀ ਮ੍ਰਿਤਕ ਦੇਹ ਨੂੰ ਐਬੀ ਗਿਰਜ਼ਾਘਰ ਨਾਲ ਪੈਂਦੇ ਬੈਨੇਡਿਕਟਾਇਨ ਇਸਾਈ ਮੱਠ ਦੇ ਕਬਰਸਤਾਨ ਵਿਚ ਲਿਉਫਰਿਕ ਦੀ ਕਬਰ ਨਾਲ ਦਫਨਾ ਦਿੱਤਾ ਗਿਆ। ਲੇਕਿਨ ਕਿਸੇ ਨੇ ਗੌਡੀਵਾ ਦਾ ਮੂੰਹ ਦੇਖ ਕੇ ਉਸਦੇ ਅੰਤਮ ਦਰਸ਼ਨ ਨਾ ਕੀਤੇ। ਕਿਉਂਕਿ ਕੌਫ’ਸ ਟਰੀ ਦੇ ਵਹਿਮੀ ਲੋਕਾਂ ਦੀ ਧਾਰਨਾ ਹੈ ਕਿ ਅਗਰ ਮਰੇ ਵਿਅਕਤੀ ਦਾ ਅੰਤਿਮ ਯਾਤਰਾ ਸਮੇਂ ਮੂੰਹ ਨਾ ਦੇਖਿਆ ਜਾਵੇ ਤਾਂ ਉਹ ਸਵਰਗਾਂ ਵਿਚ ਜਾਂਦਾ ਹੈ ਤੇ ਤੁਹਾਨੂੰ ਕਦੇ ਨਾ ਕਦੇ ਕਿਸੇ ਨਾ ਕਿਸੇ ਰੂਪ ਵਿਚ ਜ਼ਰੂਰ ਮਿਲਦਾ ਹੈ।ਕੌਫ’ਸ ਟਰੀ ਦੇ ਲੋਕਾਂ ਉੱਤੇ ਗੌਡੀਵਾ ਨੇ ਅਨੇਕਾਂ ਪ੍ਰਉਪਕਾਰ ਕੀਤੇ ਹਨ।ਇਸ ਲਈ ਲੋਕਾਂ ਵਿਚ ਉਹ ਹਰਮਨ ਪਿਆਰੀ ਹੈ। ਸਭ ਉਸ ਨੂੰ ਦੁਬਾਰਾ ਮਿਲਣਾ ਚਾਹੁੰਦੇ ਹਨ। ਕੌਫ’ਸ ਟਰੀ ਵਿਚ ਸਿਰਫ ਘੋੜਿਆਂ ਦੇ ਲਗਾਨ ਤੋਂ ਬਿਨਾ ਸਭ ਲਗਾਨ ਗੌਡੀਵਾ ਵੱਲੋਂ ਬੰਦ ਕਰ ਦਿੱਤੇ ਗਏ ਹਨ। 
ਗੌਡੀਵਾ ਦੇ ਪੰਖ ਪਖੇਰੂ ਉੱਡਣ ਦੀ ਸੂਚਨਾ ਮਿਲਦਿਆਂ ਹੀ ਰਾਜੇ ਵਿਲੀਅਮ ਨੇ ਗੌਡੀਵਾ ਦੀ ਸਮੂਚੀ ਸੰਪਤੀ ਜਪਤ ਕਰ ਲਿੱਤੀ।
ਉਸ ਦਿਨ ਤੋਂ ਬਾਅਦ ਬਲਜ਼ਾਕ ਤੇ ਗੌਡੀਵਾ ਦਾ ਪਿਆਰਾ ਸਫੇਦ ਘੋੜਾ ਕਿਸੇ ਨੂੰ ਨਹੀਂ ਦਿਸਿਆ।
ਕੁਝ ਵਰ੍ਹਿਆਂ ਬਾਅਦ ਇਕ ਰੋਜ਼ ਹੌਲੀ ਟਰਿਨਟੀ ਗਿਰਜ਼ਾਘਰ ਈਔਫਜ਼ਹੈਮ ਦਾ ਪਾਦਰੀ ਗਿਰਜ਼ਾਘਰ ਆਇਆ ਤਾਂ ਉਸਨੇ ਚਰਚ ਦੇ ਕਬਰਸਤਾਨ ਵਿਚ ਇਕ ਨਵੀਂ ਬਣੀ ਕਬਰ ਦੇਖੀ। ਪਾਦਰੀ ਨੂੰ ਚੌਂਕੀਦਾਰ ਨੇ ਦੱਸਿਆ ਕਿ ਰਾਤ ਇਸ ਕਬਰ ਉੱਤੇ ਉਸਨੇ ਕਿਸੇ ਦਰਮਿਆਨੇ ਕੱਦ ਦੇ ਹੱਟੇ-ਕੱਟੇ ਪੁਰਸ਼ ਨੂੰ ਫੁੱਲ ਚੜ੍ਹਾਉਂਦੇ ਅਤੇ ਰੋਂਦੇ ਹੋਏ ਦੇਖਿਆ ਸੀ।ਜਿਸਦੇ ਵਾਲਾਂ ਵਿਚ ਧੌਲੇ ਅਤੇ ਖੱਬੇ ਡੌਲੇ ਉੱਤੇ ਬਾਜ਼ ਖੁਣਿਆ ਹੋਇਆ ਸੀ। 

****

ਅੰਤਿਕਾ: ਇਸ ਉਪਰੰਤ ਗੌਡੀਵਾ ਕਹਾਣੀਆਂ, ਨਾਟਕਾਂ ਅਤੇ ਤਸਵੀਰਾਂ ਵਿਚ ਆਈ।ਕਵੈਂਟਰੀ ਦੇ ਕਥੀਡਰਲ ਸ਼ਾਪਿੰਗ ਸੈਂਟਰ ਵਿਚ ਗੌਡੀਵਾ ਦਾ ਵਿਸ਼ਾਲ ਬੁੱਤ ਲੱਗਾ ਹੈ। ਦੂਜੇ ਬੁੱਤ ਵਿਚ ਨਗਨ ਘੋੜ ਸਵਾਰ ਗੌਡੀਵਾ ਨਿਕਲਦੀ ਹੈ ਤੇ ਟੌਮ ਟੇਲਰ ਝਾਤੀ ਮਾਰ ਕੇ ਖਿੜਕੀ ਵਿਚ ਵੜ ਜਾਂਦਾ ਹੈ। ਇਹ ਕ੍ਰਿਆ ਹਰ ਗੰਟੇ ਬਾਅਦ ਦੌਹਰਾਈ ਜਾਂਦੀ ਹੈ।ਅੱਜ ਵੀ ਹਰ ਸਾਲ ਜੁਲਾਈ ਮਹੀਨੇ ਗੌਡੀਵਾ ਦੀ ਯਾਦ ਵਿਚ ਜਲੂਸ ਨਿਕਲਦਾ ਹੈ, ਜਿਸਨੂੰ ਗੌਡੀਵਾ ਫੇਸਟੀਵਲ ਕਿਹਾ ਜਾਂਦਾ ਹੈ।

****

Print this post

No comments:

Post a Comment