ਗੌਡੀਵਾ ਜਿੰਦਾ ਹੈ (3)
ਲਿਉਨਰਡ ਢਿਲਕਦੀ ਪੈਂਟ ਨੂੰ ਲੱਕ ਉੱਤੇ ਖਿੱਚਦਾ ਬਾਹਰ ਜਾਣ ਲੱਗਿਆ, “ਚੰਗਾ ਮੈਂ ਜੌਬਸੈਂਟਰ ਸਾਇਨ ਕਰਨ ਚੱਲਿਆਂ। ਪੰਦਰਾਂ ਵੀਹਾਂ ਮਿੰਟਾਂ ਤੱਕ ਆਉਂ।”
“ਠਹਿਰ ਪਹਿਲਾਂ ਮੇਰੀ ਇਕ ਗੱਲ ਸੁਣ ਜਾ। ਕੱਲ੍ਹ ਮੈਨੂੰ ਨਾਇਟ ਕਲੱਬ ਵਿਚ ਇਕ ਏਸ਼ੀਅਨ ਬਿਜ਼ਨਸਮੈਨ ਮਿਲਿਆ ਸੀ।ਉਸਦਾ ਬ੍ਰਮਿੰਘਮ ਵਿਚ ਕੋਈ ਨਾਇਟ ਕਲੱਬ ਹੈ। ਮੈਨੂੰ ਉਸਦੀ ਮਿਉਜ਼ਿਕ ਦੇ ਖੜ੍ਹਕੇ ਵਿਚ ਪੂਰੀ ਗੱਲ ਤਾਂ ਸਮਝ ਨਹੀਂ ਆਈ। ਸ਼ਾਇਦ ਉਹ ਮੈਨੂੰ ਆਪਣੇ ਕਲੱਬ ਵਿਚ ਡਾਂਸਰ ਰੱਖਣਾ ਚਾਹੁੰਦਾ ਹੈ।ਮੈਂ ਉਸਨੂੰ ਆਪਣਾ ਨੰਬਰ ਦੇ ਦਿੱਤਾ ਸੀ। ਉਹ ਅੱਜ ਫੋਨ ਕਰੇਗਾ। ਮੈਂ ਕੀ ਜੁਆਬ ਦੇਵਾਂ ਉਹਨੂੰ?”
“ਸੱਦ ਲਵੀਂ ਗੱਲ ਕਰਕੇ ਦੇਖਾਂਗੇ। ਕਿਤੇ ਮੁਫਤ ’ਚ ਹੀ ਨਾ ਮਾਂਝਣ ਨੂੰ ਫਿਰਦਾ ਹੋਵੇ।”ਲਿਉਨਰਡ ਬਾਹਰ ਚੱਲਾ ਗਿਆ। ਗੌਡੀਵਾ ਸੈਟੀ ਤੋਂ ਉੱਠੀ ਤੇ ਨਹਾਉਣ ਚਲੀ ਗਈ।
ਜਦੋਂ ਗੌਡੀਵਾ ਨਹਾ ਕੇ ਬਾਹਰ ਨਿਕਲੀ ਤਾਂ ਉਸਦੇ ਫੋਨ ਦੀ ਘੰਟੀ ਵੱਜ ਰਹੀ ਸੀ।ਗੌਡੀਵਾ ਨੇ ਫੋਨ ਚੁੱਕਿਆ ਤਾਂ ਇਹ ਉਸੇ ਰਾਤ ਵਾਲੇ ਏਸ਼ੀਅਨ ਦਾ ਫੋਨ ਸੀ।
ਹੋਰ ਪੜੋ...
Labels:
ਗੌਡੀਵਾ ਜਿੰਦਾ ਹੈ (3)
ਗੌਡੀਵਾ ਜਿੰਦਾ ਹੈ (2)
“ਪਹਿਲਾਂ ਆਪਣੇ ਆਪ ਨੂੰ ਤਾਂ ਸੁਧਾਰ ਲਉ। ਐਡੇ ਵੱਡੇ ਬੰਦੇ ਹੋ ਕੇ ਤੁਹਾਨੂੰ ਔਰਤ ਨਾਲ ਗੱਲ ਕਰਨ ਦੀ ਤਮੀਜ਼ ਨਹੀਂ ਆਈ? ਤੁਹਾਨੂੰ ਸ਼ਰਮ ਆਉਂਣੀ ਚਾਹੀਦੀ ਹੈ। ਮੈਂ ਤੁਹਾਡੀਆਂ ਬੱਚੀਆਂ ਦੀ ਉਮਰ ਦੀ ਹਾਂ।” ਐਨਾ ਆਖ ਕੇ ਗੌਡੀਵਾ ਨੇ ਗੁੱਸੇ ਵਿਚ ਫੋਟੋਗ੍ਰਾਫਰ ਦੇ ਥੱਪੜ ਜੜ੍ਹ ਦਿੱਤਾ ਸੀ।
“ਹਰ ਔਰਤ ਵਿਕਾਉ ਨਹੀਂ ਹੁੰਦੀ। ਉਮੀਦ ਹੈ ਇਸ ਤਮਾਚੇ ਨਾਲ ਤੁਹਾਨੂੰ ਕੋਈ ਅਕਲ ਆ ਜਾਵੇਗੀ।” ਗੌਡੀਵਾ ਹੱਥ ਵਿਚ ਫੜ੍ਹੀ ਸੀ. ਵੀ. ਫੋਟੋਗ੍ਰਾਫਰ ਦੇ ਮੂੰਹ ਉੱਤੇ ਮਾਰ ਕੇ ਪੈਰ ਪਟਕਦੀ ਹੋਈ ਉੱਥੋਂ ਵਾਪਿਸ ਘਰ ਆ ਗਈ ਸੀ।
ਇਸ ਘਟਨਾ ਦੇ ਕੌੜੇ ਤਜ਼ਰਬੇ ਉਪਰੰਤ ਗੌਡੀਵਾ ਨੇ ਕਿਸੇ ਮਾਡਲਿੰਗ ਏਜੰਸੀ ਨਾਲ ਸੰਪਰਕ ਨਹੀਂ ਸੀ ਕੀਤਾ। ਉਸਦਾ ਮਨ ਖੱਟਾ ਹੋ ਗਿਆ ਸੀ। ਜਾਂ ਆਖ ਲਵੋ, ਉਸਦਾ ਹੀਆਂ ਹੀ ਨਹੀਂ ਸੀ ਪਿਆ। ਉਹ ਸਟੋਰਾਂ, ਸ਼ਾਪਿੰਗਸੈਂਟਰਾਂ, ਦੁਕਾਨਾਂ, ਰੈਸਟੋਰੈਂਟਾਂ, ਫੈਕਟਰੀਆਂ ਵਿਚ ਸਾਰਾ ਸਾਰਾ ਦਿਨ ਨੌਕਰੀ ਦੀ ਤਲਾਸ਼ ਵਿਚ ਭਟਕਦੀ ਰਹਿੰਦੀ। ਪਰ ਕਿਤੋਂ ਵੀ ਸਫਲਤਾ ਉਸਦੇ ਹੱਥ ਨਾ ਲੱਗਦੀ। ਅਮਰੀਕਾ ਦੇ ਧੱਕੇ ਚੜ੍ਹ ਕੇ ਇੰਗਲੈਂਡ ਵੱਲੋਂ ਇਰਾਕ ’ਤੇ ਕੀਤੇ ਹਮਲੇ ਬਾਅਦ ਮਨੁੱਖੀ ਅਧਿਕਾਰਾਂ ਦੇ ਕਾਨੂੰਨ ਤਹਿਤ ਅਨੇਕਾਂ ਇਰਾਕੀਆਂ ਨੇ ਆ ਕੇ ਇੰਗਲੈਂਡ ਵਿਚ ਸ਼ਰਨ ਲੈ ਲਈ ਸੀ। ਜਿਸ ਨਾਲ ਇੰਗਲੈਂਡ ਦੀ ਅਬਾਦੀ ਵਿਚ ਵਾਧਾ ਹੋਣਾ ਲਾਜ਼ਮੀ ਸੀ। ਫਿਰ ਯੂਰਪੀਅਨ ਯੂਨੀਅਨ ਸੰਘ ਵਿਚ ਰਲਣ ਕਰਕੇ ਯੂਰਪੀਅਨ ਲੋਕਾਂ ਦੀ ਇੰਗਲੈਂਡ ਵਿਚ ਆਮਦ ਹੋ ਗਈ। ਪੌਲੈਂਡ, ਰੂਸ, ਜਰਮਨ, ਚੈਕਲਸੁਵਾਕੀਆ, ਲੈਟਵੀਆ ਆਦਿ ਗਰੀਬ ਮੁਲਖਾਂ ਦੇ ਬਾਸ਼ੀਦੇ ਇੰਗਲੈਂਡ ਵਿਚ ਰੋਜ਼ੀ ਰੋਟੀ ਕਮਾਉਣ ਦੇ ਮੰਤਵ ਨਾਲ ਆ ਗਏ।ਜਿਸ ਨਾਲ ਇੰਗਲੈਂਡ ਵਿਚ ਬੇਰੋਜ਼ਗਾਰੀ ਦੀ ਦਰ ਤੇਜ਼ੀ ਨਾਲ ਵਧਣ ਲੱਗੀ। ਨੌਕਰੀਆਂ ਉੱਤੇ ਯੂਰਪੀਅਨ ਲੋਕਾਂ ਨੂੰ ਤਰਜ਼ੀਹ ਦਿੱਤੀ ਜਾਣ ਲੱਗੀ। ਇੰਗਲੈਂਡ ਦੇ ਅੰਗਰੇਜ਼ ਅਤੇ ਪੱਕੇ ਨਾਗਰਿਕ ਬੇਰੋਜ਼ਗਾਰ ਹੋ ਗਏ। ਲੋਕ ਪਿਟਣ ਲੱਗੇ। ਪਰ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ ਸੀ।ਡਿਗਰੀਆਂ, ਯੋਗਤਾਵਾਂ, ਹੁਨਰਮੰਦ ਅਤੇ ਤਜ਼ਰਬਿਆਂ ਵਾਲੇ ਇੰਗਲਿਸ਼ਤਾਨੀਏ ਸਰਕਾਰੀ ਭੱਤਿਆਂ ’ਤੇ ਗੁਜ਼ਾਰਾ ਕਰਨ ਯੋਗੇ ਰਹਿ ਗਏ।ਅਜਿਹੀ ਸਥਿਤੀ ਵਿਚੋਂ ਗੁਜ਼ਰ ਰਹੇ ਮੁਲਖ ਵਿਚ ਗੌਡੀਵਾ ਵਰਗੀ ਸਧਾਰਨ ਲੜਕੀ ਲਈ ਰੁਜ਼ਗਾਰ ਲੱਭਣਾ ਤਾਂ ਹੋਰ ਵੀ ਮੁਸ਼ਕਿਲ ਗੱਲ ਸੀ।
ਇਕ ਦਿਨ ਨੌਕਰੀ ਦੀ ਜੂਸਤਜੂ ਵਿਚ ਜੌਬ ਸੈਂਟਰਾਂ ਅਤੇ ਸ਼ਾਪਿੰਗ ਸੈਂਟਰਾਂ ਦੀ ਖਾਕ ਛਾਣਦਿਆਂ ਗੌਡੀਵਾ ਥੱਕ ਟੁੱਟ ਕੇ ਚੂਰ ਹੋਈ ਸ਼ਾਪਿੰਗ ਸੈਂਟਰ ਦੇ ਆਰਕੇਡ ਵਿਚ ਬੈਂਚ ਉੱਤੇ ਬੈਠੀ ਸੀ।
ਮਾਯੂਸੀ ਦੇ ਆਲਮ ਵਿਚ ਘਿਰੀ ਹੋਈ ਨੂੰ ਗੌਡੀਵਾ ਨੂੰ ਦੇਖ ਕੇ ਉਹਦੇ ਕੋਲ ਇਕ ਪੰਜਾਹ ਕੁ ਸਾਲਾਂ ਦੀ ਔਰਤ ਆ ਕੇ ਬੈਠ ਗਈ ਸੀ। ਗੌਡੀਵਾ ਨੇ ਉਸ ਵੱਲ ਦੇਖਿਆ।ਉਸ ਔਰਤ ਨੇ ਆਪਣੇ ਚਿਹਰੇ ਦੀਆਂ ਝੂਰੜੀਆਂ ਨੂੰ ਮੇਅਕਪ ਅਤੇ ਫਾਊਂਡੇਸ਼ਨ ਵਿਚ ਲਕੋਇਆ ਹੋਇਆ ਸੀ।ਸ਼ਰੀਰ ਬਣਤਰ ਤੋਂ ਫਿੱਟ ਅਤੇ ਪਹਿਨੇ ਹੋਏ ਮਹਿੰਗੇ ਸਕਰਟ ਸੂਟ ਕਾਰਨ ਦੇਖਣ ਨੂੰ ਉਹ ਆਕਰਸ਼ਕ ਲੱਗਦੀ ਸੀ।
ਉਸ ਅਜਨਬੀ ਔਰਤ ਨੇ ਗੌਡੀਵਾ ਦੀਆਂ ਅੱਖਾਂ ਵਿਚ ਅੱਖਾਂ ਪਾਈਆਂ ਸਨ, “ਬੜੀ ਉਦਾਸ ਲੱਗਦੀ ਹੈਂ। ਬੋਆਏ ਫਰੈਂਡ ਨਾਲ ਝਗੜਾ, ਕਰਜੇ ਦਾ ਬੋਝ ਜਾਂ ਨੌਕਰੀ ਦਾ ਮਸਲਾ?”
“ਤਿੰਨੋਂ। ਪਰ ਤੁਹਾਨੂੰ ਕਿਵੇਂ ਪਤਾ ਲੱਗਾ?” ਗੌਡੀਵਾ ਦੀ ਥੱਕੀ ਅਤੇ ਕੰਬਦੀ ਅਵਾਜ਼ ਨਿੱਕਲੀ ਸੀ।
“ਤਿੰਨ ਹੀ ਤਾਂ ਮਸਲੇ ਨੇ ਅੱਜ ਦੇ ਦੌਰ ਵਿਚ ਇੰਗਲੈਂਡੀਆਂ ਦੇ।ਬੇਰੋਜ਼ਗਾਰ ਐਂ ਤਾਂ ਪਹਿਲਾਂ ਨੌਕਰੀ ਦਾ ਮਸਲਾ ਨਜਿੱਠ ਲੈ। ਬਾਕੀ ਦੋ ਆਪੇ ਹੱਲ ਹੋ ਜਾਣਗੇ।”
“ਮੈਂ ਤਾਂ ਸਿਰ ਤੋੜ ਕੋਸ਼ਿਸ਼ਾਂ ਕੀਤੀਆਂ ਹਨ। ਪਰ ਕੀ ਕਰਾਂ? ਕਿਧਰੇ ਵੀ ਹੱਥ ਨਹੀਂ ਪੈਂਦਾ। ਹਰ ਥਾਂ ਤੋਂ ਨਿਰਾਸ਼ਾਂ ਹੀ ਹੱਥ ਲੱਗਦੀ ਹੈ।ਮੈਨੂੰ ਤਾਂ ਪੱਬਾਂ ਵਿਚ ਕੋਈ ਗਿਲਾਸ ਭਰਨ ਲਈ ਵੀ ਨਹੀਂ ਰੱਖਦਾ।”
“ਮੇਰੇ ਲਈ ਕੰਮ ਕਰੇਂਗੀ? ਏਸਕੌਰਟਿੰਗ ਏਜੰਸੀ ਹੈ ਮੇਰੀ।”
“ਮੈਨੂੰ ਕੰਮ ਕਰਨਾ ਕੀ ਪਊਗਾ?”
“ਕੁਝ ਖਾਸ ਨਹੀਂ। ਬਸ ਸਮਝ ਲੈ ਐਸ਼-ਅਯਾਸ਼ੀ ਕਰਨੀ ਪਵੇਗੀ ਤੇ ਜਿਸ ਲਈ ਤੈਨੂੰ ਨੋਟ ਮਿਲਗੇ। ਵੱਡੇ ਵੱਡੇ ਵਪਾਰੀ, ਬਿਜ਼ਨਸ ਟਾਇਕੂਨ, ਮੰਤਰੀ, ਰਾਜਦੂਤ, ਪ੍ਰਸਿੱਧ ਹਸਤੀਆਂ, ਉੱਘੇ ਖਿਡਾਰੀ। ਦੇਸੀ… ਵਿਦੇਸ਼ੀ। ਇਕ ਤੋਂ ਵੱਧਕੇ ਇਕ ਅਮੀਰ ਮੇਰਾ ਗਾਹਕ ਹੈ।ਬਸ ਉਹਨਾਂ ਦਾ ਕੁਝ ਦੇਰ ਲਈ ਦਿਲ ਲਵਾਉਣਾ ਹੈ। ਉਹਨਾਂ ਦਾ ਮਨੋਰੰਜਨ ਕਰਨਾ ਹੈ।”
“ਕੀ ਮਤਲਬ?”
“ਮਤਲਬ। ਅਮੀਰ ਲੋਕਾਂ ਨਾਲ ਰੋਲਜ਼ ਰੋਇਸ, ਬੈਂਟਲੀ, ਲਿਮੋਜ਼ੀਨ, ਛੋਫਰ ਡਰਿਵਨ ਕਾਰਾਂ ਵਿਚ ਬੈਠ ਕੇ ਹਿਆਤ, ਰਿਜ਼ੈਂਸੀ ਵਰਗੇ ਫਾਇਵ ਸਟਾਰ ਹੋਟਲਾਂ ਵਿਚ ਜਾ ਕੇ ਭੋਜਨ ਖਾਣਾ, ਸ਼ਰਾਬਾਂ, ਸ਼ੈਮਪੇਨਾਂ ਪੀਣੀਆਂ। ਉਹਨਾਂ ਨੂੰ ਸੰਗਤ ਦੇਣੀ ਹੈ। ਉਹਨਾਂ ਦਾ ਦਿਲ ਬਹਿਲਾਉਣ ਲਈ ਉਹਨਾਂ ਦੀਆਂ ਝੂਠੀਆਂ ਮੂਠੀਆਂ ਤਾਰੀਫਾਂ ਕਰਨੀਆਂ ਅਤੇ ਉਹਨਾਂ ਨੂੰ ਅਹਿਸਾਸ ਕਰਵਾਉਣਾ ਹੈ ਕਿ ਉਹ ਇਸ ਦੁਨੀਆਂ ਵਿਚ ਇਕੱਲੇ ਨਹੀਂ ਹਨ। ਉਹਨਾਂ ਨੂੰ ਕੋਈ ਚਾਹੁਣ ਵਾਲਾ ਵੀ ਹੈ।ਅਮੀਰ ਲੋਕ ਭਰਮ ਦੇ ਕਿਲ੍ਹੇ ਵਿਚ ਜਿਉਂ ਰਹੇ ਹੁੰਦੇ ਹਨ। ਉਨ੍ਹਾਂ ਨੂੰ ਉਸੇ ਵਿਚ ਹੀ ਕੈਦ ਕਰਕੇ ਰੱਖਣਾ ਹੈ।ਕੰਮ ਕੋਈ ਬਹੁਤਾ ਮੁਸ਼ਕਿਲ ਨਹੀਂ ਹੈ। ਨਾਵਾਂ ਵੀ ਸੋਹਣਾ ਬਣਦਾ ਹੈ।”
“ਕੀ ਇਸ ਕੰਮ ਵਿਚ ਮੈਨੂੰ ਆਪਣਾ ਜਿਸਮ ਵੀ ਦਾਅ ’ਤੇ ਲਾਉਣਾ ਪਵੇਗਾ?”
“ਮੈਂ ਸਿਰਫ ਏਸਕੌਰਟਿੰਗ ਦਾ ਕੰਮ ਕਰਦੀ ਹਾਂ।ਜਿਸਮਫਰੋਸ਼ੀ ਨਹੀਂ। ਹਾਂ ਕੋਈ ਗਾਹਕ ਤੈਨੂੰ ਚੰਗਾ ਲੱਗੇ ਤੇ ਉਸ ਨਾਲ ਤੇਰੀ ਸਹੀ ਸੌਦੇਬਾਜ਼ੀ ਹੋ ਜਾਵੇ ਤਾਂ ਤੇਰੀ ਇੱਛਾ ਹੈ। ਤੇਰੇ ਗਾਹਕ ਨਾਲ ਹਮਬਿਸਤਰੀ ਕਰਨ ਵਿਚ ਮੈਨੂੰ ਕੋਈ ਇਤਰਾਜ਼ ਨਹੀਂ। ਤੇਰਾ ਜਿਸਮ ਹੈ, ਤੂੰ ਇਸ ਨਾਲ ਜੋ ਮਰਜ਼ੀ ਕਰ। ਮੇਰਾ ਉਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਵੈਸੇ ਵੀ ਸੈਕਸ ਤਾਂ ਇਕ ਵਿਸਮਾਦਮਈ ਸੁਪਨਾ ਹੁੰਦਾ ਹੈ, ਜਿਆਦਾ ਦੇਰ ਨਹੀਂ ਰਹਿੰਦਾ ਤੇ ਅਖੀਰ ਤੇ ਜਿਸਨੇ ਟੁੱਟਣਾ ਹੁੰਦਾ ਹੈ।”
“ਹੂੰਅ, ਮੈਂ ਸੋਚੂੰਗੀ।”
“ਕਿਸਮਤ ਜਦੋਂ ਬੂਹੇ ’ਤੇ ਦਸਤਕ ਦੇ ਰਹੀ ਹੋਵੇ ਤਾਂ ਕੁੰਡਾ ਖੋਲ੍ਹਣ ਵਿਚ ਬਹੁਤੀ ਦੇਰ ਨਹੀਂ ਕਰੀਦੀ, ਕਿਉਂਕਿ ਤਕਦੀਰ ਬੜੀ ਬੇਸਬਰੀ ਹੁੰਦੀ ਹੈ। ਉਹ ਜ਼ਿਆਦਾ ਦੇਰ ਖੜ੍ਹ ਕੇ ਕਿਸੇ ਦਾ ਇੰਤਜ਼ਾਰ ਨਹੀਂ ਕਰਦੀ।ਮੇਰਾ ਨਾਮ ਸ਼ੈਰਨ ਹੈ, ਤੇਰਾ ਨਾਮ ਤਾਂ ਮੈਂ ਪੁੱਛਿਆ ਹੀ ਨਹੀਂ।”
“ਗੌਡਾਇਵਾ।”
ਸ਼ੈਰਨ ਉੱਚੀ-ਉੱਚੀ ਖਿੜਖਿੜਾ ਕੇ ਹੱਸ ਪਈ।
“ਕੀ ਗੱਲ ਹੋਈ? ਕੀ ਮੈਂ ਕੋਈ ਚੁਟਕਲਾ ਸੁਣਾ ਦਿੱਤਾ ਜੋ ਤੁਸੀਂ ਐਨੀ ਜ਼ੋਰ ਨਾਲ ਹੱਸ ਰਹੇ ਹੋ?”
“ਨਹੀਂ, ਸਿਗਰਟ ਲਵੇਂਗੀ?” ਸ਼ੈਰਨ ਨੇ ਡਨਹਿੱਲ ਦੀ ਮੈਨਥਲ ਸਿਗਰਟ ਵਾਲੀ ਡੱਬੀ ਵਿਚੋਂ ਇਕ ਸਿਗਰਟ ਖਿੱਚ ਕੇ ਮੂੰਹ ਵਿਚ ਪਾਉਂਦਿਆਂ ਗੌਡੀਵਾ ਨੂੰ ਸਿਗਰਟ ਦੀ ਪੇਸ਼ਕਸ਼ ਕਰੀ। ਗੌਡੀਵਾ ਨੇ ਸਿਗਰਟ ਲੈ ਕੇ ਸ਼ੈਰਨ ਤੋਂ ਉਸਦੇ ਲਾਇਟਰ ਨਾਲ ਸੁਲਗਾ ਲਈ। ਸਿਗਰਟ ਦਾ ਇਕ ਲੰਬਾਂ ਕਸ਼ ਖਿੱਚ ਕੇ ਸ਼ੈਰਨ ਨੇ ਧੂੰਆਂ ਹਵਾ ਵਿਚ ਛੱਡਿਆ, “ਮੈਂ ਸੋਚਦੀ ਹਾਂ ਕਿ ਕੀ ਅਜੀਬ ਇਤਫਾਕ ਹੈ। ਤੂੰ ਮੈਨੂੰ ਕਿਥੇ ਮਿਲੀ ਹੈਂ। ਉਹ ਸਾਹਮਣੇ ਘੋੜੇ ’ਤੇ ਅਰਧ ਨਗਨ ਬੈਠੀ ਔਰਤ ਦਾ ਬੁੱਤ ਦੇਖ ਰਹੀ ਹੈਂ? ਉਸਦਾ ਨਾਮ ਵੀ ਗੌਡੀਵਾ ਸੀ।ਗਿਆਰਵੀਂ ਸਦੀ ਵਿਚ ਇਹ ਇਸ ਸ਼ਹਿਰ ਦੀ ਮਾਲਕਣ ਸੀ। ਇਸ ਨੂੰ ਇਸਦੇ ਪਤੀ ਨੇ ਹੀ ਨੰਗੀ ਕਰਕੇ ਕਵੈਂਟਰੀ ਦੀਆਂ ਗਲੀਆਂ ਵਿਚ ਘੁੰਮਾਇਆ।ਇਸ ਤਮਾਸ਼ੇ ਨੂੰ ਦੇਖਣ ਵਾਲੇ ਟੌਮ ਦਾ ਬੁੱਤ ਔਹ ਸਾਹਮਣੇ ਸ਼ਾਪਿੰਗ ਸ਼ੈਂਟਰ ਵਿਚ ਲੱਗਿਆ ਹੈ। ਸਦੀਆਂ ਬੀਤ ਗਈਆਂ ਹਨ। ਪਰ ਔਰਤ ਦੀ ਦਸ਼ਾ ਵਿਚ ਕੋਈ ਸੁਧਾਰ ਨਹੀਂ ਆਇਐ। ਔਰਤ ਨੂੰ ਕੱਲ੍ਹ ਵੀ ਨੰਗਿਆਂ ਕੀਤਾ ਜਾਂਦਾ ਸੀ ਤੇ ਅੱਜ ਵੀ। ਮਹਿਜ਼ ਢੰਗ ਤਰੀਕੇ ਹੀ ਬਦਲੇ ਹਨ।ਸਥਿਤੀ ਕਦੇ ਵੀ ਨਹੀਂ ਬਦਲੇਗੀ। ਸ਼ਾਇਦ ਇਹ ਪ੍ਰਚਲਨ ਭਵਿੱਖ ਵਿਚ ਵੀ ਜਾਰੀ ਰਹੇਗਾ।ਔਰਤ ਨੂੰ ਜਦੋਂ ਕੋਈ ਮਰਦ ਸੋਹਣਾ ਲੱਗਦਾ ਹੈ ਤਾਂ ਉਹ ਉਸਨੂੰ ਪਿਆਰ ਕਰਨ ਲੱਗ ਜਾਂਦੀ ਹੈ। ਉਸਦਾ ਬੱਚਾ ਪੈਦਾ ਕਰਨਾ ਲੋਚਦੀ ਹੈ। ਪਰ ਮਰਦ ਨੂੰ ਜਦੋਂ ਕੋਈ ਔਰਤ ਸੋਹਣੀ ਲੱਗਦੀ ਹੈ ਤਾਂ ਉਹ ਉਸ ਨੂੰ ਨੰਗਿਆ ਕਰਨ ਦੀਆਂ ਜੁਗਤਾਂ ਲੜਾਉਣ ਲੱਗ ਜਾਂਦਾ ਹੈ। ਔਰਤ ਨਾਲ ਰਿਸ਼ਤਾ ਜੋੜਣ ਤੋਂ ਵੀ ਪਹਿਲਾਂ ਮਰਦ ਦੇ ਜ਼ਿਹਨ ਵਿਚ ਉਸਨੂੰ ਭੋਗਣ ਦੀ ਕਾਮਨਾ ਜਨਮ ਲੈਂਦੀ ਹੈ।ਮਰਦਾਂ ਦੀ ਇਸੇ ਕਮਜ਼ੋਰੀ ਦਾ ਫਾਇਦਾ ਉੱਠਾਉਣਾ, ਮੇਰਾ ਧੰਦਾ ਹੈ।ਬੋਲ ਕੀ ਕਹਿੰਦੀ ਐਂ?” ਸ਼ੈਰਨ ਗੌਡੀਵਾ ਮੂਹਰੇ ਦਾਨਿਸ਼ਵਰ ਬਣੀ ਬੈਠੀ ਸੀ।
“ਮੈਨੂੰ ਸੋਚਣ ਲਈ ਵਕਤ ਦਿਉ।”
“ਠੀਕ ਹੈ, ਮੇਰਾ ਨੰਬਰ ਆਪਣੇ ਫੋਨ ਵਿਚ ਸੇਵ ਕਰ ਲੈ। ਜਦੋਂ ਮਨ ਬਣੇ, ਮੇਰੇ ਕੋਲ ਆ ਜਾਈਂ। ਮਿਸ਼ਨ ’ਤੇ ਜਾਣ ਵੇਲੇ ਵਧੀਆ ਕੱਪੜੇ ਅਤੇ ਕੀਮਤੀ ਗਹਿਣੇ।ਸਭ ਮੈਂ ਮੁਹੱਈਆ ਕਰਾਂਗੀ। ਹਫਤੇ ਵਿਚ ਦੋ ਵਾਰ ਤੈਨੂੰ ਮੁਫਤ ਬਿਉਟੀ ਥੈਰਪੀ ਅਤੇ ਕਸਰਤ ਲਈ ਜ਼ਿਮ, ਸਵਿੰਮੀਗ ਪੂਲ, ਸਟੀਮਰੂਮ, ਸੋਨਾਬਾਥ, ਸੋਲਰ ਬੈੱਡ ਤੇ ਜਕੂਜ਼ੀ ਦੀਆਂ ਸਭ ਸਹੂਲਤਾਂ ਤੇਰੇ ਲਈ ਮੁਫਤ ਹੋਣਗੀਆਂ।”
ਸ਼ੈਰਨ ਦੀ ਗੱਲ ਸੁਣ ਕੇ ਗੌਡੀਵਾ ਹਫਲ ਗਈ,“ਜੇ ਇਹ ਗੱਲ ਐ ਤਾਂ ਠੀਕ ਹੈ ਮੈਂ ਤਿਆਰ ਹਾਂ। ਬੋਲੋ ਕਦੋਂ ਤੋਂ ਸ਼ੁਰੂ ਕਰੀਏ।ਪਰ ਮੈਨੂੰ ਦਿਹਾੜੀ ਦੇ ਕਿੰਨੇ ਕੁ ਪੌਂਡ ਬਣ ਜਾਇਆ ਕਰਨਗੇ?”
“ਘੰਟੇ ਦਾ ਘੱਟੋ-ਘੱਟ ਸੌ ਕੁ ਪੌਂਡ ਤਾਂ ਕਿਤੇ ਗਿਆ ਨਹੀਂ। ਇਸ ਤੋਂ ਵੱਧ ਵੀ ਸਕਦੇ ਨੇ। ਇਹ ਤਾਂ ਤੇਰੇ ’ਤੇ ਮੁਨੱਸਰ ਕਰਦਾ ਹੈ। ਗਾਹਕਾਂ ਵੱਲੋਂ ਮਿਲਣ ਵਾਲੇ ਤੋਹਫੇ ਵਾਧੂ ਦੇ।ਵੈਸੇ ਮੈਂ ਆਪਣੇ ਗਾਹਕਾਂ ਨੂੰ ਉਹਨਾਂ ਦੀ ਹੈਸੀਅਤ ਦੇਖ ਕੇ ਚਾਰਜ ਕਰਦੀ ਹਾਂ। ਜਿਹੋ ਜਿਹਾ ਮੂੰਹ ਉਹੋ ਜਿਹੀ ਚਪੇੜ।ਮੈਂ ਗਾਹਕ ਨੂੰ ਜੋ ਚਾਰਜ ਕਰਾਂਗੀ। ਉਸ ਵਿਚੋਂ ਆਪਣਾ ਬਰਾਬਰ ਦਾ ਅੱਧ, ਫਿਫਟੀ ਫਿਫਟੀ।ਸ਼ੁਭ ਕੰਮ ਵਿਚ ਦੇਰੀ ਨਹੀਂ ਕਰੀਦੀ। ਚੱਲ ਅੱਜ ਤੋਂ ਹੀ ਕੰਮ ਸ਼ੁਰੂ ਕਰਦੇ ਹਾਂ। ਤੈਨੂੰ ਇਕ ਹਫਤੇ ਦੀ ਟਰੇਨਿੰਗ ਦੇਵਾਂਗੇ।ਤੇਰੀ ਚਾਲ-ਢਾਲ, ਬੋਲ-ਬਾਣੀ ਸਭ ਕੁਝ ਸੁਧਾਰਾਂਗੇ। ਤੇਰੇ ਰੂਪ ਨੂੰ ਨਿਖਾਰਾਂਗੇ। ਗਾਹਕ ਨਾਲ ਚਿਕਨੀਆਂ ਚੋਪੜੀਆਂ ਕੀ ਗੱਲਾਂ ਕਰਨੀਆਂ ਹਨ। ਉਸਦਾ ਮਨ ਪਰਚਾਵਾ ਕਿਵੇਂ ਕਰਨਾ ਹੈ ਤੇ ਉਸਦਾ ਸਮਾਂ ਚੁਸਤੀ ਨਾਲ ਕਿਵੇਂ ਬਰਬਾਦ ਕਰਨਾ ਹੈ। ਸਭ ਗੁਰ ਤੈਨੂੰ ਮੈਂ ਸਿਖਾਵਾਂਗੀ।”
“ਹੁਣ ਆਪਾਂ ਵਕਤ ਖਰਾਬ ਨਾ ਕਰੀਏ ਤੇ ਇਥੋਂ ਤਿੱਤਰ ਹੋਈਏ। ਮੇਰੇ ਕੋਲੋਂ ਹੋਰ ਸਬਰ ਨਹੀਂ ਹੁੰਦਾ।” ਗੌਡੀਵਾ ਸ਼ੈਰਨ ਨੂੰ ਬਾਹੋਂ ਫੜ੍ਹ ਕੇ ਉੱਠ ਕੇ ਖੜੀ ਹੋ ਗਈ ਸੀ।
ਸ਼ੈਰਨ ਨੇ ਤਿੰਨ ਦਿਨਾਂ ਵਿਚ ਹੀ ਗੌਡੀਵਾ ਨੂੰ ਸਿੱਖਿਅਤ ਕਰ ਦਿੱਤਾ ਸੀ। ਚੌਥੇ ਦਿਨ ਗੌਡੀਵਾ ਦਾ ਪਰੋਫਾਇਲ ਅਤੇ ਫੋਟੋਆਂ ਸ਼ੈਰਨ ਦੀ ਵੈਬਸਾਇਟ ਉੱਤੇ ਨਸ਼ਰ ਹੋ ਗਈਆਂ ਸਨ। ਖੁਸ਼ਕਿਸਮਤੀ ਨਾਲ ਪੰਜਵੇਂ ਦਿਨ ਹੀ ਗੌਡੀਵਾ ਲਈ ਇਕ ਅਰਬ ਦੇ ਹੀਰਿਆਂ ਦੇ ਵਪਾਰੀ ਦਾ ਨਿਉਅਤਾ ਆ ਗਿਆ ਸੀ।ਉਸ ਵਪਾਰੀ ਨੇ ਇਕ ਦਿਨ ਲਈ ਲੰਡਨ ਘੁੰਮਣਾ ਸੀ ਤੇ ਉਹ ਵੀ ਗੌਡੀਵਾ ਦੇ ਹੁਸੀਨ ਸਾਥ ਨਾਲ। ਲੰਡਨ ਵਿਚ ਬਚਪਨ ਬਿਤਾਇਆ ਹੋਣ ਕਰਕੇ ਗੌਡੀਵਾ ਨੂੰ ਲੰਡਨ ਬਾਰੇ ਕਾਫੀ ਜਾਣਕਾਰੀ ਸੀ, ਬੇਸ਼ਕ ਉਸ ਨੇ ਸਭ ਥਾਵਾਂ ਪਹਿਲਾਂ ਕਦੇ ਘੁੰਮ ਕੇ ਨਹੀਂ ਸਨ ਦੇਖੀਆਂ।
ਸਾਢੇ ਦਸ ਘੰਟੇ ਅਰਬੀ ਨਾਲ ਸੈਰ-ਓ-ਤਫਰੀ ਕਰਨ, ਚੰਗਾ ਖਾਣ ਪੀਣ ਤੋਂ ਇਲਾਵਾ ਹੀਰਿਆਂ ਦੀ ਮਾਲਾ ਦਾ ਤੋਹਫਾ ਗੌਡੀਵਾ ਨੂੰ ਮਿਲਿਆ ਸੀ ਤੇ ਜਦੋਂ ਕਵੈਂਟਰੀ ਵਾਪਿਸ ਆਈ ਸੀ ਤਾਂ ਸ਼ੈਰਨ ਨੇ ਗੌਡੀਵਾ ਦੀ ਤਨਖਾਹ ਹਜ਼ਾਰ ਪੌਂਡ ਨਕਦ ਉਸਨੂੰ ਦਿੱਤੇ ਸਨ। ਗੌਡੀਵਾ ਨੋਟਾਂ ਨੂੰ ਫੈਂਟ ਫੈਂਟ ਫੁੱਲਿਆਂ ਨਹੀਂ ਸੀ ਸਮਾ ਰਹੀ।ਗੌਡੀਵਾ ਦੇ ਮਨ ਵਿਚ ਖਿਆਲ ਆਇਆ ਸੀ ਕਿ ਉਸ ਨੇ ਇਹ ਨੌਕਰੀ ਜੇ ਕਿਧਰੇ ਪਹਿਲਾਂ ਕੀਤੀ ਹੁੰਦੀ ਤਾਂ ਅੱਜ ਨੂੰ ਸਾਰਾ ਮਿਡਲੈਂਡ ਖਰੀਦਿਆ ਹੋਣਾ ਸੀ।
ਸਮਾਂ ਬੀਤਦਾ ਗਿਆ। ਹੌਲੀ ਹੌਲੀ ਗਾਹਕਾਂ ਵਿਚ ਗੌਡੀਵਾ ਦੀ ਮੰਗ ਵਧਣ ਲੱਗ ਪਈ ਸੀ। ਚਾਰ ਪੰਜ ਧਨਾਡ ਤਾਂ ਗੌਡੀਵਾ ਦੇ ਪੱਕੇ ਹੀ ਗਾਹਕ ਬਣ ਗਏ ਸਨ।ਜਿਨ੍ਹਾਂ ਵਿਚੋਂ ਅਸਟਰੇਲੀਆ ਦਾ ਇਕ ਰਾਜਦੂਤ ਤਾਂ ਗੌਡੀਵਾ ਉੱਤੇ ਜਾਨ ਛਿੜਕਦਾ ਸੀ।ਜਦ ਵੀ ਉਹ ਇੰਗਲੈਂਡ ਆਉਂਦਾ ਤਾਂ ਸ਼ੈਰਨ ਨੂੰ ਆਖ ਕੇ ਗੌਡੀਵਾ ਨੂੰ ਹੀ ਬੁੱਕ ਕਰਦਾ ਸੀ। ਕਈ ਵਾਰ ਉਸ ਦਾ ਸ਼ੈਰਨ ਲਾਹਾ ਵੀ ਲੈਂਦੀ ਸੀ। ਜਾਣ-ਬੁੱਝ ਕੇ ਉਸਨੂੰ ਝੂਠ ਬੋਲ ਦਿੰਦੀ ਕਿ ਗੌਡੀਵਾ ਵਿਹਲੀ ਨਹੀਂ ਹੈ। ਉਹ ਰਾਜਦੂਤ ਵੱਧ ਮਾਇਆ ਦੇਣ ਦੀ ਪੇਸ਼ਕਸ਼ ਕਰਦਾ। ਸ਼ੈਰਨ ਉਸ ਤੋਂ ਇਸ ਤਰ੍ਹਾਂ ਜ਼ਿਆਦਾ ਰਕਮ ਝਾੜ ਕੇ ਗੌਡੀਵਾ ਨੂੰ ਭੇਜ ਦਿੰਦੀ ਸੀ।ਇਕ ਵਾਰ ਉਹ ਪੂਰੇ ਹਫਤੇ ਲਈ ਇੰਗਲੈਂਡ ਆਇਆ ਤਾਂ ਉਸਨੇ ਦਿਨ ਰਾਤ ਲਈ ਸਾਰਾ ਹਫਤਾ ਗੌਡੀਵਾ ਨੂੰ ਨਾਲ ਰੱਖਿਆ। ਗੌਡੀਵਾ ਨੂੰ ਵੀ ਉਹ ਚੰਗਾ ਲੱਗਦਾ ਸੀ। ਪੜ੍ਹਿਆ ਲਿਖਿਆ ਸਭਿਅਕ ਇੰਨਸਾਨ ਤੇ ਫਿਰ ਉੱਚਾ ਅਹੁਦੇਦਾਰ ਸੀ। ਉਮਰ ਕੁਝ ਜ਼ਿਆਦਾ ਸੀ ਪਰ ਦੇਖਣ ਨੂੰ ਮਾੜਾ ਨਹੀਂ ਸੀ ਲੱਗਦਾ। ਗੌਡੀਵਾ ਵੀ ਉਸਦੀ ਸ਼ਖਸੀਅਤ ਤੋਂ ਪ੍ਰਭਾਵਿਤ ਸੀ।ਗੌਡੀਵਾ ਨੂੰ ਉਸਦੇ ਲਤੀਫੇ ਸੁਣਾਉਣੇ ਬਹੁਤ ਪਸੰਦ ਸਨ। ਗੱਲ ਗੱਲ ਉੱਤੇ ਉਹ ਕੋਈ ਨਾ ਕੋਈ ਲਤੀਫਾ ਜੜ ਦਿੰਦਾ ਸੀ। ਗੌਡੀਵਾ ਵੀ ਉਸ ਵੱਲ ਥੋੜ੍ਹਾ ਖਿਚੀ ਗਈ ਸੀ। ਇਸ ਕਰਕੇ ਇਕ ਵਾਰ ਉਲਾਰ ਹੋਈ ਉਹ ਰਾਜਦੂਤ ਨੂੰ ਗੱਲ੍ਹ ਉੱਤੇ ਸੰਖੇਪ ਵਿਦਾਇਗੀ ਚੁੰਮਣ ਦੇਣ ਲੱਗੀ ਆਪਣੇ ਹੋਂਠ ਉਸਦੇ ਲਬ੍ਹਾਂ ਨਾਲ ਜੋੜ ਬੈਠੀ ਸੀ। ਪਰ ਫੇਰ ਉਹ ਛੇਤੀ ਹੀ ਸੰਭਲ ਗਈ ਸੀ। ਗੌਡੀਵਾ ਨੇ ਤੈਸ਼ ਵਿਚ ਆ ਕੇ ਇਹ ਗੱਲ ਸ਼ੈਰਨ ਨੂੰ ਦੱਸ ਦਿੱਤੀ ਸੀ ਤੇ ਸ਼ੈਰਨ ਨੇ ਉਸ ਤੋਂ ਮਗਰੋਂ ਕਾਫੀ ਅਰਸੇ ਤੱਕ ਗੌਡੀਵਾ ਨੂੰ ਉਸ ਰਾਜਦੂਤ ਲਈ ਬੁੱਕ ਨਹੀਂ ਸੀ ਕੀਤਾ।ਗੌਡੀਵਾ ਦੀ ਬਜਾਏ ਰਾਜਦੂਤ ਕੋਲ ਹੋਰ ਕੁੜੀਆਂ ਜਾਂਦੀਆਂ ਰਹੀਆਂ ਸਨ। ਪਰ ਰਾਜਦੂਤ ਦਾ ਮਨ ਕਿਸੇ ਹੋਰ ਨਾਲ ਨਾ ਮਿਲਿਆ ਤੇ ਉਸਨੇ ਸ਼ੈਰਨ ਨੂੰ ਧਮਕੀ ਭਰੇ ਲਹਿਜ਼ੇ ਵਿਚ ਆਖ ਦਿੱਤਾ ਸੀ ਕਿ ਜਾਂ ਤਾਂ ਗੌਡੀਵਾ ਨੂੰ ਭੇਜੇ ਨਹੀਂ ਉਹ ਕੋਈ ਹੋਰ ਏਸਕੌਰਟਿੰਗ ਏਜੰਸੀ ਲੱਭ ਲਵੇਗਾ।ਮਜ਼ਬੂਰਨ ਸ਼ੈਰਨ ਨੂੰ ਗੌਡੀਵਾ ਭੇਜਣੀ ਪਈ ਸੀ।
ਗੌਡੀਵਾ ਨੂੰ ਲੰਮੇ ਵਕਫੇ ਉਪਰੰਤ ਦੇਖ ਕੇ ਸ਼ਰਸਾਰ ਹੋਏ ਰਾਜਦੂਤ ਨੇ ਉਸਨੂੰ ਅਨੇਕਾਂ ਉਪਹਾਰ ਦਿੱਤੇ ਸਨ। ਉਸ ਤੋਂ ਬਾਅਦ ਰਾਜਦੂਤ ਨੇ ਗੌਡੀਵਾ ਅੱਗੇ ਇਕ ਪ੍ਰਸਤਾਵ ਰੱਖਿਆ ਸੀ ਕਿ ਉਹ ਸ਼ੈਰਨ ਦੀ ਏਜੰਸੀ ਨੂੰ ਵਿਚੋਂ ਕੱਢ ਕੇ ਉਸ ਨਾਲ ਸਿੱਧਾ ਰਾਬਤਾ ਕਾਇਮ ਕਰ ਲਵੇ। ਇਸ ਨਾਲ ਉਸਨੂੰ ਅੱਧ ਵੀ ਏਜੰਸੀ ਨੂੰ ਨਹੀਂ ਦੇਣਾ ਪਵੇਗਾ ਤੇ ਰਾਜਦੂਤ ਜਦ ਚਾਹੇ ਗੌਡੀਵਾ ਨੂੰ ਮਿਲ ਸਕਦਾ ਹੋਵੇਗਾ।ਇਸ ਪ੍ਰਸਤਾਵ ਬਾਰੇ ਗੌਡੀਵਾ ਨੇ ਠੰਡੇ ਦਿਮਾਗ ਨਾਲ ਇਕ ਵਾਰ ਸੋਚਿਆ ਸੀ।ਰਾਜਦੂਤ ਬੜਾ ਸਲੀਕੇ ਵਾਲਾ, ਪੜ੍ਹਿਆ ਲਿਖਿਆ, ਸਭਿਅਕ ਮਨੁੱਖ ਸੀ। ਉਸਨੇ ਕਦੇ ਗੌਡੀਵਾ ਨੂੰ ਹੱਥ ਲਾ ਕੇ ਛੂਹਿਆ ਤੱਕ ਨਹੀਂ ਸੀ।ਨਾ ਹੀ ਕਦੇ ਉਸਦੀ ਗੱਲਬਾਤ ਵਿਚੋਂ ਗੌਡੀਵਾ ਨੂੰ ਹਵਸ ਦਾ ਝਲਕਾਰਾ ਪਿਆ ਸੀ ਅਤੇ ਨਾ ਹੀ ਉਸਦੇ ਵਿਵਹਾਰ ਵਿਚੋਂ ਹਲਕਿਆਪਨ ਦਿਖਾਈ ਦਿੱਤਾ ਸੀ।ਉਸਨੂੰ ਗੌਡੀਵਾ ਨਾਲ ਇਸ਼ਕ ਹੋ ਗਿਆ ਸੀ ਜਾਂ ਉਸਨੂੰ ਧਨ ਲੁਟਾਉਣ ਦਾ ਸ਼ੌਂਕ ਸੀ। ਇਸ ਗੱਲ ਦਾ ਗੌਡੀਵਾ ਖੁਦ ਵੀ ਕਦੇ ਨਿਰਣਾ ਨਹੀਂ ਸੀ ਕਰ ਸਕੀ।ਤੋਹਫਿਆਂ ਦੀ ਝੇਪ ਅਤੇ ਰਾਜਦੂਤ ਨਾਲ ਹੋਈਆਂ ਅਨੇਕਾਂ ਮਿਲਣੀਆਂ ਨੂੰ ਮੁੱਖ ਰੱਖ ਕੇ ਗੌਡੀਵਾ ਨੇ ਰਾਜਦੂਤ ਨੂੰ ਆਪਣੀ ਸਹਿਮਤੀ ਪ੍ਰਗਟਾ ਦਿੱਤੀ ਸੀ। ਉਸ ਤੋਂ ਬਾਅਦ ਰਾਜਦੂਤ ਅਸਟਰੇਲੀਆ ਤੋਂ ਜਹਾਜ਼ ਵਿਚ ਬੈਠਣ ਲੱਗਾ ਗੌਡੀਵਾ ਨੂੰ ਫੋਨ ਕਰਕੇ ਇਤਲਾਹ ਦੇ ਦਿੰਦਾ ਸੀ ਤੇ ਗੌਡੀਵਾ ਟੈਕਸੀ ਲੈ ਕੇ ਏਅਰਪੋਰਟ ਉੱਤੇ ਫੁੱਲਾਂ ਦਾ ਗੁਲਦਸਤਾ ਲਈ ਖੜ੍ਹੀ, ਰਾਜਦੂਤ ਦਾ ਇੰਤਜ਼ਾਰ ਕਰ ਰਹੀ ਹੁੰਦੀ। ਗੌਡੀਵਾ ਰਾਜਦੂਤ ਦੇ ਨਾਲ ਉਹਦੀ ਨਿੱਜੀ ਸਕੱਤਰ ਦੀ ਤਰ੍ਹਾਂ ਮੀਟਿੰਗਾਂ, ਪਾਰਟੀਆਂ ਅਤੇ ਸਮਾਗਮਾਂ ਵਿਚ ਸ਼ਿਰਕਤ ਕਰਦੀ।ਜਿਸਦੇ ਇਵਜ਼ ਵਿਚ ਗੌਡੀਵਾ ਨੂੰ ਬਹੁਤ ਸਾਰਾ ਧਨ ਮਿਲਦਾ।ਗੌਡੀਵਾ ਰਾਜਦੂਤ ਦੀ ਮਿੱਤਰਤਾ ਤੋਂ ਬਹੁਤ ਖੁਸ਼ ਸੀ।
ਇਉਂ ਹੀ ਇਕ ਵਾਰ ਰਾਜਦੂਤ ਹਫਤੇ ਦੀਆਂ ਛੁੱਟੀਆਂ ਕੱਟਣ ਇੰਗਲੈਂਡ ਆਇਆ ਸੀ। ਉਸਨੇ ਇੰਟਰਨੈੱਟ ’ਤੇ ਪਹਿਲਾਂ ਹੀ ਵਰਿਕਸ਼ਾਇਰ ਦੀ ਕੰਟਰੀਸਾਇਡ ’ਤੇ ਸਥਿਤ ਇਕ ਵਿਲਾ ਬੁੱਕ ਕਰ ਲਿਆ ਸੀ। ਗੌਡੀਵਾ ਨੂੰ ਲੈ ਕੇ ਉਹ ਉਥੇ ਚਲਾ ਗਿਆ ਸੀ। ਬਾਰਬੀਕਿਉ ਅਤੇ ਸ਼ਰਾਬ ਦਾ ਸਾਰਾ ਦਿਨ ਦੌਰ ਚਲਦਾ ਰਿਹਾ ਹੋਣ ਕਰਕੇ ਆਥਣ ਤੱਕ ਰਾਜਦੂਤ ਬਹੁਤ ਸ਼ਰਾਬੀ ਹੋ ਗਿਆ ਸੀ। ਗੌਡੀਵਾ ਨੇ ਉਸਨੂੰ ਇਸ ਕਦਰ ਸ਼ਰਾਬ ਪੀਂਦਿਆਂ ਪਹਿਲਾਂ ਕਦੇ ਨਹੀਂ ਸੀ ਦੇਖਿਆ।ਪੂਰਾ ਟੱਲੀ ਹੋ ਕੇ ਜਦ ਉਹ ਯਬਲੀਆਂ ਮਾਰਨ ਲੱਗ ਪਿਆ ਸੀ ਤਾਂ ਗੌਡੀਵਾ ਉਸ ਨੂੰ ਬਗੀਚੇ ਵਿਚੋਂ ਉੱਠਾ ਕੇ ਉਸਦੇ ਸੌਣ ਕਮਰੇ ਵਿਚ ਲੇਟਾ ਆਈ ਸੀ।
ਉਸ ਉਪਰੰਤ ਆਪਣੇ ਕਮਰੇ ਵਿਚ ਆ ਕੇ ਗੌਡੀਵਾ ਨੇ ਗਹਿਣੇ ਉਤਾਰ ਕੇ ਅਜੇ ਲਿਗਾਰੀ ਪਹਿਨੀ ਹੀ ਸੀ ਕਿ ਰਾਜਦੂਤ ਹੱਥ ਵਿਚ ਸ਼ਰਾਬ ਦੀ ਬੋਤਲ ਫੜ੍ਹੀ ਗੌਡੀਵਾ ਦੇ ਕਮਰੇ ਵਿਚ ਆ ਧੁੱਸਿਆ ਸੀ।
“ਬੇਬ, ਤੂੰ ਮੈਨੂੰ ਛੱਡ ਕੇ ਇਥੇ ਕਿਉਂ ਆ ਗਈ? ਅੱਜ ਤੂੰ ਮੇਰੇ ਨਾਲ ਸੌਵੇਂਗੀ।” ਲੜਖੜਾਉਂਦਾ ਹੋਇਆ ਰਾਜਦੂਤ ਗੌਡੀਵਾ ਨਾਲ ਮੰਜੇ ਉੱਤੇ ਆ ਕੇ ਬੈਠ ਗਿਆ ਸੀ ਤੇ ਗੌਡੀਵਾ ਦੇ ਲੱਕ ਦੁਆਲੇ ਹੱਥ ਪਾ ਕੇ ਉਸਨੂੰ ਆਪਣੇ ਨਾਲ ਜੋੜਦਾ ਹੋਇਆ ਬੋਲਿਆ ਸੀ, “ਈਵ, ਤੂੰ ਧਰਮ ਨਾਲ ਬਹੁਤ ਸੋਹਣੀ ਐਂ। ਸਹੁੰ ਲੱਗੇ ਜਦੋਂ ਹੱਸਦੀ ਏਂ ਨਾ, ਕਾਲਜਾ ਧੂਹ ਕੇ ਬੰਦੇ ਦਾ ਬਾਹਰ ਕੱਢ ਲੈਂਦੀ ਹੈਂ।”
“ਤੁਹਾਨੂੰ ਜ਼ਿਆਦਾ ਚੜ੍ਹ ਗਈ ਹੈ। ਤੁਸੀਂ ਹੁਣ ਸੌਂ ਜਾਉ। ਆਪਾਂ ਸਵੇਰੇ ਗੱਲ ਕਰਾਂਗੇ।ਮੈਂ ਵੀ ਬਹੁਤ ਥੱਕ ਗਈ ਹਾਂ।” ਗੌਡੀਵਾ ਨੇ ਆਪਣੇ ਦੋਨੋਂ ਹੱਥਾਂ ਦੀਆਂ ਉਂਗਲਾਂ ਨਾਲ ਵਾਲਾਂ ਦੀ ਕੰਘੀ ਕੀਤੀ ਸੀ।
“ਈਵਾ ਤੇਰੇ ਬੁੱਲ੍ਹ ਨਾ, ਯੋਰਕਸ਼ਾਇਰ ਦੀ ਪੁਡਿੰਗ ਵਰਗੇ ਨੇ ਮਿੱਠੇ ਤੇ ਸਟਰੋਬਰੀਆਂ ਵਰਗੇ ਰਸੀਲੇ। ਬੰਦਾ ਮੂੰਹ ਨੂੰ ਲਾ ਕੇ ਚੂਸਣੋਂ ਨਾ ਹਟੇ।” ਵਾਹੋਦਾਹੀ ਰਾਜਦੂਤ ਗੌਡੀਵਾ ਦੇ ਮੁੱਖ ਨੂੰ ਚੁੰਮਣ ਅਤੇ ਚੱਟਣ ਲੱਗ ਗਿਆ ਸੀ।
ਗੌਡੀਵਾ ਨੇ ਅਸੁਵਿਧਾ ਮਹਿਸੂਸ ਕਰਦਿਆਂ ਆਪਣੀਆਂ ਬਾਹਾਂ ਦੇ ਜ਼ੋਰ ਨਾਲ ਰਾਜਦੂਤ ਨੂੰ ਆਪਣੇ ਤੋਂ ਪਰ੍ਹਾਂ ਧੱਕਣਾ ਚਾਹਿਆ ਸੀ, “ਕੀ ਕਰਦੇ ਹੋ? ਮੈਨੂੰ ਚੰਗਾ ਨਹੀਂ ਲੱਗ ਰਿਹਾ। ਪਲੀਜ਼ ਹੱਟ ਜਾਉ।”
“ਲੈ ਆਏਂ ਕਿਵੇਂ ਹੱਟ ਜਾਵਾਂ। ਮੈਂ ਤੈਨੂੰ ਹਜ਼ਾਰਾਂ ਪੌਂਡ ਲੁਟਾਏ ਨੇ। ਅੱਜ ਦੀ ਰਾਤ ਉਹਨਾਂ ਨੂੰ ਵਸੂਲਣ ਦੀ ਰਾਤ ਐ ਮੇਰੀ ਜਾਨ।”
“ਤੁਸੀਂ ਪੌਂਡ ਦਿੱਤੇ ਹਨ ਤਾਂ ਮੈਂ ਉਸਦੇ ਬਦਲੇ ਤੁਹਾਨੂੰ ਵਧੀਆ ਸਰਵਿਸ ਵੀ ਤਾਂ ਦਿੱਤੀ ਹੈ।”
“ਸਰਵਿਸ ਤਾਂ ਤੇਰੀ ਅੱਜ ਮੈਂ ਕਰਦਾਂ। ਹਿਣਕਦੀ ਫਿਰਦੀ ਐਂ।” ਰਾਤਦੂਤ ਨੇ ਬਿਸਤਰੇ ਉੱਤੇ ਢਾਹ ਕੇ ਗੌਡੀਵਾ ਦੇ ਕੱਪੜੇ ਫਾੜਨੇ ਸ਼ੁਰੂ ਕਰ ਦਿੱਤੇ ਸਨ। ਗੌਡੀਵਾ ਦਾ ਖੱਬਾ ਗੁੱਟ ਸੱਜੇ ਅਤੇ ਸੱਜਾ ਗੁੱਟ ਖੱਬੇ ਹੱਥ ਨਾਲ ਫੜ ਕੇ ਰਾਜਦੂਤ ਨੇ ਬਿਸਤਰੇ ਉੱਤੇ ਨੱਪ ਲਿੱਤੇ ਸਨ। ਤਿਲਮਿਲਾਉਂਦੀ ਹੋਈ ਗੋਡੀਵਾ ਨੇ ਆਪਣੇ ਆਪ ਨੂੰ ਰਿਹਾਅ ਕਰਵਾਉਣ ਦੇ ਯਤਨ ਵਿਚ ਹੁੱਝਕੇ ਮਾਰੇ ਸਨ। ਪਰ ਵਿਅਰਥ ਗਏ ਕਿਉਂਕਿ ਰਾਜਦੂਤ ਵਿਚ ਉਸ ਨਾਲੋਂ ਜ਼ਿਆਦਾ ਜ਼ੋਰ ਸੀ।
“ਮੈਨੂੰ ਛੱਡ। ਮੈਂ ਵਿਕਾਉ ਨਹੀਂ।”
“ਨਾ ਹੋਰ ਤੂੰ ਲੰਡਨ ਦੇ ਆਰਟ ਮਿਉਜ਼ਿਅਮ ਵਿਚ ਰੱਖਣ ਵਾਲੀ ਹੈਂ। ਮੈਡਮ ਟੂਸੋਡ ’ਚ ਤੇਰਾ ਬੁੱਤ ਲਾਈਏ?”
ਰਾਜਦੂਤ ਦੀ ਜ਼ਬਰਦਸਤੀ ਤੋਂ ਬਚਣ ਦਾ ਕੋਈ ਹੀਲਾ ਨਾ ਚੱਲਦਾ ਦੇਖ ਕੇ ਗੌਡੀਵਾ ਨੇ ਦਿਮਾਗ ਲੜਾਇਆ ਤਾਂ ਐਨ ਉਸੇ ਵਕਤ ਉਸਨੂੰ ਸ਼ੈਰਨ ਵੱਲੋਂ ਦਿੱਤਾ ਗਿਆ ਹਿੰਸਕ ਗਾਹਕਾਂ ਨਾਲ ਨਿਪਟਣ ਦਾ ਗੁਰ-ਮੰਤਰ ਚੇਤੇ ਆ ਗਿਆ ਸੀ। ਗੌਡੀਵਾ ਇਕਦਮ ਢਿੱਲੀ ਪੈ ਗਈ ਸੀ।
“ਹਨੀ, ਤੁਹਾਨੂੰ ਤਾਂ ਪਿਆਰ ਕਰਨਾ ਵੀ ਨਹੀਂ ਆਉਂਦਾ। ਇੰਝ ਧੱਕਾ-ਮੁੱਕੀ ਥੋੜ੍ਹਾ ਕਰਦੀ ਹੈ। ਛੱਡੋ ਮੈਨੂੰ, ਮੈਂ ਤੁਹਾਨੂੰ ਪਿਆਰ ਕਰਨਾ ਸਿਖਾਉਂਦੀ ਹਾਂ।ਤੁਸੀਂ ਬੈੱਡ ’ਤੇ ਲੇਟੋ ਲਿਆਉ ਪਹਿਲਾਂ ਮੈਂ ਤੁਹਾਡੇ ਮਸਾਜ਼ ਕਰਾਂ।” ਗੌਡੀਵਾ ਨਜ਼ਾਕਤ ਨਾਲ ਬੋਲੀ ਸੀ।
ਗੌਡੀਵਾ ਦੇ ਮਿਸਰੀ ਵਰਗੇ ਬੋਲ ਸੁਣ ਕੇ ਇਕ ਵਾਰ ਤਾਂ ਰਾਜਦੂਤ ਝੂਜਲਾ ਗਿਆ ਸੀ ਤੇ ਗੌਡੀਵਾ ਨੂੰ ਅਜ਼ਾਦ ਕਰਕੇ ਢਹੇ ਹੋਏ ਭਲਵਾਨ ਵਾਂਗ ਪਲੰਘ ਉੱਤੇ ਡਿੱਗ ਪਿਆ ਸੀ, “ਹਾਏ ਗੌਡਾਈਵਾ! ਮੈਂ ਤਰਸਿਆ ਪਿਆਂ। ਅੱਜ ਸਾਰੀ ਰਾਤ ਪਿਆਰ ਕਰ ਕਰ ਕੇ ਮੈਨੂੰ ਮਾਰ’ਦੇ।”
“ਹਾਂ ਕਿਉਂ ਨਹੀਂ, ਹਜੂਰ ਅੱਜ ਦੀ ਰਾਤ ਤੁਸੀਂ ਸਾਰੀ ਜ਼ਿੰਦਗੀ ਯਾਦ ਰੱਖੋਂਗੇ। ਪਹਿਲਾਂ ਇਕ ਇਕ ਲਵਲੀ ਜਿਹਾ ਪੈੱਗ ਹੋ ਜਾਏ।” ਗੌਡੀਵਾ ਨੇ ਰਾਜਦੂਤ ਦੀਆਂ ਅੱਖਾਂ ਵਿਚ ਅੱਖਾਂ ਪਾ ਅੱਖ ਦੱਬੀ ਸੀ।
ਰਾਜਦੂਤ ਚਾਮ੍ਹਲ ਗਿਆ ਸੀ, “ਜਿਵੇਂ ਤੇਰੀ ਮਰਜ਼ੀ। ਸਾਡਾ ਫੱਕਰਾਂ ਦਾ ਕੀ ਐ?”
ਗੌਡੀਵਾ ਨੇ ਇਕ ਗਿਲਾਸ ਅੱਧਾ ਕੁ ਆਪਣੇ ਲਈ ਅਤੇ ਇਕ ਰਾਜਦੂਤ ਲਈ ਤੁੰਨ ਕੇ ਭਰ ਦਿੱਤਾ ਸੀ। ਆਪਣੇ ਗਿਲਾਸ ਵਿਚੋਂ ਇਕ ਘੁੱਟ ਭਰਕੇ ਗੌਡੀਵਾ ਨੇ ਮੇਜ਼ ’ਤੇ ਰੱਖ ਦਿੱਤਾ ਤੇ ਦੂਜਾ ਗਿਲਾਸ ਚੁੱਕ ਕੇ ਰਾਜਦੂਤ ਦੇ ਮੂੰਹ ਨੂੰ ਲਾ ਦਿੱਤਾ ਸੀ।
ਸੁੱਕੀ ਸ਼ਰਾਬ ਦਾ ਵੱਡਾ ਸਾਰਾ ਘੁੱਟ ਭਰ ਕੇ ਰਾਜਦੂਤ ਨੇ ਅੱਥੂ ਲਿਆ ਸੀ, “ਯਾਰ ਕੌੜੀ ਬਹੁਤ ਹੈ।”
“ਲਿਆਉ ਫੇਰ ਮਿੱਠੀ ਕਰ ਦੇਵਾਂ।” ਗੌਡੀਵਾ ਨੇ ਅੱਖਾਂ ਵਿਚ ਵਾਸਨਾ ਭਰਕੇ ਅਦਾ ਨਾਲ ਆਪਣੇ ਬੁੱਲ੍ਹਾਂ ਉੱਤੇ ਜੀਭ ਫੇਰੀ ਸੀ ਤੇ ਰਾਜਦੂਤ ਦੇ ਗਿਲਾਸ ਵਿਚੋਂ ਛੋਟੀ ਜਿਹੀ ਘੁੱਟ ਭਰੀ ਲਿੱਤੀ ਸੀ। ਗੌਡੀਵਾ ਨੇ ਗਿਲਾਸ ਫੇਰ ਰਾਜਦੂਤ ਦੇ ਮੂੰਹ ਨੂੰ ਲਾ ਦਿੱਤਾ ਸੀ, “ਲਉ, ਹੁਣ ਪੀ ਕੇ ਦੇਖੋ ਮੇਰੀ ਸਰਕਾਰ।”
ਸ਼ਰਾਬ ਤਾਂ ਭਾਵੇਂ ਅਜੇ ਵੀ ਕੌੜੀ ਹੀ ਸੀ। ਪਰ ਲਾਚੜਿਆਂ ਹੋਇਆ ਰਾਜਦੂਤ ਬਿਨਾ ਕਿਸੇ ਉਜਰ ਦੇ ਅੱਖਾਂ ਮੀਚ ਕੇ ਸਾਰਾ ਪੈੱਗ ਪੀ ਗਿਆ ਸੀ। ਗੌਡੀਵਾ ਨੇ ਰਾਜਦੂਤ ਦੀ ਟਾਈ ਢਿੱਲੀ ਕਰਕੇ ਉਸਦੀ ਕਮੀਜ਼ ਦੇ ਉੱਪਰਲੇ ਦੋ ਬਟਨ ਖੋਲ੍ਹੇ ਤੇ ਉਸਦੀ ਖੁਰਦੜੀ ਛਾਤੀ ਉੱਤੇ ਆਪਣਾ ਮੁਲਾਇਮ ਹੱਥ ਫੇਰਿਆ ਸੀ। ਵਿਸਮਾਦ ਵਿਚ ਅੱਖਾਂ ਮੁੰਦ ਕੇ ਰਾਜਦੂਤ ਨੇ ਚੜ੍ਹਦੇ ਸਰੂਰ ਨੂੰ ਅਨੁਭਵ ਕੀਤਾ ਸੀ।
“ਤੁਸੀਂ ਜਦੋਂ ਨਸ਼ੇ ਦੀ ਲੋਰ ਵਿਚ ਹੁੰਦੇ ਹੋ ਤਾਂ ਬਹੁਤ ਪਿਆਰੀਆਂ ਗੱਲਾਂ ਕਰਦੇ ਹੋ। ਇਕ ਪੈੱਗ ਹੋਰ ਹੋ ਜਾਏ?”
“ਇਕ ਨਹੀਂ। ਤੂੰ ਦੋ ਪਿਲਾ।”
ਗੌਡੀਵਾ ਨੇ ਫੁਰਤੀ ਨਾਲ ਪੈੱਗ ਭਰਿਆ ਤੇ ਰਾਜਦੂਤ ਨੂੰ ਗਟਾਗਟ ਪਿਲਾ ਦਿੱਤਾ ਸੀ। ਨਾਲ ਲੱਗਦਾ ਹੀ ਉਸਨੇ ਦੂਜਾ ਪੈੱਗ ਰਾਜਦੂਤ ਦੇ ਹਲਕ ਵਿਚ ਸਿੱਟ ਦਿੱਤਾ ਸੀ। ਰਾਜਦੂਤ ਦੀ ਛਾਤੀ ਉੱਤੇ ਹੱਥ ਰੱਖ ਕੇ ਗੌਡੀਵਾ ਨੇ ਹਲਕਾ ਜਿਹਾ ਧੱਕਾ ਮਾਰਿਆ ਸੀ ਤਾਂ ਰਾਜਦੂਤ ਬਿਸਤਰੇ ’ਤੇ ਲਾਸ਼ ਬਣ ਕੇ ਡਿੱਗ ਪਿਆ ਸੀ। ਗੌਡੀਵਾ ਉਸਦੇ ਉੱਪਰ ਲੇਟ ਗਈ ਸੀ।ਰਾਜਦੂਤ ਨੇ ਗੌਡੀਵਾ ਦੁਆਲੇ ਆਪਣੀਆਂ ਬਾਹਾਂ ਵਲ ਦਿੱਤੀਆਂ ਸਨ। ਰਾਜਦੂਤ ਦੀਆਂ ਗੱਲ੍ਹਾਂ ਨਾਲ ਗੌਡੀਵਾ ਆਪਣੇ ਰੁਖਸਾਰ ਘਸਾਉਣ ਲੱਗ ਪਈ ਸੀ। ਰਾਜਦੂਤ ਦੀ ਦੋ ਦਿਨ ਪਹਿਲਾਂ ਸ਼ੇਵ ਕਰੀ ਹੋਣ ਕਰਕੇ ਉਸਦੀ ਦਾੜੀ ਦੇ ਵਾਲ ਕੰਢਿਆਂ ਵਾਂਗ ਉੱਗ ਆਏ ਸਨ। ਚੁੱਭਦੇ ਵਾਲਾਂ ਦੀ ਰਗੜ ਨਾਲ ਪਲਾਂ ਵਿਚ ਹੀ ਗੌਡੀਵਾ ਦੀਆਂ ਗੱਲ੍ਹਾਂ ਲਾਲ ਹੋ ਗਈਆਂ ਸਨ। ਰਾਜਦੂਤ ਦਾ ਨਸ਼ਾ ਸਿਖਰਾ ਛੋਹ ਰਿਹਾ ਸੀ। ਗੌਡੀਵਾ ਦੀ ਢੂਹੀ ਨੂੰ ਜਕੜਦੀਆਂ ਉਸਦੀਆਂ ਬਾਹਾਂ ਦੀ ਗਰਿਫਤ ਢਿੱਲੀ ਪੈ ਗਈ ਸੀ। ਗੌਡੀਵਾ ਨੇ ਰਾਜਦੂਤ ਦੇ ਕੰਨ ਵਿਚ ਕਈ ਫੂਕਾਂ ਮਾਰੀਆਂ ਸਨ। ਕੋਈ ਹਿੱਲ-ਜੁੱਲ ਨਹੀਂ ਸੀ ਹੋਈ। ਗੌਡੀਵਾ ਨੂੰ ਉਸਦੇ ਸ਼ਰਾਬੀ ਹੋਣ ਦਾ ਨਿਸਚਾ ਹੋ ਗਿਆ ਸੀ।ਗੌਡੀਵਾ ਮੱਲਕ ਦੇਣੇ ਉੱਠੀ ਸੀ ਤੇ ਆਹੀਸਤਾ-ਆਹੀਸਤਾ ਆਪਣੇ ਕੱਪੜੇ ਅਤੇ ਸੈਂਡਲ ਚੁੱਕ ਕੇ ਕਮਰੇ ਵਿਚੋਂ ਬਾਹਰ ਨਿਕਲ ਗਈ ਸੀ। ਧੀਰੇ-ਧੀਰੇ ਬਿਨਾਂ ਖੜਕਾ ਕੀਤਿਆਂ ਉਹ ਪੌੜੀਆਂ ਉਤਰੀ ਤੇ ਫਟੀ ਲਿਗਾਰੀ ਲਾਹ ਕੇ ਲੌਂਗ ਡਰੈੱਸ ਪਹਿਨਦੀ ਹੋਈ ਬਹਾਰ ਨਿਕਲ ਗਈ ਸੀ।
ਨੰਗੇ ਪੈਰੀ ਵਿਲੇ ’ਚੋਂ ਭੱਜਦੀ ਹੋਈ ਗੌਡੀਵਾ ਸੈਂਕਡਰੀ ਸੜਕ ਤੱਕ ਪਹੁੰਚ ਗਈ ਸੀ। ਇਤਫਾਕਨ ਉਥੇ ‘ਲੇਅਬਾਏ’ ਹੋਣ ਕਰਕੇ ਇਕ ਟਰੱਕ ਖੜਾ ਸੀ। ਗੌਡੀਵਾ ਨੇ ਟਰੱਕ ਡਰਾਇਵਰ ਦੀ ਮਿੰਨਤ ਕਰਕੇ ਉਸ ਤੋਂ ਲਿਫਟ ਮੰਗੀ ਸੀ ਤੇ ਕਵੈਂਟਰੀ ਪਹੁੰਚ ਗਈ ਸੀ।
ਅਗਲੇ ਦਿਨ ਗੌਡੀਵਾ ਨੂੰ ਸ਼ੈਰਨ ਦਾ ਫੋਨ ਆਇਆ ਸੀ ਕਿ ਉਸਨੇ ਗੌਡੀਵਾ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਇਕਰਾਰਨਾਮਾ ਤੋੜਣ ਅਤੇ ਧੋਖਾ ਧੜੀ ਕਰਨ ਕਰਕੇ ਸ਼ੈਰਨ ਨੇ ਗੌਡੀਵਾ ਨੂੰ ਕਾਫੀ ਭਲਾ ਬੁਰਾ ਵੀ ਕਿਹਾ ਸੀ।ਗੌਡੀਵਾ ਨੇ ਆਪਣੀ ਸਫਾਈ ਦੇਣੀ ਚਾਹੀ ਸੀ, ਪਰ ਸ਼ੈਰਨ ਨੇ ਉਸਦੀ ਇਕ ਨਹੀਂ ਸੀ ਸੁਣੀ।
ਉਸ ਤੋਂ ਉਪਰੰਤ ਗੌਡੀਵਾ ਨੇ ਕਈ ਹੋਰ ਏਜੰਸੀਆਂ ਨਾਲ ਸੰਪਰਕ ਕਰਨਾ ਚਾਹਿਆ ਸੀ ਪਰ ਕਿਸੇ ਨੇ ਵੀ ਉਸਦੀ ਬਾਂਹ ਨਹੀਂ ਸੀ ਫੜੀ।ਸਭ ਨੂੰ ਸ਼ੈਰਨ ਨੇ ਖਬਰਦਾਰ ਕਰ ਦਿੱਤਾ ਸੀ।ਹੌਲੀ-ਹੌਲੀ ਗੌਡੀਵਾ ਨੇ ਇਸ ਧੰਦੇ ਦਾ ਖਿਆਲ ਵੀ ਤਿਆਗ ਦਿੱਤਾ ਸੀ।ਪਰ ਉਸ ਤੋਂ ਆਪਣੀਆਂ ਆਦਤਾਂ ਤੋਂ ਛੁਟਕਾਰਾ ਨਹੀਂ ਸੀ ਪਾ ਹੋਇਆ। ਮਹਿੰਗੇ ਰੈਸਟੋਰੈਂਟਾਂ ਵਿਚ ਖਾਣੇ ਖਾਣੇ, ਵਧੀਆ ਸ਼ਰਾਬਾਂ ਅਤੇ ਸਿਗਰਟਾਂ ਦਾ ਸੇਵਨ। ਨਿੱਤ ਨਵੀਆਂ ਪੁਸ਼ਾਕਾਂ। ਕੀਮਤੀ ਨਜ਼ਰਾਨੇ ਲੈਣ ਦਾ ਚਸਕਾ ਗੌਡੀਵਾ ਨੂੰ ਟਿਕਣ ਨਹੀਂ ਸੀ ਦਿੰਦਾ।ਕਈ ਹਫਤੇ ਘਰੇ ਬੇਜ਼ਾਰ ਬੈਠੀ ਰਹਿਣ ਬਾਅਦ ਇਕ ਦਿਨ ਗੌਡੀਵਾ ਦੇ ਮਨ ਵਿਚ ਵਿਚਾਰ ਆਇਆ ਸੀ ਕਿ ਕਿਉਂ ਨਾ ਉਹ ਨਾਇਟ ਕਲੱਬ ਜਾ ਆਵੇ। ਗੌਡੀਵਾ ਨੂੰ ਨੱਚਣ ਦਾ ਬਹੁਤ ਸ਼ੌਂਕ ਸੀ। ਜਦੋਂ ਕਦੇ ਉਹ ਉਦਾਸ, ਪਰੇਸ਼ਾਨ ਜਾਂ ਬੋਰ ਹੋ ਰਹੀ ਹੁੰਦੀ ਤਾਂ ਉਹ ਨੱਚਣ ਲੱਗ ਜਾਇਆ ਕਰਦੀ ਸੀ।
ਕਵੈਂਟਰੀ ਦੇ ਨਾਇਟ ਕਲੱਬ ਵਿਚ ਜਾ ਕੇ ਉਹ ਸਭ ਤੋਂ ਬੇਖਬਰ ਹੋ ਕੇ ਖੁੱਲ੍ਹ ਕੇ ਦੋ ਤਿੰਨ ਘੰਟੇ ਨੱਚੀ ਸੀ।ਇਕ ਹੀ ਰਾਤ ਵਿਚ ਅਨੇਕਾਂ ਚੋਬਰ ਉਸਦੇ ਦਿਵਾਨੇ ਬਣ ਗਏ ਸਨ । ਕਈਆਂ ਨੇ ਉਸਨੂੰ ਮੁਫਤ ਸ਼ਰਾਬ ਵੀ ਪਿਲਾਈ ਸੀ ਤੇ ਸਿਗਰਟਾਂ ਵੀ ਖਰੀਦ ਕੇ ਦਿੱਤੀਆਂ ਸਨ।ਇਉਂ ਗੌਡੀਵਾ ਨੇ ਹਰ ਸਪਤਾਹ ਅੰਤ ਕਲੱਬਾਂ ਵਿਚ ਜਾ ਕੇ ਰਾਤਾਂ ਬਿਤਾਉਣੀਆਂ ਆਰੰਭ ਦਿੱਤੀਆਂ ਸਨ। ਆਪਣੀ ਸੇਜ਼ ਦਾ ਸ਼ਿੰਗਾਰ ਬਣਾਉਣ ਲਈ ਮਰਦ ਗੌਡੀਵਾ ਉੱਤੇ ਚਾਈਂ-ਚਾਈਂ ਨਾਵਾਂ ਖਰਚਦੇ। ਲੇਕਿਨ ਗੌਡੀਵਾ ਉਨ੍ਹਾਂ ਦਾ ਖਰਚਾ ਕਰਵਾ ਕੇ ਐਸ਼ ਕਰਦੀ ਤੇ ਉੱਡਣੀ ਕਬੂਤਰੀ ਵਾਂਗ ਉੱਡ ਜਾਂਦੀ। ਕਿਸੇ ਦੇ ਹੱਥ ਨਾ ਆਉਂਦੀ। ਕਈ ਕਲੱਬਾਂ ਵਾਲੇ ਗੌਡੀਵਾ ਨੂੰ ਮੁਫਤ ਦਾਖਲਾ ਦੇ ਦਿੰਦੇ ਕਿਉਂਕਿ ਗੌਡੀਵਾ ਨਾਲ ਨੱਚਣ ਦੇ ਮਾਰੇ ਕਈ ਗੱਭਰੂ ਕਲੱਬਾਂ ਵਿਚ ਆਉਂਦੇ ਤੇ ਖਰਚਾ ਕਰਦੇ।ਇੰਝ ਨਾਚ ਅਤੇ ਨਸ਼ਿਆਂ ਵਿਚ ਗਲਤਾਨ ਹੋ ਕੇ ਗੌਡੀਵਾ ਦੇ ਦਿਨ ਲੰਘ ਰਹੇ ਸਨ।
ਕਦੇ ਗੌਡੀਵਾ ਨੇ ਆਪਣੇ ਪਤੀ ਲਿਉਨਰਡ ਨੂੰ ਪੁੱਛਿਆ ਨਹੀਂ ਸੀ ਕਿ ਉਹ ਕੀ ਕਰਦਾ ਹੈ ਤੇ ਕਿਥੇ ਜਾਂਦਾ ਹੈ ਅਤੇ ਨਾ ਹੀ ਕਦੇ ਲਿਉਨਰਡ ਨੇ ਗੌਡੀਵਾ ਤੋਂ ਉਸਦੀਆਂ ਗਤੀਵਿਧੀਆਂ ਦੀ ਪੜਤਾਲ ਕੀਤੀ ਸੀ। ਇਕ ਅਣਕਰਿਆ ਜਿਹਾ ਸਮਝੌਤਾ ਸੀ ਦੋਨਾਂ ਵਿਚਾਲੇ।
ਬਾਕੀ ਅਗਲੇ ਹਫ਼ਤੇ...
ਹੋਰ ਪੜੋ...
Labels:
ਗੌਡੀਵਾ ਜਿੰਦਾ ਹੈ (2)
ਗੌਡੀਵਾ ਜਿੰਦਾ ਹੈ (1)
ਆਦਿਕਾ: ਇਹ ਕਹਾਣੀ ਮੇਰੀ ਪਹਿਲਾਂ ਲਿਖੀ ਕਹਾਣੀ ‘ਲੇਡੀ ਗੌਡੀਵਾ ਦਾ ਨੰਗਾ ਸੱਚ’ ਦਾ ਅਗਲਾ ਭਾਗ ਹੈ। ਇਸ ਵਿਚ ਮੈਂ ਗੌਡੀਵਾ ਦਾ 2010 ਵਿਚ ਪੁਨਰ ਜਨਮ ਦਿਖਾਇਆ ਹੈ। ਇਹ ਕਹਾਣੀ ਲਿਖ ਕੇ ਇਹ ਸਿੱਧ ਕਰਨਾ ਚਾਹੁੰਦਾ ਹਾਂ ਕਿ ਔਰਤ ਦੀ ਦਸ਼ਾ ਵਿਚ ਕਦੇ ਵੀ ਸੁਧਾਰ ਨਹੀਂ ਆਇਆ। ਔਰਤ ਨੂੰ ਹਰ ਜੁੱਗ ਵਿਚ ਨੰਗੀ ਕੀਤਾ ਜਾਂਦਾ ਹੈ। ਚਾਹੇ ਦਰੋਪਦੀ ਦੇ ਰੂਪ ਵਿਚ ਜ਼ਬਰਦਸਤੀ। ਚਾਹੇ ਗਿਆਰਵੀਂ ਸਦੀ ਦੀ ਗੌਡੀਵਾ ਦੇ ਰੂਪ ਵਿਚ ਮਜ਼ਬੂਰਨ ਜਾਂ ਮੌਜੁਦਾ ਨਗਨ ਨ੍ਰਿਤਕੀਆਂ ਦੇ ਰੂਪ ਵਿਚ ਉਕਸਾਕੇ।ਕੀ ਇਹ ਨਗਨਤਾ ਕਦੇ ਰੁੱਕੇਗੀ? ਮੇਰੀ ਇਹ ਕਹਾਣੀ ਲਿਖਣ ਦਾ ਮਕਸਦ ਸਮਾਜ ਅੱਗੇ ਇਹ ਸਵਾਲ ਖੜ੍ਹੇ ਕਰਨਾ ਹੈ!-ਬਲਰਾਜ ਸਿੰਘ ਸਿੱਧੂ, ਯੂ. ਕੇ.
‘ਖੜਾਕ!!!’
ਰੌਇਲਮੇਲ ਦੇ ਡਾਕੀਏ ਨੇ ਚਿੱਠੀਆਂ ਦਾ ਥੱਬਾ ਮੁੱਖ ਦਰਵਾਜ਼ੇ ਵਿਚ ਬਣੇ ਲੈਟਰਬੌਕਸ ਰਾਹੀਂ ਗੌਡੀਵਾ ਦੇ ਘਰ ਅੰਦਰ ਸਿੱਟ ਦਿੱਤਾ।ਖਤਦਾਨ ਦੇ ਢੱਕਣ ਨਾਲ ਹੋਏ ਖੜਕੇ ਕਾਰਨ ਬੈਠਕ ਵਿਚ ਘੂਕ ਸੁੱਤੀ ਪਈ ਗੌਡੀਵਾ ਨੂੰ ਜਾਗ ਆ ਗਈ। ਬੈੱਡਸੈਟੀ ਉੱਤੇ ਲੇਟੀ ਹੋਈ ਨੇ ਉਹਨੇ ਅੱਖਾਂ ਖੋਲ੍ਹੀਆਂ ਤਾਂ ਛੱਤ ਦੇ ਭੁਰ ਰਹੇ ਪਲਾਸਤਰ ਦੇ ਖਲੇਪਰਾਂ ਵਿਚੋਂ ਸੀਮਿੰਟ ਕਿਰ ਕੇ ਉਸਦੀਆਂ ਅੱਖਾਂ ਵਿਚ ਪੈ ਗਿਆ।ਗੌਡੀਵਾ ਨੇ ਤਤਫੱਟ ਉੱਠ ਕੇ ਅੱਖਾਂ ਮੀਚੀਆਂ ਤੇ ਸੀਮਿੰਟ ਦੇ ਕਣਾਂ ਨੂੰ ਬਾਹਰ ਕੱਢਣ ਦਾ ਯਤਨ ਕੀਤਾ।ਉਂਗਲਾਂ ਦੀ ਦਬਾਅਪੂਰਬਕ ਰਗੜ ਨਾਲ ਭਾਵੇਂ ਉਸਦੀਆਂ ਅੱਖਾਂ ਲਾਲ ਹੋ ਗਈਆਂ, ਪਰ ਉਹਨੂੰ ਰੜਕਦੇ ਸੀਮਿੰਟ ਦੇ ਕਣਾਂ ਤੋਂ ਨਿਜਾਤ ਮਿਲ ਗਈ।
ਗੌਡੀਵਾ ਨੇ ਬੂਹੇ ਕੋਲ ਡਿੱਗੀਆਂ ਚਿੱਠੀਆਂ ਵੱਲ ਦੇਖਿਆ, ਉਸਨੂੰ ਆਪਣਾ ਸਿਰ ਭਾਰਾ ਭਾਰਾ ਮਹਿਸੂਸ ਹੋਇਆ। ਇਕ ਨਾ ਕਾਬਲ-ਏ-ਬਰਦਾਸ਼ਤ ਦਰਦ ਮੱਥੇ ਵਿਚ ਸ਼ੁਰੂ ਹੋ ਗਿਆ।ਪੁੜਪੜੀਆਂ ਝਰਨ ਝਰਨ ਕਰਨ ਲੱਗੀਆਂ।ਰਾਤ ਤਾਂ ਉਸਨੇ ਸ਼ਰਾਬ ਵੀ ਬਹੁਤੀ ਨਹੀਂ ਸੀ ਪੀਤੀ।ਫਿਰ ਇਹ ‘ਹੈਂਗਓਵਰ’ ਕਿਵੇਂ ਹੋ ਗਿਆ? ਉਸਨੂੰ ਕੋਈ ਸਮਝ ਨਾ ਆਈ।ਉਸਨੇ ਚਿੱਠੀਆਂ ਚੁੱਕੀਆਂ ਤੇ ਰਸੋਈ ਵਿਚ ਜਾ ਕੇ ਪਹਿਲਾਂ ਪਾਣੀ ਨਾਲ ਦੋ ਗੋਲੀਆਂ ‘ਪੈਰਾਸੀਟਾਮੋਲ’ ਦੀਆਂ ਲਈਆ ਤੇ ਫਿਰ ਇਕ ਇਕ ਕਰਕੇ ਚਿੱਠੀਆਂ ਖੋਲ੍ਹਣ ਲੱਗੀ।
ਲਾਲ ਅੱਖਰਾਂ ਵਿਚ ਪਾਣੀ ਦਾ ਬਿੱਲ… ਬਿਜਲੀ ਕੱਟ ਦੇਣ ਦੀ ਧਮਕੀ… ਕਰੈਡਿਟ ਕਾਰਡ ਦੀ ਬੈਂਕ ਸਟੇਟਮੈਂਟ ਉੱਤੇ ਵਿਆਜ ਅਤੇ ਪੈਂਲਟੀਆਂ ਲੱਗ ਕੇ ਅਦਾਇਗੀ ਦੀ ਵਧੀ ਰਕਮ… ਪੇਅ ਐਜ਼ ਯੂ ਗੋ ਫੋਨ ਨੂੰ ਲੰਮੇ ਅਰਸੇ ਤੋਂ ਟੌਪ ਅੱਪ ਨਾ ਕਰਿਆ ਹੋਣ ਕਰਕੇ ਫੋਨ ਕੰਪਨੀ ਵੱਲੋਂ ਨੰਬਰ ਬੰਦ ਕਰ ਦੇਣ ਦੀ ਚਿਤਾਵਨੀ… ਤੇ ਮਲਕਾ ਇਲੀਜ਼ਬਥ ਦੀ ਫੋਟੋ ਵਾਲੀ ਮੋਹਰ ਵਾਲਾ ਲੰਡਨ ਦੇ ਡਾਕਖਾਨੇ ਤੋਂ ਆਇਆ ਬਾਪ ਦਾ ਖਤ…
ਗੌਡੀਵਾ ਨੇ ਫਟਾਫਟ ਪਿਤਾ ਦੀ ਚਿੱਠੀ ਖੋਲ੍ਹੀ ਤੇ ਮਜ਼ਬੂਨ ਪੜ੍ਹਣ ਲੱਗੀ।
ਪਿਆਰੀ ਗੌਡੀਵਾ,
ਤੈਨੂੰ ਕਈ ਈ-ਮੇਲਾਂ ਕੀਤੀਆਂ, ਪਰ ਤੇਰਾ ਕੋਈ ਜੁਆਬ ਨਹੀਂ ਆਇਆ।ਫੋਨ ਵੀ ਤੇਰਾ ਅਕਸਰ ਬੰਦ ਆਉਂਦਾ ਹੈ।ਤੇਰੇ ਲਾਡਲੇ ਭਰਾ ਹੈਰੀ ਨੂੰ ਚੋਰੀ ਦੇ ਕੇਸ ਵਿਚ ਛੇ ਮਹੀਨੇ ਦੀ ਜੇਲ੍ਹ ਹੋ ਗਈ ਹੈ।ਉਹ ਤੇਰੇ ਕਵੈਂਟਰੀ ਦੇ ਨਜ਼ਦੀਕ ਹੀ ‘ਬਲੈਕਨਹਰਟਸ’ ਜੇਲ੍ਹ ਵਿਚ ਹੈ। ਅਸੀਂ ਲੰਡਨ ਐਡੀ ਦੂਰ ਰਹਿੰਦੇ ਹਾਂ ਤੇ ਕਿਰਾਇਆ ਲਗਾ ਕੇ ਉਸਨੂੰ ਮਿਲਣ ਜਾਣ ਦੀ ਸਾਡੇ ਵਿਚ ਸਮਰਥਾ ਨਹੀਂ ਹੈ।ਤੂੰ ਉਸਨੂੰ ਮਿਲ ਆਇਆ ਕਰ।ਉਸਦੀਆਂ ਕਈ ਚਿੱਠੀਆਂ ਆ ਗਈਆਂ ਹਨ।ਉਸ ਕੋਲ ਸਿਗਰਟਾਂ ਖਰੀਦਣ ਲਈ ਇਕ ਵੀ ਪੈਨੀ ਨਹੀਂ ਹੈ। ਤੂੰ ਤਾਂ ਜਾਣਦੀ ਹੀ ਹੈ ਉਸਦੇ ਸਿਗਰਟਾਂ ਦੇ ਭੁੱਸ ਨੂੰ। ਉਸਦੀ ਸਿਗਰਟਨੋਸ਼ੀ ਬਿਨਾ ਜਾਨ ਨਿਕਲਣ ਲੱਗ ਜਾਂਦੀ ਹੈ। ਲੋਕਾਂ ਤੋਂ ਸਿਗਰਟਾਂ ਮੰਗ ਕੇ ਜਾਂ ਭੁੰਝੇ ਡਿੱਗੀਆਂ ਅੱਧ-ਪਚੱਧੀਆਂ ਸਿਗਰਟਾਂ ਪੀ ਕੇ ਗੁਜ਼ਾਰਾ ਕਰਦਾ ਹੈ। ਹੋ ਸਕੇ ਤਾਂ ਉਸਨੂੰ ਵੀਹ ਪੌਂਡ ਦਾ ਪੋਸਟਲ ਆਰਡਰ ਭੇਜ ਦੇਈਂ ਤਾਂ ਜੋ ਉਹ ਜੇਲ੍ਹ ਵਿਚੋਂ ਸਿਗਰਟਾਂ ਖਰੀਦ ਸਕੇ।ਹਾਂ ਉਸਨੂੰ ਮਿਲਣ ਜਾਂਦੀ ਹੋਈ ਆਪਣੀ ਤਸਵੀਰ ਵਾਲਾ ਕੋਈ ਸ਼ਨਾਖਤੀ ਪੱਤਰ, ਡਰਾਇਵਰ’ਸ ਲਾਇਸੰਸ, ਦੋ ਪਤੇ ਦੇ ਸਬੂਤ ਜਿਵੇਂ ਡਾਕਟਰੀ ਕਾਰਡ ਤੇ ਘਰ ਦੇ ਬਿੱਲ ਲੈ ਜਾਵੀਂ। ਉਸ ਦਾ ਕੈਦੀ ਨੰਬਰ ਐਚ ਐਮ 4769 ਹੈ।
ਤੇਰੀ ਭੈਣ ਵਿਰੌਨਿਕਾ ਆਪਣੇ ਪ੍ਰੇਮੀ ਨਾਲ ਲੜ੍ਹ ਕੇ ਘਰੋਂ ਬਾਹਰ ਚਲੀ ਗਈ ਸੀ ਤੇ ਰਾਤ ਨੂੰ ਪਾਰਕ ਵਿਚ ਸੌਂ ਗਈ ਸੀ। ਉਥੇ ਕੁਝ ਨਸ਼ੇੜੀਆਂ ਨੇ ਸ਼ਰਾਬ ਪਿਲਾ ਕੇ ਉਸ ਨਾਲ ਜ਼ਬਰ-ਜਿਨਾਹ ਕਰ ਦਿੱਤਾ।ਸਭ ਦੋਸ਼ੀ ਬਲਾਤਕਾਰ ਦੇ ਕੇਸ ਵਿਚੋਂ ਇਹ ਆਖ ਕੇ ਬਰੀ ਹੋ ਗਏ ਕਿ ਸਭ ਕੁਝ ਵਿਰੌਨਿਕਾ ਦੀ ਸਹਿਮਤੀ ਨਾਲ ਹੋਇਆ ਸੀ।ਇਸ ਘਟਨਾ ਤੋਂ ਬਾਅਦ ਵਿਰੌਨਿਕਾ ਦੀ ਮਾਨਸਿਕ ਸਥਿਤੀ ਠੀਕ ਨਹੀਂ ਰਹੀ।ਉਹ ਪਾਗਲ ਜਿਹੀ ਹੋ ਗਈ ਹੈ। ਨਾ ਕੁਝ ਖਾਂਦੀ ਹੈ, ਨਾ ਪੀਂਦੀ ਹੈ ਤੇ ਨਾ ਹੀ ਕਿਧਰੇ ਬਾਹਰ ਜਾਂਦੀ ਹੈ।ਦਿਨ ਰਾਤ ਆਪਣੇ ਕਮਰੇ ਵਿਚ ਪਈ ਕੁਝ ਸੋਚਦੀ ਰਹਿੰਦੀ ਹੈ। ਬਾਹਰ ਨਿਕਲਣ ਲੱਗੀ ਉਹ ਡਰ ਜਾਂਦੀ ਹੈ।ਕਈ ਵਾਰ ਤਾਂ ਉਸਨੂੰ ਦੌਰੇ ਵੀ ਪੈਣ ਲੱਗ ਜਾਂਦੇ ਹਨ ਤੇ ਉਹ ਬੇਹੋਸ਼ ਹੋ ਜਾਂਦੀ ਹੈ।ਡਾਕਟਰ ਕਹਿੰਦੇ ਹਨ ਉਸਨੂੰ ‘ਪੋਸਟ ਸ਼ੌਕ ਫੋਬੀਆ’ ਦੀ ਬਿਮਾਰੀ ਹੋ ਗਈ ਹੈ ਤੇ ਹਸਪਤਾਲ ਰੱਖ ਕੇ ਮਨੋਗਿਆਨੀ ਤੋਂ ਇਲਾਜ ਕਰਵਾਉਣਾ ਪਵੇਗਾ। ਤੂੰ ਉਸਨੂੰ ਫੋਨ ਕਰਕੇ ਕੁਝ ਸਮਝਾਈਂ। ਮੇਰੀ ਤਾਂ ਉਹ ਕੋਈ ਸੁਣਦੀ ਨਹੀਂ।
ਮੇਰੇ ਡਿਸਬਿਲਟੀ ਅਲਾਉਂਸ ਅਤੇ ਤੇਰੀ ਮਾਂ ਦੇ ਸਰਕਾਰੀ ਭੱਤਿਆਂ ਨਾਲ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਹੁੰਦਾ ਹੈ। ਹੱਥ ਬਹੁਤ ਤੰਗ ਹੈ।ਮੈਂ ਤਾਂ ਬਰੈਡ ਵੀ ਸੁੱਕੀ ਹੀ ਖਾਹ ਕੇ ਫੋਕਾ ਪਾਣੀ ਪੀ ਕੇ ਗੁਜਾਰਾ ਕਰਦਾ ਹਾਂ। ਤੇਰੀ ਮਾਂ ਇੰਡੀਅਨਾਂ ਦੇ ਟੈਂਪਲ ਚੋਂ ‘ਫਰੀਅ ਫੂਡ’ (ਲੰਗਰ) ਖਾਹ ਲੈਂਦੀ ਹੈ।ਹੋ ਸਕੇ ਤਾਂ ਕੁਝ ਪੌਂਡ ਭੇਜ ਦੇਈਂ।
ਉਮੀਦ ਹੈ ਤੂੰ ਤੇ ਲਿਉ ਰਾਜੀ ਖੁਸ਼ੀ ਹੋਵੋਗੇ। ਲਿਉ ਨੇ ਬੁੱਕੀ ਜਾ ਕੇ ਘੋੜੇ ਲਾਉਣੇ ਅਤੇ ਕਸੀਨੋ ਜਾਣਾ ਛੱਡ ਦਿੱਤਾ ਹੋਵੇਗਾ।…
ਇਸ ਤੋਂ ਅੱਗੇ ਦੀ ਇਬਾਰਤ ਪੜ੍ਹਨ ਦੀ ਗੌਡੀਵਾ ਵਿਚ ਸ਼ਕਤੀ ਨਾ ਰਹੀ। ਉਸ ਨੂੰ ਮਾਇਗ੍ਰੇਨ ਨਾਲ ਚੱਕਰ ਆਉਣ ਲੱਗੇ ਤੇ ਰਸੋਈ ਵਿਚ ਹੀ ਭੁੱਝੇ ਪਸਰ ਗਈ।ਪੈਣ ਸਾਰ ਉਸਨੂੰ ਕੋਈ ਸੁਰਤ ਨਾ ਰਹੀ।ਨੀਂਦ ਆ ਗਈ ਜਾਂ ਉਹ ਬੇਹੋਸ਼ ਹੋ ਗਈ।
ਪੂਰੇ ਪੰਜ ਘੰਟਿਆਂ ਬਾਅਦ ਉਹ ਗਹਿਰੀ ਨੀਂਦ ਵਿਚੋਂ ਜਾਗੀ।ਖੁਦ ਨੂੰ ਰਸੋਈ ਦੇ ਫਰਸ਼ ਉੱਤੇ ਲੇਟਿਆ ਪਾ ਕੇ ਗੌਡੀਵਾ ਨੂੰ ਝਟਕਾ ਲੱਗਿਆ।ਉਹ ਉੱਠੀ ਤੇ ਪਾਣੀ ਦਾ ਗਿਲਾਸ ਭਰ ਕੇ ਬੈਠਕ ਵਿਚ ਸੈਟੀ ਉੱਤੇ ਜਾ ਬੈਠੀ।ਗੌਡੀਵਾ ਨੇ ਆਪਣਾ ਧਿਆਨ ਖੰਡਤ ਕਰਨ ਦੇ ਮਕਸਦ ਨਾਲ ਕਈ ਸਾਲ ਪੁਰਾਣੇ ਟੈਲੀਵਿਜ਼ਨ ਦਾ ਬਟਨ ਦਬਾਇਆ ਤਾਂ ਇਕ ਚਮਕਾਰਾ ਮਾਰ ਕੇ ਟੀਵੀ ਬੁੱਝ ਗਿਆ।ਟੀਵੀ ਦੀ ਪਿਕਚਰ ਟਿਉਬ ਵਿਚੋਂ ਨਿਕਲੇ ਧੂੰਏ ਦੀ ਦੂਰਗੰਧ ਸਾਰੇ ਕਮਰੇ ਵਿਚ ਫੈਲ ਗਈ।
ਗੌਡੀਵਾ ਮੁੜ ਆ ਕੇ ਸੈਟੀ ਉੱਤੇ ਬੈਠ ਗਈ।ਸੈਟੀ ਦੇ ਵਿਚਾਲਿਉਂ ਫੱਟ ਜਾਣ ਕਾਰਨ ਨਿਕਲੇ ਮਗੋਰੇ ਦੀ ਬਾਹਰ ਨਿਕਲਦੀ ਸਪੰਜ ਨੂੰ ਉਸਨੇ ਉਂਗਲਾਂ ਨਾਲ ਥੁੰਨ ਕੇ ਅੰਦਰ ਧੱਕ ਦਿੱਤਾ।
ਦਰ ਨੂੰ ਚਾਬੀ ਲੱਗਣ ਦੀ ਅਵਾਜ਼ ਆਈ ਤੇ ਜਿਉਂ ਹੀ ਗੌਡੀਵਾ ਨੇ ਦਰਵਾਜ਼ੇ ਵੱਲ ਧੌਣ ਘੁੰਮਾਈ। ਉਸ ਦਾ ਪਤੀ ਲਿਉਨਾਰਡ ਅੰਦਰ ਦਾਖਿਲ ਹੋ ਗਿਆ।
“ਤੁਸੀਂ ਹੁਣ ਆ ਰਹੇ ਹੋ? ਸਾਰੀ ਰਾਤ ਕਿੱਥੇ ਰਹੇ?” ਗੌਡੀਵਾ ਨੇ ਦਰਦ ਭਰੀ ਅਵਾਜ਼ ਵਿਚ ਪੁੱਛਿਆ।
“ਇਹ ਨਾ ਪੁੱਛ ਕਿੱਥੋਂ ਆਇਆਂ। ਇਹ ਪੁੱਛ ਕੀ ਲੈ ਕੇ ਆਇਆ ਹਾਂ। ਆਹ ਦੇਖ ਮਨੀ ਮਨੀ ਮਨੀ।” ਲਿਉਨਾਰਡ ਨੇ ਪਹਿਨੀ ਹੋਈ ਫਟੀ ਜ਼ੀਨ ਦੀ ਪਿਛਲੀ ਜੇਬ ਵਿਚੋਂ ਪੰਜ ਪੌਂਡ ਦੇ ਨੌਟਾਂ ਦਾ ਥੱਬਾ ਕੱਢਿਆ ਤੇ ਤਾਸ਼ ਦੇ ਪੱਤਿਆਂ ਦਾ ਪੱਖਾ ਬਣਾਉਣ ਵਾਂਗ ਸਾਰੇ ਨੋਟ ਹੱਥਾਂ ਵਿਚ ਖਿਲਾਰ ਕੇ ਗੌਡੀਵਾ ਨੂੰ ਦਿਖਾਏ।
ਗੌਡੀਵਾ ਹੈਰਤਅੰਗੇਜ਼ ਹੋ ਗਈ, “ਐਨੇ ਪੌਂਡ? ਇਹ ਕਿਥੋਂ ਆਏ?”
“ਬਸ ਆ ਗਏ। ਤੈਂ ਅੰਬ ਖਾਣੇ ਨੇ ਜਾ ਦਰੱਖਤ ਗਿਣਨੇ ਨੇ?”
ਗੌਡੀਵਾ ਚੀਖੀ, “ਫੇਰ ਵੀ ਕਿਥੋਂ ਆਏ ਐਨੇ ਨੋਟ? ਕਿਧਰੇ ਚੋਰੀ…।”
“ਲੈ, ਤੈਨੂੰ ਮੈਂ ਇਹੋ ਜਿਹਾ ਲੱਗਦਾਂ? ਚੋਰੀ ਕਰਨ ਲਈ ਦਲੇਰੀ ਚਾਹੀਦੀ ਹੈ, ਮੇਰੇ ਕੋਲ ਐਨਾ ਜਿਗਰਾ ਕਿਥੇ?”
“ਰਾਤ ਮੀਂਹ ਤਾਂ ਪਿਆ ਨਹੀਂ, ਬਈ ਅਸਮਾਨ ਤੋਂ ਐਨੇ ਨੋਟ ਡਿੱਗ ਪਏ।” ਗੌਡੀਵਾ ਤਨਜ਼ਭਰਪੂਰ ਲਹਿਜੇ ਵਿਚ ਬੋਲੀ।
“ਕੱਲ੍ਹ ਸ਼ਾਮੀਂ ਜਦੋਂ ਤੂੰ ਕਲੱਬ ਨੂੰ ਚਲੀ ਗਈ। ਮੈਂ ਔਫ ਲਾਇਸੰਸ ਸ਼ੌਪ (ਠੇਕਾ) ਨੂੰ ਸੁਪਰ ਟੈਂਨਟ (ਵੱਧ ਨਸ਼ੇ ਵਾਲੀ ਬੀਅਰ) ਦਾ ਡੱਬਾ ਲੈਣ ਚਲਿਆ ਗਿਆ। ਰਸਤੇ ਵਿਚ ਜਾਂਦੇ ਨੂੰ ਮੈਨੂੰ ਦਸ ਪੌਂਡ ਦਾ ਨੋਟ ਲੱਭ ਗਿਆ। ਮੈਂ ਉਹ ਲੈ ਕੇ ਬੁੱਕੀ ਵਿਚ ਚਲਿਆ ਗਿਆ। ਵਰਿੰਗਟਨ ਦੀ ਰੇਸ ਚੱਲਣ ਵਾਲੀ ਸੀ। ਭਾਅ ਸੋਹਣਾ ਸੀ। ਮੈਂ ਪੰਜ ਪੌਂਡ ਲਾ ਦਿੱਤੇ। ਘੋੜਾ ਜਿੱਤ ਗਿਆ। ਫੇਰ ਮੈਂ ਦੋ ਤਿੰਨ ਰੇਸਾਂ ਹੋਰ ਲਾਈਆਂ। ਮੈਨੂੰ ਦੋ ਘੰਟਿਆਂ ਵਿਚ ਅੱਸੀ ਪੌਂਡ ਬਣ ਗਏ। ਮੈਂ ਤਾਂ ਮਾਰਾਂ ਪੁੱਠੀਆਂ ਛਾਲਾਂ। ਅੱਸੀ ਪੌਂਡ ਲੈ ਕੇ ਮੈਂ ਬਿੰਗੋ ਹਾਲ ਵਿਚ ਚਲਿਆ ਗਿਆ। ਮਖਿਆਂ ਟੌਰ ਨਾਲ ਪੀਂਦੇ ਹਾਂ ਤੇ ਨਾਲੇ ਤਾਸ਼ ਦੀ ਬਾਜ਼ੀ ਲਾਵਾਂਗੇ। ਉਥੇ ਪੋਕਰ ਵਿਚ ਮੈਂ ਪਹਿਲਾਂ ਤਾਂ ਹਾਰਦਾ ਰਿਹਾ। ਫਿਰ ਮੈਂ ਐਸੀਆਂ ਚਾਲਾਂ ਚੱਲੀਆਂ ਤੂੰ ਪੁੱਛ ਹੀ ਨਾ। ਕੱਲ੍ਹ ਮੇਰਾ ‘ਲੱਕੀ ਡੇਅ’(ਭਾਗਾਂ ਵਾਲਾ ਦਿਹਾੜਾ) ਸੀ।ਮੈਨੂੰ ਤਿੰਨ ਸੌ ਪੌਂਡ ਬਣ ਗਏ। ਸੌ ਕੁ ਤਾਂ ਮੈਂ ਰਾਤ ਐਸ਼ ਕਰਨ ’ਤੇ ਉਡਾ ਦਿੱਤਾ। ਬਾਕੀ ਆਹ ਦੋ ਸੌ ਬਚੇ ਨੇ।” ਲਿਉਨਾਰਡ ਨੇ ਫੁਰਤੀ ਨਾਲ ਨੋਟਾਂ ਦੀ ਗਿਣਤੀ ਮਾਰੀ।
ਗੌਡੀਵਾ ਨੇ ਸੁੱਖ ਦਾ ਸਾਹ ਲਿਆ, “ਚੱਲ ਸ਼ੁਕਰ ਐ। ਇਹਦੇ ਨਾਲ ਬਿਜ਼ਲੀ ਤੇ ਪਾਣੀ ਦਾ ਬਿੱਲ ਦਿੱਤਾ ਜਾਵੇਗਾ।”
“ਹੋਰ ਨਾ ਕੁਸ਼ ਕਹਿ’ਦੀਂ। ਮੁੱਕੀ ਮਾਰ ਕੇ ਮੈਂ ਜਾਬਾਂ ਭੰਨ੍ਹ’ਦੂੰ।ਮੇਰੀ ਜਾਨ ਨਿਕਲਦੀ ਜਾਂਦੀ ਐ, ਇਹਦਾ ਤਾਂ ਮੈਂ ਕੋਕ (ਕੋਕੇਨ) ਲੈਣੈ।”
“ਚੰਗਾ ਮਨ ਮਰਜ਼ੀਆਂ ਕਰ। ਬਿਜਲੀ ਕੱਟੀ ਜਾਣੀ ਆ ਤੇ ਪਾਣੀ ਅਗਲਿਆਂ ਨੇ ਬੰਦ ਕਰ ਦੇਣੈ। ਬਿੱਲ ਲਾਲ ਅੱਖਰਾਂ ਵਿਚ ਆਏ ਪਏ ਨੇ। ਗੁਆਂਢੀਆਂ ਨੇ ਤਾਂ ਉਹ ਦੇਣੇ ਨ੍ਹੀਂ।”
“ਮੈਂ ਕਿਉਂ ਦੇਵਾਂ ਬਿੱਲ? ਤੂੰ ਦੇਹ। ਕੁੱਤੀਏ, ਘੰਟਾ ਘੰਟਾ ਨਹਾਉਂਦੀ ਰਹਿੰਦੀ ਏਂ। ਤੈਨੂੰ ਖਲ੍ਹ ਲੱਗੀ ਹੁੰਦੀ ਐ? ਨਾਇਟ ਕਲੱਬਾਂ ਵਿਚ ਜਿਨ੍ਹਾਂ ਧਗੜਿਆਂ ਨਾਲ ਨੱਚਦੀ ਐਂ, ਥੋੜ੍ਹਾ ਚੱਟਦੇ ਹੋਣਗੇ ਤੈਨੂੰ। ਤੈਨੂੰ ਨਹਾਉਣ ਦੀ ਕੀ ਲੋੜ੍ਹ ਹੈ। ਪੰਜ ਇਸ਼ਨਾਨਾ ਤਾਂ ਤੇਰਾ ਲੋਕੀ ਕਰਵਾ ਦਿੰਦੇ ਹੋਣੇ ਨੇ।…” ਲਿਉਨਾਰਡ ਤੈਸ਼ ਵਿਚ ਆਇਆ ਅਵਾ-ਤਵਾ ਬੋਲਦਾ ਰਿਹਾ।
ਇਹ ਬਚਨ ਲਿਉਨਾਰਡ ਦੇ ਮੂੰਹੋਂ ਸੁਣ ਕੇ ਗੌਡੀਵਾ ਨੇ ਹਿਕਾਰਤ ਨਾਲ ਲਿਉਨਾਰਡ ਵੱਲ ਦੇਖਿਆ। ਉਸਦੀਆਂ ਨਜ਼ਰਾਂ ਤੋਂ ਲਿਉਨਾਰਡ ਨੂੰ ਦੇਖਣਾ ਬਰਦਾਸ਼ਤ ਨਹੀਂ ਸੀ ਹੋ ਰਿਹਾ। ਉਸ ਨੇ ਸੈਟੀ ’ਤੇ ਬੈਠੀ ਬੈਠੀ ਨੇ ਆਪਣੇ ਗੋਡਿਆਂ ਉੱਤੇ ਕੂਹਣੀਆਂ ਰੱਖੀਆਂ ਤੇ ਹੱਥਾਂ ਦੀਆਂ ਤਲੀਆਂ ਨਾਲ ਆਪਣਾ ਸਾਰਾ ਮੂੰਹ ਢੱਕ ਲਿਆ।
ਲਿਉਨਾਰਡ ਨੇ ਜੇਬ ਵਿਚੋਂ ਰਿਜ਼ਲੇ ਦਾ ਪੈਕਟ ਕੱਢਿਆ ਤੇ ਉਸ ਅੰਦਰੋਂ ਦੋ ਕਾਗਜ਼ ਕੱਢ ਕੇ ਜੀਭ ਨਾਲ ਘਸਾਏ। ਥੁੱਕ ਲਾ ਕੇ ਦੋਨਾਂ ਕਾਗਜ਼ਾਂ ਨੂੰ ਜੋੜਿਆ ਤੇ ਜੇਬ ਵਿਚੋਂ ਮਰਹਵਾਨਾ ਕੱਢ ਕੇ ਭੋਰ-ਭੋਰ ਉਸ ਵਿਚ ਭਰਿਆ। ਗੌਡੀਵਾ ਨੇ ਮੁੱਖ ਤੋਂ ਹੱਥ ਹਟਾ ਕੇ ਜਦੋਂ ਲਿਉਨਾਰਡ ਨੂੰ ਬੀੜੀ ਬਣਾਉਂਦੇ ਦੇਖਿਆ ਤਾਂ ਉਸ ਨੂੰ ਵੀ ਤਲਬ ਹੋਈ, “ਇਕ ਸੂਟਾ ਮੇਰੇ ਲਈ ਵੀ ਬਣਾ ਦੇਈਂ?”
“ਬਣਾ ਦਿੰਨਾਂ। ਮਾਲ ਬਹੁਤ ਖਾਲਸ ਮਿਲਿਐ। ਸਾਰੀ ਦਿਹਾੜੀ ਗੁੱਡੀ ਆਂਗੂੰ ਅਸਮਾਨ ’ਤੇ ਉੱਡੀ ਫਿਰੇਂਗੀ।”
“ਕੀ ਐ?”
“ਮਰਹਵਾਨਾ।”
“ਨਾ ਬਾਬਾ, ਮੈਨੂੰ ਤਾਂ ਤੂੰ ਤਬਾਕੂ ਵਾਲਾ ਹੀ ਬਣਾਈ।”
“ਲੈ ਫੇਰ ਆਪੇ ਬਣਾ ਲੈ।” ਲਿਉਨਾਰਡ ਵਾਹੋਦਾਈ ਦਮ ਦਰ ਦਮ ਖਿੱਚਣ ਲੱਗਿਆ।
ਗੌਡੀਵਾ ਨੇ ਰਿਜ਼ਲਾ ਤੇ ਤਬਾਕੂ ਲਿਉਨਾਰਡ ਤੋਂ ਲੈ ਕੇ ਆਪਣੇ ਲਈ ਸਿਗਰਟ ਬਣਾ ਲਿੱਤੀ। ਆਹੀਸਤਾ-ਆਹੀਸਤਾ ਕਸ਼ ਖਿਚਦੀ ਹੋਈ ਗੌਡੀਵਾ ਸੋਚਾਂ ਦੇ ਵਹਿਣ ਵਿਚ ਵਹਿ ਗਈ। ਦਿਨੋਂ-ਦਿਨ ਉਸਦੀ ਆਰਥਿਕ ਸਥਿਤੀ ਨਿਘਰਦੀ ਜਾ ਰਹੀ ਸੀ।ਲਿਉਨਾਰਡ ਨੂੰ ਜੂਏ ਅਤੇ ਨਸ਼ਿਆਂ ਦੀ ਬੁਰੀ ਲੱਤ ਪੈ ਗਈ ਸੀ।ਲਿਉਨਾਰਡ ਘਰ ਚਲਾਉਣ ਵਿਚ ਗੌਡੀਵਾ ਦਾ ਕੋਈ ਵਿਸ਼ੇਸ਼ ਸਹਿਯੋਗ ਨਹੀਂ ਸੀ ਦੇ ਰਿਹਾ।ਇਕੱਲੀ ਗੌਡੀਵਾ ਲਈ ਸਾਰੇ ਘਰੇਲੂ ਖਰਚੇ ਚੁੱਕਣੇ ਸੰਭਵ ਹੀ ਨਹੀਂ ਨਾਮੁਮਕਿਨ ਸਨ।ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਉਹਨਾਂ ਦੰਪਤੀ ਜੋੜੇ ਵਿਚ ਆਏ ਦਿਨ ਤਕਰਾਰਬਾਜ਼ੀ ਹੁੰਦੀ ਰਹਿੰਦੀ।ਜਿਸ ਸਦਕਾ ਗੌਡੀਵਾ ਅਤੇ ਲਿਉਨਾਰਡ ਦੇ ਸਬੰਧਾਂ ਵਿਚ ਵੀ ਦਰਾਰ ਪੈਦਾ ਹੋ ਗਈ ਸੀ। ਉਹ ਇਕ ਛੱਤ ਥੱਲੇ ਰਹਿੰਦੇ ਹੋਏ ਵੀ ਅਜਨਬੀਆਂ ਵਾਂਗ ਵਿਚਰਦੇ। ਉਹ ਜ਼ਿੰਦਗੀ ਜਿਉਂ ਨਹੀਂ ਸੀ ਰਹੇ, ਬਲਕਿ ਦਿਨ ਕੱਟੀਆਂ ਕਰ ਰਹੇ ਸਨ। ਜਿਵੇਂ ਕੋਈ ਹੋਟਲ ਜਾਂ ਧਰਮਸ਼ਾਲਾ ਵਿਚ ਰੈਣ ਬਸੇਰਾ ਕਰਨ ਲਈ ਆਇਆ ਹੋਵੇ ਤੇ ਅਗਲੀ ਸੁਬ੍ਹਾ ਉਸਨੇ ਕਿਧਰੇ ਹੋਰ ਚਲਾ ਜਾਣਾ ਹੋਵੇ।ਜੌਬ ਸੀਕਰ ਤੋਂ ਮਿਲਣ ਵਾਲੀ ਨਿਗੁਣੀ ਜਿਹੀ ਰਕਮ ਨਾਲ ਕੇਵਲ ਸਾਹ ਤਾਂ ਲਿਆ ਜਾਂ ਸਕਦਾ ਸੀ ਪਰ ਜਿਉਂਇਆ ਨਹੀਂ ਸੀ ਜਾ ਸਕਦਾ।ਜਿਉਂਣ ਲਈ ਬੰਦੇ ਦੀਆਂ ਬਹੁਤ ਲੋੜ੍ਹਾਂ ਹੁੰਦੀਆਂ ਹਨ, ਜੋ ਸਰਕਾਰੀ ਭੱਤੇ ਨਾਲ ਪੂਰੀਆਂ ਨਹੀਂ ਹੋ ਸਕਦੀਆਂ ਹਨ।ਗੌਡੀਵਾ ਨੇ ਧਨ ਕਮਾਉਣ ਦੀਆਂ ਕਈ ਅਣਥੱਕ ਕੋਸ਼ਿਸ਼ਾਂ ਕੀਤੀਆਂ, ਪਰ ਕਿਸੇ ਵਿਚ ਵੀ ਉਸਨੂੰ ਕੋਈ ਕਾਮਯਾਬੀ ਨਾ ਮਿਲੀ।
ਜਦੋਂ ਦਾ ਗੌਡੀਵਾ ਨੇ ਜਵਾਨੀ ਵਿਚ ਪੈਰ ਧਰਿਆ ਸੀ, ਉਸਦੇ ਹੁਸਨ ਨੇ ਕਹਿਰ ਮਚਾਇਆ ਹੋਇਆ ਸੀ।ਸਕੂਲ ਤੋਂ ਲੈ ਕੇ ਕਾਲਜ ਦੇ ਸਫਰ ਤੱਕ ਪਤਾ ਨਹੀਂ ਕਿੰਨਿਆਂ ਕੁ ਮੁੰਡਿਆਂ ਦੀਆਂ ਉਸਨੂੰ ਰੋਜ਼ ਪੇਸ਼ਕਸ਼ਾਂ ਆਉਂਦੀਆਂ ਸਨ।ਲਿਉਨਾਰਡ ਨੂੰ ਦੇਖ ਕੇ ਗੌਡੀਵਾ ਨੂੰ ਲਗਦਾ ਜਿਵੇਂ ਉਸ ਨੇ ਆਪਣੇ ਹੁਸਨ ਦਾ ਖਜ਼ਾਨਾ ਖੂਹ ਵਿਚ ਸਿੱਟ ਦਿੱਤਾ ਹੋਵੇ।
ਕੁਝ ਅਰਸਾ ਪਹਿਲਾਂ ਇਕ ਮਾਡਲਿੰਗ ਏਜੰਸੀ ਨੂੰ ਖੂਬਸੂਰਤ ਮਾਡਲਾਂ ਦੀ ਜ਼ਰੂਰਤ ਸੀ। ਆਪਣੀ ਸੁੰਦਰਤਾ ਦਾ ਲਾਹਾ ਖੱਟਣ ਲਈ ਗੌਡੀਵਾ ਨੇ ਉਸ ਮਾਡਲਿੰਗ ਏਜੰਸੀ ਦਾ ਇਸ਼ਤਿਆਰ ਦੇਖ ਕੇ ਫਾਰਮ ਭਰ ਦਿੱਤੇ ਸਨ। ਗੌਡੀਵਾ ਨੂੰ ਔਡੀਸ਼ਨ ਲਈ ਬੁਲਾਇਆ ਗਿਆ। ਗੌਡੀਵਾ ਜਦੋਂ ਔਡੀਸ਼ਨ ਦੇਣ ਗਈ ਤਾਂ ਉਥੇ ਇਕ ਤੋਂ ਵੱਧਕੇ ਇਕ ਹੁਸੀਨ ਕੁੜੀ ਆਈ ਹੋਈ ਸੀ। ਗੌਡੀਵਾ ਡਰੀ ਡਰੀ ਸਹਿਮੀ ਜਿਹੀ ਵੈਟਿੰਗਰੂਮ ਦੀ ਇਕ ਨੁੱਕਰ ਨਾਲ ਲੱਗੀ ਬੈਠੀ ਸੀ।ਜਦੋਂ ਉਸਦੀ ਵਾਰੀ ਆਈ ਤਾਂ ਉਸਨੂੰ ਸਟੂਡੀਉ ਅੰਦਰ ਬੁਲਾਇਆ ਗਿਆ।ਉਸਦੀਆਂ ਵੱਖੋ-ਵੱਖਰੇ ਅੰਦਾਜ਼ ਵਿਚ ਕੁਝ ਫੋਟੋਆਂ ਖਿਚੀਆਂ ਗਈਆਂ। ਘਬਰਾਹਟ ਕਾਰਨ ਗੌਡੀਵਾ ਤੋਂ ਨਾ ਤਾਂ ਫੋਟੋਗ੍ਰਾਫਰ ਦੀ ਮੰਗ ਅਨੁਸਾਰ ਪੋਜ਼ ਬਣਾ ਹੋਏ ਅਤੇ ਨਾ ਹੀ ਉਸਦੇ ਕਹੇ ਮੁਤਾਬਿਕ ਚਿਹਰੇ ਦੇ ਭਾਵ ਵਿਅਕਤ ਕਰ ਹੋਏ।ਹੰਢਿਆ ਹੋਇਆ ਫੋਟੋਗ੍ਰਾਫਰ ਇਹ ਗੱਲ ਤਾੜ ਗਿਆ ਸੀ ਕਿ ਗੌਡੀਵਾ ਅਨਜਾਣ ਹੈ ਤੇ ਸ਼ੁਹਰਤ ਨਹੀਂ ਬਲਕਿ ਧਨ ਦੀ ਗਰਜ਼ ਨਾਲ ਮਾਡਲਿੰਗ ਕਰਨਾ ਚਾਹੁੰਦੀ ਹੈ। ਉਹ ਇਸ਼ਾਰੇ ਨਾਲ ਗੌਡੀਵਾ ਨੂੰ ਪਾਸੇ ਲੈ ਗਿਆ ਸੀ, “ਦੇਖ ਯੰਗ ਲੇਡੀ।ਮੇਰੀ ਗੱਲ ਧਿਆਨ ਨਾਲ ਸੁਣੀ। ਕਹਿੰਦੇ ਹੁੰਦੇ ਨੇ ਆਉਲੇ ਦਾ ਖਾਧਾ ਤੇ ਸਿਆਣੇ ਦੇ ਕਹੇ ਦਾ ਬਾਅਦ ਵਿਚ ਪਤਾ ਲੱਗਦਾ ਹੁੰਦੈ। ਤੂੰ ਤਾਂ ਬਾਹਰ ਦੇਖਿਆ ਹੀ ਹੈ। ਕਿੰਨੀਆਂ ਕੁੜੀਆਂ ਇਸ ਫੀਲਡ ਵਿਚ ਆਉਣ ਲਈ ਤਰਲੋ ਮੱਛੀ ਹੋਈਆਂ ਫਿਰਦੀਆਂ ਹਨ। ਮੈਂ ਤੇਰੀ ਸੀ.ਵੀ.(ਨਿਜੀ ਜਾਣਕਾਰੀ ਅਤੇ ਨੌਕਰੀਆਂ ਦੀ ਤਫਸੀਲ) ਪੜ੍ਹੀ ਹੈ। ਤੇਰੇ ਕੋਲ ਤਾਂ ਕੋਈ ਬਹੁਤ ਵਿਦਿਅਕ ਯੋਗਤਾ ਜਾਂ ਸਿਖਲਾਈ ਵੀ ਨਹੀਂ ਹੈ। ਇਹ ਮੁਹਿੰਮ ਉਸਰ ਕਰਨੀ ਕੋਈ ‘ਖਾਲਾ ਜੀ ਦਾ ਵਾੜਾ’ ਨਹੀਂ ਹੈ।ਪਰ ਜੇ ਇਨਸਾਨ ਦ੍ਰਿੜ ਇਰਾਦਾ ਕਰ ਲਵੇ ਤਾਂ ਉਹ ਕਿਹੜੀ ਮੰਜ਼ਿਲ ਹੈ ਜਿਥੇ ਇਨਸਾਨ ਨਹੀਂ ਪਹੁੰਚ ਸਕਦਾ? ਹੁਣ ਤੂੰ ਇੰਟਰਵਿਉਂ ਵਿਚ ਪੈਨਲ ਨੂੰ ਜਦੋਂ ਇਹ ਫੋਟੋਆਂ ਦਿਖਾਵੇਂਗੀ ਅਤੇ ਇਸ ਅਵਸਥਾ ਵਿਚ ਜਾਵੇਗੀ। ਮੈਂ ਦਾਵੇ ਨਾਲ ਕਹਿ ਸਕਦਾ ਹਾਂ ਕਿ ਉਹਨਾਂ ਨੇ ਤੈਨੂੰ ਨਕਾਰ ਦੇਣਾ ਹੈ। ਮੈਨੂੰ ਇਸ ਖੇਤਰ ਵਿਚ ਆਇਆਂ ਪੱਚੀ ਸਾਲ ਹੋ ਗਏ ਹਨ। ਪਤਾ ਨਹੀਂ ਕਿੰਨੀਆਂ ਕੁੜੀਆਂ ਨੂੰ ਮੈਂ ਮਾਡਲ, ਸੁਪਰ ਮਾਡਲ ਬਣਇਆ ਹੈ। ਕਈ ਤਾਂ ਮਿਸ ਵਰਲਡ ਅਤੇ ਮਿਸ ਯੂਨੀਵਰਸ ਬਣ ਗਈਆਂ। ਨਾਇਓਮੀ ਕੈਂਬਲ ਦਾ ਫੋਟੋ ਸ਼ੂਟ ਕਰਕੇ ਕਦੇ ਮੈਂ ਉਸਦਾ ਪੋਰਟੋਫੋਲੀਓ ਬਣਾਇਆ ਸੀ। ਅੱਜ ਦੁਨੀਆਂ ਦੀਆਂ ਸਭ ਤੋਂ ਮਹਿੰਗੀਆਂ ਸੁਪਰ ਮਾਡਲਾਂ ਵਿਚੋਂ ਇਕ ਹੈ। ਇਹ ਨਾ ਸਮਝੀ ਕਿ ਉਹਨਾਂ ਕੋਲ ਹੁਸਨ ਤੇ ਸੋਹਣੇ ਸ਼ਰੀਰ ਸਨ, ਜਿਸਦੇ ਬਲਬੂਤੇ ਉੱਤੇ ਉਹਨਾਂ ਨੇ ਇਹ ਮੁਕਾਮ ਹਾਸਿਲ ਕੀਤੇ। ਨਹੀਂ! ਇਹ ਸਭ ਮੇਰੀ ਕਲਾ ਦਾ ਕਮਾਲ ਹੈ। ਮੇਰੇ ਕੈਮਰੇ ਦੇ ਝੂਠ ਬੋਲਣ ਦਾ ਸਹਾਰਾ ਲੈ ਕੇ ਉਹ ਇਸ ਸਥਾਨ ਉੱਤੇ ਪਹੁੰਚੀਆਂ। ਕਦੇ ਮਾਡਲਾਂ ਐਕਟਰਸਾਂ ਨੂੰ ਉਹਨਾਂ ਦੇ ਘਰ ਬਿਨਾ ਮੇਅਕਪ ਦੇ ਮਿਲਕੇ ਵੇਖੀ। ਉਹ ਤੈਨੂੰ ਕਿੰਨੀਆਂ ਬਦਸੂਰਤ ਦਿਖਾਈ ਦੇਣਗੀਆਂ। ਖੁਦ ਤੈਨੂੰ ਵੀ ਆਪਣੀਆਂ ਅੱਖਾਂ ਉੱਤੇ ਯਕੀਨ ਨਹੀਂ ਆਵੇਗਾ। ਸਭ ਮੇਰੀ ਕ੍ਰਿਪਾ ਨਾਲ ਹੋਇਆ ਹੈ।”
“ਗੁਰੂ ਜੀ, ਫੇਰ ਥੋੜ੍ਹੀ ਜਿਹੀ ਕ੍ਰਿਪਾ ਮੇਰੇ ਉੱਤੇ ਵੀ ਕਰ ਦਿਉ? ਮੇਰੀਆਂ ਹਸਰਤਾਂ ਬਹੁਤ ਵੱਡੀਆਂ ਨਹੀਂ। ਮੈਨੂੰ ਪੂਰਾ ਅਸਮਾਨ ਨਹੀਂ, ਬਸ ਛੋਟੀ ਜਿਹੀ ਬੱਦਲੀ ਚਾਹੀਦੀ ਹੈ।” ਗੌਡੀਵਾ ਨੇ ਹੱਥ ਜੋੜ ਕੇ ਬੇਨਤੀ ਕੀਤੀ।
ਫੋਟੋਗ੍ਰਾਫਰ ਦੇ ਚਿਹਰੇ ਉੱਤੇ ਖਲਨਾਇਕੀ ਮੁਸਕਾਨ ਖੇਡਣ ਲੱਗੀ, “ਹੂੰ! ਕਿਉਂ ਨਹੀਂ। ਕਿਉਂ ਨਹੀਂ। ਗੁਰੂ ਜੀ ਕਹਿੰਦੀ ਏ ਤਾਂ ਪਹਿਲਾਂ ਗੁਰੂ ਦਖਸ਼ਣਾ ਵੀ ਦੇਣੀ ਪਊ।”
“ਪਰ ਮੇਰੇ ਗਰੀਬ ਕੋਲ ਤਾਂ ਦੇਣ ਲਈ ਕੁਝ ਵੀ ਨਹੀਂ ਹੈ। ਆਹ ਦੇਖੋ ਬਸ ਦਾ ਘਰ ਵਾਪਿਸ ਜਾਣ ਦਾ ਕਿਰਾਇਆ, ਸਿਰਫ ਡੇਢ ਪੌਂਡ ਹੈ।ਮੈਂ ਤੁਹਾਨੂੰ ਕੀ ਦੇਹ ਸਕਦੀ ਹਾਂ?” ਗੌਡੀਵਾ ਨੇ ਆਪਣੀ ਹਾਲਤ ਅਤੇ ਅਸਮਰਥਤਾ ਪ੍ਰਗਟਾਈ।
ਫੋਟੋਗ੍ਰਾਫਰ ਗੌਡੀਵਾ ਵੱਲ ਦੇਖਦਾ ਹੋਇਆ ਨਸ਼ਿਆਇਆ ਪਿਆ ਸੀ, “ਮਾਇਆ ਤਾਂ ਬੀਬਾ ਆਉਣੀ ਜਾਣੀ ਚੀਜ਼ ਹੈ। ਅੱਜ ਮੇਰੇ ਕੋਲ ਹੈ। ਕੱਲ੍ਹ ਤੇਰੇ ਕੋਲ। ਤੇ ਪਰਸੋਂ ਕਿਸੇ ਹੋਰ ਕੋਲ। ਇਹ ਸ਼ੈਅ ਤਾਂ ਖੋਹੀ ਵੀ ਜਾ ਸਕਦੀ ਹੈ। ਚੋਰੀ ਵੀ ਕਰੀ ਜਾ ਸਕਦੀ ਹੈ। ਤੈਨੂੰ ਜਿਹੜੀ ਦੌਲਤ ਨਾਲ ਰੱਬ ਨੇ ਨਿਵਾਜਿਆ ਹੈ ਤੂੰ ਨਹੀਂ ਜਾਣਦੀ। ਉਹ ਨਾ ਤਾਂ ਤੇਰੇ ਕੋਲੋਂ ਕੋਈ ਖੋਹ ਸਕਦਾ ਹੈ ਤੇ ਨਾ ਹੀ ਕੋਈ ਚੋਰੀ ਕਰ ਸਕਦਾ ਹੈ। ਬਸ ਤੇਰੀ ਇੱਛਾ ਨਾਲ ਕੁਝ ਪਲਾਂ ਲਈ ਮਾਣ ਸਕਦਾ ਹੈ।”
ਗੌਡੀਵਾ ਬੌਂਦਲ ਗਈ ਸੀ, “ਮੱਮ… ਮੈਂ… ਮੈਂ ਕੁਝ ਸਮਝੀ ਨਹੀਂ।”
“ਮੈਂ ਕਿਹੜਾ ਤੈਨੂੰ ਅਲਜ਼ਬਰੇ ਦੇ ਸੁਆਲ ਸਮਝਾ ਰਿਹਾਂ ਜਿਹੜੇ ਤੂੰ ਸਮਝੀ ਨਹੀਂ। ਗੱਲ ਸਿੱਧੀ ਤੇ ਸਰਲ ਜਿਹੀ ਹੈ। ਤੈਨੂੰ ਰੱਬ ਨੇ ਰੱਜਵਾਂ ਰੂਪ ਦਿੱਤਾ ਹੈ। ਤੂੰ ਇਸ ਦਾ ਫਇਦਾ ਉੱਠਾ। ਇਹ ਸ਼ਰੀਰ ਤਾਂ ਨਾਸਵਾਨ ਹੈ। ਕੱਲ੍ਹ ਨੂੰ ਇਸ ਦੇਹੀ ਨੇ ਤਾਂ ਕਬਰਾਂ ਵਿਚ ਦਫਨ ਹੋ ਕੇ ਮਿੱਟੀ ਬਣ ਜਾਣਾ ਹੈ। ਮੇਰੇ ਕਹਿਣ ਦਾ ਭਾਵ ਹੈ, ‘ਕੱਟ ਦਾ ਹੇਅ ਵਾਇਲ ਸਨ ਸ਼ਾਇਨ’।” ਫੋਟੋਗ੍ਰਾਫਰ ਨੇ ਗੌਡੀਵਾ ਨੂੰ ਅੱਖ ਦੱਬ ਦਿੱਤੀ।
“ਮੇਰੇ ਅਜੇ ਵੀ ਕੁਝ ਪੱਲੇ ਨਹੀਂ ਪਿਆ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ?”
“ਬੀਬਾ ਜਾਂ ਤਾਂ ਤੂੰ ਬਹੁਤ ਭੋਲੀ ਹੈਂ ਜਾਂ ਡਰਾਮੇਬਾਜ਼। ਨਾ ਸਮਝੀ ਦਾ ਨਾਟਕ ਕਰ ਰਹੀ ਹੈਂ। ਮੇਰੇ ਕਹਿਣ ਦਾ ਐਨਾ ਹੀ ਤਾਤਪਰਜ਼ ਹੈ ਕਿ ਮੈਂ ਮਾਡਲਿੰਗ ਦੀ ਦੁਨੀਆਂ ਵਿਚ ਆਪਣੇ ਹੁਨਰ ਨਾਲ ਤੈਨੂੰ ਸ਼ੁਹਰਤ ਦੀ ਬੁਲੰਦੀ ਤੱਕ ਪਹੁੰਚਾ ਦੇਵਾਂਗਾ। ਐਨੀ ਦੌਲਤ ਤੇਰੇ ਕਦਮਾਂ ਵਿਚ ਹੋਵੇਗੀ ਕਿ ਤੇਰੀਆਂ ਸੱਤ ਪੁਸ਼ਤਾਂ ਤੋਂ ਅੱਗ ਲਾਇਆਂ ਨਹੀਂ ਮੁੱਕਣੀ। ਬਸ ਆਪਣੇ ਹੁਸਨ ਦੀ ਗਾਗਰ ’ਚੋਂ ਇਕ ਤੁਪਕਾ ਪਿਆਸੇ ਨੂੰ ਪਿਲਾਦੇ। ਸਿਰਫ ਇਕ ਰਾਤ… ਡੁਬਈ ਦੇ ਸੈਵਨ ਸਟਾਰ ਪਾਲਮ ਹੋਟਲ ਵਿਚ ਲੈ ਕੇ ਜਾਊਂ ਤੈਨੂੰ। ਫੇਰ ਦੁਖੀਂ ਤੇਰੀ ਦੁਨੀਆਂ ਬਦਲ ਜਾਊਗੀ। ਤੇਰੀ ਜੂਨ ਸੁਧਰ ਜਾਊ।”
ਬਾਕੀ ਅਗਲੇ ਹਫ਼ਤੇ...
ਹੋਰ ਪੜੋ...
Labels:
ਗੌਡੀਵਾ ਜਿੰਦਾ ਹੈ (1)
ਲੇਡੀ ਗੌਡੀਵਾ ਦਾ ਨੰਗਾ ਸੱਚ (5)
ਸਭ ਲੋਕ ਉਸਨੂੰ ਟੁੱਟ ਕੇ ਪੈ ਗਏ, “ਕੋਹੜੀਆ, ਤੂੰ ਇਹ ਪਾਪ ਕਮਾਇਐ। ਬਖੀਲਾ, ਤੈਨੂੰ ਸ਼ੈਤਾਨ ਦੋਜ਼ਖ ਦੀ ਭੱਠੀ ਵਿਚ ਲਿਜਾ ਕੇ ਸਿੱਟੇਗਾ। ਭਗਵਾਨ ਜਿਸੂ ਮਸੀਹ ਤੈਨੂੰ ਇਸਦੀ ਸਜ਼ਾ ਦੇਵੇਗਾ। ਤੂੰ ਮੌਤ ਦੇ ਫਰਿਸ਼ਤਿਆਂ ਨੂੰ ਆਪ ਅਵਾਜ਼ ਮਾਰੀ ਹੈ।”
ਪਾਦਰੀ ਦਾ ਬਿਰਧ ਸ਼ਰੀਰ ਉਤੇਜਤ ਹੋ ਗਿਆ, “ਕਮੀਨਿਆ… ਤੂੰ ਵਰਜਿਨ ਮੈਰੀ ਦੀ ਭਗਤਣੀ ਦਾ ਅਪਮਾਨ ਕੀਤੈ। ਕੁੱਲ ਆਲਮ ਅੰਦਰ ਬੈਠਾ ਰਿਹਾ, ਤੇਰੇ ਤੋਂ ਨਹੀਂ ਸੀ ਬੈਠ ਹੁੰਦਾ ਟਿਕ ਕੇ? ਤੂੰ ਆਪਣੇ ਕਿੱਤੇ ਨੂੰ ਕਲੱਕਿਤ ਕੀਤਾ ਹੈ। ਦਰਜੀ ਦਾ ਕੰਮ ਲੀੜੇ ਸਿਉਂ ਕੇ ਨੰਗ ਢੱਕਣਾ ਹੁੰਦਾ ਹੈ ਨਾ ਕਿ ਨੰਗੇਜ਼ ਦੇਖਣਾ।ਤੈਨੂੰ ਤਾਂ ਨਰਕਾਂ ਵਿਚ ਵੀ ਢੋਈ ਨਹੀਂ ਮਿਲਣੀ।”
“ਆਹੋ ਬੁੜਿਆ ਤੂੰ ਤਾਂ ਸਵਰਗਾਂ ਨੂੰ ਸਿੱਧੀ ਪੌੜੀ ਲਾ ਕੇ ਚੜ੍ਹ ’ਜੇਗਾ? ਮੇਰਾ ਮੂੰਹ ਨਾ ਖੁਲ੍ਹਾ। ਮੈਂ ਤਾਂ ਤੋਪੇ ਤੋੜਦੂੰ। ਆਪਦੀਆਂ ਕੱਛ ’ਚ ਲੋਕਾਂ ਦੀਆਂ ਹੱਥ ’ਚ! ਦੂਜੇ ਨੂੰ ਕੁਸ਼ ਕਹਿਣ ਤੋਂ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਮਾਰ। ਮੈਂ ਤੇਰੇ ਆਂਗੂ ਲੋਕਾਂ ਦੀਆਂ ਧੀ-ਭੇਣਾਂ ਦੀਆਂ ਜ਼ਿੰਦਗੀਆਂ ਤਾਂ ਨਹੀਂ ਖਰਾਬ ਕਰਦਾ।ਤੂੰ ਆਪਣੀਆਂ ਪੋਥੀਆਂ ’ਚੋਂ ਕਹਾਣੀਆਂ ਸੁਣਾ ਸੁਣਾ ਕੇ ਕਿੰਨੀਆਂ ਤੀਵੀਆਂ ਮਗਰ ਲਾਈ ਫਿਰਦੈਂ। ਸੈਂਟ ਮੇਰੀ ਚਰਚ ’ਚ ਮੈਂ ਆਪ ਮਿਲਿਆਂ। ਅੱਠ ਨੌ ਲਵੀ ਜਿਹੀ ਉਮਰ ਦੀਆਂ ਲਗਰਾਂ ਅਰਗੀਆਂ ਕੁੜੀਆਂ ਨੂੰ ਇਹਨੇ ਨੱਨ ਬਣਾ ਲਿਆ। ਅਖੇ ਤੁਸੀਂ ਸਾਰੀ ਉਮਰ ਵਿਆਹ ਨਹੀਂ ਕਰਵਾਉਣਾ। ਭਗਤੀ ਵਿਚ ਲੀਨ ਰਹਿਣੈ। ਪ੍ਰਮੇਸ਼ਵਰ ਦੇ ਲੜ੍ਹ ਲੱਗਣੈ। ਨਾ ਭਲਾ ਉਹਨਾਂ ਦੀ ਕੋਈ ਉਮਰ ਐ ਭਗਵਾਨ ਦੇ ਲੜ੍ਹ ਲੱਗਣ ਦੀ, ਏਸ ਉਮਰੇ ਤਾਂ ਉਹਨਾਂ ਨੂੰ ਮੇਰੇ ਵਰਗੇ ਦੇ ਲੜ੍ਹ ਲੱਗਣਾ ਚਾਹੀਦੈ। ਸਾਲਾ ਪਖੰਡੀ ਇਹ ਸੋਹਣੀਆਂ ਸੋਹਣੀਆਂ ਮੁਟਿਆਰਾਂ ਨੂੰ ਜੀਜ਼ਸ ਵਾਂਗੂ ਕਰੌਸ ’ਤੇ ਟੰਗ ਲੈਂਦੈ।ਜਦੋਂ ਚਿੱਤ ਕਰਦਾ ਜਿਹੜੀ ਨੂੰ ਮਰਜੀ ਸਿਸਟਰ ਸਿਸਟਰ ਕਰਕੇ ਫੜ੍ਹ ਲੈਂਦੈ ਤੇ ਘਚੋਰ ਜਿਹੀ ਵਿਚ ਵਾੜ੍ਹ ਕੇ ਕਹੂ ਅਧਿਆਤਮਵਾਦ ਦਾ ਪਾਠ ਪੜ੍ਹਾਉਂਨਾਂ। ਪਤੈ ਜਿਹੜੇ ਸਬਕ ਪੜ੍ਹਾਉਂਦਾ ਹੈਂ ਤੂੰ। ਰਜਾਈ ਈ ਨਿੱਘੀ ਕਰਦੈਂ।ਜਦੋਂ ਕਿਸੇ ਜਨਾਨੀ ਤੋਂ ਗੁਨਾਹ ਹੋ ਜਾਦੈਂ ਤਾਂ ਤੈਨੂੰ ਚਾਅ ਚੜ੍ਹ ਜਾਂਦਾ ਹੈ। ਕਿਉਂਕਿ ਪਾਪਾਂ ਦਾ ਪਸ਼ਚਾਤਾਪ ਕਰਨ ਲਈ ਉਹਨੇ ਰਾਤਾਂ ਤੇਰੇ ਨਾਲ ਕੱਟਣੀਆਂ ਹੁੰਦੀਆਂ ਹਨ ਨਾ।ਤੂੰ ਅਗਲੀ ਦਾ ਪਾਪ ਧੋਂਹਦਾ ਨਹੀਂ ਸਗੋਂ ਨਾਰੀ ਨੂੰ ਕਲੰਕਿਤ ਕਰਦੈਂ। ਤੂੰ ਭੁੱਲ ਬਖਸ਼ਾਉਣ ਦੇ ਪੱਜ ਨਾਲ ਤੂੰ ਉਹਨਾਂ ਦਾ ਰਜ਼ਾਮੰਦੀ ਨਾਲ ਬਲਾਤਕਾਰ ਕਰਦੈਂ।ਮੇਰਾ ਤਾਂ ਕਈ ਵਾਰੀ ਚਿੱਤ ਕਰਦਾ ਹੁੰਦਾ ਹੈ ਮੈਂ ਵੀ ਪਾਰਦੀ ਬਣਜਾਂ…।” ਟੌਮ ਆਪਣੀਆਂ ਮੁੱਛਾਂ ਨੂੰ ਵਟੇ ਦੇਣ ਲੱਗ ਪਿਆ।
ਚੌਂਕੀਦਾਰ ਕੂਪਰ ਨੇ ਵਿਵਾਦ ਵੱਧਦਾ ਦੇਖ ਕੇ ਟੋਕਿਆ, “ਟੌਮੀ, ਨਮਦਾ ਬੁੱਧੀ! ਮੋਟੇ ਦਿਮਾਗ! ਮੂੰਹ ਨਹੀਂ ਚੰਗਾ, ਗੱਲ ਤਾਂ ਚੰਗੀ ਕਰ ਲਿਆ ਕਰ।”
“ਅਲੀ ਅਲੀ ਕਰਕੇ ਕਿਉਂ ਮਗਰ ਪੈਦੇਂ ਓ? ਮੈਂ ਤਾਂ ਯਾਰ ਊਈਂ ਮਾੜੀ ਜਿਹੀ ਝਾਤੀ ਜਿਹੀ ਮਾਰੀ ਤੀ। ਮੈਂ ਕੀ ਗੁੱਡੀ ਦੀਆਂ ਲੂਲ੍ਹਾਂ ਲਾ ਲਈਆਂ। ਚਿੜ੍ਹੀਆ ਚੋਂਚ ਭਰ ਲੈ ਗਈ ਨਦੀ ਨਾ ਘਟਿਓ ਨੀਰ। ਛੜੇ ਦੇ ਦਿਲ ਨੂੰ ਖੁਸ਼ ਕਰਨ ਦਾ ਤਾਂ ਊਈਂ ਪੁੰਨ ਹੁੰਦੈ ਬਾਈ। ਮੈਂ ਕਿਹੜਾ ਕੁਕੜ ਕਾਣਾ ਕਰ’ਤੈ ( ਂੋ ਚੋਚਕਸ ਏੲਸ ੋੁਟ -ਉਸ ਸਮੇਂ ਦਾ ਪ੍ਰਚਲਤ ਮੁਹਾਵਰਾ, ਜਿਸ ਦਾ ਅਰਥ ਕੋਈ ਨੁਕਸਾਨ ਨਹੀਂ ਹੋਇਆ ਹੈ।) ਤੁਸੀਂ ਮੈਨੂੰ ਖਾਣ ਨੂੰ ਪੈਨੇ ਓ।… ਹੱਦ ਈ ਹੋ ਗਈ। ’ਕੱਲੇ ’ਕਹਿਰੇ ਬੰਦੇ ਦੇ ਜਿਉਣ ਦਾ ਕੋਈ ਹੱਜ ਐ? ਲੰਡੇ ਬੰਦਾ ਦਾ ਕੀ ਆ ਨਾ ਰੰਨ ਨਾ ਕੰਨ। ਛੜਾ ਤਾਂ ਰੋਹੀਂ ’ਚ ਖੜ੍ਹੇ ਜੰਡ ਨਿਆਈ ਹੁੰਦੈ। ਮੇਰੀ ਤਾਂ ਕਿਸਮਤ ਈ ਮਾੜੀ ਐ। ਨਿੱਕੇ ਹੁੰਦੇ ਨੂੰ ਵੀ ਕੋਈ ਸਹੇਲੀਆਂ ਨਾਲ ਖੇਡਣ ਨਹੀਂ ਸੀ ਦਿੰਦਾ ਹੁੰਦਾ।” ਟੌਮ ਨੇ ਆਪਣੀ ਸ਼ਰਾਬ ਵਾਲਾ ਸਾਰਾ ਹਾੜਾ ਇਕੇ ਸਾਹ ਖਿਚ ਲਿਆ।
ਇਹ ਵਾਰਤਾਲਾਪ ਸੁਣ ਕੇ ਬਲਜ਼ਾਕ ਦੇ ਕੰਨ ਖੜ੍ਹੇ ਹੋ ਗਏ। ਉਹ ਉੱਠਿਆ ਤੇ ਟੌਮ ਕੋਲ ਆਇਆ, “ਟੌਮ, ਓਏ ਟੌਮੀ? ਚੱਲ ਬੇਲੀਆ ਤੈਨੂੰ ਘਰ ਛੱਡ ਆਵਾਂ। ਐਵੇਂ ਕਜ਼ੀਆ ਪਾ ਰੱਖਿਐ। ਤੈਨੂੰ ਬਹੁਤ ਚੜ੍ਹ ਗਈ ਹੈ। ਇਥੇ ਕੋਈ ਹੋਰ ਰੰਗ ਵਿਚ ਭੰਗ ਪੈ ਜਾਊਗਾ।”
“ਭਾਜੀ ਲੈ ਜੋ ਇਹਨੂੰ ਇਥੇ ਐਵੇਂ ਕਿਸੇ ਤੋਂ ਕੁੱਟ ਖਾਹੂ।”
ਲਕੜਹਾਰੇ ਹੈਰੀ ਦੇ ਇਨ੍ਹਾਂ ਕਹਿਣ ’ਤੇ ਟੌਮ ਭੜਕ ਉੱਠਿਆ ਤੇ ਜਾ ਕੇ ਉਸ ਨਾਲ ਝਪਟ ਪਿਆ, “ਭੈਣ ਦਿਆ ਲਕੜਾ, ਮੈਨੂੰ ਹੱਥ ਤਾਂ ਲਾ ਕੇ ਦੇਖ? ਤੇਰੇ ਡੱਕਰੇ ਨਾ ਕਰ’ਦਾਂ ਤਾਂ ਮੈਨੂੰ ਟੌਮ ਟੇਲਰ (ਸ਼ੀਬਾ) ਕਿਹਨੇ ਕਹਿਣਾ।ਭੈਣ ਦਾ ਟਕਾ ਮੇਰੇ ਨਾਲ ਪੰਗੇ ਲੈਂਦੈ। ਵਖੀਏ ਉਦੇੜ ਕੇ ਰੱਖਦੂੰ। ਗੜਾਵਿਆ, ਤੈਥੋਂ ਤੋਂ ਆਪਦੀ ਭੈਣ ’ਤੇ ਰੰਨ ਨੰਬਰਦਾਰ ਕੋਲ ਗਹਿਣੇ ਪਈਆਂ ਤਾਂ ਹੁਣ ਤਾਈਂ ਛੁਡਾ ਨਹੀਂ ਹੋਈਆਂ। ਗੱਲਾਂ ਮਾਰਦੈ, ਵੱਡਾ ਸਾਨ੍ਹ।”
ਟੌਮ ਤੇ ਕੂਪਰ ਨੂੰ ਗੁੱਥਮਗੁੱਥਾ ਹੁੰਦਿਆਂ ਨੂੰ ਮੌਕੇ ’ਤੇ ਉਪਸਥਿਤ ਸਜਣਾਂ ਨੇ ਹਟਾ ਦਿੱਤਾ।ਬਲਜ਼ਾਕ ਨੇ ਟੌਮ ਦੀ ਕੱਛ ਵਿਚ ਸਿਰ ਦੇ ਕੇ ਉਸਨੂੰ ਜੱਫੀ ਵਿਚ ਲਿਆ ਤੇ ਸ਼ਰਾਬਖਾਨੇ ਵਿਚੋਂ ਤੋਰ ਕੇ ਟੌਮ ਨੂੰ ਉਸਦੇ ਘਰ ਵੱਲ ਲੈ ਤੁਰਿਆ।
ਰਸਤੇ ਵਿਚ ਜਾਂਦਿਆਂ ਟੌਮ ਥਥਲਾਉਂਦੀ ਅਵਾਜ਼ ਵਿਚ ਕਹਿਣ ਲੱਗਾ, “ਬੱਲੇ (ਬਲਜ਼ਾਕ ਦਾ ਛੋਟਾ ਨਾਮ) ਯਾਰ, ਇਹ ਸਾਲੇ ਸਮਝਦੇ ਨ੍ਹੀਂ। ਰੰਨਾਂ ਵਾਲੇ ਆ ਨਾ, ਤਾਂ ਕਰਕੇ। ਹੁਣ ਤੂੰ ਵੀ ਛੜੈਂ, ਮੈਂ ਵੀ ਛੜਾਂ। ਤੂੰ ਮੇਰਾ ਬਾਈ, ਮੈਂ ਤੇਰਾ ਬਾਈ।ਆਪਾਂ ਇਕ ਦੂਏ ਦਾ ਦੁੱਖ ਸਮਝਦੇ ਆਂ।” ਹਿਚਕੀਆਂ ਲੈਂਦਾ ਟੌਮ ਉੱਚੀ ਉੱਚੀ ਗੀਤ ਗਾਉਣ ਲੱਗ ਪਿਆ, “ ਹੋ…ਅ… ਹੋ, ਘੁੱਟ ਚਾਨਣੀ ਦੀ ਪੀ ’ਲੀ, ਤੇਰਾ ਕੀ ਗਿਐ? ਬੰਦ ਝੱਟ ਜੇ ਬੰਦੇ ਦੀ ਜੂਨ ਜੀ ਲਿਆਂ… ਦੱਸ ਬੱਲੇ ਮੈਥੋਂ ਜੇ ਰਹਿ ਨਹੀਂ ਹੋਇਆ ਤਾਂ ਇਹਦੇ ਵਿਚ ਮੇਰਾ ਕੀ ਕਸੂਰ ਆ? ਮੈਂ ਕਿਹੜਾ ਪਤਾਸੇ ਭੋਰ’ਤੇ? ਉਹ ਨੰਗੀ ਹੋ ਕੇ ਨਾ ਨਿਕਲਦੀ?”
“ਬਕਵਾਸ ਨਾ ਕਰ। ਮੂੰਹ ਬੰਦ ਕਰ। ਮੈਂ ਤੈਨੂੰ ਤੇਰੇ ਘਰੇ ਸੁਆਕੇ ਆਉਂਦਾ ਹਾਂ।”
“ਸੂੰਅਦੀਆਂ ਤਾਂ ਯਾਰ ਗਾਈਆਂ ਹੁੰਦੀਆਂ ਜਾਂ ਜੂੰਆਂ।ਤੂੰ ਬੰਦੇ ਕਦੋਂ ਤੋਂ ਸੂਆਉਂਣ ਲੱਗ ਪਿਐਂ?”
“ਤੁਰਿਆ ਚੱਲ ਤੁਰਿਆ ਚੱਲ… ਆਹੁਖੜ ਕੇ ਡਿੱਗ ਨਾ ਪਈਂ।” ਬਲਜ਼ਾਕ ਨੇ ਟੌਮ ਦੇ ਲੜਖੜਾਉਂਦੇ ਕਦਮ ਸੰਭਾਲੇ।
“ਬੱਲੇ ਯਾਰ… ਸਾਉਰੀ ਦੇ ਵਾਲ ਈ ਐਨੇ ਲੰਮੇ ਨੇ ਦਿਸਿਆ ਦੁਸਿਆ ਤਾਂ ਕੁਸ਼ ਨ੍ਹੀਂ ਤੀ। ਪਰ ਫੇਰ ਵੀ ਨਸ਼ਾ ਜਿਹਾ ਚੜ੍ਹਾ ਗਈ। ਧਰਮ ਨਾਲ ਰੰਨ ਪਹਿਲੇ ਤੋੜ ਦੀ ਸ਼ਰਾਬ ਅਰਗੀ ਆ। ਤੂੰ ਪਤੰਦਰਾ ਉਹਦੇ ਕੋਲੇ ਹਰ ਵੇਲੇ ਰਹਿਨਾਂ। ਸਵਾਦ ਜਿਆ ਆ ਜਾਂਦਾ ਹੋਣੈ, ਜਦੋਂ ਗੁਟਕੂ-ਗੂਟਕੂ ਕਰਦੀ ਫਿਰਦੀ ਨੂੰ ਦੇਖਦਾ ਹੋਮੇਗਾ? ਤੇਰੇ ਮੂਹਰੇ ਤਾਂ ਮਹੱਲ ’ਚ ਮੌਰਾਂ ਵਾਂਗੂ ਪੈਲ੍ਹਾਂ ਪਾਉਂਦੀ ਰਹਿੰਦੀ ਹੋਣੀਆ ਆ, ਹੈ ਕੁ ਨਾ? ਤੇਰੇ ਅਰਗਾ ਲਟੈਣ ਜਿਹਾ ਮਨੁੱਖ ਤਾਂ ਉਹ ਭਾਲਦੀ ਐ।”
ਬਲਜ਼ਾਕ ਕੁਝ ਨਾ ਬੋਲਿਆ। ਟੌਮ ਨੂੰ ਉਹਦੇ ਘਰ ਬਿਸਤਰੇ ਵਿਚ ਲਿਟਾ ਕੇ ਬਲਜ਼ਾਕ ਤਬੇਲੇ ਨਾਲ ਬਣੀ ਆਪਣੀ ਰਿਹਾਇਸ਼ਗਾਹ ਵਿਚ ਆ ਗਿਆ। ਉਸਨੇ ਆਪਣੇ ਪਹਿਨੇ ਹੋਏ ਗਹਿਣੇ ਉਤਾਰੇ। ਲੱਕ ਨਾਲੋਂ ਬੰਨ੍ਹੀ ਹੋਈ ਪੇਟੀ ਖੋਲੀ ਤਾਂ ਉਸ ਵਿਚ ਪਿਆ ਚਾਕੂ ਇਨਸਾਨੀ ਖੂਨ ਨਾਲ ਲਿਬੜਿਆ ਹੋਇਆ ਸੀ। ਬਲਜ਼ਾਕ ਨੇ ਰੂੰ ਦੇ ਫੰਭੇ ਪਾਣੀ ਵਿਚ ਭਿਉਂ ਕੇ ਚਾਕੂ ਸਾਫ ਕੀਤਾ ਤੇ ਸੌਂ ਗਿਆ।
ਉਸ ਰਾਤ ਲਾਰਡ ਲਿਊਫਰਿਕ ਤੇ ਲੇਡੀ ਗੌਡੀਵਾ ਪਤੀ ਪਤਨੀ ਵਾਂਗ ਸੁੱਤੇ ਤੇ ਉਹਨਾਂ ਨੇ ਇਕ ਦੂਜੇ ਨੂੰ ਰੱਜ ਕੇ ਪਿਆਰ ਕੀਤਾ।ਤਮਾਮ ਰਾਤ ਉਹਨਾਂ ਦੀ ਸਬਾਤ ਦੀਆਂ ਮਿਸ਼ਾਲਾਂ ਜਗਦੀਆਂ ਰਹੀਆਂ।
ਅਗਲੀ ਸਵੇਰੇ ਬਲਜ਼ਾਕ ਦੇਰ ਤੱਕ ਸੁੱਤਾ ਰਿਹਾ। ਜਦ ਉਹ ਉੱਠਿਆ ਤਾਂ ਸਥਾਨਕ ਗਿਰਜ਼ਾਘਰ ਦਾ ਘਡਿਆਲ ਤਿੰਨ ਵਾਰੀ ਵੱਜਿਆ। ਫਿਰ ਇਕ ਮਿੰਟ ਦਾ ਵਕਫਾ ਪਾ ਕੇ ਤਿੰਨ ਘੰਟੀਆਂ ਵੱਜੀਆਂ। ਇਕ ਮਿੰਟ ਦੇ ਅੰਤਰਾਲ ਮਗਰੋਂ ਤਿੰਨ ਹੋਰ ਟੱਲ ਖੜਕੇ।ਸਭ ਨਗਰ ਨਿਵਾਸੀ ਆਪਣੇ ਕੰਮ-ਧੰਦੇ ਛੱਡ ਕੇ ਖਲੋਅ ਗਏ, “ਹੈਂ? ਨੌ ਘੰਟੀਆਂ? ਨਾਇਨ ਟੈਲਰ ਮੇਕਸ ਏ ਮੈਨ! ਯਾਨੀ ਕੋਈ ਪੁਰਸ਼ ਰੱਬ ਨੂੰ ਪਿਆਰਾ ਹੋ ਗਿਆ ਹੈ?”
ਸਾਰੀ ਕੌਫ’ਸ ਟਰੀ ਵਿਚ ਟੌਮ ਦੀ ਮੌਤ ਦੀ ਖਬਰ ਜੰਗਲ ਦੀ ਅੱਗ ਵਾਂਗ ਪਲਾਂ-ਛਿਨਾਂ ਵਿਚ ਫੈਲ ਗਈ।ਕਿਸੇ ਨੇ ਰਾਤ ਨੂੰ ਟੌਮ ਦੀਆਂ ਅੱਖਾਂ ਕੱਢ ਕੇ ਉਸਨੂੰ ਜਾਨੋਂ ਮਾਰ ਦਿੱਤਾ ਹੈ।ਲੋਕਾਂ ਨੇ ਇਸਨੂੰ ਕੁਦਰਤ ਦੀ ਕਰੋਪੀ ਦਾ ਨਾਮ ਦੇ ਦਿੱਤਾ। ਪਾਦਰੀ ਲੈਲਸਿਸ ਬਾਇਬਲ ਦੇ ਹਵਾਲੇ ਦੇ ਕੇ ਲੋਕਾਂ ਨੂੰ ਵਿਖਿਆਨ ਕਰਨ ਲੱਗਾ ਕਿ ਬੂਰੇ ਕਰਮ ਦਾ ਬੂਰਾ ਨਤੀਜਾ ਹੁੰਦਾ ਹੈ। ਉਸੇ ਹੀ ਦਿਨ ਟੌਮ ਨੂੰ ਦਫਨਾ ਕੇ ਉਸਦੀ ਆਤਮਕ ਦੀ ਸ਼ਾਂਤੀ ਲਈ ਗਿਰਜ਼ਾਘਰ ਵਿਚ ਪ੍ਰਥਨਾ ਕਰ ਦਿੱਤੀ ਗਈ।
ਅਗਲੇ ਦਿਨ ਤੋਂ ਕੌਫ’ਸ ਟਰੀ ਵਿਚ ਸਭ ਕੁਝ ਆਮ ਵਾਂਗ ਚੱਲਣ ਲੱਗਾ।ਟੌਮ ਨੂੰ ਉਸਦੇ ਕੁਕਰਮ ਦੀ ਐਡੀ ਛੇਤੀ ਸਜ਼ਾ? ਲਿਉਫਰਿਕ ਟੌਮ ਦੇ ਦੋਸ਼ ਨਾਲ ਆਪਣੇ ਗੁਨਾਹ ਦਾ ਤੁਲਨਾਤਮਕ ਅਧਿਐਨ ਕਰਦਾ ਹੋਇਆ ਝੰਜੋੜਿਆ ਗਿਆ। ਇਸ ਘਟਨਾ ਤੋਂ ਬਾਅਦ ਲਿਉਫਰਿਕ ਬਹੁਤ ਬਦਲ ਗਿਆ। ਉਸ ਵਿਚ ਅਹਿਮ ਧਰਮ ਪ੍ਰਵਿਰਤਨ ਆਇਆ। ਉਸਦੀ ਸਖਸ਼ੀਅਤ ਵਿਚ ਨਿਹਾਇਤ ਤਬਦੀਲੀ ਆ ਗਈ। ਪਸ਼ਚਾਤਾਪ ਕਰਨ ਹਿੱਤ ਉਸਨੇ ਇਸਾਈ ਮੱਠਾਂ ਨੂੰ ਦਾਨ ਪੁੰਨ ਕਰਨਾ ਸ਼ੁਰੂ ਕਰ ਦਿੱਤਾ।ਗੌਡੀਵਾ ਆਪਣੇ ਮਹਿਲ ਵਾਲੇ ਹਮਾਮ ਦੀ ਬਜਾਏ ਝੀਲ ਉੱਤੇ ਇਸ਼ਾਨਾਨ ਕਰਨ ਨੂੰ ਤਰਜ਼ੀਹ ਦੇਣ ਲੱਗੀ।
ਸਾਲ ਬਾਅਦ ਲਿਉਫਰਿਕ ਦੇ ਘਰ ਗੌਡੀਵਾ ਦੀ ਕੁੱਖੋਂ ਇਕ ਪੁੱਤਰ ਐਲਫਗਾਰ ਨੇ ਜਨਮ ਲਿਆ। ਐਲਫਗਾਰ ਬਲਜ਼ਾਕ ਨਾਲ ਖੇਡ ਕੇ ਵੱਡਾ ਹੋਣ ਲੱਗਾ। ਬਲਜ਼ਾਕ ਨੇ ਐਲਫਗਾਰ ਨੂੰ ਘੋੜ ਸਵਾਰੀ, ਸ਼ਸਤਰ ਵਿਦਿਆ ਸਿਖਾਈ। ਤਲਵਾਰਬਾਜ਼ੀ ਅਤੇ ਤੀਰਅੰਦਾਜ਼ੀ ਵਿਚ ਨਿਪੁੰਨ ਕੀਤਾ।
ਲਿਉਫਰਿਕ ਨੇ ਰਾਜੇ ਐਡਵਰਡ ਕੌਨਫੈਸਰ ਨੂੰ ਮਨਾ ਕੇ 1051 ਵਿਚ ਪੂਰੇ ਦੇਸ਼ ਵਿਚੋਂ ਹੈਰੇਗੇਲਡ ਉਗਰਾਹੁਣਾ ਬੰਦ ਕਰਵਾ ਦਿੱਤਾ। ਜਦੋਂ ਐਲਫਗਾਰ ਚੌਦਾਂ ਸਾਲਾਂ ਦਾ ਹੋਇਆ ਤਾਂ ਲਿਊਫਰਿਕ ਦੀ ਮੌਤ ਦੇ ਟੱਲ ਖੜ੍ਹਕ ਗਏ।
ਐਲਫਗਾਰ ਦੇ ਨਿਆਣਾ ਹੋਣ ਕਰਕੇ ਗੌਡੀਵਾ ਨੇ ਤਰੱਕੀ ਦੇ ਕੇ ਬਲਜ਼ਾਕ ਨੂੰ ਆਪਣਾ ਨਿੱਜੀ ਸਕੱਤਰ ਬਣਾ ਲਿਆ। ਬਲਜ਼ਾਕ ਉਸਦੇ ਸਰਕਾਰੀ ਕੰਮਾਂ ਵਿਚ ਸਹਿਯੋਗ ਦੇਣ ਲੱਗ ਪਿਆ। ਗੌਡੀਵਾ ਨੇ ਇਕ ਇਕ ਕਰਕੇ ਸਭ ਲਗਾਨ ਬੰਦ ਕਰਨੇ ਸ਼ੁਰੂ ਕਰ ਦਿੱਤੇ। ਆਪਣੀ ਆਮਦਨ ਦਾ ਬਹੁਤਾ ਭਾਗ ਉਹ ਇਸਾਈ ਮੱਠਾਂ ਨੂੰ ਅਤੇ ਗਰੀਬਾਂ ਨੂੰ ਦਾਨ ਕਰ ਦਿੰਦੀ। ਇਥੋਂ ਤੱਕ ਕਿ ਗਹਿਣਿਆਂ ਦੀ ਸ਼ੌਂਕੀਣ ਹੋਣ ਦੇ ਬਾਵਜੂਦ ਉਹ ਆਪਣੇ ਪਹਿਨੇ ਹੋਏ ਗਹਿਣੇ ਵੀ ਉਤਾਰ ਕੇ ਪੂਜ ਦਿੰਦੀ।
ਨੋਰਮਨ (ਨੋਰਮੈਂਡੀ, ਫਰਾਂਸ ਦੇ ਵਸਨੀਕ) ਫੌਜਾਂ ਨੇ ਮਾਰਸੀਆ ’ਤੇ ਹੱਲੇ-ਬੋਲਣੇ ਸ਼ੁਰੂ ਕਰ ਦਿੱਤੇ।ਐਲਫਗਾਰ ਚੌਵੀ ਸਾਲਾਂ ਦਾ ਗੱਭਰੂ ਹੋ ਗਿਆ। ਬਲਜ਼ਾਕ ਵਾਂਗ ਦਰਸ਼ਨੀ, ਨਿਰੋਆ, ਫੌਲਾਦੀ ਜੁੱਸਾ ਤੇ ਗੌਡੀਵਾਂ ਵਾਂਗ ਸੁੰਦਰ, ਸੋਹਣਾ-ਸੁਨੱਖਾ ਤੇ ਉੱਚਾ-ਲੰਮਾ। ਲਿਉਫਰਿਕ ਵਾਂਗ ਤੇਜ਼ ਦਿਮਾਗ, ਚੁਸਤ ਫੁਰਤੀਲਾ ਤੇ ਸਿਆਸਤੀ। ਰਜਵਾੜਿਆਂ ਵਾਂਗ ਐਲਫਗਾਰ ਵੱਡੇ ਪਲੰਘ ਉੱਤੇ ਨਾ ਸੌਂਦਾ।ਬਲਕਿ ਸੈਨਿਕਾਂ ਦੀ ਤਰ੍ਹਾਂ ਛੋਟੇ ਕਮਜ਼ੋਰ ਵਾਹੀਆਂ ਵਾਲੇ ਮੰਜੇ ’ਤੇ ਸੌਣ ਦਾ ਆਦੀ ਹੋ ਗਿਆ। ਐਨੇ ਛੋਟੇ ਮੰਜੇ ’ਤੇ ਕਿ ਜਿਸ ਉੱਤੇ ਸਿਰਫ ਧੜ ਹੀ ਟਿਕਦਾ ਤੇ ਲੱਤਾਂ ਧਰਤੀ ਉੱਤੇ ਲਗਾ ਕੇ ਸੌਣਾ ਪੈਂਦਾ। ਬਲਜ਼ਾਕ ਨੇ ਅਜਿਹੇ ਮੰਜਿਆਂ ’ਤੇ ਸੌਣ ਦਾ ਭੇਤ ਬਿਆਨ ਕਰਦਿਆਂ ਐਲਫਗਾਰ ਨੂੰ ਦੱਸਿਆ ਸੀ ਕਿ ਅਜਿਹੇ ਮੰਜਿਆਂ ਉੱਤੇ ਸੈਨਿਕ ਇਸ ਲਈ ਸੌਂਦੇ ਹਨ ਤਾਂ ਕਿ ਅਗਰ ਦੁਸ਼ਮਣ ਰਾਤ ਨੂੰ ਸੁੱਤੇ ਪਿਆਂ ਦੀਆਂ ਬਾਹਾਂ ਬੰਨ੍ਹ ਦੇਣ ਤਾਂ ਸਣੇ ਮੰਜੇ ਖੜ੍ਹੇ ਹੋ, ਮੰਜੇ ਦੀਆਂ ਬਾਹੀਆਂ ਤੋੜ ਕੇ ਆਪਣੇ ਆਪਨੂੰ ਅਜ਼ਾਦ ਕਰਵਾਇਆ ਜਾ ਸਕੇ। ਬਲਜ਼ਾਕ ਨੇ ਐਲਫਗਾਰ ਨੂੰ ਅਵੱਲ ਦਰਜ਼ੇ ਦਾ ਯੋਧਾ ਬਣਾ ਦਿੱਤਾ।
ਕਈ ਵਰ੍ਹਿਆਂ ਤੋਂ ਨਾਕਾਮ ਹਮਲੇ ਕਰਨ ਬਾਅਦ ਨੋਰਮਨ ਫੌਜਾਂ ਨੇ ਹੇਸਟਿੰਗ ਦੀ ਜੰਗ ਵਿਚ ਐਡਵਰਡ ਦੇ ਵਾਰਿਸ ਹੈਰੋਲਡ ਗੌਡਵਿਨਸਨ ਨੂੰ ਕਰਾਰੀ ਹਾਰ ਦੇ ਕੇ ਇੰਗਲੈਂਡ ਦੇ ਸਿੰਘਾਸਨ ਉੱਤੇ ਆਪਣਾ ਕਬਜ਼ਾ ਕਰ ਲਿਆ।ਨੋਰਮੈਂਡੀ ਦੇ ਰਜਵਾੜਿਆਂ ਨੇ ਐਲਫਗਾਰ ਦੀ ਬਹਾਦਰੀ ਦੇ ਕਿੱਸੇ ਸੁਣੇ ਹੋਏ ਹਨ।ਫਰਾਂਸੀਸੀ ਹੁਕਮਰਾਨਾਂ ਵੱਲੋਂ ਐਲਫਗਾਰ ਨੂੰ ਆਪਣੀ ਸੈਨਾ ਵਿਚ ਭਰਤੀ ਕਰਨ ਦੇ ਪ੍ਰਸਤਾਵ ਆਉਣ ਲੱਗੇ।
ਗੌਡੀਵਾ ਨੇ ਅਜੇ ਐਲਫਗਾਰ ਦੇ ਸਿਰ ਸਾਰੀਆਂ ਜ਼ਿੰਮੇਵਾਰੀਆਂ ਪਾਉਣ ਬਾਰੇ ਸੋਚਿਆ ਹੀ ਰਹੀ ਸੀ ਕਿ ਕੌਫ’ਸ ਟਰੀ ਵਿਚ ਇਕ ਪਲੇਗ ਨਾਂ ਦੀ ਭਿਆਨਕ ਬਿਮਾਰੀ ਫੈਲ ਗਈ। ਲੋਕ ਮਰਨ ਲੱਗੇ। ਵੈਦਾਂ-ਹਕੀਮਾਂ ਕੋਲ ਉਸਦਾ ਕੋਈ ਇਲਾਜ਼ ਉਪਲਬਧ ਨਹੀਂ ਹੈ। ਐਲਫਗਾਰ ਵੀ ਇਸੇ ਤਾਊਨ ਨਾਮੁਰਾਦ ਬਿਮਾਰੀ ਨਾਲ ਕਈ ਦਿਨ ਪੀੜਤ ਰਹਿਣ ਬਾਅਦ ਚੱਲ ਵਸਿਆ। ਐਲਫਗਾਰ ਦੀ ਮੌਤ ਤੋਂ ਉਪਰੰਤ ਗੌਡੀਵਾ ਬੁਰੀ ਤਰ੍ਹਾਂ ਟੁੱਟ ਗਈ। ਗੌਡੀਵਾ ਨੇ ਮਹਿਲ ਵਿਚੋਂ ਬਾਹਰ ਜਾਣਾ ਘੱਟ ਕਰ ਦਿੱਤਾ। ਸਾਰਾ ਸਾਰਾ ਦਿਨ ਉਹ ਆਪਣੇ ਸੌਣ ਕਮਰੇ ਵਿਚ ਸ਼ਰਾਬ ਪੀ ਕੇ ਪਈ ਰਹਿੰਦੀ।ਬਲਜ਼ਾਕ ਉਸਦਾ ਕੰਮਕਾਰ ਸਾਂਭਦਾ।ਜਦੋਂ ਕਦੇ ਕਿਸੇ ਸਰਕਾਰੀ ਦਸਤਾਵੇਜ਼ ’ਤੇ ਦਸਤਖਤ ਕਰਵਾਉਣੇ ਹੁੰਦੇ ਜਾਂ ਕਿਸੇ ਕੰਮ ਲਈ ਬਲਜ਼ਾਕ ਨੇ ਗੌਡੀਵਾ ਨੂੰ ਮਿਲਣਾ ਹੁੰਦਾ ਤਾਂ ਉਸਨੂੰ ਗੌਡੀਵਾ ਦੀ ਹਾਲਤ ਦੇਖਕੇ ਰੋਣਾ ਆ ਜਾਂਦਾ। ਉਹ ਗੌਡੀਵਾ ਨੂੰ ਸਮਝਾਉਂਦਾ। ਉਸਦੀਆਂ ਮਿੰਨਤਾਂ ਕਰਦਾ। ਸਹੁੰਆਂ ਖੁਆਉਂਦਾ ਤੇ ਕਦੇ ਕਦੇ ਮੋਹ ਵਿਚ ਆ ਕੇ ਇਸਰਾਰ ਵੀ ਕਰਦਾ। ਬਲਜ਼ਾਕ ਗੌਡੀਵਾ ਅੰਦਰ ਜਿਉਣ ਦੀ ਲਾਲਸਾ ਪੈਦਾ ਕਰਦਾ ਤੇ ਕਦੇ ਕਦੇ ਤਾਂ ਭੁੰਜੇ ਡਿੱਗੀ ਪਈ ਨੂੰ ਚੁੱਕ ਕੇ ਬਿਸਤਰੇ ਉੱਪਰ ਵੀ ਲਿਟਾ ਦਿੰਦਾ।
ਐਲਫਗਾਰ ਦੇ ਦਿਹਾਂਤ ਤੋਂ ਸਾਲ ਬਾਅਦ ਨੋਰਮਨ ਫੌਜਾਂ ਨੇ ਸਕਰੌਬੀਸਬਾਏਰਿਜ਼ ’ਤੇ ਹੱਲਾ ਬੋਲ ਕੇ ਕਬਜ਼ਾ ਕਰ ਲਿਆ। 1066 ਤੋਂ ਹੀ ਨੌਰਮਨਾਂ ਨੇ ਸੈਕਸਨਾਂ ਦੇ ਕਾਨੂੰਨ ਭੰਗ ਕਰਕੇ ਆਪਣੀ ਪ੍ਰਥਾ ਚਲਾ ਦਿੱਤੀ, ਜਿਸ ਅਨੁਸਾਰ ਅਜ਼ਾਦ ਅਤੇ ਇਕੱਲੀ ਜਨਾਨੀ ਨੂੰ ਕੋਈ ਸੰਪਤੀ ਰੱਖਣ ਦਾ ਅਧਿਕਾਰ ਨਹੀਂ ਰਹਿਣ ਦਿੱਤਾ। ਭਾਵੇਂ ਉਹ ਜਾਗੀਰ ਵਸੀਅਤ ਰਾਹੀਂ ਮਿਲੀ ਜਾਂ ਔਰਤ ਦੇ ਸਵਰਗਵਾਸੀ ਪਤੀ ਦੀ ਹੀ ਕਿਉਂ ਨਾ ਹੋਵੇ।ਲਿਉਫਰਿਕ ਦੀ ਜਾਗੀਰ, ਜੋ ਗੌਡੀਵਾ ਨੂੰ ਮਿਲੀ ਸੀ, ਧਾੜਵੀਆਂ ਵੱਲੋਂ ਜ਼ਬਤ ਕਰ ਲਈ ਗਈ।ਗੌਡੀਵਾ ਨੂੰ ਇਸਦਾ ਗਹਿਰਾ ਸਦਮਾ ਲੱਗਿਆ।ਗੌਡੀਵਾ ਅਚਾਨਕ ਬਿਮਾਰ ਹੋ ਗਈ।
ਕਈ ਦਿਨ ਬਿਮਾਰ ਰਹਿਣ ਉਪਰੰਤ ਗੌਡੀਵਾ ਦੀ ਮੌਤ ਦੀ ਖਬਰ ਮਹਿਲ ਵਿਚੋਂ ਆਈ। ਗਿਰਜਾਘਰ ਦਾ ਘਡਿਆਲ ਛੇ ਵਾਰ ਵੱਜਿਆ। ਗੌਡੀਵਾ ਦੀ ਮ੍ਰਿਤਕ ਦੇਹ ਨੂੰ ਐਬੀ ਗਿਰਜ਼ਾਘਰ ਨਾਲ ਪੈਂਦੇ ਬੈਨੇਡਿਕਟਾਇਨ ਇਸਾਈ ਮੱਠ ਦੇ ਕਬਰਸਤਾਨ ਵਿਚ ਲਿਉਫਰਿਕ ਦੀ ਕਬਰ ਨਾਲ ਦਫਨਾ ਦਿੱਤਾ ਗਿਆ। ਲੇਕਿਨ ਕਿਸੇ ਨੇ ਗੌਡੀਵਾ ਦਾ ਮੂੰਹ ਦੇਖ ਕੇ ਉਸਦੇ ਅੰਤਮ ਦਰਸ਼ਨ ਨਾ ਕੀਤੇ। ਕਿਉਂਕਿ ਕੌਫ’ਸ ਟਰੀ ਦੇ ਵਹਿਮੀ ਲੋਕਾਂ ਦੀ ਧਾਰਨਾ ਹੈ ਕਿ ਅਗਰ ਮਰੇ ਵਿਅਕਤੀ ਦਾ ਅੰਤਿਮ ਯਾਤਰਾ ਸਮੇਂ ਮੂੰਹ ਨਾ ਦੇਖਿਆ ਜਾਵੇ ਤਾਂ ਉਹ ਸਵਰਗਾਂ ਵਿਚ ਜਾਂਦਾ ਹੈ ਤੇ ਤੁਹਾਨੂੰ ਕਦੇ ਨਾ ਕਦੇ ਕਿਸੇ ਨਾ ਕਿਸੇ ਰੂਪ ਵਿਚ ਜ਼ਰੂਰ ਮਿਲਦਾ ਹੈ।ਕੌਫ’ਸ ਟਰੀ ਦੇ ਲੋਕਾਂ ਉੱਤੇ ਗੌਡੀਵਾ ਨੇ ਅਨੇਕਾਂ ਪ੍ਰਉਪਕਾਰ ਕੀਤੇ ਹਨ।ਇਸ ਲਈ ਲੋਕਾਂ ਵਿਚ ਉਹ ਹਰਮਨ ਪਿਆਰੀ ਹੈ। ਸਭ ਉਸ ਨੂੰ ਦੁਬਾਰਾ ਮਿਲਣਾ ਚਾਹੁੰਦੇ ਹਨ। ਕੌਫ’ਸ ਟਰੀ ਵਿਚ ਸਿਰਫ ਘੋੜਿਆਂ ਦੇ ਲਗਾਨ ਤੋਂ ਬਿਨਾ ਸਭ ਲਗਾਨ ਗੌਡੀਵਾ ਵੱਲੋਂ ਬੰਦ ਕਰ ਦਿੱਤੇ ਗਏ ਹਨ।
ਗੌਡੀਵਾ ਦੇ ਪੰਖ ਪਖੇਰੂ ਉੱਡਣ ਦੀ ਸੂਚਨਾ ਮਿਲਦਿਆਂ ਹੀ ਰਾਜੇ ਵਿਲੀਅਮ ਨੇ ਗੌਡੀਵਾ ਦੀ ਸਮੂਚੀ ਸੰਪਤੀ ਜਪਤ ਕਰ ਲਿੱਤੀ।
ਉਸ ਦਿਨ ਤੋਂ ਬਾਅਦ ਬਲਜ਼ਾਕ ਤੇ ਗੌਡੀਵਾ ਦਾ ਪਿਆਰਾ ਸਫੇਦ ਘੋੜਾ ਕਿਸੇ ਨੂੰ ਨਹੀਂ ਦਿਸਿਆ।
ਕੁਝ ਵਰ੍ਹਿਆਂ ਬਾਅਦ ਇਕ ਰੋਜ਼ ਹੌਲੀ ਟਰਿਨਟੀ ਗਿਰਜ਼ਾਘਰ ਈਔਫਜ਼ਹੈਮ ਦਾ ਪਾਦਰੀ ਗਿਰਜ਼ਾਘਰ ਆਇਆ ਤਾਂ ਉਸਨੇ ਚਰਚ ਦੇ ਕਬਰਸਤਾਨ ਵਿਚ ਇਕ ਨਵੀਂ ਬਣੀ ਕਬਰ ਦੇਖੀ। ਪਾਦਰੀ ਨੂੰ ਚੌਂਕੀਦਾਰ ਨੇ ਦੱਸਿਆ ਕਿ ਰਾਤ ਇਸ ਕਬਰ ਉੱਤੇ ਉਸਨੇ ਕਿਸੇ ਦਰਮਿਆਨੇ ਕੱਦ ਦੇ ਹੱਟੇ-ਕੱਟੇ ਪੁਰਸ਼ ਨੂੰ ਫੁੱਲ ਚੜ੍ਹਾਉਂਦੇ ਅਤੇ ਰੋਂਦੇ ਹੋਏ ਦੇਖਿਆ ਸੀ।ਜਿਸਦੇ ਵਾਲਾਂ ਵਿਚ ਧੌਲੇ ਅਤੇ ਖੱਬੇ ਡੌਲੇ ਉੱਤੇ ਬਾਜ਼ ਖੁਣਿਆ ਹੋਇਆ ਸੀ।
****
ਅੰਤਿਕਾ: ਇਸ ਉਪਰੰਤ ਗੌਡੀਵਾ ਕਹਾਣੀਆਂ, ਨਾਟਕਾਂ ਅਤੇ ਤਸਵੀਰਾਂ ਵਿਚ ਆਈ।ਕਵੈਂਟਰੀ ਦੇ ਕਥੀਡਰਲ ਸ਼ਾਪਿੰਗ ਸੈਂਟਰ ਵਿਚ ਗੌਡੀਵਾ ਦਾ ਵਿਸ਼ਾਲ ਬੁੱਤ ਲੱਗਾ ਹੈ। ਦੂਜੇ ਬੁੱਤ ਵਿਚ ਨਗਨ ਘੋੜ ਸਵਾਰ ਗੌਡੀਵਾ ਨਿਕਲਦੀ ਹੈ ਤੇ ਟੌਮ ਟੇਲਰ ਝਾਤੀ ਮਾਰ ਕੇ ਖਿੜਕੀ ਵਿਚ ਵੜ ਜਾਂਦਾ ਹੈ। ਇਹ ਕ੍ਰਿਆ ਹਰ ਗੰਟੇ ਬਾਅਦ ਦੌਹਰਾਈ ਜਾਂਦੀ ਹੈ।ਅੱਜ ਵੀ ਹਰ ਸਾਲ ਜੁਲਾਈ ਮਹੀਨੇ ਗੌਡੀਵਾ ਦੀ ਯਾਦ ਵਿਚ ਜਲੂਸ ਨਿਕਲਦਾ ਹੈ, ਜਿਸਨੂੰ ਗੌਡੀਵਾ ਫੇਸਟੀਵਲ ਕਿਹਾ ਜਾਂਦਾ ਹੈ।
****
ਹੋਰ ਪੜੋ...
Labels:
ਕਿਸ਼ਤ 5
ਲੇਡੀ ਗੌਡੀਵਾ ਦਾ ਨੰਗਾ ਸੱਚ (4)
ਲਿਉਫਰਿਕ ਦੀ ਸ਼ਰਤ ਸੁਣ ਕੇ ਇਕ ਵਾਰ ਤਾਂ ਗੌਡੀਵਾ ਦੇ ਮਨ ਉੱਤੇ ਬਿਜ਼ਲੀ ਡਿੱਗ ਪਈ। ਉਸਨੂੰ ਜਾਪਿਆ ਜਿਵੇਂ ਕਿਸੇ ਨੇ ਉਸਦੇ ਸਿਰ ਉੱਤੇ ਘਣ ਮਾਰ ਦਿੱਤਾ ਹੁੰਦਾ ਹੈ।ਗੌਡੀਵਾ ਖਾਮੋਸ਼ ਹੋ ਗਈ। ਉਸਨੇ ਲਿਉਫਰਿਕ ਨੂੰ ਕੋਈ ਜੁਆਬ ਨਾ ਦਿੱਤਾ। ਉਹ ਲਿਉਫਰਿਕ ਵੱਲ ਪਿੱਠ ਕਰਕੇ ਸਾਰੀ ਰਾਤ ਪਈ ਰਹੀ। ਨਾ ਸੁੱਤੀ ਤੇ ਨਾ ਹੀ ਉਸਨੂੰ ਨੀਂਦ ਆਈ। ਵਿਚਾਰਾਂ ਅਤੇ ਸੋਚਾਂ ਦੀ ਕਸ਼ਮਕਸ਼ ਵਿਚ ਉਹ ਸਾਰੀ ਰਾਤ ਸੋਚਦੀ ਰਹੀ।
ਮਿਸ਼ਾਲਾਂ ਦੀ ਰੋਸ਼ਨੀ ਨੂੰ ਰੁਖਸਤ ਕਰਕੇ ਸੂਰਜ ਦੀਆਂ ਕਿਰਨਾਂ ਪਹਿਰੇ ਉੱਤੇ ਆ ਬੈਠੀਆਂ।ਦਿਨ ਦੇ ਉਜਾਲੇ ਵਿਚ ਅੱਜ ਕੋਈ ਕਾਲਖ ਘੁੱਲੀ ਹੋਈ ਹੈ।
ਲਿਉਫਰਿਕ ਨੇ ਪਲੰਘ ਤੋਂ ਉੱਠ ਕੇ ਬਾਹਾਂ ਉਲਾਰੀਆਂ, ਉਗਾੜੀ ਭੰਨ੍ਹੀ ਤੇ ਦੇਖਿਆ ਗੌਡੀਵਾ ਵੀ ਜਾਗ ਚੁੱਕੀ ਹੈ। ਉਹ ਇਸ ਗੱਲ ਤੋਂ ਅਣਜਾਣ ਹੈ ਕਿ ਗੌਡੀਵਾ ਤਾਂ ਸੁੱਤੀ ਹੀ ਨਹੀਂ ਹੈ।ਉਸਨੇ ਤਾਂ ਜਗਰਾਤਾ ਕੱਟਿਆ ਹੈ।
ਲਿਉਫਰਿਕ ਪਲੰਘ ਉੱਤੇ ਮੁੜ ਆ ਕੇ ਬੈਠ ਗਿਆ, “ਹਾਂ, ਫੇਰ ਕੀ ਸੋਚਿਆ ਜਾਨੇਮਨ?”
“ਸੋਚਣਾ ਕੀ ਐ? ਹਾਂ, ਮੈਂ ਬਿਨਾ ਕੋਈ ਕਪੜਾ ਪਹਿਨਿਆਂ ਕੌਫ’ਸ ਟਰੀ ਦੀਆਂ ਗਲੀਆਂ ਬਜ਼ਾਰਾਂ ਦਾ ਭ੍ਰਮਣ ਕਰਾਂਗੀ। ਬਜ਼ਾਰ ਕੱਲ੍ਹ ਹੀ ਲੱਗਣਾ ਹੈ ਨਾ? ਇਹ ਕੰਮ ਮੈਂ ਕੱਲ੍ਹ ਹੀ ਕਰਾਂਗੀ। ਤੁਸੀਂ ਆਪਣੇ ਵਾਅਦੇ ਉੱਤੇ ਪੱਕੇ ਰਹਿਣਾ।” ਗੌਡੀਵਾ ਨੇ ਦ੍ਰਿੜਤਾ ਨਾਲ ਉੱਤਰ ਦਿੱਤਾ।
“ਲੈ ਜਾਣਦੇ, ਭੁੱਲਿਆਂ ਮੈਂ ਤੈਨੂੰ ਵੱਡੀ ਬੇਬਾਕ ਨੂੰ। ਫੈਂਟਰ ਨ੍ਹੀਂ ਮਾਰੀਦੇ ਹੁੰਦੇ।”
“ਮੈਂ ਸੱਚ ਆਖ ਰਹੀ ਹਾਂ। ਇਹਨੂੰ ਫੂਕਰੀ ਨਾ ਸਮਝਿਉ।”
“ਦੇਖ ਲਾਂ’ਗੇ ਬਈ। ਚੋਰ ਗਿਆ ਕਿ ਹਨੇਰ ਗਿਆ। ਕੱਲ੍ਹ ਆਉਣ ’ਚ ਕਿਹੜਾ ਗੋਡੇ ਆ।”
ਲਿਉਫਰਿਕ ਕਚਿਹਰੀ ਲਾਉਣ ਚਲਾ ਗਿਆ। ਗੌਡੀਵਾ ਦੀ ਇਕ ਬੰਦੀ ਨੇ ਚੋਰੀ ਇਹ ਗੱਲ ਸੁਣ ਲਿੱਤੀ ਤੇ ਅੱਗੋਂ ਉਸਨੇ ਸਭ ਦਾਸੀਆਂ ਅਤੇ ਸੈਨੀਕਾਵਾਂ ਵਿਚ ਫੈਲਾਅ ਦਿੱਤੀ। ਸਭ ਜਾਣਦੇ ਹਨ ਕਿ ਗੌਡੀਵਾ ਬਹੁਤ ਜ਼ਿੱਦੀ ਹੈ। ਧੁੰਨ ਦੀ ਪੱਕੀ ਜੋ ਧਾਰ ਲੈਂਦੀ ਹੈ ਉਹ ਕਰਕੇ ਛੱਡਦੀ ਹੈ।ਸਭ ਨੂੰ ਇਹ ਖਦਸ਼ਾ ਹੈ ਕਿ ਕਿਧਰੇ ਗੌਡੀਵਾ ਸੱਚਮੁੱਚ ਹੀ ਅਜਿਹਾ ਕੁਝ ਨਾ ਕਰ ਦੇਵੇ। ਕੁਝ ਹੀ ਘੰਟਿਆਂ ਵਿਚ ਇਹ ਗੱਲ ਜੰਗਲ ਦੀ ਅੱਗ ਵਾਂਗ ਸਾਰੇ ਕੌਫ’ਸ ਟਰੀ ਵਿਚ ਫੈਲ ਗਈ।
ਬਲਜ਼ਾਕ ਨੂੰ ਜਦੋਂ ਇਸ ਬਾਰੇ ਪਤਾ ਚੱਲਿਆ ਤਾਂ ਉਹ ਸਿਰ ਤੋਂ ਪੈਰਾਂ ਤੱਕ ਝਿੰਜੋੜਿਆ ਗਿਆ।ਕੌਫ’ਸ ਟਰੀ ਦੀਆਂ ਗਲੀਆਂ, ਬਜ਼ਾਰਾਂ, ਮਕਾਨਾਂ, ਦੁਕਾਨਾਂ, ਹੱਟੀ, ਭੱਠੀ ’ਤੇ ਲਿਉਫਰਿਕ ਦੀ ਇਸ ਅਣਹੋਣੀ ਸ਼ਰਤ ਦੀ ਚਰਚਾ ਹੋਣ ਲੱਗੀ। ਉਸ ਸ਼ਾਮ ਬਲਜ਼ਾਕ ਦੇ ਉਦਮ ਸਦਕਾ ਕੌਫ’ਸ ਟਰੀ ਦੇ ਮੁਹਤਬਰ ਅਤੇ ਬਜ਼ੁਰਗ ਇਸਤਰੀ ਪੁਰਸ਼ਾਂ ਨੇ ਇਕ ਸਭਾ ਬੁਲਾਈ। ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਗੌਡੀਵਾ ਇਹ ਸਭ ਕੁਝ ਉਹਨਾਂ ਦੀ ਭਲਾਈ ਲਈ ਕਰ ਰਹੀ ਹੈ, ਇਸ ਲਈ ਬਜ਼ਾਰ ਵਾਲੇ ਦਿਨ ਕੋਈ ਵੀ ਬਾਹਰ ਨਹੀਂ ਨਿਕਲੇਗਾ।ਸਭ ਲੋਕ ਦਰਵਾਜ਼ੇ ਖਿੜਕੀਆਂ ਬੰਦ ਕਰਕੇ ਪਰਦੇ ਤਾਣ ਲੈਣਗੇ ਅਤੇ ਆਪੋ ਆਪਣੇ ਘਰਾਂ ਵਿਚ ਆਥਣ ਤੱਕ ਨਜ਼ਰਬੰਦ ਰਹਿਣਗੇ। ਇਸ ਨਾਲ ਲੇਡੀ ਗੌਡੀਵਾ ਲਿਉਫਰਿਕ ਦੀ ਸ਼ਰਤ ਵੀ ਪੂਰੀ ਕਰ ਦੇਵੇਗੀ ਅਤੇ ਗੌਡੀਵਾ ਨੂੰ ਪਸ਼ੇਮਾਨੀ ਦਾ ਸਾਹਮਣਾ ਵੀ ਨਹੀਂ ਕਰਨਾ ਪਵੇਗਾ। ਉਸਦੀ ਇੱਜ਼ਤ ਅਤੇ ਮਾਣ ਸਨਮਾਨ ਬਰਕਰਾਰ ਰਹੇਗਾ। ਜਨਤਾ ਨੂੰ ਹੈਰੇਗੇਲਡ ਟੈਕਸ ਤੋਂ ਨਿਜ਼ਾਤ ਵੀ ਮਿਲ ਜਾਵੇਗੀ। ਸਭ ਨੇ ਬਿਨਾ ਕਿਸੇ ਇਤਰਾਜ਼ ਦੇ ਇਸ ਮਤੇ ਨੂੰ ਪ੍ਰਵਾਨ ਲਿਆ ਤੇ ਖੁਦ ਅਤੇ ਆਪੋ ਆਪਣੇ ਪਰਿਵਾਰਾਂ ਨੂੰ ਵੀਰਵਾਰ ਵਾਲੇ ਦਿਨ ਨਜ਼ਰਬੰਦ ਰੱਖਣ ਦੀ ਕਸਮ ਚੁੱਕੀ।
ਅਗਲੇ ਦਿਨ ਦਾ ਸੂਰਜ ਚੜ੍ਹਿਆ। ਬਜ਼ਾਰ ਵਿਚ ਦੁਕਾਨਾਂ ਪਹਿਲਾਂ ਵਾਂਗ ਹੀ ਸਜੀਆਂ। ਸਮਾਨ ਵੀ ਪਹਿਲਾਂ ਵਾਂਗ ਹੀ ਟਿਕਾਇਆ ਗਿਆ। ਪਰ ਇਕ ਵੀ ਬੰਦਾ ਨਜ਼ਰ ਨਹੀਂ ਆ ਰਿਹਾ ਹੈ। ਸਭ ਆਪੋ ਆਪਣੇ ਘਰਾਂ ਵਿਚ ਆਪਣੇ ਆਪਨੂੰ ਕੈਦ ਕਰਕੇ ਬੈਠ ਗਏ ਹਨ। ਚਾਰੇ ਪਾਸੇ ਸੁੰਨ-ਸਰਾਂ… ਚੁੱਪ ਦਾ ਇਕ ਮਜ਼ਬੂਤ ਪਹਿਰਾ… ਇਕ ਕੰਨ ਪਾੜਵਾਂ ਸਨਾਟਾ ਛਾਇਆ ਪਿਆ ਹੈ ਚਾਰੇ ਪਾਸੇ।
ਗੌਡੀਵਾ ਦੀਆਂ ਦਾਸੀਆਂ ਬਲਜ਼ਾਕ ਤੋਂ ਗੌਡੀਵਾ ਦਾ ਪਿਆਰਾ ਚਿੱਟਾ ਘੋੜਾ ਲੈ ਆਈਆਂ। ਗੌਡੀਵਾ ਬਿਸਤਰੇ ਤੋਂ ਉੱਠੀ ਤੇ ਉਸ ਨੇ ਆਪਣੇ ਸੌਣ-ਵਸਤਰ ਦੇ ਬੀੜੇ ਖੋਲ੍ਹੇ ਨਹੀਂ, ਬਲਕਿ ਗੁੱਸੇ ਵਿਚ ਆ ਕੇ ਤੋੜ ਦਿੱਤੇ ਤੇ ਆਪਣਾ ਚੋਲਾ ਭੁੰਜੇ ਫਰਸ਼ ਉੱਤੇ ਸਿੱਟ ਕੇ ਨਗਨ ਗੁਸਲਖਾਨੇ ਵੱਲ ਚਲੀ ਗਈ। ਇਤਰਜਲ ਨਾਲ ਭਰੇ ਹਮਾਮ ਕੁੰਡ ਵਿਚ ਉਹ ਕਿੰਨੀ ਦੇਰ ਲੇਟੀ ਕੁਝ ਸੋਚਦੀ ਰਹੀ। ਜਦ ਗੌਡੀਵਾ ਬਾਹਰ ਨਿਕਲਦੀ ਹੈ ਤਾਂ ਦਾਸੀਆਂ ਨੇ ਉਸਦਾ ਪਿੰਡਾ ਪੂੰਝਿਆ ਤੇ ਉਸਨੂੰ ਵਸਤਰ ਪਹਿਨਾਉਣ ਦੀ ਪੇਸ਼ਕਸ਼ ਕੀਤੀ। ਵਸਤਰਾਂ ਦੀ ਪੇਸ਼ਕਸ਼ ਗੌਡੀਵਾ ਨੇ ਠੁਕਰਾ ਦਿੱਤੀ ਤੇ ਕੇਵਲ ਇਕ ਚਾਦਰ ਵਿਚ ਆਪਣਾ ਬਦਨ ਲਪੇਟ ਕੇ ਸਿੱਧਾ ਸੌਣ ਕਮਰੇ ਵੱਲ ਗਈ।ਲਿਉਫਰਿਕ ਰਾਤ ਨੂੰ ਸ਼ਰਾਬ ਜ਼ਿਆਦਾ ਪੀ ਜਾਣ ਕਾਰਨ ਅਜੇ ਤੱਕ ਸੁੱਤਾ ਪਿਆ ਹੈ। ਗੌਡੀਵਾ ਨੇ ਉਸਨੂੰ ਉਠਾਇਆ, “ਮੇਰੇ ਸਿਰਤਾਜ, ਮੈਂ ਤੁਹਾਡੀ ਸ਼ਰਤ ਪੂਰੀ ਕਰਨ ਜਾ ਰਹੀ ਹਾਂ। ਤੁਸੀਂ ਮਰਦਾਂ ਵਾਂਗ ਆਪਣੇ ਵਾਅਦੇ ਉੱਤੇ ਪੱਕੇ ਰਹਿਣਾ।”
ਗੌਡੀਵਾ ਨੇ ਸੱਪਣੀ ਦੇ ਕੁੰਜ ਲਾਹੁਣ ਵਾਂਗ ਆਪਣੇ ਇਰਦ-ਗਿਰਦ ਵਲੇਟੀ ਹੋਈ ਚਾਦਰ ਲਾਹ ਕੇ ਜ਼ਮੀਨ ’ਤੇ ਸੁੱਟ ਦਿੱਤੀ।
ਅੱਖਾਂ ਮਲਦਾ ਹੋਇਆ ਲਿਉਫਰਿਕ ਉੱਠਿਆ ਤੇ ਨਿਰਵਸਤਰ ਗੌਡੀਵਾ ਨੂੰ ਦੇਖਕੇ ਦੰਗ ਰਹਿ ਗਿਆ। ਉਹ ਜਾਣਦਾ ਹੈ ਕਿ ਪੱਥਰ ’ਤੇ ਲਕੀਰ ਵਾਂਗ ਗੌਡੀਵਾ ਦਾ ਫੈਸਲਾ ਅਟੱਲ ਹੈ। ਲਿਉਫਰਿਕ ਨੂੰ ਬੋਲਣ ਲਈ ਕੋਈ ਬੋਲ ਤੇ ਹਿੱਲਣ ਲਈ ਕੋਈ ਹਰਕਤ ਨਹੀਂ ਆਹੁੜ ਰਹੀ।
ਜਾਘਾਂ ਤੱਕ ਲਮਕਦੇ ਲੰਮੇ ਘਣੇ ਸਵਰਨ ਵੰਨੇ ਵਾਲ ਖੁੱਲ੍ਹੇ ਲਮਕਾਈ ਗੌਡੀਵਾ ਫੌਜੀਆਂ ਵਾਂਗ ਕਵਾਇਦ ਕਰਦੀ ਹੋਈ ਸੌਣ ਕਖਸ਼ ’ਚੋਂ ਬਾਹਰ ਚਲੀ ਗਈ।ਲਿਉਫਰਿਕ ਇਹ ਹੈਰਤਅੰਗੇਜ਼ ਵਾਕਿਆ ਮੂੰਹ ਅੱਡੀ ਤੱਕਦਾ ਹੀ ਰਹਿ ਗਿਆ।
ਅਗਲੇ ਹੀ ਪਲ ਗੌਡੀਵਾ ਦੋ ਘੋੜ ਸਵਾਰ ਸਪਹਿਣਾਂ ਨਾਲ ਆਪਣੇ ਚਿੱਟੇ ਘੋੜੇ ਉੱਤੇ ਨਿਰਵਸਤਰ ਬੈਠੀ, ਕੌਫ’ਸ ਟਰੀ ਦੀਆਂ ਗਲੀਆਂ ਵਿਚ ਗਸ਼ਤ ਕਰਨ ਲੱਗੀ। ਇਥੋਂ ਤੱਕ ਕਿ ਉਸਨੇ ਕੋਈ ਗਹਿਣਾ ਵੀ ਨਹੀਂ ਪਹਿਨਿਆ। ਉਸਦੇ ਤਨ ਉੱਤੇ ਇਕ ਵੀ ਕਪੜਾ ਨਹੀਂ ਹੈ। ਲੇਕਿਨ ਫਿਰ ਵੀ ਉਹ ਨਗਨ ਨਹੀਂ ਦਿਸਦੀ। ਕਿਉਂਕਿ ਉਸਦੇ ਗੁਪਤ ਅੰਗਾਂ ਨੂੰ ਉਸਦੇ ਗਜ਼-ਗਜ਼ ਲੰਮੇ ਵਾਲਾਂ ਨੇ ਕੱਜ ਰੱਖਿਆ ਹੈ।
ਦਿਨ ਭਰ ਉਹ ਕੌਫ’ਸ ਟਰੀ ਦੀਆਂ ਗਲੀਆਂ ਬਜ਼ਾਰਾਂ ਵਿਚ ਉਸੇ ਤਰ੍ਹਾਂ ਘੁੰਮਦੀ ਰਹੀ। ਉਸਨੂੰ ਬੰਦਾ ਤਾਂ ਕੀ, ਕੋਈ ਚਿੱੜ੍ਹੀ ਪਰਿੰਦਾ ਵੀ ਨਾ ਟੱਕਰਿਆ। ਸੂਰਜ ਦੀ ਟਿੱਕੀ ਹੇਠਾਂ ਉਤਰਦੀ ਉਤਰਦੀ ਜਦੋਂ ਦੂਰ ਪੱਛਮ ਦੀ ਪਹਾੜੀ ਉੱਤੇ ਆ ਕੇ ਟਿਕ ਗਈ। ਪਰਛਾਵੇਂ ਕੱਦਾਵਰ ਹੋਏ ਤਾਂ ਗੌਡੀਵਾ ਮਹਿਲ ਵਾਪਿਸ ਪਰਤ ਆਈ।
ਲਿਉਫਰਿਕ ਹਾਰੇ ਹੋਏ ਜੁਆਰੀ ਵਾਂਗ ਡਿਉੜੀ ਵਿਚ ਖੜ੍ਹਾ ਗੌਡੀਵਾ ਦਾ ਇੰਤਜ਼ਾਰ ਕਰ ਰਿਹਾ ਹੈ।
“ਮੈਂ ਆਪਣਾ ਪ੍ਰਣ ਪੂਰਾ ਕਰ ਦਿੱਤੈ, ਤੁਸੀਂ ਆਪਣਾ ਕੌਲ ਪੂਰਾ ਕਰੋ।” ਗੌਡੀਵਾ ਨੇ ਸਵੈਮਾਣ ਅਤੇ ਇਕ ਜੇਤੂ ਮੁਸਕਾਨ ਚਿਹਰੇ ਉੱਤੇ ਲਿਆਉਂਦਿਆਂ ਲਿਉਫਰਿਕ ਨੂੰ ਸੰਬੋਧਨ ਕੀਤਾ।
ਲਿਉਫਰਿਕ ਆਪਣੇ ਦਫਤਰ ਵਿਚ ਗਿਆ ਤੇ ਕਲਮ ਸਿਆਹੀ ਦੀ ਦਵਾਤ ਵਿਚ ਡਬੋ ਕੇ ਉਸਨੇ ਸ਼ਾਹੀ ਫਰਮਾਨ ਲਿਖ ਦਿੱਤਾ।ਹੇਠਾਂ ਆਪਣੀ ਲਾਲ ਮੋਹਰ ਠੱਪ ਦਿੱਤੀ। ਰੁੱਕਾ ਗੌਡੀਵਾ ਨੇ ਪੜ੍ਹਿਆ। ਕੇਵਲ ਕੌਫ’ਸ ਟਰੀ ਹੀ ਨਹੀਂ ਬਲਕਿ ਸਾਰੇ ਮਾਰਸੀਆ ਵਿਚਲੇ ਲਿਉਫਰਿਕ ਦੇ ਅਧਿਕਾਰ ਖੇਤਰ ਵਿਚ ਹੈਰੇਗੇਲਡ ਬੰਦ ਕਰ ਦੇਣ ਦਾ ਆਦੇਸ਼ ਦਰਜ ਹੈ।ਗੌਡੀਵਾ ਨੇ ਉਹ ਪ੍ਰਵਾਨਾ ਸੇਵਕਾਵਾਂ ਹੱਥ ਢਿਡੋਰਵੀ ਪੀਟਰ ਨੂੰ ਭੇਜ ਕੇ ਫੌਰਨ ਮੁਨਿਆਦੀ ਕਰਨ ਦਾ ਹੁਕਮ ਦਿੱਤਾ। ਤਬਲਬਾਜ਼ (ਨਗਾਰਾ ਵਜਾਉਣ ਵਾਲਾ) ਜੌਹਨ ਵੀ ਪੀਟਰ ਨਾਲ ਲਿਉਫਰਿਕ ਦਾ ਸ਼ਾਹੀ ਫਰਮਾਨ ਦਾ ਐਲਾਨ ਸਾਰੀ ਲੋਕਾਈ ਤੱਕ ਪਹੁੰਚਾਉਣ ਲਈ ਤੁਰ ਪਿਆ।ਚਰਚ ਦੀਆਂ ਲਗਾਤਾਰ ਘੰਟੀਆਂ ਖੜਕਣ ਲੱਗੀਆਂ ਤਾਂ ਜੌਹਨ ਨੇ ਚਬੂਤਰੇ ਉੱਤੇ ਚੜ੍ਹ ਕੇ ਨਗਾਰੇ ਉੱਤੇ ਚੋਟ ਲਾ ਦਿੱਤੀ ਤੇ ਪੀਟਰ ਨੇ ਸ਼ਾਹੀ ਐਲਾਨਾਮਾ ਪੜ੍ਹਿਆ ਕਿ ਅੱਜ ਅਤੇ ਹੁਣੇ ਇਸੇ ਮੌਕੇ ਤੋਂ ਹੈਰੇਗੇਲਡ ਲਗਾਨ ਬੰਦ ਹੈ ਤੇ ਕਿਸੇ ਵੀ ਪਰਾਣੀ ਨੂੰ ਇਹ ਟੈਕਸ ਦੇਣਾ ਨਹੀਂ ਪਵੈਗਾ। ਲੋਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ‘ਲੇਡੀ ਗੌਡੀਵਾ ਜ਼ਿੰਦਾਬਾਦ’ ਦੇ ਨਾਅਰਿਆਂ ਨਾਲ ਅਸਮਾਨ ਗੂੰਜ਼ਣ ਲੱਗਾ।
“ਗੌਡੀਵਾ ਜੁੱਗ ਜੁੱਗ ਜੀਵੇ!”
“ਗੌਡੀਵਾ ਅਮਰ ਰਹੇ!!”
“ਗੂਡੀ (ਚੰਗੀ) ਵੀਵਾ (ਜ਼ਿੰਦਾਬਾਦ)!!!”…
ਜੈਕਾਰੇ ਲਾਉਂਦੇ ਲੋਕ ਖਿੰਡਣ ਖੱਪਰਨ ਲੱਗੇ।
ਇਕਦਮ ਬਜ਼ਾਰ ਵਿਚ ਚਹਿਲ-ਪਹਿਲ ਨਹੀਂ ਬਲਕਿ ਘੜਮੱਸ ਪੈਣਾ ਸ਼ੁਰੂ ਹੋ ਗਿਆ।ਲੋਕ ਰਾਤ ਪੈਣ ਦੇ ਡਰੋਂ ਫੁਰਤੀ ਨਾਲ ਖਰੀਦੋ-ਫਰੋਖਤ ਕਰਨ ਲੱਗੇ।ਸਾਰੀ ਕੌਫਸ ਟਰੀ ਵਿਚ ਸ਼ਾਦੀਆਨੇ, ਢੋਲ-ਢਮੱਕੇ, ਸ਼ਹਿਨਾਈਆਂ ਪੀਪਣੀਆਂ ਵੱਜਣ ਲੱਗ ਪਈਆਂ। ਲੋਕ ਬਾਘੀਆਂ ਪਾਉਂਦੇ ਭੱਜੇ ਫਿਰਦੇ ਜਸ਼ਨ ਮਨਾਉਣ ਲੱਗ ਪਏ। ਇਸਤਰੀਆਂ ਵੱਨ-ਸੁਵੰਨੇ ਪਕਵਾਨ ਬਣਾਉਣ ਲੱਗ ਪਈਆਂ। ਸਾਰੇ ਮਰਦ ਪੱਥਰ ਬਜ਼ਾਰ ਵਾਲੇ ਵੱਡੇ ਸ਼ਰਾਬਖਾਨੇ (ਮੌਜੂਦਾ ਕਾਉਂਟੀਕੋਰਟ ਵਾਲਾ ਸਥਾਨ) ਵਿਚ ਜਾ ਜੁੜੇ।ਇਕ ਦੂਜੇ ਨਾਲ ਜਾਮ ਟਕਰਾ ਟਕਰਾ ਕੇ ਰਲਮਿਲ ਪੀਣ ਲੱਗੇ। ਸਭ ਖੁਸ਼ ਸਨ, ਲੇਕਿਨ ਬਲਜ਼ਾਕ ਉਦਾਸ ਹੈ। ਉਹ ਇਕ ਖੁੰਝੇ ਵਿਚ ਆਪਣੀ ਸ਼ਰਾਬ ਦਾ ਮੱਗ ਲੈ ਕੇ ਸਭ ਤੋਂ ਬੇਖਬਰ ਬੈਠਾ ਹੈ।
ਲੋਕ ਲੇਡੀ ਗੌਡੀਵਾ ਦੀ ਪ੍ਰਸੰਸਾ ਦਾ ਗੁਣਗਾਨ ਕਰ ਰਹੇ ਹਨ। ਕਈਆਂ ਦੇ ਮਨ ਵਿਚ ਸ਼ੰਕਾ ਵੀ ਹੈ।
ਮਨਚਲਾ ਡੇਵਿਡ ਬੋਲਿਆ, “ਭਲਾ ਲੇਡੀ ਗੌਡੀਵਾ ਨੇ ਸੱਚੀਂ ਨੰਗੀ ਹੋ ਕੇ ਗੇੜਾ ਦਿੱਤਾ ਹੋਊ?”
“ਹਾਂ, ਦਿੱਤਾ ਹੀ ਹੋਊ। ਨਹੀਂ ਤਾਂ ਜ਼ਾਲਮ ਲਾਰਡ ਲਿਉਫਰਿਕ ਹੈਰੇਗੇਲਡ ਕਿਉਂ ਮੁਆਫ ਕਰਦਾ?” ਬਜ਼ੁਰਗ ਹਕੀਮ ਐਲਬਰਟ ਨੇ ਜੁਆਬ ਦਿੱਤਾ।
‘ਸਿਰ ਚੱਕਣੀ’ (ਇਕ ਵਿਸ਼ੇਸ਼ ਦਰੱਖਤ ਦੀ ਟਾਹਣੀ, ਜਿਸਨੂੰ ਚੱਭਣ ਨਾਲ ਸਰੂਰ ਮਹਿਸੂਸ ਹੁੰਦਾ ਹੈ, ਗਿਆਰਵੀਂ ਸਦੀ ਵਿਚ ਇਹ ਬਹੁਤ ਪ੍ਰਚੱਲਤ ਨਸ਼ਾ ਸੀ।) ਦਾਤਣ ਮੂੰਹ ’ਚੋਂ ਬਾਹਰ ਕੱਢਦਾ ਹੋਇਆ ਨਾਈ ਕੋਲਿਅਮ ਵਾਰਤਾਲਾਪ ਵਿਚ ਸ਼ਿਰਕਤ ਕਰਦਾ ਹੈ, “ਭਾਊ, ਊਂ ਯਾਰ ਇਹ ਮਾੜੀ ਗੱਲ ਐਂ ਉਹਦੇ ਲਈ। ਆਵਦੀ ਤੀਵੀਂ ਨੂੰ ਨੰਗੀ ਕਰਕੇ ਸ਼ਹਿਰ ’ਚ ਘੁੰਮਾਇਐ।ਸਾਹੁਰੇ ਨੂੰ ਸ਼ਰਮ ਨ੍ਹੀਂ ਆਈ।ਇਹ ਤਾਂ ਆਪਾਂ ਸਿਆਣਪ ਸੋਚੀ ਕਿ ‘ਹਾਉਸਅਰੈਸਟ’ ਵਿਚ ਰਹੇ। ਨਹੀਂ ਸੋਚੋ ਭਲਾਂ ਉਹਦੀ ਕੀ ਇੱਜ਼ਤ ਰਹਿਣੀ ਸੀ?”
“ਨਹੀਂ ਲੇਡੀ ਗੌਡੀਵਾ ਬਹੁਤ ਸਿਆਣੀ ਤੇ ਸਮਝਦਾਰ ਔਰਤ ਐ। ਉਸਨੇ ਕਿਸੇ ਤਰ੍ਹਾਂ ਲਿਉਫਰਿਕ ਨੂੰ ਮਨਾ ਲਿਆ ਹੋਣੈ। ਤੀਵੀਆਂ ਨੂੰ ਬੰਦੇ ਵਡਿਆਉਣ ਦੀ ਜਾਚ ਹੁੰਦੀ ਐ ਭਾਈ। ਉਹਨੇ ਲਿੜਿਉਂ ਬਾਹਰ ਹੋ ਕੇ ਗੇੜੇ ਨਹੀਂ ਦਿੱਤੇ ਹੋਣੇ।” ਜ਼ਸ਼ਨ ਵਿਚ ਸ਼ਾਮਿਲ ਹੋਣ ਆਇਆ ਪਾਦਰੀ ਲੈਲਸਿਸ ਵੀ ਗੱਲਬਾਤ ਵਿਚ ਸ਼ਰੀਕ ਹੋਇਆ।
“ਲੈ ਯਬਲੀਆਂ ਨਾਲ ਮਾਰੋ। ਉਹਨੇ ਬਿਨਾ ਲਿੜਿਆਂ ਤੋਂ ਬੱਗੇ ਘੋੜੇ ’ਤੇ ਮਿਜ਼ਾਜ ਨਾਲ ਫੇਰੇ ਦਿੱਤੇ ਆ।ਉਹਦੇ ਚਿਹਰੇ ’ਤੇ ਨਾ ਨੰਗੇ ਹੋਣ ਦੀ ਸ਼ਰਮ, ਨਾ ਡਰ ਤੇ ਨਾ ਹੀ ਕੋਈ ਝਿਜਕ ਤੀ।ਉਹ ਤਾਂ ਮੜਕ ਨਾਲ ਆਪਦੇ ਦੁੱਧੀਆ ਪੱਟ ਲਿਸ਼ਕਾਉਂਦੀ ਗਲੀਆਂ ਕੱਛਦੀ ਫਿਰਦੀ ਤੀ। ਪੂਰੇ ਨਖਰੇ ਨਾਲ ਕੌਡੀਆਂ, ਯਾਕੂਬ ਅਤੇ ਮੋਤੀ ਜੜੇ ਕੱਢਾਈਦਾਰ ਲਾਲ ਝੁੱਲ ਪਾਏ ਹੋਏ ਘੋੜੇ ’ਤੇ ਨੰਗੀ ਬੈਠੀ ਤੀ। ਮੈਂ ਆਪਣੇ ਅੱਖੀਂ ਦੇਖਿਐ, ਮੈਨੂੰ ਪੁੱਛੋ?” ਦਰਜੀ ਟੌਮ ਸ਼ਰਾਬ ਦੇ ਨਸ਼ੇ ਵਿਚ ਲਲਕਾਰਿਆ।
“ਤੈਨੂੰ ਕਿਵੇਂ ਪਤੈ?” ਸਭ ਦੀ ਇਕੱਠੀ ਇਕ ਸੁਰ ਵਿਚ ਅਵਾਜ਼ ਨਿਕਲੀ।
“ਮੈਂ ਕੁ ਨਾ ਬਾਈ, ਹੀਂਅ ਹੀਹੀ (ਖਚਰੀ ਹਾਸੀ ਹਸਦਾ ਹੋਇਆ) ਆਪਦੀ ਬਾਰੀ ਵਿਚ ਛੋਟੀ ਜਿਹੀ ਮੋਰੀ ਕਰ ’ਲੀ ਤੀ। ਮੈਥੋ ਯਾਰ ਰਹਿ ਜਿਹਾ ਨਹੀਂ ਹੋਇਆ। ਮੈਂ ਜਦੋਂ ਲੇਡੀ ਗੌਡੀਵਾ ਦੀਆਂ ਪੁਸ਼ਾਕਾਂ ਸਿਉਂਦਾ ਹੁੰਦਾ ਤੀ। ਮੇਚੇ ਲਈ ਉਹਦੀ ਕੋਈ ਪੁਰਾਣੀ ਪੁਸ਼ਾਕ ਆਉਣੀ। ਜਿਹਦੇ ਹਿਸਾਬ ਨਾਲ ਮੈਂ ਨਵੀਂ ਸਿਉਂਦਾ। ਲੇਡੀ ਗੌਡੀਵਾ ਉਲਾਭਾ ਈ ਦਿੰਦੀ ਹੁੰਦੀ ਤੀ। ਕਦੇ ਖੁੱਲ੍ਹੀ ਬਣ ਗਈ ਤੇ ਕਦੇ ਤੰਗ। ਮਖਿਆਂ, ਮੌਕਾ ਮਿਲਿਐ, ਐਤਕੀ ਅੱਖਾਂ ਨਾਲ ਪੱਕਾ ਈ ਮੇਚਾ ਲੈ ਲਈਏ। ਹੁਣ ਉਲਾਭਾ ਦੇ ਕੇ ਦੇਖੇ। ਮੇਰੇ ਘਰ ਮੂਹਰੇ ਤਾਂ ਘੋੜਾ ਲੈ ਕੇ ਉਹ ਖਾਸਾ ਚਿਰ ਖੜ੍ਹੀ ਰਹੀ। ਸਾਡੇ ਦਰਾਂ ਮੂਹਰਲੇ ਰੋਮਨ ਨਲਕੇ ਤੋਂ ਤਾਂ ਉਹਨੇ ਪਾਣੀ ਵੀ ਪੀਤੈ।” ਟੌਮ ਚੌੜ੍ਹ ਵਿਚ ਆ ਕੇ ਬੋਲੀ ਗਿਆ।
ਬਾਕੀ ਅਗਲੇ ਹਫ਼ਤੇ....
ਹੋਰ ਪੜੋ...
Labels:
ਕਿਸ਼ਤ 4
ਲੇਡੀ ਗੌਡੀਵਾ ਦਾ ਨੰਗਾ ਸੱਚ (3)
ਨਿੱਘਰ ਤੇ ਜ਼ੋਰਾਵਰ ਬੁੱਲਮੈਨ ਰੱਖਣ ਦਾ ਸਨਾਤਨੀ ਰਿਵਾਜ਼ ਅਮੀਰੀ ਅਤੇ ਉੱਚ-ਆਹੁਦਾ ਚਿੰਨ੍ਹ ਵੀ ਸਮਝਿਆ ਜਾਂਦਾ ਹੈ। ਬਲਜ਼ਾਕ ਨੂੰ ਵੀ ਲਿਉਫਰਿਕ ਲੂਨੀਅਨਬਰਗ ਦੀ ਮੰਡੀ ਵਿਚੋਂ ਵਰ੍ਹਾ ਪਹਿਲਾਂ ਖਰੀਦ ਕੇ ਲਿਆਇਆ ਸੀ।ਬਲਜ਼ਾਕ ਦੀ ਆਮਦ ਤੋਂ ਬਾਅਦ ਗੌਡੀਵਾ ਦੇ ਰੁਖਸਾਰਾਂ ਦੀਆਂ ਲਾਲੀਆਂ ਵਧੇਰੇ ਸੁਰਖੀ ਫੜ੍ਹ ਗਈਆਂ ਹਨ ਤੇ ਉਸਦਾ ਸੁਹੱਪਨ ਹੋਰ ਉੱਘੜ ਆਇਆ ਹੈ।
ਕਾਠੀ ਦੇ ਮਖਮਲੀ ਗੱਦੀਦਾਰ ਝਾਲਰਾਂ ਵਾਲੇ ਜ਼ੀਨੇ ਨੂੰ ਦਰੁਸਤ ਕਰਕੇ ਬਲਜ਼ਾਕ ਗੋਡੇ ਟੇਕ ਕੇ ਧਰਤੀ ’ਤੇ ਬੈਠ ਗਿਆ ਤੇ ਉਸਨੇ ਆਪਣੇ ਦੋਨੇ ਪੰਜਿਆਂ ਦੀਆਂ ਉਂਗਲਾਂ ਇਕ ਦੂਜੇ ਵਿਚ ਫਸਾ ਕੇ ਗੌਡੀਵਾ ਲਈ ਘੋੜੇ ’ਤੇ ਚੜ੍ਹਣ ਵਾਸਤੇ ਇਕ ਪੌੜੀ ਬਣਾ ਦਿੱਤੀ।ਕਿਸੇ ਸੁਪਨਸੰਸਾਰ ਵਿਚੋਂ ਵਾਪਿਸ ਯਥਾਰਥਕ ਦੁਨੀਆ ਵਿਚ ਪਹੁੰਚ ਕੇ ਗੌਡੀਵਾ ਬਲਜ਼ਾਕ ਦੇ ਹੱਥਾਂ ਉੱਪਰ ਗੋਡਿਆਂ ਤੱਕ ਪਹਿਨੇ ਚਮੜੇ ਦੇ ਬੂਟਾਂ ਵਾਲਾ ਪੈਰ ਰੱਖ ਕੇ ਘੋੜੇ ਉੱਤੇ ਸਵਾਰ ਹੋ ਗਈ, “ਅਗਵਾਈ।”
ਗੌਡੀਵਾ ਦਾ ਹੁਕਮ ਸੁਣ ਕੇ ਬਲਜ਼ਾਕ ਨੇ ਪਾਲਤੂ ਸ਼ਾਹਬਾਜ਼ ਦੇ ਪੈਰਾਂ ਵਿਚੋਂ ਰੱਸੀ ਖੋਲ੍ਹ ਕੇ ਉਸਨੂੰ ਅੰਬਰ ਵਿਚ ਉੱਡਾ ਦਿੱਤਾ ਤੇ ਆਪਣੇ ਮਜੀਠੇ ਘੋੜੇ ਉੱਤੇ ਸਵਾਰ ਹੋ ਕੇ ਗੌਡੀਵਾ ਮੂਹਰੇ ਉਹਨੇ ਆਪਣਾ ਘੋੜਾ ਲਾ ਲਿਆ।
ਗੌਡੀਵਾ ਚਾਰ ਮਹਿਲਾ ਸੈਨਿਕਾਵਾਂ ਦੀ ਛੋਟੀ ਜਿਹੀ ਟੁਕੜੀ ਲੈ ਕੇ ਸੰਤ ਇਗਵਿੰਨ ਵੱਲੋਂ ਆਪਣੇ ਮੁਰਸ਼ਦ ਈਔਫਜ਼ ਦੇ ਨਾਮ ’ਤੇ ਵਸਾਏ ਨਗਰ ਈਔਫਜ਼ਹੈਮ (ਹੈਮ ਮਤਲਬ ਘਰ।ਭਾਵ ਈਔਫ ਦਾ ਘਰ, ਹੁਣ ਦਾ ਇਵਸ਼ਮ) ਵੱਲ ਰਵਾਨਾ ਹੋ ਗਈ। ਅਸਮਾਨ ਵਿਚ ਉੱਡਦਾ ਬਾਜ਼ ਉਨ੍ਹਾਂ ਦਾ ਮਾਰਗ ਦਰਸ਼ਨ ਕਰੀ ਜਾ ਰਿਹਾ ਹੈ। ਬਾਜ਼ ਦੀ ਸਥਿਤੀ ਨੂੰ ਦੇਖ ਕੇ ਬਲਜ਼ਾਕ ਜੰਗਲੀ ਰਾਹਾਂ ਵਿਚ ਆਪਣੇ ਲਈ ਰਸਤਾ ਲੱਭੀ ਜਾ ਰਿਹਾ ਹੈ।ਗੌਡੀਵਾ ਦੇ ਪਿਛੇ ਛੇ ਜੰਗਜੂ ਅਤੇ ਬਹਾਦਰ ਤਜ਼ਰਬੇਕਾਰ ਸਪਹਿਣਾਂ ਅਤੇ ਅੱਗੇ ਸੁਰੱਖਿਆ ਵਜੋਂ ਪਹਿਲਵਾਨੀ ਡੀਲ-ਡੌਲ ਵਾਲਾ ਬਲਜ਼ਾਕ ਵੀ ਆਪਣੇ ਘੋੜੇ ਉੱਤੇ ਨੰਗੀ ਤਲਵਾਰ ਅਤੇ ਤੀਰ ਕਮਾਨ ਚੁੱਕੀ ਜਾ ਰਿਹਾ ਹੈ।
ਪਹਿਲੇ ਪਹਿਲ ਪ੍ਰੰਪਰਾ ਅਨੁਸਾਰ ਗੌਡੀਵਾ ਕੇਵਲ ਮਹਿਲਾ ਸੈਨਿਕਵਾਂ ਦਾ ਦਸਤਾ ਹੀ ਨਾਲ ਲਿਜਾਇਆ ਕਰਦੀ ਸੀ। ਇਕ ਵਾਰ ਘੋੜਾ ਬਿਗੜ ਗਿਆ ਤੇ ਗੌਡੀਵਾ ਤੋਂ ਕਾਬੂ ਨਾ ਕਰ ਹੋਇਆ। ਘੋੜੇ ਉੱਤੋਂ ਡਿੱਗ ਕੇ ਗੌਡੀਵਾ ਦੇ ਸੱਟ ਲੱਗ ਗਈ ਸੀ। ਉਸਦੇ ਗਿੱਟੇ ਨੂੰ ਮੋਚ ਆ ਗਈ ਸੀ ਤੇ ਅਨੇਕਾਂ ਦਿਨ ਗੌਡੀਵਾ ਨੂੰ ਜ਼ਹਿਮਤ ਭੋਗਣੀ ਪਈ ਸੀ।ਉਸ ਤੋਂ ਬਾਅਦ ਗੌਡੀਵਾ ਨੇ ਦਸਤੂਰ ਬਣਾ ਲਿਆ ਕਿ ਜਦ ਵੀ ਕਿਧਰੇ ਉਹ ਬਾਹਰ ਜਾਂਦੀ ਹੈ ਤਾਂ ਬਲਜ਼ਾਕ ਨੂੰ ਹਮੇਸ਼ਾ ਨਾਲ ਲਿਜਾਂਦੀ ਹੈ। ਬਲਜ਼ਾਕ ਅੜੀਅਲ ਤੋਂ ਅੜੀਅਲ ਘੋੜੀ ਨੂੰ ਵੀ ਕਾਬੂ ਕਰਨ ਵਿਚ ਮਾਹਿਰ ਹੈ। ਬਚਪਨ ਤੋਂ ਉਹ ਅਲਕ ਬਛੇਰੀਆਂ ਵਿਚ ਪਲਿਆ ਹੈ।ਨਾਲੇ ਫੇਰ ਬਲਜ਼ਾਕ ਯੁੱਧ ਵਿਦਿਆ ਵਿਚ ਵੀ ਮਹਾਰਤ ਰੱਖਦਾ ਹੈ ਤੇ ਸਭ ਤੋਂ ਵੱਡੀ ਗੱਲ ਉਹ ਮਰਦ ਹੈ, ਜਵਾਨ ਸੋਹਣਾ ਸੁਨੱਖਾ ਦਰਮਿਆਨੇ ਕੱਦ ਭੁਰੇ ਰੰਗ ਦਾ ਕਾਲੀਆਂ ਸਿਆਹ ਕੌਡੀਆਲੇ ਸੱਪ ਵਰਗੀਆਂ ਅੱਖਾਂ ਵਾਲਾ ਮਰਦ। ਜਿਸਨੂੰ ਆਪਣੇ ਆਸ-ਪਾਸ ਦੇਖਣਾ ਗੌਡੀਵਾ ਨੂੰ ਚੰਗਾ ਲੱਗਦਾ ਹੈ। ਭਾਵੇਂ ਕਿ ਉਹਨਾਂ ਦਰਮਿਆਨ ਮਾਲਕ ਨੌਕਰ ਤੋਂ ਸਿਵਾਏ ਕੋਈ ਹੋਰ ਰਿਸ਼ਤਾ ਨਹੀਂ ਹੈ।
ਈਔਫਜ਼ਹੈਮ ਦੀ ਝੀਲ ਉੱਤੇ ਪਹੁੰਚ ਕੇ ਬਲਜ਼ਾਕ ਹਵਾਲੇ ਘੋੜੇ ਕਰ ਕੇ ਗੌਡੀਵਾ ਤੇ ਉਸਦੀਆਂ ਰਖਵਾਲੀਆਂ ਝੀਲ ਵੱਲ ਚੱਲ ਪਈਆਂ। ਬਲਜ਼ਾਕ ਘੋੜੇ ਚਰਾਉਣ ਵਿਚ ਮਸਰੂਫ ਹੋ ਗਿਆ।
ਗੌਡੀਵਾ ਨੇ ਆਪਣੇ ਵਸਤਰ ਉਤਾਰ ਕੇ ਦਰੱਖਤ ਉੱਤੇ ਟੰਗ ਦਿੱਤੇ ਅਤੇ ਆਪ ਦਿਗੰਬਰ ਹੋ ਕੇ ਪਾਣੀ ਵਿਚ ਵੜ ਗਈ। ਨਦੀ ਦੇ ਠੰਡੇ ਪਾਣੀ ਵਿਚ ਗੌਡੀਵਾ ਨੂੰ ਆਪਣਾ ਸ਼ਰੀਰ ਤਪਦਾ ਹੋਇਆ ਮਹਿਸੂਸ ਹੁੰਦਾ ਹੈ।ਉਸ ਨੇ ਸਿਰ ਤੋਂ ਪੈਰਾਂ ਤੱਕ ਆਪਣੇ ਜਿਸਮ ਨੂੰ ਦੇਖਿਆ ਫਿਰ ਪਾਣੀ ਵਿਚ ਪੈਂਦੇ ਆਪਣੇ ਪਰਛਾਵੇਂ ਵਿਚੋਂ ਕੁਝ ਲੱਭਣ ਲੱਗੀ। ਉਸਨੂੰ ਲੱਗਿਆ ਜਿਵੇਂ ਉਸਦੇ ਅੰਦਰ ਕੁਝ ਹੈ। ਕੀ? ਇਸਦਾ ਉੱਤਰ ਉਹ ਖੁਦ ਵੀ ਨਹੀਂ ਜਾਣਦੀ। ਪਰ ਹੈ ਕੁਝ ਜ਼ਰੂਰ। ਸ਼ਾਇਦ ਕੋਈ ਖੌਲ੍ਹਦਾ ਵੇਗ… ਤਪਦਾ ਲਾਵਾ… ਜਵਾਨੀ ਦੀ ਅਗਨ ਜਾਂ ਸ਼ਾਇਦ ਕਾਮ ਭੁੱਖ… ਕਾਫੀ ਦੇਰ ਚੁੱਭੀਆਂ ਮਾਰਨ ਅਤੇ ਤੈਰਨ ਤੋਂ ਬਾਅਦ ਉਹ ਅਣਕੱਜੀ ਪਾਣੀ ਵਿਚੋਂ ਨਿਕਲੀ ਅਤੇ ਨਦੀ ਕਿਨਾਰੇ ਬਣੇ ਝਰਨੇ ਹੇਠ ਜਾਂ ਖਲੋਈ।
ਇਕ ਤੇਜ਼ ਹਵਾ ਦਾ ਬੁੱਲ੍ਹਾ ਆਇਆ ਤੇ ਗੌਡੀਵਾ ਦੇ ਕੱਪੜੇ ਉੱਡ ਕੇ ਬਲਜ਼ਾਕ ਦੇ ਮੂੰਹ ’ਤੇ ਜਾ ਵੱਜੇ। ਬਲਜ਼ਾਕ ਗੌਡੀਵਾ ਦੇ ਚੋਗੇ ਨੂੰ ਹੱਥਾਂ ਵਿਚ ਫੜ੍ਹੀ ਦੇਖਦਾ ਹੋਇਆ ਦੁਬਿਧਾ ਵਿਚ ਪੈ ਗਿਆ, “ਕਪੜਿਆਂ ਤੋਂ ਬਿਨਾਂ ਲੇਡੀ ਗੌਡੀਵਾ ਕਿਵੇਂ ਆਵੇਗੀ?” ਨਦੀ ਦੇ ਨਜ਼ਦੀਕ ਜਾਣ ਦੀ ਬਲਜ਼ਾਕ ਨੂੰ ਇਜ਼ਾਜਤ ਨਹੀਂ ਹੈ। ਉੱਥੇ ਕੇਵਲ ਮਹਿਲਾ ਸੈਨਿਕਾਵਾਂ ਹੀ ਜਾ ਸਕਦੀਆਂ ਸਨ।ਬਲਜ਼ਾਕ ਮਹਿਲਾ ਸੈਨਿਕਾਵਾਂ ਦੇ ਆ ਕੇ ਕੱਪੜੇ ਲਿਜਾਣ ਦਾ ਇੰਤਜ਼ਾਰ ਕਰਨ ਲੱਗਾ।
ਹਵਾ ਆਪਣਾ ਰੁਖ ਬਦਲ ਕੇ ਹੋਰ ਤੇਜ਼ ਵਗਣ ਲੱਗੀ, ਹਨੇਰੀ… ਤੂਫਾਨ… ਝੱਖੜ ਵਾਂਗ ਝੂਲਣ ਲੱਗੀ। ਇਕ ਮਹਿਲਾ ਸੈਨਿਕ ਨੂੰ ਜਦੋਂ ਆਭਾਸ ਹੋਇਆ ਕਿ ਲੇਡੀ ਗੌਡੀਵਾ ਦੇ ਕੱਪੜੇ ਉੱਡ ਗਏ ਹਨ ਤਾਂ ਉਹ ਬਾਕੀਆਂ ਨੂੰ ਨਾਲ ਲੈ ਕੇ ਹਵਾ ਦੇ ਵਗਣ ਦੀ ਦਿਸ਼ਾ ਵੱਲ ਕਪੜਿਆਂ ਨੂੰ ਲੱਭਣ ਚਲੀਆਂ ਗਈਆਂ।
ਜਦ ਦੇਰ ਬਹੁਤ ਹੋ ਗਈ ਤਾਂ ਬਲਜ਼ਾਕ ਨਦੀ ਵੱਲ ਕੱਪੜੇ ਸੈਨਿਕਾਵਾਂ ਸਪੂਰਦ ਕਰਨ ਦੇ ਮਕਸਦ ਨਾਲ ਤੁਰ ਪਿਆ। ਨਦੀ ਕੋਲ ਆ ਕੇ ਬਲਜ਼ਾਕ ਨੂੰ ਜਦ ਕੋਈ ਮਹਿਲਾ ਸੈਨਿਕ ਨਾ ਦਿਖਾਈ ਦਿੱਤੀ ਤਾਂ ਉਸਨੇ ਚੁਪਕੇ-ਚੁਪਕੇ ਉਸੇ ਦਰੱਖਤ ਉੱਤੇ ਉਹ ਕੱਪੜੇ ਟੰਗੇ ਜਿਥੋਂ ਉਹ ਉੱਡੇ ਸਨ। ਅਚਾਨਕ ਬੇਲਗਾਮ ਹੋਈ ਬਲਜ਼ਾਕ ਦੀ ਨਿਗਾਹ ਝਰਨੇ ਵੱਲ ਚਲੀ ਗਈ। ਗੌਡੀਵਾ ਪਹਾੜੀ ਤੋਂ ਡਿੱਗਦੇ ਆਬਸ਼ਾਰ ਹੇਠ ਨਿਰਵਸਤਰ ਆਪਣੀ ਮਸਤੀ ਵਿਚ ਮਸਤ ਇਕ ਬੁੱਤ ਬਣੀ ਖੜ੍ਹੀ ਹੈ।ਬਲਜ਼ਾਕ ਨੇ ਇਕਦਮ ਆਪਣੀਆਂ ਨਜ਼ਰਾਂ ਨੂੰ ਲਗਾਮ ਪਾਈ ਤੇ ਕਾਹਲੇ ਕਦਮੀ ਘੋੜਿਆਂ ਵੱਲ ਹੋ ਤੁਰਿਆ।
ਵਸਤਰ ਨਾ ਮਿਲਣ ਦੀ ਸੂਰਤ ਵਿਚ ਮਾਯੂਸ ਹੋ ਕੇ ਵਾਪਿਸ ਮੁੜੀਆਂ ਸੈਨਿਕਾਵਾਂ ਨੇ ਜਦ ਉਸੇ ਦਰੱਖਤ ਉੱਤੇ ਉਵੇਂ ਹੀ ਪਏ ਗੌਡੀਵਾ ਦੇ ਕੱਪੜੇ ਦੇਖੇ ਤਾਂ ਉਹ ਦੰਗ ਰਹਿ ਗਈਆਂ।ਉਹਨਾਂ ਨੂੰ ਇਸ ਕਰਿਸ਼ਮੇ ਦਾ ਭੇਤ ਸਮਝ ਨਾ ਆਇਆ।ਅਤੇ ਸੰਤ ਈਵੌਫ ਦੀ ਜੈ-ਜੈਕਾਰ ਹੋਣ ਲੱਗ ਪਈ ਸੀ।
ਦਿਨ ਛਿਪਦਿਆਂ ਸਾਰ ਜਦ ਗੌਡੀਵਾ ਤੇ ਸੈਨੀਕਾਵਾਂ ਵਾਪਿਸ ਆਈਆਂ ਤਾਂ ਬਲਜ਼ਾਕ ਨੇ ਘੋੜੇ ਉਹਨਾਂ ਦੇ ਹਵਾਲੇ ਕੀਤੇ ਅਤੇ ਸਭ ਨੇ ਸਵਾਰ ਹੋ ਕੇ ਕੌਫ’ਸ ਟਰੀ ਵੱਲ ਚਾਲੇ ਪਾ ਦਿੱਤੇ।
ਕੌਫ’ਸ ਟਰੀ ਦੀ ਦਰਹੱਦ ਵਿਚ ਵੜਦਿਆਂ ਹੀ ਗੌਡੀਵਾ ਦਾ ਖਲਕਤ ਦੇ ਇਕ ਭਾਰੀ ਹਜੂਮ ਨੇ ਸੁਆਗਤ ਕੀਤਾ। ਲੋਕਾਂ ਦੇ ਇਕ ਵਿਸ਼ਾਲ ਹੜ੍ਹ ਵੱਲੋਂ ਗੌਡੀਵਾ ਨੂੰ ਸਲਾਮ ਸਲੂਟ ਵਜਣ ਲੱਗੇ।ਫਰਿਆਦੀ ਉਸਦਾ ਰਾਹ ਰੋਕ ਕੇ ਆਪਣੇ ਦੁੱਖੜੇ ਦੱਸਣ ਲੱਗੇ, ਆਪਣੀਆਂ ਸਮੱਸਿਆਵਾਂ ਤੋਂ ਗੌਡੀਵਾ ਨੂੰ ਜਾਣੂ ਕਰਵਾਉਣ ਲੱਗੇ। ਕੁਝ ਗੌਡੀਵਾ ਦੇ ਉਪਾਸ਼ਕ, ਪ੍ਰਸੰਸਕ ਉਸਨੂੰ ਤੋਹਫੇ ਭੇਂਟ ਕਰਨ ਲਈ ਲਿਆਏ। ਗੌਡੀਵਾ ਨੂੰ ਕੌਫ’ਸ ਟਰੀ ਦੇ ਲੋਕ ਨੇਕ, ਦਰਿਆਦਿਲ, ਇਨਸਾਫਪਸੰਦ ਅਤੇ ਦਿਆਲੂ ਔਰਤ ਮੰਨਦੇ ਹਨ ਤੇ ਇਸੇ ਕਰਕੇ ਲੋਕਮਨਾਂ ਵਿਚ ਗੌਡੀਵਾ ਪ੍ਰਤਿ ਸਤਿਕਾਰ ਹੈ।ਲਿਉਫਰਿਕ ਬਾਰੇ ਉਹਨਾਂ ਦਾ ਨਜ਼ਰੀਆ ਇਸ ਤੋਂ ਬਿਲਕੁਲ ਉਲਟ ਹੈ। ਉਹ ਲਿਉਫਰਿਕ ਨੂੰ ਤਾਨਾਸ਼ਾਹ, ਜ਼ਾਲਮ ਅਤੇ ਨਿਰਦਈ ਖਿਆਲ ਕਰਦੇ ਹਨ। ਕਿਉਂਕਿ ਲਿਉਫਰਿਕ ਵੱਲੋਂ ਉਗਰਾਹੇ ਜਾਂਦੇ ਨਜ਼ਾਇਜ ਲਗਾਨ ਹੈਰੇਗੇਲਡ ਤੋਂ ਜਨਤਾ ਬਹੁਤ ਤੰਗ ਅਤੇ ਦੁੱਖੀ ਹੈ। ਇਹ ਲਗਾਨ ਉਹਨਾਂ ਨੂੰ ਆਪਣੇ ਸਿਰ ਲਟਕਦੀ ਇਕ ਤਲਵਾਰ ਜਾਪਦਾ ਹੈ।ਅਨੇਕਾਂ ਲੋਕਾਂ ਨੇ ਆ ਕੇ ਗੌਡੀਵਾ ਅੱਗੇ ਇਸ ਲਗਾਨ ਨੂੰ ਮੁਆਫ ਕਰਵਾਉਣ ਦੀ ਫਰਿਆਦ ਕੀਤੀ, “ਅੰਗਰੱਖਿਅਕਾਂ ਦੀ ਵਰਤੋਂ ਬਾਦਸ਼ਾਹ ਕਰਦਾ ਹੈ, ਅਸੀਂ ਤਾਂ ਨਹੀਂ। ਜਿਹੜੀ ਸੇਵਾ ਅਸੀਂ ਉਪਯੋਗ ਹੀ ਨਹੀਂ ਕਰਦੇ, ਉਸਦਾ ਖਰਚ ਅਸੀਂ ਕਿਉਂ ਭਰੀਏ? ਬਾਦਸ਼ਾਹ ਆਪਣੇ ਸ਼ਾਹੀ ਖਜ਼ਾਨੇ ਵਿਚੋਂ ਦੇਵੇ।”
ਲੋਕ ਰੋਏ… ਕੁਰਲਾਏ। ਉਹਨਾਂ ਗੌਡੀਵਾ ਅੱਗੇ ਵਾਸਤੇ ਪਾਏ ਤੇ ਲੇਲੜੀਆਂ ਕੱਢੀਆਂ। ਗੌਡੀਵਾ ਤੋਂ ਲੋਕਾਈ ਦੀਆਂ ਚੀਕਾਂ ਪੁਕਾਰਾਂ ਜਰੀਆਂ ਨਾ ਗਈਆਂ। ਉਸਦਾ ਹਿਰਦਾ ਇੰਝ ਵਲੂੰਦਰਿਆ ਗਿਆ ਜਿਵੇਂ ਕਿਸੇ ਨੇ ਤੀਰਾਂ ਨਾਲ ਛੱਲਣੀ ਕਰ ਦਿੱਤਾ ਹੋਵੇ। ਗੌਡੀਵਾ ਨੇ ਅਵਾਮ ਨੂੰ ਇਸ ਸਬੰਧੀ ਲਿਉਫਰਿਕ ਨਾਲ ਪ੍ਰਾਥਮਿਕਤਾ ਦੇ ਅਦਾਰ ’ਤੇ ਵਿਚਾਰ ਕਰਨ ਦਾ ਭਰੋਸਾ ਦਿਵਾਇਆ ਤੇ ਜਲਦ ਹੀ ਕੋਈ ਠੋਸ ਕਦਮ ਚੁੱਕਣ ਦਾ ਵਾਅਦਾ ਕੀਤਾ।
ਮਹਿਲ ਪਹੁੰਚ ਕੇ ਜਦੋਂ ਗੌਡੀਵਾ ਘੋੜੇ ਤੋਂ ਉਤਰੀ ਤੇ ਬਲਜ਼ਾਕ ਨੇ ਘੋੜੇ ਦੀ ਲਗਾਮ ਫੜ੍ਹੀ ਤਾਂ ਗੌਡੀਵਾ ਰੋਹਬ ਨਾਲ ਬੋਲੀ, “ਖਾਦਿਮ! ਆਪਣੀਆਂ ਸੀਮਾਵਾਂ ਉਲੰਘਣ ਦੀ ਕੋਸ਼ਿਸ਼ ਨਾ ਕਰਿਆ ਕਰੋ।”
“ਲੇਡੀ ਗੌਡੀਵਾ, ਮੈਂ ਆਪਣੀਆਂ ਹੱਦਾਂ ਤੋਂ ਭਲੀਭਾਂਤ ਜਾਣੂ ਹਾਂ ਤੇ ਮੈਂ ਆਪਣੀ ਮਰਿਆਦਾ ਦੀ ਕਦੇ ਉਲੰਘਣਾ ਨਹੀਂ ਕੀਤੀ।” ਬਲਜ਼ਾਕ ਨੇ ਸਿਰ ਝੁਕਾ ਕੇ ਨਰਮੀ ਨਾਲ ਜੁਆਬ ਦਿੱਤਾ।
“ਤੇ ਫੇਰ ਅੱਜ ਜਦੋਂ ਮੈਂ ਝਰਨੇ/ਚਸ਼ਮਾ/ਸਪਾ ਹੇਠ ਨਹਾਂਉਂਦੀ ਸੀ ਤਾਂ…?” ਹੀਰੇ ਮੋਤੀਆਂ ਨਾਲ ਮੜੇ ਚਮੜੇ ਦੇ ਕਮਰਕਸੇ ਵਿਚ ਦੋਨਾਂ ਹੱਥਾਂ ਦੇ ਅੰਗੂਠੇ ਅੜਾ ਕੇ ਢਾਕਾਂ ਉੱਤੇ ਹੱਥ ਰੱਖੀ ਖੜ੍ਹੀ ਗੌਡੀਵਾ ਦਾ ਅੱਖ ਨਾਲ ਗੱਲ ਕਰਦਿਆਂ ਲਹਿਜ਼ਾ ਤਤਫਟ ਬਦਲਕੇ ਯਾਰਾਨਾ ਹੋ ਗਿਆ।
ਬਲਜ਼ਾਕ ਨੇ ਗੌਡੀਵਾ ਦੀਆਂ ਅੱਖਾਂ ਵਿਚ ਆਪਣੀਆਂ ਚਮਕਦੀਆਂ ਅੱਖਾਂ ਪਾਈਆਂ ਤਾਂ ਉਸਨੇ ਦੇਖਿਆ ਗੌਡੀਵਾ ਦੀਆਂ ਸਮੁੰਦਰੀ ਅੱਖਾਂ ਵਿਚ ਵਾਸਨਾ ਦਾ ਹੜ੍ਹ, ਇਕ ਸੈਲਾਬ ਉਮੜ ਰਿਹਾ ਹੈ। ਉਹ ਡਰ ਗਿਆ। ਗੌਡੀਵਾ ਥੋੜ੍ਹਾ ਮੁਸਕੁਰਾਈ।ਮੁਸ਼ਕੜੀਏਂ ਹੱਸੀ। ਗੌਡੀਵਾ ਦੀਆਂ ਗੱਲ੍ਹਾਂ ਵਿਚ ਪੈਂਦੇ ਟੋਏ ਉਸਨੂੰ ਹੋਰ ਵੀ ਖੂਬਸੂਰਤ ਬਣਾਉਂਦੇ ਹਨ। ਉਸਦੀ ਖਚਰੀ ਜਿਹੀ ਮੁਸਕਾਨ ਕਿਸੇ ਸ਼ਰਾਰਤ ਦੀ ਸੂਚਕ ਜਾਪਦੀ ਹੈ। ਗੌਡੀਵਾ ਨੱਕ ਅੱਗੇ ਉਂਗਲ ਘਸਾਉਂਦੀ ਹੋਈ ਸ਼ਰਮਾ ਕੇ ਨੀਵੀਂ ਪਾਈ ਬੁੱਲ੍ਹ ਚੱਭਦੀ ਹੋਈ ਅਦਾ ਨਾਲ ਭੱਜ ਕੇ ਮਹਿਲ ਵੱਲ ਦੌੜੀ। ਬਲਜ਼ਾਕ ਹੀਰਨੀ ਵਾਂਗੂ ਚੂੰਗੀਆਂ ਭਰਦੀ ਦੇ ਉਸਦੇ ਬਾਂਕੇ ਸ਼ਰੀਨ ਤੱਕਦਾ ਰਿਹਾ ਗਿਆ। ਦਰਵਾਜ਼ੇ ਕੋਲ ਜਾ ਕੇ ਗੌਡੀਵਾ ਨੇ ਪਿੱਛੇ ਮੁੜ ਕੇ ਬਲਜ਼ਾਕ ਵੱਲ ਦੇਖਿਆ ਤੇ ਖਿੜ-ਖਿੜ ਹੱਸਦੀ ਹੋਈ ਅੰਦਰ ਪ੍ਰਵੇਸ਼ ਕਰ ਗਈ। ਬਲਜ਼ਾਕ ਇਸ ਭੇਤਭਰੀ ਗੱਲ ਦਾ ਮਤਲਬ ਨਾ ਸਮਝ ਸਕਿਆ।
ਦਿਨ ਭਰ ਸਭਾ ਲਗਾਉਣ ਉਪਰੰਤ ਲਿਉਫਰਿਕ ਰਾਤ ਨੂੰ ਮਹਿਲ ਵਾਪਿਸ ਆਇਆ ਤਾਂ ਮਿਸ਼ਾਲਾਂ ਜਗਾਉਣ ਦਾ ਵੇਲਾ ਹੋ ਗਿਆ। ਖਾਣਾ ਬਾਹਰ ਖਾਹ ਆਇਆ ਹੋਣ ਕਰਕੇ ਸਿੱਧਾ ਉਹ ਅਰਾਮਗਾਹ ਵੱਲ ਗਿਆ ਤੇ ਵਸਤਰ ਬਦਲ ਕੇ ਗੌਡੀਵਾ ਨਾਲ ਪਲੰਘ ਉੱਤੇ ਜਾ ਲੇਟਿਆ। ਮੱਛਰਦਾਨੀ ਓੜ ਲਈ ਗਈ। ਗੌਡੀਵਾ ਸੌਂ ਚੁੱਕੀ ਹੈ।ਲਿਉਫਰਿਕ ਟਿਕਟਿਕੀ ਲਾ ਕੇ ਗੌਡੀਵਾ ਨੂੰ ਦੇਖਣ ਲੱਗਾ। ਉਹ ਕਿੰਨੀ ਦੇਰ ਤੱਕ ਗੌਡੀਵਾ ਦੇ ਹੁਸੀਨ ਚਿਹਰੇ ਨੂੰ ਨਿਹਾਰਦਾ ਰਿਹਾ। ਜਿੰਨਾ ਲਿਉਫਰਿਕ ਦੇਖਦਾ ਜਾਂਦਾ, ਉਹਨੂੰ ਗੌਡੀਵਾ ਉਨੀ ਹੀ ਸੋਹਣੀ ਲੱਗਦੀ ਜਾਂਦੀ। ਲਿਉਫਰਿਕ ਤੋਂ ਰਹਿ ਨਾ ਹੋਇਆ ਤੇ ਉਸਨੇ ਗੌਡੀਵਾ ਦੀ ਗੱਲ੍ਹ ਨੂੰ ਚੁੰਮ ਲਿਆ।ਲਿਉਫਰਿਕ ਦੇ ਸਿਕਰੀ ਜੰਮੇ ਖੁਰਦਰੇ ਬੁੱਲ੍ਹਾਂ ਦੇ ਸਪਰਸ਼ ਨਾਲ ਗੌਡੀਵਾ ਜਾਗ ਪਈ।
“ਗਿਫੂ? ਤੂੰ ਸੁੱਤੀ ਹੋਈ ਬਹੁਤ ਸੋਹਣੀ ਲੱਗਦੀ ਹੈਂ, ਬੱਲੀਏ।”
“ਅੱਛਾ? ਲ਼ਵਰਿਕ ਤਾਂ ਫੇਰ ਸਦਾ ਦੀ ਨੀਂਦ ਹੀ ਸੁਵਾ ਦਿਉ।” ਗੌਡੀਵਾ ਨੇ ਮਿਹਣਾ ਮਾਰਿਆ।
“ਜਾਨ ਮੇਰੀਏ! ਤੇਰੇ ਸਾਹਾਂ ’ਚ ਤਾਂ ਮੈਂ ਸਾਹ ਲੈਨਾਂ। ਤੂੰ ਅਜਿਹਾ ਕਿਉਂ ਕਿਹਾ?”
“ਪਰਜਾ ਨੂੰ ਵੀ ਤਾਂ ਮਾਰ ਰਹੇ ਹੋਂ।ਇਨਸਾਨ ਤਾਂ ਤੁਹਾਡੇ ਲਈ ਕੀੜੇ-ਮਕੌੜੇ ਨੇ।”
“ਕੀ ਮਤਲਬ ਹੈ ਤੇਰਾ? ਮੈਂ ਕਿਸਨੂੰ ਮਾਰਿਐ?” ਲਿਉਫਰਿਕ ਦੀ ਪੀਤੀ ਲਹਿ ਗਈ।
“ਇਹ ਹੈਰੇਗੇਲਡ ਟੈਕਸ ਫਾਂਸੀ ਦਾ ਫੰਦਾ ਹੀ ਤਾਂ ਹੈ ਜੋ ਲੋਕਾਂ ਦਾ ਗਲ ਘੁੱਟ ਕੇ ਉਹਨਾਂ ਨੂੰ ਮਾਰ ਰਿਹਾ ਹੈ। ਉਹਨਾਂ ਦਾ ਸਾਹ ਘੁੱਟ ਰਿਹਾ ਹੈ।ਜ਼ਬਰ ਦੀ ਵੀ ਕੋਈ ਇੰਤਹਾ ਹੁੰਦੀ ਹੈ। ਸੈਵਰਨ ਦਰਿਆ ’ਤੇ ਵਸੇ ਵਿਓਰੋਗੋਰਨਕਾਸਟਰ (ਵੂਸਟਰ) ਵਿਚ ਜਨਤਾ ਨੇ ਇਸੇ ਟੈਕਸ ਤੋਂ ਤੰਗ ਆ ਕੇ ਬਗਾਵਤ ਕਰ ਦਿੱਤੀ ਸੀ ਤੇ ਦੇਖਦੇ ਹੀ ਦੇਖਦੇ ਸਾਰਾ ਸ਼ਹਿਰ ਤਹਿਸ-ਨਹਿਸ ਹੋ ਗਿਆ ਸੀ। ਭੁੱਲ ਗਏ ਅਜੇ ਪਿਛਲੇ ਸਾਲ ਦੀ ਹੀ ਤਾਂ ਗੱਲ ਹੈ। ਮੈਨੂੰ ਖਦਸਾ ਹੈ ਕਿ ਕੌਫ’ਸ ਟਰੀ ਵੀ ਕਿਧਰੇ ਉਮੇਂ ਨੈਸ਼ਤੋ-ਨਾਬੂਦ ਨਾ ਹੋ ਜਾਏ। ਮੈਂ ਨਹੀਂ ਚਾਹੁੰਦੀ ਕਿ ਮੇਰੇ ਪੁਰਖਿਆਂ ਦਾ ਇਹ ਗਰਾਂ ਬੈਬਿਲੀਅਨ ( ਪਾਪ ਨਗਰੀ) ਬਣ ਜਾਵੇ।” ਗੌਡੀਵਾ ਨੇ ਚਿਤਾਵਨੀ ਦਿੱਤੀ।
“ਬਕਵਾਸ ਨਾ ਕਰ। ਇਹਨਾਂ ਛੋਟੇ ਲੋਕਾਂ ਦੇ ਬਹੁਤਾ ਮੂੰਹ ਨਹੀਂ ਲੱਗੀਦਾ। ਜੇ ਇਹ ਸਹੂਲਤਾਂ ਲੈਂਦੇ ਨੇ। ਐਸ਼ ਕਰਦੇ ਨੇ। ਜੀਵਨ ਆਨੰਦ ਨਾਲ ਮਾਨਣਾ ਹੈ ਤਾਂ ਟੈਕਸ ਵੀ ਇਹਨਾਂ ਨੂੰ ਭਰਨਾ ਪੈਣਾ ਹੈ। ਲਗਾਨ ਦੇਣ ਵੇਲੇ ਇਹਨਾਂ ਦੀ ਜਾਨ ਨਿਕਲਣ ਲੱਗ ਜਾਂਦੀ ਹੈ।”
ਗੌਡੀਵਾ ਮਨ ਹੀ ਮਨ ਕੁਝ ਸੋਚਦੀ ਹੋਈ ਲਿਉਫਰਿਕ ਦੇ ਚਿਹਰੇ ਵੱਲ ਦੇਖਦੀ ਰਹੀ।
“ਚੱਲ ਛੱਡ ਇਹਨਾਂ ਸ਼ਲਿੰਗ (ਦੋ ਕੌਡੀ) ਦੇ ਲੋਕਾਂ ਦੀਆਂ ਗੱਲਾਂ ਨੂੰ। ਆਪਾਂ ਪਿਆਰ ਕਰਦੇ ਹਾਂ। ਲਿਆ ਇਕ ਚੁੰਮੀ ਤਾਂ ਦੇ-ਦੇਹ?”
“ਲਗਾਨ ਦੇਵੋ!”
“ਕੀ ਕਿਹੈ?”
“ਹਾਂ! ਐਸ਼ ਕਰਨੀ, ਆਨੰਦ ਮਾਨਣਾ ਹੈ ਤਾਂ ਲਗਾਨ ਦੇਵੋ। ਤੁਸੀਂ ਆਪ ਹੀ ਤਾਂ ਕਿਹਾ ਹੈ।” ਗੌਡੀਵਾ ਸ਼ੇਰਨੀ ਵਾਂਗਰ ਗਰਜ਼ੀ।
“ਸ਼ਰਾਰਤਣੇ। ਮੇਰੀ ਬਿੱਲੀ ਮੈਨੂੰ ਹੀ ਮਿਆਉਂ? ਚੱਲ ਮੈਂ ਤੈਨੂੰ ਬਾਦਸ਼ਾਹ ਕੈਅਰਲੁਡੀਅਨ (ਲੰਡਨ ਨੂੰ ਵਸਾਉਣ ਵਾਲਾ ਪਹਿਲਾ ਰਾਜਾ, ਜਿਸਦੇ ਨਾਮ ਤੋਂ ਲੰਡਨ ਦਾ ਨਾਮ ਪਿਆ) ਦੇ ਸ਼ਾਹੀ ਖਜ਼ਾਨੇ ਵਾਲਾ ਹੀਰਿਆਂ ਦਾ ਲੁੱਡ (ਲੰਡਨ ਦਾ ਬਣਿਆ) ਹਾਰ ਲੌਨਡੀਨੀਅਮ (ਲੰਡਨ) ਤੋਂ ਮਗਾ ਕੇ ਦੇਊ। ਗਲ੍ਹ ਪਾਇਆ ਧੁੰਨੀ ਤੱਕ ਲਮਕੂ। ਆਪਣੇ ਮਹਾਰਾਜੇ ਕੈਨਿਊਟ ਦਾ ਪੁੱਤ ਐਡਵਰਡ ਉੱਥੇ ਰਾਜ ਕਰਦੈ।”
“ਹਾਰ ਨਹੀਂ। ਮੈਨੂੰ ਕੋਈ ਹੋਰ ਲਗਾਨ ਚਾਹੀਦੈ?” ਗੌਡੀਵਾ ਸੂਈ ਕੁੱਤੀ ਵਾਂਗ ਲਿਉਫਰਿਕ ਨੂੰ ਭੱਜ ਕੇ ਪਈ।
ਲਿਉਫਰਿਕ ਨੇ ਆਪਣੀ ਦਰਿਆਦਿਲੀ ਦਿਖਾਈ, “ਬੋਲ ਭਾਗਵਾਨੇ, ਤੈਨੂੰ ਲਗਾਨ ਦੇ ਰੂਪ ਵਿਚ ਕੀ ਚਾਹੀਦਾ ਹੈ? ਚੰਨ ਤਾਰੇ ਜੋ ਕਹੇਂ ਤੋੜ ਕੇ ਤੇਰੀ ਝੋਲੀ ਵਿਚ ਪਾ ਦੇਊਂ। ਭਾਵੇਂ ਮੇਰੀ ਧੌੜੀ ਦੀਆਂ ਜੁੱਤੀਆਂ ਬਣਵਾ ਲੈ। ਹਾੜੇ ਹਾੜੇ ਇਕ ਵਾਰੀ ਚੜੇਲ ਆਂਗੂੰ ਚਿਬੜ ਜਾ।”
ਗੌਡੀਵਾ ਸ਼ੜਯੰਤਰੀ ਢੰਗ ਨਾ ਮੁਸਕਰਾਈ, “ਹੈਰੇਗੇਲਡ ਟੈਕਸ ਦੀ ਮੁਆਫੀ। ਵਰਨਾ ਮੈਨੂੰ ਹੱਥ ਨਾ ਲਾਇਉ।”
“ਦਿਮਾਗ ਟਿਕਾਣੇ ਆ ਤੇਰਾ। ਸਾਲੀ ਕੁੱਤੀਏ ਮੈਂ ਚੁੱਕ ਕੇ ਮਹਿਲ ’ਚੋਂ ਬਾਹਰ ਮਾਰੂੰ।” ਲਿਉਫਰਿਕ ਬੜਕਿਆ।
“ਤੁਸੀਂ ਭੁੱਲ ਰਹੇ ਹੋ। ਇਹ ਕੌਫ’ਸ ਟਰੀ ਮੇਰੀ ਜੱਦੀ-ਜਾਇਦਾਦ ਹੈ। ਸਰਕਾਰੀ ਜਾਇਦਾਦ ਸੂਚੀ ਵਿਚ ਮੇਰੇ ਨਾਮ ’ਤੇ ਬੋਲਦੀ ਹੈ।” ਗੌਡੀਵਾ ਨੇ ਲਿਉਫਰਿਕ ਵੱਲ ਤਿਰਸ਼ੀ ਨਜ਼ਰ ਨਾਲ ਦੇਖਿਆ।
ਗੁੱਸੇ ਵਿਚ ਦੰਦ ਪੀਂਹਦਾ ਅਤੇ ਘੁੱਟ ਕੇ ਮੁੱਠੀਆਂ ਮੀਚਦਾ ਹੋਇਆ ਲਿਉਫਰਿਕ ਚਿੱਤ ਵਿਚ ਗੌਡੀਵਾ ਨੂੰ ਗਾਲ੍ਹਾਂ ਕੱਢਦਾ ਹੋਇਆ ਸੌਂ ਗਿਆ। ਪਰ ਅੱਜ ਗੌਡੀਵਾ ਨਾਲ ਉਸਦੀ ਹਮਬਿਸਤਰੀ ਵਿਚ ਫਰਕ ਹੈ।ਚੁੰਬਕ ਅਤੇ ਲੋਹੇ ਦੇ ਮਿਲਾਪ ਵਾਂਗ ਨਾਲੋ-ਨਾਲ ਚਿਪਕ ਕੇ ਪੈਣ ਦੀ ਬਜਾਏ ਉਹਨਾਂ ਦਰਮਿਆਨ ਸਮੁੰਦਰ ਦੇ ਦੋ ਕੰਢਿਆਂ ਵਰਗਾ ਅੰਤਰ ਹੈ। ਧਰਤੀ ਤੋਂ ਅਸਮਾਨ ਜਿਹੀ ਦੂਰੀ। ਇਕ ਨਾ ਪੂਰਿਆ ਜਾਣ ਵਾਲਾ ਵਿਸ਼ਾਲ ਪਾੜਾ। ਲਿਉਫਰਿਕ ਨੂੰ ਜ਼ਿੰਦਗੀ ਵਿਚ ਅੱਜ ਪਹਿਲੀ ਵਾਰ ਰੈਣ ਬਹੁਤ ਲੰਮੀ ਪ੍ਰਤੀਤ ਹੋਈ।
ਖੈਰ, ਜਿਵੇਂ ਕਿਵੇਂ ਰਾਤ ਗੁਜ਼ਰ ਗਈ… ਇਕ ਵਿਸ਼ਾਲ ਵਕਫਾ… ਅਸੀਮ ਖੱਪਾ ਉਹਨਾਂ ਵਿਚਾਲੇ ਉਸਰ ਗਿਆ। ਇੰਝ ਹੀ ਇਕਾਤਮਈ ਦੂਜੀ ਰਾਤ ਲੰਘੀ। ਫਿਰ ਨੀਰਸ ਤੀਜੀ ਟੱਪ ਗਈ। ਬਕਬਕੀ ਚੌਥੀ… ਬੇਜ਼ਾਰੀਪੂਰਨ ਪੰਜਵੀਂ… ਗਮਗੀਨ ਛੇਵੀਂ… ਤੇ ਸੰਕਟਮਈ ਇਕ ਮਹੀਨਾ ਬੀਤ ਗਿਆ।
ਗੌਡੀਵਾ ਨੇ ਹਰ ਪੱਖੋਂ ਆਪਣੇ ਆਪਨੂੰ ਲਿਉਫਰਿਕ ਨਾਲੋਂ ਤੋੜ ਲਿਆ। ਨਾ ਉਸ ਨਾਲ ਇਕੱਠੀ ਬੈਠਦੀ ਉੱਠਦੀ। ਨਾ ਸਰਕਾਰੀ ਗੈਰ ਸਰਕਾਰੀ ਕੋਈ ਕਾਜ ਵਿਚ ਹਿੱਸਾ ਪਾਉਂਦੀ।। ਨਾ ਉਹ ਘਰ ਵਿਚ ਜੁੜ ਕੇ ਕੋਈ ਕਬੀਲਦਾਰੀ ਦੀ ਗੱਲ ਕਰਦੇ। ਨਾ ਬਾਹਰ ਰਲ ਕੇ ਦਪੰਤੀ ਜੋੜਿਆਂ ਵਾਂਗ ਵਿਚਰਦੇ। ਇਥੋਂ ਤੱਕ ਕੇ ਬਾਦਸ਼ਾਹ ਕਨਿਊਟ ਵੱਲੋਂ ਕਰਵਾਏ ਧਾਰਮਿਕ ਭੋਜ ‘ਮਾਨਾ’ ਵਿਚ ਵੀ ਗੌਡੀਵਾ ਨੇ ਲਿਉਫਰਿਕ ਨਾਲ ਸ਼ਿਰਕਤ ਨਹੀਂ ਸੀ ਕੀਤੀ। ਲਿਉਫਰਿਕ ਜਿਥੇ ਵੀ ਗੌਡੀਵਾ ਦੀ ਸ਼ਮੂਲੀਅਤ ਚਾਹੁੰਦਾ, ਉਥੋਂ ਗੌਡੀਵਾ ਗੈਰਹਾਜ਼ਰ ਹੁੰਦੀ।
ਅਤ੍ਰਿਪਤ ਲਿਉਫਰਿਕ ਤੋਂ ਆਪਣੇ ਅੰਦਰ ਠਾਠਾਂ ਮਾਰਦਾ ਵਾਸਨਾ ਦਾ ਦਰਿਆ ਸਾਂਭ ਨਹੀਂ ਹੋ ਰਿਹਾ ਹੈ। ਕਾਮ ਚੇਸ਼ਟਾ ਦੀ ਪ੍ਰਜਵਲਿਤ ਜਵਾਲਾ ਨਾਲ ਉਹ ਸੜਦਾ, ਭੁੱਜਦਾ ਜਾ ਰਿਹਾ ਹੈ। ਉਸਨੇ ਕਈ ਹੱਥਕੰਢੇ ਅਪਨਾਏ।ਬਥੇਰੇ ਲਾਲਚ ਦਿੱਤੇ। ਗੌਡੀਵਾ ਨੂੰ ਵਡਿਆਇਆ… ਗਰਮਾਇਆ। ਲੱਖਾਂ ਯਤਨ ਕੀਤੇ ਕਿ ਗੌਡੀਵਾ ਹੈਰੇਗੇਲਡ ਦੀ ਜ਼ਿੱਦ ਛੱਡ ਕੇ ਉਸਦੀਆਂ ਬਾਹਾਂ ਵਿਚ ਖਿੱਲਰ ਜਾਵੇ। ਪਰ ਗੌਡੀਵਾ ਟੱਸ ਤੋਂ ਮੱਸ ਨਾ ਹੋਈ।ਲਿਉਫਰਿਕ ਦੀ ਜਾਨ ਮੁੱਠੀ ਵਿਚ ਆਈ ਪਈ ਹੈ। ਪੂਰਾ ਇਕ ਮਹੀਨਾ ਹੋ ਗਿਆ ਹੈ, ਉਸਨੂੰ ਗੌਡੀਵਾ ਨਾਲ ਪਿਆਰ ਕੀਤਿਆਂ। ਹੁਣ ਤਾਂ ਉਸਦੇ ਹੱਥ ਗੌਡੀਵਾ ਦੀ ਛੋਹ ਦਾ ਅਹਿਸਾਸ ਵੀ ਭੁੱਲ ਗਏ ਹਨ। ਉਸਦੀਆਂ ਅੱਖਾਂ ਵਿਚੋਂ ਗੌਡੀਵਾ ਦੇ ਅਣਕੱਜੇ ਜਿਸਮ ਦੀ ਤਸਵੀਰ ਵੀ ਵਿਸਰ ਗਈ ਹੈ। ਆਪਣੀ ਹੀ ਪਤਨੀ ਨਾਲ ਹਰ ਰੋਜ਼ ਸੌਂਦੇ ਹੋਣ ਦੇ ਬਾਵਜੂਦ ਵੀ ਲਿਉਫਰਿਕ ਨੇ ਗੌਡੀਵਾ ਨੂੰ ਮਹੀਨੇ ਭਰ ਤੋਂ ਵਸਤਰਹੀਣ ਨਹੀਂ ਤੱਕਿਆ।ਲਿਉਫਰਿਕ ਦੇ ਦਿਮਾਗ ਵਿਚ ਵਾਸਨਾ ਦੇ ਭਾਂਬੜ ਲਾਂਬੂ ਬਣ ਬਣ ਉੱਚੇ ਹੋਣ ਲੱਗੇ।ਲਿਉਫਰਿਕ ਆਪਣਾ ਫਸਿਆ ਗੱਡਾ ਕੱਢਣ ਦੀਆਂ ਜੁਗਤਾਂ ਲੜਾਉਣ ਲੱਗਾ ਤੇ ਅੰਤ ਉਹਦੇ ਜ਼ਿਹਨ ਵਿਚ ਇਕ ਸਕੀਮ ਉਸਲਵੱਟੇ ਲੈਣ ਲੱਗੀ।ਪਰ ਉਹ ਦੋ ਚਿੱਤੀ ਵਿਚ ਹੈ ਕਿ ਉਹ ਆਪਣਾ ਵਿਚਾਰ ਗੌਡੀਵਾ ਨਾਲ ਸਾਂਝਾ ਕਰੇ ਜਾਂ ਨਾ।ਆਖੀਰ ਉਸ ਤੋਂ ਰਹਿ ਨਾ ਹੋਇਆ ਤੇ ਕਹਿ ਹੋ ਗਿਆ, “ਗਿਫੂ, ਮੈਂ ਤੈਨੂੰ ਪਾਉਣ ਲਈ ਹੈਰੇਗੇਲਡ ਮੁਆਫ ਕਰਨ ਲਈ ਤਿਆਰ ਹਾਂ। ਪਰ ਮੇਰੀ ਇਕ ਸ਼ਰਤ ਹੈ?”
“ਕੀ?” ਗੌਡੀਵਾ ਇਕਦਮ ਚੌਂਕੀ।
“ਏਦਾਂ ਨ੍ਹੀਂ ਬਈ ਪਹਿਲਾ ਸੌਂਹ ਖਾਹ ਕਿ ਤੂੰ ਸ਼ਰਤ ਪੂਰੀ ਕਰੇਂਗੀ।”
“ਮੈਨੂੰ ਕੌਫ’ਸ ਟਰੀ ਦੀ ਕਸਮ!”
ਲਿਉਫਰਿਕ ਹੱਥ ਮਲਣ ਲੱਗਾ, “ਤੈਨੂੰ ‘ਮਾਰਕੀਟ ਡੇਅ’ ਵਾਲੀ ਰੋਜ਼ ਕੌਫ’ਸ ਟਰੀ ਦੀਆਂ ਗਲੀਆਂ ਬਜ਼ਾਰਾਂ ਵਿਚ ਨਗਨ ਹੋ ਕੇ ਗੇੜਾ ਦੇਣਾ ਪਵੇਗਾ।”
ਲਿਉਫਰਿਕ ਨੂੰ ਪੂਰਣ ਵਿਸ਼ਵਾਸ ਹੈ ਕਿ ਉਸਦੀ ਸਤੀ ਸਵਿਤਰੀ ਪਤਨੀ ਗੌਡੀਵਾ ਜੋ ਉਸ ਅੱਗੇ ਵੀ ਵਸਤਰ ਉਤਾਰਦੀ ਹੋਈ ਝਿਜਕਦੀ ਅਤੇ ਸ਼ਰਮਾਉਂਦੀ ਹੁੰਦੀ ਹੈ, ਉਹ ਹਰਗਿਜ਼ ਇਹ ਸ਼ਰਤ ਪੂਰੀ ਨਹੀਂ ਕਰ ਸਕੇਗੀ। ਗੌਡੀਵਾ ਦੀ ਜ਼ਿੱਦ ਨੂੰ ਤੋੜ੍ਹਨ ਦਾ ਇਸ ਤੋਂ ਵਧੀਆ ਕੋਈ ਹੋਰ ਤਰੀਕਾ ਜਾਂ ਤਰਕੀਬ ਲਿਉਫਰਿਕ ਕੋਲ ਹੋ ਨਹੀਂ ਸਕਦੀ।
ਗੌਡੀਵਾ ਅਚੰਭਿਤ ਅਤੇ ਡੌਰਭੌਰ ਹੋਈ ਲਿਉਫਰਿਕ ਦੇ ਮੂੰਹ ਵੱਲ ਤੱਕਣ ਲਗੀ।
“ਕੋਈ ਕਾਹਲੀ ਨਹੀਂ। ਸਵੇਰੇ ਸੋਚ ਕੇ ਜੁਆਬ ਦੇ ਦੇਵੀਂ।” ਲਿਉਫਰਿਕ ਨੂੰ ਆਪਣੀ ਜਿੱਤ ਪ੍ਰਤੱਖ ਨਜ਼ਰ ਆ ਰਹੀ ਹੈ।
ਬਾਕੀ ਅਗਲੇ ਹਫ਼ਤੇ...
ਹੋਰ ਪੜੋ...
Labels:
ਕਿਸ਼ਤ 3
ਲੇਡੀ ਗੌਡੀਵਾ ਦਾ ਨੰਗਾ ਸੱਚ (ਕਿਸ਼ਤ 2)
ਕੌਫ’ਸ ਟਰੀ ਆਪਣੇ ਮਹਿਲ ਪਹੁੰਚ ਕੇ ਲਿਉਫਰਿਕ ਨੇ ਆਪਣੀ ਨਿਗਰਾਨੀ ਹੇਠ ਕੁਰਕ-ਅਮੀਨ ਓਥੋ ਨਾਲ ਰਲ੍ਹ ਕੇ ਉਗਰਾਹੀ ਦੇ ਧਨ ਵਾਲਾ ਸਿੱਕਿਆਂ ਨਾਲ ਭਰਿਆ ਡੱਬਾ ਮਾਲਖਾਨੇ ਦੀ ਤਿਜੋਰੀ ਵਿਚ ਰਖਵਾਇਆ ਤੇ ਭੋਜਗ੍ਰਹਿ ਵੱਲ ਖਾਣਾ ਖਾਣ ਚਲਿਆ ਗਿਆ। ਭੋਜਨ ਉਪਰੰਤ ਲਿਉਫਰਿਕ ਵਹੀਆਂ ਲੈ ਕੇ ਸਿੱਧਾ ਆਪਣੇ ਖੁਆਬਗਾਹ ਵੱਲ ਗਿਆ।
ਦਿਨ ਭਰ ਦਾ ਆਪਣਾ ਸਾਰਾ ਹਿਸਾਬ ਕਿਤਾਬ ਕਰਕੇ ਜਦੋਂ ਲਿਉਫਰਿਕ ਨੇ ਹਿੰਦਸਿਆਂ ਦਾ ਜੋੜ ਕੀਤਾ ਤਾਂ ਉਸਦੀ ਹੈਰਾਨੀ ਦੀ ਹੱਦ ਨਾ ਰਹੀ। ਇਸ ਵਾਰ ਉਸ ਨੂੰ ਉਮੀਦ ਨਾਲੋਂ ਵੀ ਜ਼ਿਆਦਾ ਧਨ ਇਕੱਠਾ ਹੋਇਆ ਹੈ। ਲਿਉਫਰਿਕ ਨੇ ਖੁਸ਼ੀ ਵਿਚ ਆ ਕੇ ਆਪਣੇ ਕੋਲ ਪਈ ਸਾਕੀ (ਜਪਾਨ ਦੀ ਪੁਰਾਤਨ ਸ਼ਰਾਬ) ਦਾ ਮੋਟਾ ਸਾਰਾ ਪੈੱਗ ਭਰਿਆ ਤੇ ਇਕੋ ਸਾਹ ਵਿਚ ਡੀਕ ਲਾ ਕੇ ਖਿਚ ਲਿਆ।ਉਸ ਦੇ ਠੰਢ ਨਾਲ ਠਰ੍ਹੇ ਹੋਏ ਸ਼ਰੀਰ ਅੰਦਰ ਜਦੋਂ ਇਕਦਮ ਤਾਸੀਰ ਦੀ ਗਰਮ ਸ਼ਰਾਬ ਗਈ ਤਾਂ ਉਸ ਨੂੰ ਧੁੜਧੜੀ ਆ ਗਈ।ਉਸਨੇ ਆਪਣੇ ਸ਼ਰੀਰ ਨੂੰ ਇਕਵਾਰ ਫੇਰ ਹਲੂਣਿਆ ਤੇ ਰੋਮਨ ਬਤੱਖ ਦੇ ਖੰਭ ਨਾਲ ਬਣੀ ਕਲਮ ਨੂੰ ਸਿਆਹੀ ਵਿਚ ਡਬੋ ਕੇ ਸ਼ਾਹੀ ਖਜ਼ਾਨਚੀ ਨੂੰ ਹਿਸਾਬ ਕਿਤਾਬ ਦਾ ਪੈਗਾਮ ਲਿਖਣਾ ਸ਼ੁਰੂ ਕਰ ਦਿੱਤਾ। ਇਸ ਵਾਰ ਭੇਜੀ ਜਾਣ ਵਾਲੀ ਰਕਮ ਉਸ ਨੇ ਵੱਡੀ ਅਤੇ ਗੂੜੀ ਕਰਕੇ ਲਿਖੀ। ਬਾਅਦ ਵਿਚ ਉਸਨੂੰ ਅੰਡਰਲਾਇਨ ਕਰਨ ਦਾ ਖਿਆਲ ਅਹੁੜਿਆ ਅਤੇ ਉਸਨੇ ਕੁੱਲ ਜੋੜ ਹੇਠ ਨੀਂਹ-ਡੰਡੀ ਵਾਹ ਦਿੱਤੀ। ਰੁੱਕੇ ਨੂੰ ਦੁਬਾਰਾ ਪੜ੍ਹਦਿਆਂ ਲਿਉਫਰਿਕ ਨੇ ਇਕ ਹੋਰ ਹਾੜਾ ਪਾਇਆ ਤੇ ਉਸ ਨੂੰ ਪੀਂਦੇ ਪੀਂਦਿਆਂ ਸਾਰਾ ਮਜਮੂਨ ਪੜ੍ਹ ਲਿਆ।ਲਾਲ ਪਿਘਲੇ ਸਿੱਕੇ ਦੀ ਮੋਹਰ ਲਾ ਕੇ ਰੁੱਕਾ ਸੀਲਬੰਦ ਕਰ ਦਿੱਤਾ।
ਕੱਲ੍ਹ ਨੂੰ ਹੋਣ ਵਾਲੀਆਂ ਘੋੜ ਦੌੜਾਂ, ਮੁਰਗਾ-ਯੁੱਧ, ਸ਼ਰਾਬ, ਜੂਏ, ਤਮਾਕੂ ਅਤੇ ਚਕਲੇ ਦੀਆਂ ਰੰਡੀਆਂ ਤੋਂ ਮਿਲਣ ਵਾਲਾ ਮਹਿਸੂਲ ਮੁਕੱਰਰ ਹੋਣ ਕਰਕੇ ਲਿਉਫਰਿਕ ਦੇ ਖਾਤੇ ਵਿਚ ਪਹਿਲਾਂ ਹੀ ਆਇਆ ਹੋਇਆ ਹੈ।ਪਿਛਲੇ ਵਰ੍ਹੇ ਸੋਕਾ ਪੈ ਜਾਣ ਕਾਰਨ ਫਸਲਾਂ ਨਸ਼ਟ ਹੋ ਗਈਆਂ ਸਨ। ਪਰ ਇਸ ਸਾਲ ਮੌਸਮ ਕਾਸ਼ਤਕਾਰਾਂ ’ਤੇ ਮਿਹਰਬਾਨ ਰਿਹਾ ਹੈ।ਅਗਲੇ ਮਹੀਨੇ ਫਸਲਾਂ ਦੀ ਵਾਢੀ ਖਤਮ ਹੋਣ ਬਾਅਦ ਤਾਂ ਕਰ ਹੋਰ ਵੀ ਵੱਧ ਜਾਣਗੇ। ਲਿਉਫਰਿਕ ਕਿਆਸਆਰੀਆਂ ਲਾਉਂਦਾ ਗਦਗਦ ਹੋ ਉੱਠਿਆ। ਧਨ ਨੂੰ ਸਾਂਭਣ ਦੀਆਂ ਸਕੀਮਾਂ ਲਾਉਂਦਿਆਂ ਜਾਮ ਖਤਮ ਕਰਕੇ ਲਿਉਫਰਿਕ ਨੇ ਖਤ ਵਾਲਾ ਲਿਫਾਫਾ ਅਤੇ ਹੱਥ ਵਿਚ ਫੜ੍ਹਿਆ ਪਿਆਲਾ ਮੇਜ਼ ਉੱਤੇ ਰੱਖ ਦਿੱਤਾ ਤੇ ਕੁਝ ਦੇਰ ਅੱਖਾਂ ਮੀਚ ਕੇ ਇਕ ਅਕਹਿ ਜਿਹਾ ਸਰੂਰ ਅਨੁਭਵ ਕਰਨ ਲਗਿਆ।
ਥੋੜ੍ਹੀ ਦੇਰ ਬਾਅਦ ਉਸ ਨੇ ਅੱਖਾਂ ਖੋਲ੍ਹੀਆਂ ਤੇ ਚਾਅ ਨਾਲ ਉੱਚੀ ਅਵਾਜ਼ ਵਿਚ ਚਿਲਾਇਆ, “ਹਾਂ! ਹੁਣ ਆਊ ਮਜ਼ਾ। ਬਾਦਸ਼ਾਹ ਕੈਨਿਉਟ ਬਹੁਤ ਖੁਸ਼ ਹੋਵੇਗਾ।”
ਇਸਦੇ ਨਾਲ ਹੀ ਲਿਉਫਰਿਕ ਆਪਣੇ ਲਈ ਹੋਰ ਜ਼ਾਮ ਬਣਾਉਂਦਾ ਹੋਇਆ ਆਪਣੇ ਪਿੱਛੇ ਪਲੰਘ ’ਤੇ ਲੇਟੀ ਆਪਣੀ ਪਤਨੀ ਗੌਡੀਵਾ ਨਾਲ ਉਸ ਵੱਲ ਬਿਨਾ ਦੇਖਿਆਂ ਆਪਣੀ ਖੁਸ਼ੀ ਸਾਂਝੀ ਕਰਨ ਲੱਗਿਆ, “ਗਿਫੂ?... ਲਾਣੇਦਾਰਨੀਏ… ਓ ਗੂਡੀ… ਈਵਾ? ਤੈਨੂੰ ਪਤੈ ਇਸ ਵਾਰ ਪਿਛਲੀ ਵਾਰ ਨਾਲੋਂ ਤਿੰਨ ਗੁਣਾਂ ਵੱਧ ਲਗਾਨ ਇਕੱਠਾ ਹੋਇਆ ਹੈ।”
“ਹਾਂ, ਤੁਸੀਂ ਅਵਾਮ ਨੂੰ ਪਾਣੀ ਦਾ ਇਕ ਹੋਰ ਟੈਕਸ ਜੋ ਲਗਾ ਦਿੱਤਾ ਹੈ। ਇਸ ਲਈ ਲੋਕ ਹੁਣ ਹਫਤੇ ਵਿਚ ਇਕ ਵਾਰ ਸ਼ੁਕਰਵਾਰ ਨੂੰ ਇਸਨਾਨ ਕਰਦੇ ਹਨ ਅਤੇ ਔਰਤਾਂ ਇਕ ਦਿਨ ਸੋਮਵਾਰ ਨੂੰ ਕਪੜੇ ਧੋਂਹਦੀਆਂ ਹਨ। ਨਗਰ ਨਿਵਾਸੀ ਸਤਵਾਰੇ ਵਿਚੋਂ ਤਿੰਨ ਦਿਨ ਫਾਕੇ ਕੱਟਦੇ ਹਨ।”
ਗੌਡੀਵਾ ਦੇ ਬੋਲਣ ਦੇ ਲਹਿਜ਼ੇ ਵਿਚ ਤਨਜ਼ ਛੁਪੀ ਹੋਈ ਹੈ, ਜਿਸ ਨੂੰ ਨੀਮ ਸ਼ਰਾਬੀ ਹੋਇਆ ਲਿਉਫਰਿਕ ਸਮਝ ਨਹੀਂ ਸਕਿਆ ਤੇ ਹੁੱਭ ਗਿਆ। ਲਿਉਫਰਿਕ ਨੇ ਆਪਣੇ ਮਨ ਅੰਦਰਲੀ ਕੁੜੱਤਣ ਥੁੱਕ ਕੇ ਬਾਹਰ ਸਿੱਟੀ, “ਮੇਰਾ ਬਸ ਚੱਲੇ ਤਾਂ ਮੈਂ ਇਹਨਾਂ ਦੇ ਸਾਹ ਲੈਣ ਉੱਤੇ ਵੀ ਨਵਾਂ ਲਗਾਨ ਠੋਕ ਦੇਵਾਂ।ਭੈਣ ਦੇ ਖਸਮ!… ਮਾਂ ਯਾ… ਨੰਗ ਲੋਕ!!!”
ਗੌਡੀਵਾ ਨੇ ਕੋਈ ਜੁਆਬ ਨਾ ਦਿੱਤਾ ਤੇ ਚੁੱਪਚਾਪ ਕਰਵਟ ਬਦਲ ਕੇ ਬਿਸਤਰੇ ’ਤੇ ਲੇਟੀ ਰਹੀ।ਲਿਉਫਰਿਕ ਨੇ ਆਪਣਾ ਪਿਆਲਾ ਛਲਕਾਇਆ ਤਾਂ ਉਸ ਵਿਚੋਂ ਬੁਲਬਲੀਆਂ ਉੱਠੀਆਂ ਤੇ ਸ਼ਰਾਬ ਦੇ ਉੱਪਰ ਝੱਗ ਦੀ ਇਕ ਪਰਤ ਬਣ ਗਈ। ਲਿਉਫਰਿਕ ਨੇ ਗੌਡੀਵਾ ਦਾ ਧਿਆਨ ਖਿੱਚਣ ਲਈ ਆਮੰਤ੍ਰਣ ਦਿੱਤਾ, “ਥੋੜ੍ਹੀ ਸ਼ਰਾਬ ਲਵੇਂਗੀ?”
“ਨਹੀਂ। ਮੈਂ ਘੋੜਸਵਾਰੀ ਕਰਕੇ ਬਹੁਤ ਥੱਕ ਗਈ ਹਾਂ ਤੇ ਮੈਨੂੰ ਬਹੁਤ ਨੀਂਦ ਆ ਰਹੀ ਹੈ।”
“ਕੋਈ ਨ੍ਹੀਂ ਲੰਡੂ ਜਿਹਾ ਪੈੱਗ ਲਾ ਲੈ ਬਿੱਲੋ… ਨੀਂਦ ਸੋਹਣੀ ਆ’ਜੂ… ਮੈਂ ਪਾਵਾਂ?” ਲਿਉਫਰਿਕ ਨੇ ਨਵੇਂ ਪਿਆਲੇ ਦੇ ਮੂੰਹ ਨਾਲ ਸਰਾਹੀ ਲਗਾਉਂਦਿਆਂ ਪੁੱਛਿਆ।
“ਨਹੀਂ, ਕੋਈ ਲੋੜ੍ਹ ਨਹੀਂ। ਮੈਨੂੰ ਜ਼ਰੂਰਤ ਹੋਈ, ਮੈਂ ਆਪ ਲੈ ਲਵਾਂਗੀ।” ਗੌਡੀਵਾ ਨੇ ਪਾਸਾ ਪਰਤਿਆ।
“ਮੈਂ ਕਹਿੰਦਾ ਸੀ ਛਿੱਟ ਕੁ ’ਕੇਰਾਂ ਲਾ ਲੈਂਦੀ… ਵਿਦੇਸ਼ੀ ਸ਼ਰਾਬ ਹੈ। ਇਹ ਮੈਨੂੰ ਭਿਕਸੂ ਓਸਵਾਲਡ ਨੇ ਦਿੱਤੀ ਐ। ਉਸਨੂੰ ਕੋਈ ਉਹਦਾ ਮਿੱਤਰ ਸੰਤ ਗੌਡਰਿਕ ਦੇ ਕੇ ਗਿਆ ਸੀ… ਇਹ ਘਰ ਦੀ ਕੱਢੀ ਸਿੱਕੇ ਵਰਗੀ ਸੰਘਣੀ ਵਾ… ਮੈਂ ਫੰਬਾ ਡਬੋ ਕੇ ਦੇਖਿਐ, ਬਿੰਦ ਨ੍ਹੀਂ ਖੜ੍ਹਦਾ। ਦੂਹਰੀ ਵਾਰ ਕਸੀਦ ਕੇ ਕੱਢੀ ਹੋਈ ਲਗਦੀ ਆ। ਉਂਗਲ ਭਿਉਂ ਕੇ ਲਾਟ ਕੋਲ ਕਰਿਆਂ ਝੱਟ ਦੇਣੇ ਅੱਗ ਫੜ੍ਹਦੀ ਐ। ਧਰਮ ਨਾਲ ਕਾਲਜਾ ਚੀਰਦੀ ਜਾਂਦੀ ਐ ਰੋੜੀ ਦੀ ਲੀਕ ਆਾਂਗਰ। ਅੰਦਰ ਜਾ ਕੇ ਡਿੱਗਦੀ ਏ ਤਾਂ ਦਿਮਾਗ ਨੂੰ ਭਬੂਕਾ ਜਿਹਾ ਚੜ੍ਹਦੈ।’ਕੇਰਾਂ ਤਾਂ ਖਿਲਾਰ ਕੇ ਰੱਖ ’ਦੂ ਭੇਡ ਦੇ ਵੱਗ ਵਾਂਗੂੰ… ਅੜੀ ਨਾ ਕਰ, ਲੈ ਲੈ ਭੋਰਾ… ਹਵਾ ਪਿਆਜ਼ੀ ਹੋ, ਢਾਰੇ ਆਂਗੂੰ ਢਹੀ ਜਿਹੀ ਪਈ ਏਂ।” ਐਨਾ ਆਖ ਕੇ ਜਦੋਂ ਲਿਉਫਰਿਕ ਨੇ ਪਿੱਠ ਘੁੰਮਾ ਕੇ ਗੌਡੀਵਾ ਵੱਲ ਮੂੰਹ ਕੀਤਾ ਤਾਂ ਤੱਕਿਆ ਉਹ ਉਸ ਵੱਲ ਪਿੱਠ ਕਰੀ ਪਈ ਹੈ। ਮੱਛਰਦਾਨੀ ਨਾ ਤਾਣੀ ਹੋਣ ਕਰਕੇ ਗੌਡੀਵਾ ਉਸਨੂੰ ਸਿਰ ਤੋਂ ਪੈਰਾਂ ਤੱਕ ਸਾਫ ਦਿਖਾਈ ਦੇ ਰਹੀ ਹੈ। ਉਹ ਗੌਡੀਵਾ ਨੂੰ ਨਿਹਾਰਦਾ ਹੋਇਆ ਆਹੀਸਤਾ-ਆਹੀਸਤਾ ਪਿਆਲਾ ਘੁੱਟਾਂ-ਬਾਟੀ ਪੀਣ ਲੱਗਿਆ। ਕਮਰੇ ਵਿਚ ਬਲਦੀ ਮਿਸ਼ਾਲ ਦੇ ਸੰਗਤਰੀ ਚਾਨਣ ਵਿਚ ਗੌਡੀਵਾ ਦਾ ਸ਼ਰੀਰ ਲੋਹੜੇ ਦਾ ਉੱਠ ਰਿਹਾ ਹੈ, ਜਿਵੇਂ ਹਨੇਰੀ ਰਾਤ ਵਿਚ ਜੁਗਨੂੰ ਚਮਕਦੇ ਹੋਣ।ਉਸਦੇ ਗਜ਼-ਗਜ਼ ਲੰਬੇ ਸੂਰਜ ਦੀਆਂ ਰਿਸ਼ਮਾਂ ਵਰਗੇ ਸੁਨਹਿਰੀ ਵਾਲ ਪੂਰੇ ਬਿਸਤਰੇ ਉੱਤੇ ਖਿਲਰੇ ਪਏ ਹਨ, ਜਿਵੇਂ ਕਿਸਾਨ ਨੇ ਕਾਹਲੀ ਵਿਚ ਭਾਰ ਨਾ ਸਹਾਰਦਿਆਂ ਹੋਇਆਂ ਪਰਾਲੀ ਦੀ ਭਾਰੀ ਪੰਡ ਜ਼ਮੀਨ ਉੱਤੇ ਸਿੱਟ ਕੇ ਖਿਲਾਰ ਦਿੱਤੀ ਹੋਵੇ ਜਾਂ ਟਿੱਬੇ ’ਤੇ ਫਲੀਆਂ ਸੁੱਕਣੀਆਂ ਪਾਈਆਂ ਹੋਣ। ਲਿਉਫਰਿਕ ਸੋਚਦਾ ਹੈ ਕਿ ਦਾਸੀਆਂ ਓਲਰਿਕਾ ਅਤੇ ਹਾਇਲਡਾ ਦਰੁਸਤ ਹੀ ਫਰਮਾਉਂਦੀਆਂ ਹਨ। ਮਨਣਯੋਗ ਹੈ ਕਿ ਗੌਡੀਵਾ ਦੇ ਭਾਰੇ, ਘਣੇ ਅਤੇ ਲਮੇਰੇ ਵਾਲ ਵਾਹੁਣ ਲਈ ਕੰਘੀ ਕਰਦਿਆਂ ਉਹਨਾਂ ਦੇ ਗੁੱਟ ਦੁੱਖਣ ਲੱਗ ਜਾਂਦੇ ਹਨ।
ਲਿਉਫਰਿਕ ਨੇ ਆਪਣੀ ਆਖਰੀ ਘੁੱਟ ਖਤਮ ਕੀਤੀ ਤੇ ਆਪਣਾ ਮੁਕਟਨੁਮਾ ਟੋਪ ਸਿਰ ਤੋਂ ਲਾਹ ਕੇ ਮੇਜ਼ ਉੱਤੇ ਰੱਖ ਦਿੱਤਾ। ਚੋਗਾ ਉਤਾਰਿਆ ਤੇ ਹੇਠ ਪਹਿਨਿਆ ਚਮੜੇ ਦਾ ਕਬਚ (ਬੂਲਟਪਰੂਫ ਜੈਕਟ ਵਾਂਗ ਚਾਕੂ-ਛੂਰੀ ਦੇ ਵਾਰ ਤੋਂ ਬਚਣ ਲਈ ਜੋ ਉਸ ਸਮੇਂ ਰਜਵਾੜੇ ਪਹਿਨਿਆਂ ਕਰਦੇ ਸੀ।) ਖੋਲ੍ਹਦਾ ਹੋਇਆ ਲੜਖੜਾਉਂਦੇ ਕਦਮਾਂ ਨਾਲ ਉਹ ਬਿਸਤਰੇ ਵੱਲ ਵਧਿਆ।
ਪਲੰਘ ਉੱਤੇ ਬੈਠਣਸਾਰ ਲਿਉਫਰਿਕ ਨੇ ਖੱਬੇ ਹੱਥ ਨਾਲ ਹੂੰਝ ਕੇ ਗੌਡੀਵਾ ਦੇ ਖਿੰਡੇ-ਖੱਪਰੇ ਸਾਰੇ ਵਾਲ ਸਿਰਹਾਣੇ ਵੱਲ ਇਕੱਠੇ ਕਰ ਦਿੱਤੇ। ਅੱਜ ਇਕ ਵਾਰ ਫੇਰ ਲਿਉਫਰਿਕ ਨੂੰ ਆਪਣੀ ਸੁਹਾਗਰਾਤ ਵਾਲਾ ਉਹੀ ਦ੍ਰਿਸ਼ ਚੇਤੇ ਆ ਗਿਆ। ਉਦਣ ਵੀ ਗੌਡੀਵਾ ਇੰਝ ਹੀ ਨੀਂਦ ਨਾਲ ਉਂਘਲਾਦੀ ਨੀਲੇ ਸੁਹਾਗ ਜੋੜੇ ਵਿਚ ਲਿਪਟੀ ਇਸੇ ਪਲੰਘ ਉੱਤੇ ਪਈ ਸੀ।ਗੌਡੀਵਾ ਨੇ ਦਾਜ ਵਿਚ ਲਿਆਦਾ ਕੌਫ’ਸ ਟਰੀ ਅਤੇ ਤਮਾਮ ਜ਼ਾਇਦਾਦ ਦਾ ਪਟਾ ‘ਆਗਾਜ਼-ਏ-ਹਿਯਾਤੀ’ ਉਪਾਹਰ ਦੇ ਰੂਪ ਵਿਚ ‘ਆਤਮ ਸਮਰਪਣ’ ਵੇਲੇ ਲਿਉਫਰਿਕ ਦੇ ਸਪੁਰਦ ਕਰ ਦਿੱਤਾ ਸੀ। ਲਿਉਫੋਰਕ ਨੇ ਵੀ ਮੈਡਲੀਓਡਮ, ਹੀਸੀ, ਵੂਲੀਆਹੀਗੌਨ (Wellington), ਲੋਡਲੋ ਤੋਂ ਇਲਾਵਾ ਤਮਾਮ ਸਲੋਪਸਬੇਰੀਆ ਅਤੇ ਸਕਰੌਬੀਸਬਾਏਰਿਜ਼ ਦੀਆਂ ਜਾਗੀਰਾਂ ਦੇ ਸਨਦ ਗੌਡੀਵਾ ਨੂੰ ‘ਸੇਕਰਡ ਗਲੈਂਸ’ ਦੀ ਰਸਮ (ਮੂੰਹ ਦਿਖਾਈ) ਵਜੋਂ ਦਿੱਤੇ ਸਨ। ਉਸ ਰਾਤ ਗੌਡੀਵਾ ਦਾ ਰੂਪ ਹੰਢਾ ਕੇ ਲਿਉਫਰਿਕ ਨੂੰ ਪ੍ਰਤੀਤ ਹੋਇਆ ਸੀ ਜਿਵੇਂ ਉਸਨੇ ਸਵਰਗਾਂ ਦੇ ਝੂਟੇ ਮਾਣ ਲਏ ਹੁੰਦੇ ਹਨ। ਖੁਸ਼ੀ ਵਿਚ ਖੀਵਾ ਹੋ ਕੇ ਉਸਨੇ ਸਵੇਰੇ ‘ਸ਼ਾਦੀ ਸੰਪੰਨਤਾ’ (Consumination of marriage) ਦੇ ਤੋਹਫੇ ਵਜੋਂ ਗੌਡੀਵਾ ਨੂੰ ਘਰਬਾਰ ਦੀਆਂ ਚਾਬੀਆਂ ਦਾ ਸਾਰਾ ਗੁੱਛਾ ਦੇ ਦਿੱਤਾ ਸੀ।
ਇਹਨਾਂ ਦੋ ਸਾਲਾਂ ਵਿਚ ਗੌਡੀਵਾ ਦੀ ਸੁੰਦਰਤਾ ਵਿਚ ਇਜ਼ਾਫਾ ਅਤੇ ਉਸਦੇ ਜਿਸਮ ਦਾ ਸੇਕ ਪਹਿਲਾਂ ਨਾਲੋਂ ਕਈ ਗੁਣਾ ਅਧਿਕ ਹੋ ਗਿਆ ਹੈ।ਗੌਡੀਵਾ ਦੇ ਮੁਕਾਬਲਤਨ ਲਿਉਫਰਿਕ ਕਾਫੀ ਠੰਢਾ ਪੈ ਗਿਆ ਹੈ।ਲਿਉਫਰਿਕ ਜਲਦ ਹੀ ਬਿਸਤਰੇ ਵਿਚ ਢਹਿ-ਢੇਰੀ ਹੋ ਕੇ ਉਦੋਂ ਹੀ ਠੰਡਾ ਸੀਤ ਹੋ ਜਾਂਦਾ ਹੈ, ਗੌਡੀਵਾ ਜਦੋਂ ਅਜੇ ਮਘਣਾ ਹੀ ਆਰੰਭ ਕਰ ਰਹੀ ਹੁੰਦੀ ਹੈ। ਲਿਉਫਰਿਕ ਅਕਸਰ ਸੇਜ ’ਤੇ ਗੌਡੀਵਾ ਨੂੰ ਸੁਲਘਦੀ ਹੋਈ ਤੱਕਦਾ ਹੈ ਤਾਂ ਉਸਨੂੰ ਠਾਰਨ ਦੇ ਯਤਨ ਕਰਦਾ ਹੈ। ਪਰ ਕੁਦਰਤ ਦੇ ਨਿਯਮਾਂ ਅੱਗੇ ਅਕਸਰ ਉਹਦਾ ਉਪਰਾਲਾ, ਕੋਈ ਜ਼ੋਰ ਨਹੀਂ ਚਲਦਾ। ਉਹ ਨਿਸਫਲਤਾ ਅਤੇ ਆਪਣੇ ਅੰਦਰ ਉਪਜੀ ਹੀਣ-ਭਾਵਨਾ ਨੂੰ ਛੁਪਾਉਣ ਦੇ ਆਹਰਾਂ ਵਿਚ ਸ਼ਰਾਬ ਪੀਣ ਬਹਾਨੇ ਜੁੱਟ ਜਾਇਆ ਕਰਦਾ ਹੈ।
ਲਿਉਫਰਿਕ ਦੇ ਹੱਥ ਆਪ-ਮੁਹਾਰੇ ਹੀ ਗੌਡੀਵਾ ਦੀ ਅੰਗਵਸਤਰ ਦੀਆਂ ਤਣੀਆਂ ਖੋਲ੍ਹਣ ਲਈ ਵੱਧ ਗਏ। ਕੰਬਦੇ ਹੱਥਾਂ ਨਾਲ ਲਿਉਫਰਿਕ ਨੇ ਗੌਡੀਵਾ ਦੇ ਲੱਕ ਨੂੰ ਘੁੱਟ ਰਹੀ ਗੰਢ ਖੋਲ੍ਹੀ ਤੇ ਫੇਰ ਤਣੀਆਂ ਦੇ ਕਾਂਟਿਆਂ ਨੂੰ ਸੱਜੇ ਹੱਥ ਦੀ ਪ੍ਰਥਮ, ਯਾਨੀ ਅੰਗੂਠੇ ਦੇ ਨਾਲ ਦੀ ਪਹਿਲੀ ਉਂਗਲ ਪਾ ਕੇ ਕਾਜ਼ਾਂ ਵਿਚੋਂ ਇਕ ਇਕ ਕਰਕੇ ਕੱਢਦਾ ਹੋਇਆ ਗੌਡੀਵਾ ਦੀ ਗਰਦਨ ਵੱਲ ਵੱਧਣ ਲੱਗ ਪਿਆ।
ਗੌਡੀਵਾ ਨਾ ਹਿੱਲੀ… ਨਾ ਜੁੱਲੀ… ਨਾ ਹੀ ਉਸਨੇ ਕੋਈ ਸ਼ਬਦ ਬੋਲਿਆ। ਨਾ ਸਹਿਮਤੀ ਪ੍ਰਗਟਾਈ, ਨਾ ਵਿਰੱਧ ਕੀਤਾ। ਉਹ ਜਿਵੇਂ ਪਈ ਸੀ, ਉਸੇ ਪ੍ਰਕਾਰ ਲਿਉਫਰਿਕ ਵੱਲ ਪਿੱਠ ਕਰਕੇ ਲੇਟੀ ਰਹੀ।ਲਿਉਫਰਿਕ ਨੇ ਇਕ ਇਕ ਕਰਕੇ ਗੌਡੀਵਾ ਦੀ ਗਰਦਨ ਤੱਕ ਜਾਂਦੀਆਂ ਸਾਰੀਆਂ ਤਣੀਆਂ ਖੋਲ੍ਹ ਕੇ ਗੌਡੀਵਾ ਦੀ ਚੋਲੀ ਦੇ ਦੋਨੋਂ ਪਟ ਆਪਣੇ ਦੋਨਾਂ ਹੱਥਾਂ ਵਿਚ ਲਏ ਤੇ ਕਿਤਾਬ ਖੋਲ੍ਹਣ ਵਾਂਗ ਖੋਲ੍ਹ ਕੇ ਗੌਡੀਵਾ ਦੀ ਸਾਰੀ ਕੰਡ ਬੇਪਰਦਾ ਕਰ ਦਿੱਤੀ।
ਪਲੰਘ ਦੇ ਸਿਰਹਾਣੇ ਕੋਲ ਲੱਗੀ ਮਿਸ਼ਾਲ ਦੀ ਰੋਸ਼ਨੀ ਹੋਰ ਵਿਸ਼ਾਲ ਹੋ ਗਈ।…
ਕਾਲੇ ਰੰਗ ਦੀ ਸਿਲਕੀ ਸੀਨਾਬੰਦ ਵਿਚ ਟਿਕਿਆ ਪਿਆ ਗੌਡੀਵਾ ਦਾ ਗੋਰਾ ਗੰਢੇ ਦੀਆਂ ਛਿਲਕਾਂ ਵਰਗਾ ਮੂਲਾਇਮ ਚਮਕਦਾ ਅਰਧ-ਨਗਨ ਜਿਸਮ ਅੱਗ ਦੀ ਰੋਸ਼ਨੀ ਵਿਚ ਸੁਨਿਹਰੀ ਰੰਗਤ ਫੜ੍ਹ ਗਿਆ ਇਉਂ ਲੱਗਦਾ ਹੈ ਜਿਵੇਂ ਕਾਲੇ ਰੰਗ ਦੀ ਬੈਂਤ ਦੇ ਛਿੱਕੂ ਵਿਚ ਪੁਖਰਾਜ ਹੀਰਾ ਪਿਆ ਹੁੰਦਾ ਹੈ।ਲਿਉਫਰਿਕ ਨੇ ਗੌਡੀਵਾ ਦੀ ਪੂਰੀ ਪਿੱਠ ਨੂੰ ਆਪਣਾ ਲਰਜ਼ਦਾ ਹੱਥ ਫੇਰ ਕੇ ਸਹਿਲਾਇਆ… ਪਲੋਸਿਆ… ਨਿਹਾਰਿਆ… ਵਧੇਰੇ ਘੋੜ ਸਵਾਰੀ ਕਰਨ ਕਰਕੇ ਗੌਡੀਵਾ ਕੁਝ ਲਿੱਸੀ ਹੋ ਗਈ ਹੈ। ਉਸਦੇ ਭਰਵੇਂ ਅੰਗ ਕੁਝ ਢਿੱਲੇ ਪੈ ਗਏ ਹਨ।ਢਾਕਾਂ ਦਾ ਮਾਸ ਵੀ ਕਾਫੀ ਹੱਦ ਤੱਕ ਢਲ ਗਿਆ ਹੈ। ਪਰ ਫੇਰ ਵੀ ਉਸਦੀ ਢੂਹੀ ਦਾ ਆਕਰਸ਼ਨ ਪਹਿਲਾਂ ਵਾਂਗ ਬਰਕਰਾਰ ਹੈ।ਗੌਡੀਵਾ ਦੀ ਮਖਮਲੀ ਚਮੜੀ, ਸ਼ੀਸ਼ੇ ਦੀ ਲਿਸ਼ਕੋਰ ਵਾਂਗਰ ਲਿਸ਼ਕ ਰਹੀ ਹੈ।
ਗੌਡੀਵਾ ਦੀ ਪਿੱਠ ਨੂੰ ਚੁੰਮਦਾ ਤੇ ਹਲਕੇ-ਹਲਕੇ ਚੱਖ ਵੱਡਦਾ ਹੋਇਆ ਲਿਉਫਰਿਕ ਬੋਲਿਆ, “ਗੀਫੂ? ਮੇਰਾ ਚਿੱਤਾ ਕਰਦਾ ਮੈਂ ਅੱਜ ਆਪਣੇ ਬੁੱਲ੍ਹਾਂ ਤੇ ਜੀਭ ਨਾਲ ਤੇਰੀ ਢੂਹੀ ’ਤੇ ਮਾਰਸੀਆ ਦਾ ਨਕਸ਼ਾ ਵਾਹ ਦੇਵਾਂ। ਫੇਰ ਤੈਨੂੰ ਏਕਣ ਹੀ ਪਿਛਿਉਂ ਘੁੱਟ ਕੇ ਗਲਵੱਕੜੀ ਪਾ ਲਵਾਂ ਤੇ ਮਹਿਸੂਸ ਕਰਾਂ ਜਿਵੇਂ ਸਾਰਾ ਮਾਰਸੀਆ ਮੇਰੀ ਆਗੋਸ਼ ਵਿਚ ਆ ਗਿਆ ਹੋਵੇ। ਮੈਂ ਤੈਨੂੰ ਪੂਰੇ ਐਂਗਲੀਕਾ ਦੀ ਮਹਾਰਾਣੀ ਬਣਾਉਣਾ ਚਾਹੁੰਦਾ ਹਾਂ। ਹੀਰੇ ਜ਼ਵਾਹਰਾਤ ਜੜੇ ਸੋਨ ਤਖਤ ਉੱਤੇ ਆਪਣੇ ਪੱਟਾਂ ਵਿਚ ਤੈਨੂੰ ਬੈਠੀ ਵੇਖਣ ਦੀ ਮੇਰੀ ਖੁਆਇਸ਼ ਹੈ!”
ਗੌਡੀਵਾ ਨੇ ਨਾ ਕੋਈ ਹੁੰਗਾਰਾ ਭਰਿਆ, ਨਾ ਇੰਨਕਾਰ ਕੀਤਾ, ਨਾ ਇਸਰਾਰ ਕੀਤਾ, ਨਾ ਹੀ ਕੋਈ ਇਕਰਾਰ ਜਾਂ ਇਜ਼ਹਾਰ।ਇਉਂ ਜਾਪਦਾ ਹੈ ਜਿਵੇਂ ਗੌਡੀਵਾ ਦੇ ਲਬ੍ਹ ਸਿਉਂਤੇ ਗਏ ਹੋਣ। ਜਾਂ ਕੋਈ ਹਾਵ-ਭਾਵ ਵਿਅਕਤ ਕਰਨ ਦੀ ਸਮਰੱਥਾ ਉਸ ਅੰਦਰੋਂ ਮੁੱਕ ਗਈ ਹੋਵੇ। ਇਕ ਮਾਨਸਿਕ ਰੋਗੀ ਵਾਲੀ ਸਥਿਤੀ ਵਿਚੋਂ ਉਹ ਗੁਜ਼ਰ ਰਹੀ ਹੈ। ਜ਼ਿਹਨ ਵਿਚ ਜਿਵੇਂ ਜਵਾਰਭਾਟੇ ਨੂੰ ਗੌਡੀਵਾ ਨੇ ਡੱਕ ਰੱਖਿਆ ਹੋਵੇ।
ਲਿਉਫਰਿਕ ਨੇ ਸ਼ੂਕਦੇ ਵੇਗ ਦੇ ਵਹਿਣ ਵਿਚ ਆ ਕੇ ਗੌਡੀਵਾ ਨੂੰ ਡੌਲਿਉਂ ਫੜ੍ਹ ਕੇ ਉਸਦੇ ਬਦਨ ਦਾ ਆਪਣੇ ਵੱਲ ਘੁੰਮੇਟਾ ਦਿੱਤਾ। ਮੰਜੇ ਉੱਤੇ ਰੁੱਖ ਪਰਤਾ ਕੇ ਗੌਡੀਵਾ ਉਸਦੇ ਸਨਮੁੱਖ ਹੋ ਗਈ। ਰੂ-ਬਾ-ਰੂ। ਕਿੰਤੂ ਗੌਡੀਵਾ ਦੀਆਂ ਅੱਖਾਂ ਮੁੰਦੀਆਂ ਹੋਈਆਂ ਹਨ। ਵਿਸਮਾਦ ਵਿਚ ਨਹੀਂ, ਰੋਸ ਵਿਚ।
ਜਿਵੇਂ ਜਨੌਰਮਾਰ, ਪੰਛੀ ਪਰਿੰਦੇ ਬਲਹੀਣ ਕਰਨ ਲਈ ਗੁਲੇਲ ਗੀਟੀ ਸੁੱਟਦੇ ਹਨ, ਬਿਲਕੁਲ ਉਵੇਂ ਲਿਉਫਰਿਕ ਦੁਆਰਾ ਕਾਹਲ ਨਾਲ ਉਤਾਰਨ ਉਪਰੰਤ ਵਗਾਹ ਕੇ ਸਿੱਟੇ ਗਏ ਕ੍ਰਮਵਾਰ ਗੌਡੀਵਾ ਅਤੇ ਲਿਉਫਰਿਕ ਦੇ ਆਪਣੇ ਵਸਤਰ ਬਿਸਤਰੇ ਤੋਂ ਬਾਹਰ ਜਾ ਕੇ ਡਿੱਗੇ ਤੇ ਸਾਹਮਣੀ ਕਮਰੇ ਦੀ ਕੰਧ ਨਾਲ ਤੀਬਰਤਗਤੀ ਨਾਲ ਜਾ ਕੇ ਟਕਰਾਏ… ਅਤੇ… ਉਸ ਪਸ਼ਚਾਤ ਹੇਠਾਂ ਫਰਸ਼ ਉੱਤੇ ਆ ਕੇ ਕਪੜੇ ਇਉਂ ਡਿੱਗੇ, ਜਿਵੇਂ ਆਲ੍ਹਣਾ ਬਣਾਉਣ ਲਈ ਲਿਜਾ ਰਹੀ ਚਿੱੜੀ ਦੀ ਚੁੰਝ ਵਿਚੋਂ ਛੁੱਟ ਕੇ ਤੀਲਾ ਧੀਮੀ ਰਫਤਾਰ ਨਾਲ ਰਫਤਾ-ਰਫਤਾ ਅਰਸ਼ ਤੋਂ ਫਰਸ਼ ਉੱਤੇ ਆ ਉਤਰਦਾ ਹੈ।
ਮਿਸ਼ਾਲ ਦੀ ਤਪਸ਼ ਹੋਰ ਤੇਜ਼ ਹੋ ਗਈ।… ਮਿਸ਼ਾਲ ਦਾ ਪਿਘਲਿਆ ਹੋਇਆ ਤੇਲ ਭਾਫਾਂ ਛੱਢਣ ਲੱਗ ਪਿਆ…ਉਸ ਵਿਚੋਂ ਚਗਿੰਆੜੇ ਪੈਦਾ ਹੋਣ ਲੱਗੇ। ਮਿਸ਼ਾਲ ਦੀ ਅਗਨੀ ਹੋਰ ਪ੍ਰਚੰਡ, ਤੀਬਰ, ਵੇਗਮਈ ਅਤੇ ਤੇਜ਼ ਹੋ ਗਈ… ਮਘੀ ਹੋਈ ਮਿਸ਼ਾਲ ਲੱਟ … ਲੱਟ ਬਲ੍ਹਣ ਲੱਗ ਪਈ ਤੇ ਫੇਰ ਜਿਵੇਂ ਹਵਾ ਦਾ ਬੇਕਾਬੂ ਬੁੱਲਾ ਆਇਆ ਹੋਵੇ ਜਾਂ ਕੋਈ ਹਿਜੋਕਾ ਜਿਹਾ ਵੱਜਿਆ ਹੁੰਦਾ ਹੈ, ਉਵੇਂ ਅਗਨੀ ਭੜਕੀ ਤੇ ਮਿਸ਼ਾਲ ਇਕਲਖਤ ਬੁੱਝ ਗਈ…।
ਹੁਣ ਲਿਉਫਰਿਕ ਲਗਭਗ ਸੌਂ ਚੁੱਕਾ ਹੈ। ਉਸਦੇ ਖੁਰਾਟਿਆਂ ਦਾ ਸ਼ੋਰ ਰਾਤ ਦੇ ਵਾਤਾਵਰਨ ਵਿਚ ਗੂੰਝ ਰਿਹਾ ਹੈ। ਗੌਡੀਵਾ ਨੇ ਹਲੂਣਾ ਦੇ ਕੇ ਪੁੱਛਿਆ, “ਇਜ਼ਾਜਤ ਹੋਵੇ ਤਾਂ ਮੈਂ ਆਪਣੇ ਕੱਪੜੇ ਪਹਿਨ ਲਵਾਂ?… ਮੈਨੂੰ ਬਹੁਤ ਠੰਡ ਲੱਗ ਰਹੀ ਹੈ।”
“ਊਂ…ਅ। ਜੋ ਮਰਜ਼ੀ ਕਰ… ਅੱਗੇ ਕਿਹੜਾ ਤੂੰ ਮੇਰੇ ਸਾਰੇ ਹੁਕਮਾਂ ਦੀ ਪਲਣਾ ਕਰਦੀ ਐਂ।” ਲਿਉਫਰਿਕ ਨੇ ਅਰਧ ਸੁੱਤਿਆਂ ਜੁਆਬ ਦਿੱਤਾ।
ਬੇਲਿਬਾਸ ਗੌਡੀਵਾ ਉੱਠੀ ਤੇ ਵਸਤਰਧਾਰ ਹੋ ਕੇ ਵਾਪਸ ਪਲੰਘ ਉੱਤੇ ਸੌਂ ਗਈ।
ਅਗਲੀ ਸਵੇਰ ਗੌਡੀਵਾ ਦੇ ਜਾਗਣ ਤੋਂ ਪਹਿਲਾਂ ਹੀ ਲਿਉਫਰਿਕ ਦਿਵਾਨ ਲਾਉਣ ਲਈ ਰਵਾਨਾ ਹੋ ਗਿਆ।ਮਾਰਕੀਟ ਡੇਅ ਤੋਂ ਅਗਲੇ ਦਿਨ ਸ਼ੁਕਰਵਾਰ ਨੂੰ ਪੂਰਾ ਦਿਨ ਰਾਤ ਲੋਕ ਜ਼ਸ਼ਨ ਮਨਾਉਂਦੇ ਅਤੇ ਮਸਤੀਆਂ ਕਰਦੇ ਹਨ। ਗੀਤ ਸੰਗੀਤ ਰੰਗ ਰਾਸ ਦੀਆਂ ਮਹਿਫਲਾਂ ਲੱਗਦੀਆਂ ਹਨ। ਨਾਚ ਹੁੰਦੇ ਹਨ। ਖੇਡਾਂ, ਤਲਵਾਰਬਾਜ਼ੀਆਂ ਦੇ ਮੁਕਾਬਲੇ ਅਤੇ ਘੋਲ ਹੁੰਦੇ ਹਨ। ਸ਼ਰਾਬ ਦੇ ਦੌਰ ਚਲਦੇ ਹਨ ਅਤੇ ਸਾਰੇ ਕੌਫ’ਸ ਟਰੀ ਵਾਲੇ ਰਾਤ ਨੂੰ ਇਕ ਮੈਦਾਨ ਵਿਚ ਤਮਾਕੂ ਦੀ ਧੂਣੀ ਲਾ ਕੇ ਬੈਠ ਜਾਂਦੇ ਹਨ।ਤਮਾਕੂ ਵਾਲਾ ਧੂੰਆਂ ਜਦੋਂ ਸਾਹ ਕ੍ਰਿਆ ਦੌਰਾਨ ਨੱਕ ਰਾਹੀਂ ਚੜ੍ਹਦਾ ਹੈ ਤਾਂ ਅਜੀਬ ਜਿਹਾ ਨਸ਼ਾ ਅਨੁਭਵ ਹੁੰਦਾ ਹੈ। ਸਭ ਤੀਵੀਆਂ ਮਰਦ ਇਸ ਨਸ਼ੇ ਦਾ ਆਨੰਦ ਮਾਣਦੇ ਹੋਏ ਆਪਣੇ ਆਪ ਨੂੰ ਕਿਸੇ ਹੋਰ ਹੀ ਦੁਨੀਆ ਵਿਚ ਪਹੁੰਚੇ ਹੋਏ ਮਹਿਸੂਸ ਕਰਦੇ ਹਨ।ਜੂਏ ਖੇਡੇ ਜਾਂਦੇ ਹਨ। ਇਸੇ ਹੀ ਦਿਨ ਗੁਲਾਮਾਂ ਅਤੇ ਇਸਤਰੀਆਂ ਦੀ ਖਰੀਦੋ-ਫਰੋਖਤ ਵੀ ਹੁੰਦੀ ਹੈ। ਜਾਂ ਨਿਰਧਨ ਲੋਕ ਅਮੀਰਾਂ ਨੂੰ ਆਪਣੀਆਂ ਪਤਨੀਆਂ, ਬਹੂਆਂ ਅਤੇ ਬੇਟੀਆਂ ਧਨ ਬਦਲੇ ਕਿਰਾਏ ਉੱਤੇ ਵੀ ਦੇ ਦਿਆ ਕਰਦੇ ਹਨ। ਸਦੀਆਂ ਤੋਂ ਇਹ ਦਸਤੂਰ ਚਲਿਆ ਆ ਰਿਹਾ ਹੈ। ਜੂਲੀਅਸ ਸੀਜ਼ਰ ਵੇਲੇ ਦਾ। ਕਦੇ-ਕਦਾਈਂ ਇਹਨਾਂ ਸਮਾਗਮਾਂ ਵਿਚ ਗੌਡੀਵਾ ਵੀ ਲਿਉਫਰਿਕ ਨਾਲ ਸ਼ਿਰਕਤ ਕਰਨ ਲਈ ਆ ਜਾਇਆ ਕਰਦੀ ਹੈ। ਅਜਿਹੇ ਮੌਕਿਆਂ ’ਤੇ ਬਾਜ ਮਰਤਬਾ ਲੜਾਈ ਝਗੜੇ ਵੀ ਹੋ ਜਾਂਦੇ ਹਨ। ਲਿਉਫਰਿਕ ਮੌਕੇ ’ਤੇ ਹੀ ਦੋਸ਼ੀ ਨੂੰ ਸਜ਼ਾ ਸੁਣਾ ਕੇ ਯੋਗ ਦੰਡ ਦੇ ਦਿਆ ਕਰਦਾ ਹੈ।
ਗੌਡੀਵਾ ਤਕਰੀਬਨ ਦੁਪਹਿਰ ਤੱਕ ਨਿਰਜਿੰਦ ਹੋ ਕੇ ਸੁੱਤੇ ਹੋਣ ਦਾ ਢੌਂਗ ਕਰਕੇ ਪਈ ਰਹਿੰਦੀ ਹੈ। ਉਸਬਰਗਾ, ਐਡਿਥ ਅਤੇ ਮਾਟੀਲਡਾ ਆਦਿਕ ਬਾਂਦੀਆਂ ਅਨੇਕਾਂ ਵਾਰ ਉਸਦੀ ਤਾਬੇਦਾਰੀ ਲਈ ਆਈਆਂ। ਪਰੰਤੂ ਉਹ ਉਹਨਾਂ ਨੂੰ ਬਿਨਾ ਕੋਈ ਸੇਵਾ ਲਿਤਿਆਂ ਪੂਠੇ ਪੈਰੀਂ ਮੋੜਦੀ ਰਹੀ।
ਦੁਪਿਹਰ ਤੋਂ ਬਾਅਦ ਗੌਡੀਵਾ ਨੇ ਸੁਰਤ ਸੰਭਾਲੀ ਤਾਂ ਉਸਨੂੰ ਆਪਣੇ ਵਜੂਦ ਵਿਚੋਂ ਦੁਰਗੰਧ ਆਉਂਦੀ ਮਹਿਸੂਸ ਹੋਈ। ਗੌਡੀਵਾ ਨੇ ਗੋਲੀ ਰਾਹੀਂ ਆਪਣੇ ਘੋੜਿਆਂ ਦੇ ਪਾਲਕ ਬਲਜ਼ਾਕ ਨੂੰ ਸੰਦੇਸ਼ ਭਿਜਵਾਇਆ ਕਿ ਘੋੜਾ ਤਿਆਰ ਕਰ ਦੇਵੇ, ਕਿਉਂਕਿ ਉਹ ਨਦੀ ’ਤੇ ਇਸ਼ਨਾਨ ਕਰਨ ਜਾਣਾ ਚਾਹੁੰਦੀ ਹੈ। ਵੈਸੇ ਤਾਂ ਗੌਡੀਵਾ ਦਾ ਨਿੱਜੀ ਹਮਾਮ ਵੀ ਇਜ਼ਿਪਥ ਤੋਂ ਮਗਵਾ ਕੇ ਬਹੁਤ ਆਲੀਸ਼ਾਨ ਲਿਉਫਰਿਕ ਨੇ ਬਣਾਇਆ ਹੋਇਆ ਹੈ। ਪਰ ਗੌਡੀਵਾ ਨੂੰ ਕੁਦਰਤ ਦਾ ਬਣਾਇਆ ਹਮਾਮ ਜ਼ਿਆਦਾ ਭਾਉਂਦਾ ਹੈ। ਗਰਮੀਆਂ ਦੇ ਮੌਸਮ ਵਿਚ ਅਕਸਰ ਗੌਡੀਵਾ ਝਰਨਿਆਂ ਅਤੇ ਨਦੀਆਂ ਵਿਚ ਨਹਾਉਂਣਾ ਅਤੇ ਤੈਰਨਾ ਪਸੰਦ ਕਰਦੀ ਹੈ।
ਬਲਜ਼ਾਕ ਤਬੇਲੇ ਵਿਚੋਂ ਗੌਡੀਵਾ ਦੇ ਪਿਆਰੇ ਚਿੱਟੇ ਘੋੜੇ ਕੈਲਟ ’ਤੇ ਕਾਠੀ ਪਾ ਕੇ ਲੈ ਆਇਆ।ਗੌਡੀਵਾ ਤਿਆਰ ਹੋ ਕੇ ਆਈ ਤਾਂ ਬਲਜ਼ਾਕ ਘੋੜੇ ਦੀ ਲਗਾਮ ਫੜ੍ਹੀ, ਨੀਵੀਂ ਪਾਈ ਖੜ੍ਹਾ ਮਿਲਿਆ।ਬਲਜ਼ਾਕ ਦੇ ਖੱਬੇ ਡੌਲੇ ਉੱਤੇ ਖੁਣਿਆ ਬਾਜ਼ ਜਿਸਦੇ ਪੈਰ ਸੇਬੇ ਨਾਲ ਬੰਨ੍ਹੇ ਹੋਏ ਹਨ, ਗੌਡੀਵਾ ਨੂੰ ਬਹੁਤ ਚੰਗਾ ਲੱਗਦਾ ਹੈ। ਗੌਡੀਵਾ ਨੇ ਬਲਜ਼ਾਕ ਵੱਲ ਹਸਰਤ ਭਰੀਆਂ ਨਿਗਾਹਾਂ ਨਾਲ ਦੇਖਿਆ। ਗੌਡੀਵਾ ਦੇ ਤਨ ਬਦਨ ਵਿਚ ਇਕ ਬਿਜਲੀ ਜਿਹੀ ਲਰਜ਼ਾ ਗਈ। ਬਲਜ਼ਾਕ ਨੇ ਘੋੜੇ ਦੀ ਕਾਠੀ ਦੇ ਕਸੀ ਹੋਣ ਦਾ ਨਰੀਖਣ ਕਰਨ ਲਈ ਉਸਨੂੰ ਆਪਣੀਆਂ ਮਜ਼ਬੂਤ ਬਾਹਾਂ ਨਾਲ ਹੰਨੇ ਤੋਂ ਹਿਲਾ ਕੇ ਦੇਖਿਆ ਤਾਂ ਗੌਡੀਵਾ ਦੇ ਮਨ ਵਿਚ ਆਇਆ ਕਿ ਕਾਸ਼ ਉਹ ਨਪੀੜਕ ਬਾਹਾਂ ਉਸ ਦੀ ਦੇਹ ਨੂੰ ਆਪਣੀ ਗਰਿਫਤ ਵਿਚ ਲੈ ਲੈਣ। ਇਕ ਪਾਰਾ ਸਿਰ ਤੋਂ ਪੈਰਾਂ ਤੱਕ ਖੂਨ ਵਿਚ ਰਲ ਕੇ ਗੌਡੀਵਾ ਨੂੰ ਆਪਣੇ ਸ਼ਰੀਰ ਵਿਚ ਗਰਦਿਸ਼ ਕਰਦਾ ਮਹਿਸੂਸ ਹੋਇਆ।
ਇਹ ਡੌਲੇ ਉੱਤੇ ਉਕਰਿਆ ਬਾਜ਼ ‘ਸੀਡਨਰ’ (ਬੀਜ਼ਕ, ਬੀਜ਼ ਬੀਜ਼ਣ ਵਾਲੇ ) ਕਬੀਲੇ ਦੀ ਮੁਹਰ-ਛਾਪ ਹੈ।ਇਹਨਾਂ ਬੀਜ਼ਕ ਕਬੀਲੇ ਵਾਲਿਆਂ ਨੂੰ ਵੰਸ਼ ਵਧਾਊ ਜਾਤੀ ਦੇ ਲੋਕ ਵੀ ਕਿਹਾ ਜਾਂਦਾ ਹੈ। ਬਾਜ਼ ਵਾਲਾ ਪਹਿਚਾਣ ਚਿੰਨ੍ਹ ਉਹ ਹਰ ਬੱਚੇ ਦੇ ਇਕ ਸਾਲ ਦੀ ਆਯੂ ਵਿਚ ਡੌਲੇ ’ਤੇ ਦਾਗ ਦਿੰਦੇ ਹਨ। ਦਸ ਸਾਲ ਦੀ ਉਮਰ ਤੱਕ ਬੀਜ਼ਕਾਂ ਦਾ ਬੱਚਾ ਯੁੱਧ-ਵਿਦਿਆ ਸਿੱਖਦਾ ਹੈ ਤੇ ਸ਼ਾਸਤ੍ਰ ਕਲਾ ਵਿਚ ਮਹਾਰਤ ਹਾਸਿਲ ਕਰਦਾ ਹੈ।ਉਸ ਤੋਂ ਬਾਅਦ ਦੇ ਪੰਜ ਸਾਲ ਵੇਸਵਾਵਾਂ ਦੀ ਸੰਗਤ ਵਿਚ ਰਹਿ ਕੇ ਨਾਰੀ ਵਸ਼ੀਕਰਨ ਦੇ ਗੁਰ, ਤਹਿਜ਼ੀਬੀ ਗੂਫਤਗੂ, ਅਲੋਕਿਕ ਕ੍ਰੀੜਾਵਾਂ ਅਤੇ ਕਾਮ ਆਸਣਾਂ ਦਾ ਅਭਿਆਸ ਕਰਦੇ ਹਨ। ਪੰਦਰਾਂ ਵਰਸ਼ ਦੀ ਉਮਰ ਵਿਚ ਉਹਨਾਂ ਨੂੰ ਨੀਲਾਮ ਕਰ ਦਿੱਤਾ ਜਾਂਦਾ ਹੈ। ਬੀਜ਼ਕ ਕਬੀਲੇ ਦੇ ਲੋਕ ਸਰੀਰਕ ਪੱਖੋਂ ਰਿਸ਼ਟ-ਪੁਸ਼ਟ ਅਤੇ ਮਰਦਾਨਾ ਤਾਕਤ ਕਰਕੇ ਪ੍ਰਸਿੱਧ ਹਨ। ਇਸੇ ਕਰਕੇ ਇਸ ਜਾਤੀ ਦੇ ਮਰਦਾਂ ਨੂੰ ‘ਬੁੱਲ੍ਹ ਮੈਨ’ (ਢੱਠੇ ਮਰਦ) ਵੀ ਕਿਹਾ ਜਾਂਦਾ ਹੈ। ਇਹਨਾਂ ਲੋਕਾਂ ਨੂੰ ਵਿਆਹ ਕਰਵਾਉਣ ਦੀ ਇਜ਼ਾਜਤ ਨਹੀਂ ਹੈ।ਇਸ ਕਬੀਲੇ ਦੇ ਦਸਤੂਰ ਮੁਤਾਬਿਕ ਲੜਕੇ ਨੂੰ ਪੈਂਦਾ ਹੁੰਦਿਆਂ ਹੀ ਮਾਂ ਦਾ ਦੁੱਧ ਨਹੀਂ ਚੁੰਘਾਇਆ ਜਾਂਦਾ, ਸਗੋਂ ਜਨਮ ਘੁੱਟੀਆਂ, ਮੇਵੇ, ਜੜ੍ਹੀਆਂ ਬੂਟੀਆਂ ਦੇ ਕਾਹੜੇ, ਵਾਇਗਰਾ (ਮਰਦਾਨਾ ਸ਼ਕਤੀ ਵਧਾਉ ਦਵਾਈਆਂ) ਤੱਤ ਭਰਪੂਰ ਪੌਸ਼ਟਿਕ ਅਤੇ ਖਣਿਜ ਪਦਾਰਥ ਦਿੱਤੇ ਜਾਂਦੇ ਹਨ। ਜਦ ਪੁੱਤਰ ਜਵਾਨ ਹੋ ਜਾਂਦਾ ਹੈ ਤਾਂ ਪਿਤਾ ਉਸਨੂੰ ਗੁਲਾਮ ਮੰਡੀ ਵਿਚ ਜਾ ਕੇ ਨਿਲਾਮੀ ਕਰਕੇ ਵੇਚ ਦਿੰਦਾ ਹੈ।ਅਮੀਰ ਅਤੇ ਰਜਵਾੜੇ ਲੋਕ ਇਹਨਾਂ ਨੂੰ ਖਰੀਦ ਕੇ ਲੈ ਜਾਂਦੇ ਹਨ।ਇਹਨਾਂ ਜ਼ਰ-ਖਰੀਦ ਗੁਲਾਮਾਂ ਦਾ ਮੁੱਖ ਕਾਰਜ਼ ਅਮੀਰਾਂ ਦੀਆਂ ਇਸਰਤੀਆਂ ਨੂੰ ਯੋਨ ਸੁੱਖ ਪ੍ਰਦਾਨ ਕਰਨਾ ਅਤੇ ਉਹਨਾਂ ਦੀ ਕਾਮੁਕ ਤ੍ਰਿਪਤੀ ਕਰਨਾ ਹੁੰਦਾ ਹੈ, ਜੋ ਨਿਪੁਨਸਕ ਹੋ ਚੁੱਕੇ ਧਨਾਢ ਵਿਅਕਤੀਆਂ ਕਰਨ ਤੋਂ ਅਸਮਰਥ ਹੁੰਦੇ ਹਨ। ਬੀਜ਼ਕਾਂ ਨੂੰ ਬਿਨਾ ਕਿਸੇ ਰੋਕ ਟੋਕ ਦੇ ਅੱਠੇ ਪਹਿਰ ਇਸਤਰੀਆਂ ਕੋਲ ਹਰਮਾਂ ਵਿਚ ਜਾਣ ਦੀ ਇਜਾਜ਼ਤ ਹੁੰਦੀ ਹੈ।ਇਹਨਾਂ ਬੁੱਲ ਮੈਨਾਂ ਦੀ ਵਰਤੋਂ ਸੰਤਾਨ ਉਤਪਤੀ ਲਈ ਰਾਜੇ-ਰਾਣੇ ਸਦੀਆਂ ਤੋਂ ਕਰਦੇ ਆਏ ਹਨ।ਇਹਨਾਂ ਗੁਲਾਮਾਂ ਦੁਆਰਾ ਗਰਭਵਤੀ ਕੀਤੀ ਔਰਤ ਦੇ ਬੱਚੇ ਨੂੰ ਦੇਖਣ ਦਾ ਵੀ ਇਹਨਾਂ ਨੂੰ ਖੁਦ ਹੱਕ ਨਹੀਂ ਹੁੰਦਾ। ਉਸ ਬੱਚੇ ਨੂੰ ਰਾਣੀ ਦਾ ਪਤੀ ਆਪਣਾ ਨਾਮ ਦੇ ਕੇ ਆਪਣੀ ਸੰਤਾਨ ਮੰਨ ਕੇ ਪਾਲਦਾ ਹੈ।ਜਿਸ ਰਾਜੇ ਦੇ ਔਲਾਦ ਨਾ ਹੁੰਦੀ ਹੋਵੇ, ਇਹ ਬੁੱਲ੍ਹ ਮੈਨ ਉਸਦੀ ਰਾਣੀ ਨਾਲ ਦਿਨ ਰਾਤ ਉਦੋਂ ਤੱਕ ਲੇਟਿਆ ਰਹਿੰਦਾ ਹੈ, ਜਦ ਤੱਕ ਉਹ ਹਾਮਲਾ ਨਹੀਂ ਹੋ ਜਾਂਦੀ। ਭਾਵੇਂ ਇਸ ਲਈ ਕਈ ਕਈ ਦਿਨ ਤੇ ਕਦੇ-ਕਦਾਈਂ ਮਹੀਨੇ ਵੀ ਲੱਗ ਜਾਂਦੇ ਹਨ। ਰਾਣੀ ਦੀ ਕੁੱਖ ਹਰੀ ਕਰੇ ਬਿਨਾ ਛੱਡ ਕੇ ਜਾਣ ਵਾਲੇ ਬੁੱਲ੍ਹ ਮੈਨ ਨੂੰ ਮੌਕੇ ’ਤੇ ਹੀ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ।ਰਾਣੀਆਂ ਦੇ ਬੱਚਾ ਠਹਿਰਣ ਉਪਰੰਤ ਬੁੱਲ੍ਹ ਮੈਨ ਨੂੰ ਫਿਰ ਮੰਡੀ ਵਿਚ ਵੇਚ ਦਿੱਤਾ ਜਾਂਦਾ ਹੈ, ਜਿਥੋਂ ਕੋਈ ਹੋਰ ਲੋੜ੍ਹਵੰਦ ਖਰੀਦ ਕੇ ਲੈ ਜਾਂਦਾ ਹੈ।ਜਦੋਂ ਬੁੱਲ ਮੈਨ ਕਮਜ਼ੋਰ ਜਾਂ ਵਿਅਰਥ ਹੋ ਜਾਂਦੇ ਹਨ ਤਾਂ ਉਹਨਾਂ ਨੂੰ ਜ਼ਹਿਰੀਲਾ ਤੀਰ ਮਾਰ ਕੇ ਖਤਮ ਕਰ ਦਿੱਤਾ ਜਾਂਦਾ ਹੈ।ਇਹ ਬੁੱਲ੍ਹ ਮੈਨ ਅੰਨ੍ਹੇ ਖੂਹ ਵਰਗੇ ਹੁੰਦੇ ਹਨ। ਹਾਕ ਮਾਰੋ ਅੰਦਰ ਹੀ ਜਜ਼ਬ ਹੋ ਜਾਂਦੀ ਹੈ, ਬਾਹਰ ਨਹੀਂ ਆਉਂਦੀ। ਇਕ ਮਾਲਕ ਦਾ ਭੇਤ ਦੂਜੇ ਨੂੰ ਨਹੀਂ ਦੱਸਦੇ। ਇਹਨਾਂ ਦੇ ਦਿਲ ਦਰਿਆ ਸਮੁੰਦਰੋਂ ਡੂੰਘਿਆਂ ਵਿਚ ਛੁਪੇ ਰਹੱਸ ਇਹਨਾਂ ਦੇ ਅੰਦਰ ਹੀ ਦਫਨ ਹੋਏ ਮੁੱਕ ਜਾਂਦੇ ਹਨ। ਪੂਰੀ ਜ਼ਿੰਦਗੀ ਵਿਚ ਬੁੱਲ੍ਹ ਮੈਨਾਂ ਨੇ ਕੇਵਲ ਇੱਕ ਇਸਤਰੀ ਨੂੰ ਚੁਣਨਾ ਹੁੰਦਾ ਹੈ, ਜਿਸ ਤੋਂ ਪੈਦਾ ਹੋਏ ਬੇਟੇ ਨੂੰ ਇਹ ਆਪਣੇ ਕੁੱਲ ਦੇਵਤਾ ਅੱਗੇ ਅਰਪਨ ਕਰਕੇ ਕਬੀਲੇ ਨੂੰ ਦੇ ਦਿੰਦੇ ਹਨ। ਜਿਸਨੇ ਵੱਡਾ ਹੋ ਕੇ ਭਵਿਖ ਦਾ ਬੁੱਲ੍ਹ ਮੈਨ ਬਣਨਾ ਹੁੰਦਾ ਹੈ। ਇੰਝ ਇਸ ਕਬੀਲੇ ਨੂੰ ਕਦੇ ਨਾਰੀ ਦੀ ਲੋੜ੍ਹ ਨਹੀਂ ਪੈਂਦੀ।ਕੇਵਲ ਤੇ ਨਿਰੋਲ ਮਰਦਾਨਾ ਕਬੀਲਾ ਹੈ ਇਹ। ਜਿਸ ਮਹਿਲਾ ਦਾ ਬੱਚਾ ਕਬੀਲੇ ਪਹੁੰਚਦਾ ਹੈ, ਉਸ ਨੂੰ ਅੱਗੋਂ ਹੋਰ ਸੰਤਾਨ ਦੇ ਕੇ ਬੁੱਲ ਮੈਨ ਅਗਾਂਹ ਵਿਕ ਜਾਂਦੇ ਹਨ।
ਬਾਕੀ ਅਗਲੇ ਹਫ਼ਤੇ....
ਹੋਰ ਪੜੋ...
Labels:
ਕਿਸ਼ਤ 2